1 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2 "ਹੇ ਮਨੁੱਖ ਦੇ ਪੁੱਤਰ, ਦੋ ਔਰਤਾਂ ਸਨ, ਇੱਕੋ ਮਾਂ ਦੀਆਂ ਧੀਆਂ। 3 ਉਹਨਾਂ ਨੇ ਮਿਸਰ ਵਿੱਚ ਵਿਭਚਾਰ ਕੀਤਾ। ਉਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ। ਉੱਥੇ ਉਹਨਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਹਨਾਂ ਦੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ। 4 ਵੱਡੀ ਦਾ ਨਾਮ ਆਹਾਲਾਹ ਸੀ ਅਤੇ ਉਸਦੀ ਭੈਣ ਦਾ ਨਾਮ ਆਹਾਲੀਬਾਹ ਸੀ। ਉਹ ਮੇਰੀਆਂ ਸਨ ਅਤੇ ਪੁੱਤਰ ਅਤੇ ਧੀਆਂ ਨੂੰ ਜਨਮ ਦਿੱਤਾ। ਆਹਾਲਾਹ ਸਾਮਰਿਯਾ ਹੈ ਅਤੇ ਆਹਾਲੀਬਾਹ ਯੇਰੂਸ਼ਲੇਮ ਹੈ।
5 "ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾਂ ਅਰਥਾਤ ਅੱਸ਼ੂਰੀਆਂ ਤੇ ਮੋਹਿਤ ਹੋ ਗਈ। 6 ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਅਤੇ ਸੋਹਣੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ। 7 ਉਸ ਨੇ ਆਪਣੇ ਆਪ ਨੂੰ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ, ਵਿਭਚਾਰ ਕੀਤਾ ਅਤੇ ਜਿਹਨਾਂ ਉੱਤੇ ਉਹ ਮੋਹਿਤ ਸੀ ਉਹਨਾਂ ਦੀਆਂ ਮੂਰਤੀਆਂ ਦੇ ਨਾਲ ਉਹ ਭਰਿਸ਼ਟ ਹੋਈ। 8 ਉਸਨੇ ਉਹ ਵਿਭਚਾਰ ਨਾ ਛੱਡਿਆ ਜਿਸਦੀ ਸ਼ੁਰੂਆਤ ਉਸਨੇ ਮਿਸਰ ਵਿੱਚ ਕੀਤੀ ਸੀ, ਜਦੋਂ ਉਸਦੀ ਜਵਾਨੀ ਵਿੱਚ ਮਰਦ ਉਸਦੇ ਨਾਲ ਸੌਂਦੇ ਸਨ, ਉਸਦੀ ਕੁਆਰੀ ਛਾਤੀ ਨੂੰ ਸਹਾਰਾ ਦਿੰਦੇ ਸਨ ਅਤੇ ਉਸਦੀ ਕਾਮਨਾ ਉਸਦੇ ਉੱਤੇ ਡੋਲ੍ਹਦੇ ਸਨ।
9 "ਇਸ ਲਈ ਮੈਂ ਉਸਨੂੰ ਉਸਦੇ ਪ੍ਰੇਮੀਆਂ, ਅੱਸ਼ੂਰੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਲਈ ਉਹ ਲਾਲਸਾ ਕਰਦੀ ਸੀ। 10 ਉਹਨਾਂ ਨੇ ਉਸਨੂੰ ਨੰਗਾ ਕਰ ਦਿੱਤਾ, ਉਸਦੇ ਪੁੱਤਰਾਂ ਅਤੇ ਧੀਆਂ ਨੂੰ ਖੋਹ ਲਿਆ ਅਤੇ ਉਸਨੂੰ ਤਲਵਾਰ ਨਾਲ ਮਾਰ ਦਿੱਤਾ। ਸੋ ਉਹ ਸਾਰੀਆਂ ਔਰਤਾਂ ਵਿੱਚ ਪ੍ਰਸਿੱਧ ਹੋ ਗਈ, ਕਿਉਂ ਜੋ ਉਹਨਾਂ ਉਹ ਦੇ ਉੱਤੇ ਸਜ਼ਾ ਲਿਆਈ।
11 "ਉਸਦੀ ਭੈਣ ਆਹਾਲੀਬਾਹ ਨੇ ਇਹ ਵੇਖਿਆ, ਪਰ ਆਪਣੀ ਕਾਮਨਾ ਅਤੇ ਵਿਭਚਾਰ ਵਿੱਚ ਉਹ ਆਪਣੀ ਭੈਣ ਨਾਲੋਂ ਵੀ ਵੱਧ ਭੈੜੀ ਸੀ। 12 ਉਹ ਅੱਸ਼ੂਰੀਆਂ ਤੇ ਮੋਹਿਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ, ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਸੋਹਣੇ ਗੱਭਰੂ ਸਨ। 13 ਮੈਂ ਦੇਖਿਆ ਕਿ ਉਸਨੇ ਵੀ ਆਪਣੇ ਆਪ ਨੂੰ ਪਲੀਤ ਕੀਤਾ; ਉਹ ਦੋਵੇਂ ਉਸੇ ਰਾਹ ਤੁਰ ਪਏ।
14 "ਪਰ ਉਹ ਵਿਭਚਾਰ ਵਿੱਚ ਵੱਧ ਗਈ। ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚੀਆਂ ਹੋਈਆਂ ਸਨ, 15 ਉਹਨਾਂ ਦੇ ਕਮਰ ਦੁਆਲੇ ਪੱਟੀਆਂ ਅਤੇ ਉਹਨਾਂ ਦੇ ਸਿਰਾਂ ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ; ਅਤੇ ਸਾਰੇ ਦੇ ਸਾਰੇ ਵੇਖਣ ਵਿੱਚ ਬਾਬਲੀਆਂ ਦੇ ਕਪਤਾਨਾਂ ਵਰਗੇ ਸਨ, ਜਿਹਨਾਂ ਦੀ ਜਨਮ ਭੂਮੀ ਕਸਦੀਮ ਹੈ। 16 ਜਿਵੇਂ ਹੀ ਉਸਨੇ ਉਹਨਾਂ ਨੂੰ ਵੇਖਿਆ, ਉਹ ਉਹਨਾਂ ਤੇ ਮੋਹਿਤ ਹੋ ਗਈ ਅਤੇ ਕਸਦੀਆ ਵਿੱਚ ਉਹਨਾਂ ਕੋਲ ਸੰਦੇਸ਼ਵਾਹਕ ਭੇਜੇ। 17 ਤਦ ਬਾਬੇਲ ਦੇ ਲੋਕ ਉਸ ਦੇ ਕੋਲ, ਪਿਆਰ ਦੇ ਲਈ ਬਿਸਤਰੇ ਉੱਤੇ ਆਏ, ਅਤੇ ਉਹਨਾਂ ਨੇ ਆਪਣੀ ਵਿਭਚਾਰ ਨਾਲ ਉਸ ਨੂੰ ਪਲੀਤ ਕੀਤਾ। ਜਦੋਂ ਉਹ ਉਹਨਾਂ ਦੁਆਰਾ ਪਲੀਤ ਹੋ ਗਈ ਸੀ, ਤਾਂ ਉਹ ਘ੍ਰਿਣਾ ਵਿੱਚ ਉਹਨਾਂ ਤੋਂ ਦੂਰ ਹੋ ਗਈ। 18 ਜਦੋਂ ਉਸਨੇ ਆਪਣੀ ਵਿਭਚਾਰ ਨੂੰ ਖੁੱਲ੍ਹੇਆਮ ਕੀਤਾ ਅਤੇ ਆਪਣੇ ਨੰਗੇ ਸਰੀਰ ਦਾ ਪਰਦਾਫਾਸ਼ ਕੀਤਾ, ਤਾਂ ਮੈਂ ਨਫ਼ਰਤ ਨਾਲ ਉਸ ਤੋਂ ਦੂਰ ਹੋ ਗਿਆ, ਜਿਵੇਂ ਮੈਂ ਉਸਦੀ ਭੈਣ ਤੋਂ ਦੂਰ ਹੋ ਗਿਆ ਸੀ। 19 ਫਿਰ ਵੀ ਉਸ ਨੇ ਆਪਣੇ ਵਿਭਚਾਰ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ। 20 ਉੱਥੇ ਉਹ ਆਪਣੇ ਪ੍ਰੇਮੀਆਂ ਨਾਲ ਮੋਹਿਤ ਹੋਈ, ਜਿਨ੍ਹਾਂ ਦੇ ਜਣਨ ਅੰਗ ਖੋਤਿਆਂ ਵਰਗੇ ਸਨ ਅਤੇ ਜਿਨ੍ਹਾਂ ਦਾ ਨਿਕਾਸ ਘੋੜਿਆਂ ਵਰਗਾ ਸੀ। 21 ਇਸ ਲਈ ਤੂੰ ਆਪਣੀ ਜੁਆਨੀ ਦੀ ਲੁੱਚਪੁਣਾ ਨੂੰ ਲੋਚਦੇ ਸੀ, ਜਦੋਂ ਮਿਸਰ ਵਿੱਚ ਤੇਰੀ ਛਾਤੀ ਨੂੰ ਪਿਆਰ ਕੀਤਾ ਗਿਆ ਸੀ ਅਤੇ ਤੇਰੀਆਂ ਜਵਾਨ ਛਾਤੀਆਂ ਨੂੰ ਪਿਆਰ ਕੀਤਾ ਗਿਆ ਸੀ।
22 "ਇਸ ਲਈ, ਆਹਾਲੀਬਾਹ, ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ: ਮੈਂ ਤੇਰੇ ਪ੍ਰੇਮੀਆਂ ਨੂੰ ਤੇਰੇ ਵਿਰੁੱਧ ਭੜਕਾਵਾਂਗਾ, ਜਿਨ੍ਹਾਂ ਤੋਂ ਤੂੰ ਨਫ਼ਰਤ ਨਾਲ ਮੂੰਹ ਮੋੜ ਲਿਆ ਹੈ, ਅਤੇ ਮੈਂ ਉਹਨਾਂ ਨੂੰ ਹਰ ਪਾਸਿਓਂ ਤੇਰੇ ਵਿਰੁੱਧ ਲਿਆਵਾਂਗਾ, 23 ਬਾਬੇਲ ਦੇ ਸਾਰੇ ਵਾਸੀ ਅਤੇ ਸਾਰੇ ਕਸਦੀਆਂ, ਪਕੌਦ ਅਤੇ ਸ਼ੋਆ ਅਤੇ ਕੋਆ ਦੇ ਲੋਕ ਅਤੇ ਉਹਨਾਂ ਦੇ ਨਾਲ ਸਾਰੇ ਅੱਸ਼ੂਰੀ, ਸੁੰਦਰ ਜੁਆਨ, ਉਹ ਸਾਰੇ ਹਾਕਮ ਅਤੇ ਸੈਨਾਪਤੀ, ਰਥ ਦੇ ਅਧਿਕਾਰੀ ਅਤੇ ਉੱਚੇ ਦਰਜੇ ਦੇ ਆਦਮੀ, ਸਾਰੇ ਘੋੜਿਆਂ ਉੱਤੇ ਸਵਾਰ ਸਨ। 24 ਅਤੇ ਉਹ ਜੰਗੀ ਸ਼ਸਤਰਾਂ, ਰਥਾਂ, ਛਕੜਿਆਂ ਅਤੇ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਚੜ੍ਹਾਈ ਕਰਨਗੇ ਅਤੇ ਢਾਲ਼, ਸੀਨਾ ਬੰਦ ਅਤੇ ਲੋਹੇ ਦਾ ਟੋਪ ਪਾ ਕੇ ਚਾਰੇ ਪਾਸਿਓਂ ਤੈਨੂੰ ਘੇਰ ਲੈਣਗੇ। ਮੈਂ ਨਿਆਂ ਉਹਨਾਂ ਨੂੰ ਸੌਂਪਾਂਗਾ ਅਤੇ ਉਹ ਆਪਣੇ ਨਿਆਂ ਅਨੁਸਾਰ ਤੇਰਾ ਨਿਆਂ ਕਰਨਗੇ। 25 ਮੈਂ ਆਪਣੇ ਈਰਖਾਲੂ ਕ੍ਰੋਧ ਨੂੰ ਤੁਹਾਡੇ ਵਿਰੁੱਧ ਭੇਜਾਂਗਾ, ਅਤੇ ਉਹ ਤੁਹਾਡੇ ਨਾਲ ਕ੍ਰੋਧ ਨਾਲ ਪੇਸ਼ ਆਉਣਗੇ। ਉਹ ਤੁਹਾਡੇ ਨੱਕ ਅਤੇ ਤੁਹਾਡੇ ਕੰਨ ਵੱਢ ਦੇਣਗੇ, ਅਤੇ ਤੁਹਾਡੇ ਵਿੱਚੋਂ ਜਿਹੜੇ ਬਚ ਜਾਣਗੇ ਉਹ ਤਲਵਾਰ ਨਾਲ ਮਾਰੇ ਜਾਣਗੇ। ਉਹ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਲੈ ਜਾਣਗੇ, ਅਤੇ ਤੁਹਾਡੇ ਵਿੱਚੋਂ ਜਿਹੜੇ ਬਚੇ ਹੋਏ ਹਨ, ਅੱਗ ਦੁਆਰਾ ਭਸਮ ਹੋ ਜਾਣਗੇ। 26 ਉਹ ਤੁਹਾਡੇ ਕੱਪੜੇ ਵੀ ਲਾਹ ਦੇਣਗੇ ਅਤੇ ਤੁਹਾਡੇ ਵਧੀਆ ਗਹਿਣੇ ਵੀ ਲੈ ਜਾਣਗੇ। 27 ਇਸ ਲਈ ਮੈਂ ਤੇਰੇ ਲੁੱਚਪੁਣੇ ਅਤੇ ਤੇਰੇ ਵਿਭਚਾਰ ਨੂੰ ਜੋ ਤੂੰ ਮਿਸਰ ਵਿੱਚੋਂ ਲਿਆਈ, ਮੁਕਾ ਦਿਆਂਗਾ, ਤਾਂ ਜੋ ਤੂੰ ਮੁੜ ਕੇ ਉਹਨਾਂ ਵੱਲ ਆਪਣੀ ਅੱਖ ਨਾ ਚੁੱਕੇਂਗੀ, ਨਾ ਫੇਰ ਮਿਸਰ ਨੂੰ ਚੇਤੇ ਕਰੇਂਗੀ।
28 "ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੁਹਾਨੂੰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਸੌਂਪਣ ਵਾਲਾ ਹਾਂ ਜਿਨ੍ਹਾਂ ਤੋਂ ਤੁਸੀਂ ਨਫ਼ਰਤ ਕਰਦੇ ਹੋ, ਜਿਨ੍ਹਾਂ ਤੋਂ ਤੁਸੀਂ ਨਫ਼ਰਤ ਨਾਲ ਮੂੰਹ ਮੋੜ ਲਿਆ ਸੀ। 29 ਉਹ ਤੁਹਾਡੇ ਨਾਲ ਨਫ਼ਰਤ ਨਾਲ ਪੇਸ਼ ਆਉਣਗੇ ਅਤੇ ਉਹ ਸਭ ਕੁਝ ਖੋਹ ਲੈਣਗੇ ਜਿਸ ਲਈ ਤੁਸੀਂ ਕੰਮ ਕੀਤਾ ਹੈ। ਉਹ ਤੈਨੂੰ ਪੂਰੀ ਤਰ੍ਹਾਂ ਨੰਗਾ ਛੱਡ ਦੇਣਗੇ, ਇੱਥੋਂ ਤੱਕ ਕਿ ਤੇਰੇ ਵਿਭਚਾਰ ਦਾ ਨੰਗੇਜ਼ ਖੁੱਲ੍ਹ ਜਾਵੇਗਾ ਅਤੇ ਤੇਰਾ ਲੁੱਚਪੁਣਾ ਤੇ ਤੇਰੀ ਵਿਭਚਾਰੀ ਵੀ 30 ਇਹ ਸਾਰੀਆਂ ਗੱਲਾਂ ਤੇਰੇ ਨਾਲ ਇਸ ਲਈ ਹੋਣਗੀਆਂ ਕਿ ਤੂੰ ਵਿਭਚਾਰ ਲਈ ਦੂਜੀਆਂ ਕੌਮਾਂ ਦੇ ਮਗਰ ਪਈ ਅਤੇ ਉਹਨਾਂ ਦੀਆਂ ਮੂਰਤਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕੀਤਾ। 31 ਤੁਸੀਂ ਆਪਣੀ ਭੈਣ ਦੇ ਰਾਹ ਤੁਰ ਪਏ ਹੋ; ਇਸ ਲਈ ਮੈਂ ਉਸਦਾ ਪਿਆਲਾ ਤੇਰੇ ਹੱਥ ਵਿੱਚ ਪਾਵਾਂਗਾ।
32 "ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
"ਤੂੰ ਆਪਣੀ ਭੈਣ ਦਾ ਪਿਆਲਾ ਪੀਵੇਂਗੀ,
ਇੱਕ ਡੂੰਘਾ ਅਤੇ ਵੱਡਾ ਪਿਆਲਾ;
ਇਹ ਘਿਣਾਉਣਾ ਅਤੇ ਮਜ਼ਾਕ ਲਿਆਵੇਗਾ,
ਕਿਉਂਕਿ ਇਸ ਵਿੱਚ ਬਹੁਤ ਕੁਝ ਹੈ।
33 ਤੂੰ ਮਤਵਾਲੀ ਅਤੇ ਉਦਾਸੀ ਨਾਲ ਭਰ ਜਾਵੇਂਗੀ,
ਬਰਬਾਦੀ ਅਤੇ ਉਜਾੜ ਦਾ ਪਿਆਲਾ,
ਤੇਰੀ ਭੈਣ ਸਾਮਰਿਯਾ ਦਾ ਪਿਆਲਾ।
34 ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ,
ਅਤੇ ਉਸਦੀਆਂ ਠੀਕਰੀਆਂ ਵੀ ਚਬਾ ਜਾਵੇਗੀ,
ਅਤੇ ਆਪਣੀਆਂ ਛਾਤੀਆਂ ਪੁੱਟੇਂਗੀ।
ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
35 "ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਤੁਸੀਂ ਮੈਨੂੰ ਭੁੱਲ ਗਏ ਹੋ ਅਤੇ ਮੇਰੇ ਤੋਂ ਮੂੰਹ ਮੋੜ ਲਿਆ ਹੈ, ਇਸ ਲਈ ਤੈਨੂੰ ਆਪਣੀ ਲੁੱਚਪੁਣਾ ਅਤੇ ਵਿਭਚਾਰ ਦੇ ਨਤੀਜੇ ਭੁਗਤਣੇ ਪੈਣਗੇ।"
36 ਯਾਹਵੇਹ ਨੇ ਮੈਨੂੰ ਕਿਹਾ: "ਹੇ ਮਨੁੱਖ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਂ ਕਰੇਗਾ? ਤੂੰ ਉਹਨਾਂ ਦੇ ਘਿਣਾਉਣੇ ਕੰਮ ਉਹਨਾਂ ਨੂੰ ਦੱਸ, 37 ਕਿਉਂ ਜੋ ਉਹਨਾਂ ਨੇ ਵਿਭਚਾਰ ਕੀਤਾ ਅਤੇ ਉਹਨਾਂ ਦੇ ਹੱਥ ਲਹੂ ਨਾਲ ਭਰੇ ਹਨ। ਉਹਨਾਂ ਨੇ ਆਪਣੀ ਮੂਰਤੀਆਂ ਨਾਲ ਵਿਭਚਾਰ ਕੀਤਾ; ਉਹਨਾਂ ਨੇ ਆਪਣੇ ਬੱਚਿਆਂ ਨੂੰ, ਜਿਨ੍ਹਾਂ ਨੂੰ ਉਹਨਾਂ ਨੇ ਮੇਰੇ ਲਈ ਜਨਮ ਦਿੱਤਾ, ਉਹਨਾਂ ਦਾ ਬਲੀਦਾਨ ਚੜਾਇਆ ਤਾਂ ਜੋ ਉਹ ਮੂਰਤੀਆਂ ਦਾ ਭੋਜਨ ਹੋਣ। 38 ਉਹਨਾਂ ਨੇ ਮੇਰੇ ਨਾਲ ਇਹ ਵੀ ਕੀਤਾ ਹੈ: ਉਸੇ ਸਮੇਂ ਉਹਨਾਂ ਨੇ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ। 39 ਕਿਉਂ ਜੋ ਜਦ ਉਹ ਆਪਣੇ ਪੁੱਤਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ, ਤਾਂ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿੱਚ ਆ ਵੜੇ, ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਹਨਾਂ ਨੇ ਮੇਰੇ ਭਵਨ ਵਿੱਚ ਅਜਿਹਾ ਕੰਮ ਕੀਤਾ।
40 "ਸਗੋਂ ਉਹਨਾਂ ਨੇ ਦੂਰ ਆਏ ਬੰਦਿਆਂ ਲਈ ਸੰਦੇਸ਼ਵਾਹਕ ਵੀ ਭੇਜੇ, ਅਤੇ ਜਦੋਂ ਉਹ ਆਏ ਤਾਂ ਤੂੰ ਉਹਨਾਂ ਲਈ ਨ੍ਹਾਤੀ-ਧੋਤੀ, ਅੱਖਾਂ ਵਿੱਚ ਕੱਜਲ ਪਾਇਆ ਅਤੇ ਆਪਣੇ ਆਪ ਨੂੰ ਗਹਿਣਿਆਂ ਨਾਲ ਸ਼ਿੰਗਾਰਿਆ। 41 ਤੂੰ ਸਜਾਏ ਹੋਏ ਪਲੰਘ ਤੇ ਬੈਠੀ ਅਤੇ ਉਹ ਦੇ ਅੱਗੇ ਮੇਜ਼ ਤਿਆਰ ਕੀਤੀ ਅਤੇ ਉਸ ਉੱਤੇ ਤੂੰ ਮੇਰਾ ਧੂਫ਼ ਅਤੇ ਤੇਲ ਰੱਖਿਆ।
42 "ਉਸਦੇ ਆਲੇ-ਦੁਆਲੇ ਬੇਪਰਵਾਹ ਲੋਕਾਂ ਦੀ ਭੀੜ ਦਾ ਰੌਲਾ ਸੀ; ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਲਿਆਏ ਅਤੇ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ। 43 ਫਿਰ ਮੈਂ ਉਸ ਵਿਭਚਾਰੀ ਦੇ ਬਾਰੇ ਕਿਹਾ, ‘ਹੁਣ ਉਹ ਉਸ ਨੂੰ ਵੇਸਵਾ ਵਾਂਗ ਵਰਤਣ, ਕਿਉਂਕਿ ਉਹ ਸਿਰਫ ਉਹ ਹੀ ਹੈ।’ 44 ਅਤੇ ਉਹ ਉਸ ਦੇ ਨਾਲ ਸੌਂ ਗਏ। ਜਿਵੇਂ ਆਦਮੀ ਵੇਸਵਾ ਨਾਲ ਸੌਂਦੇ ਹਨ, ਉਸੇ ਤਰ੍ਹਾਂ ਉਹ ਉਹਨਾਂ ਗੰਦੀਆਂ ਔਰਤਾਂ, ਆਹਾਲਾਹ ਅਤੇ ਆਹਾਲੀਬਾਹ ਨਾਲ ਸੌਂਦੇ ਹਨ। 45 ਪਰ ਧਰਮੀ ਨਿਆਂਕਾਰ ਉਹਨਾਂ ਨੂੰ ਉਹਨਾਂ ਔਰਤਾਂ ਦੀ ਸਜ਼ਾ ਦੇਣਗੇ ਜੋ ਵਿਭਚਾਰ ਕਰਦੀਆਂ ਹਨ ਅਤੇ ਖੂਨ ਵਹਾਉਂਦੀਆਂ ਹਨ, ਕਿਉਂਕਿ ਉਹ ਵਿਭਚਾਰਨੀਆਂ ਹਨ ਅਤੇ ਉਹਨਾਂ ਦੇ ਹੱਥ ਖੂਨ ਨਾਲ ਭਰੇ ਹਨ।
46 "ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: ਮੈਂ ਉਹਨਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਹੌਲ ਅਤੇ ਲੁੱਟ ਜ਼ਰੂਰ ਬਣਾਵਾਂਗਾ। 47 ਅਤੇ ਉਹ ਦਲ ਉਹਨਾਂ ਨੂੰ ਪੱਥਰਾਂ ਨਾਲ ਮਾਰ ਦੇਵੇਗਾ ਅਤੇ ਆਪਣੀਆਂ ਤਲਵਾਰਾਂ ਨਾਲ ਉਹਨਾਂ ਨੂੰ ਵੱਢੇਗਾ, ਉਹਨਾਂ ਦੇ ਪੁੱਤਰਾਂ ਧੀਆਂ ਨੂੰ ਮਾਰ ਦੇਵੇਗਾ ਅਤੇ ਉਹਨਾਂ ਦੇ ਘਰਾਂ ਨੂੰ ਅੱਗ ਨਾਲ ਫੂਕ ਸੁੱਟੇਗਾ।
48 "ਇਸ ਲਈ ਮੈਂ ਦੇਸ਼ ਵਿੱਚ ਅਸ਼ਲੀਲਤਾ ਨੂੰ ਖਤਮ ਕਰ ਦਿਆਂਗਾ, ਤਾਂ ਜੋ ਸਾਰੀਆਂ ਔਰਤਾਂ ਚੇਤਾਵਨੀ ਲੈਣ ਅਤੇ ਤੁਹਾਡੀ ਰੀਸ ਨਾ ਕਰਨ। 49 ਅਤੇ ਉਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦੀ ਸਜ਼ਾ ਭੋਗੋਗੀਆਂ, ਤਾਂ ਜੋ ਤੁਸੀਂ ਜਾਣੋ ਕਿ ਮੈਂ ਹੀ ਹਾਂ ਸਰਬਸ਼ਕਤੀਮਾਨ ਯਾਹਵੇਹ ਹਾਂ।"