ਯੇਰੂਸ਼ਲੇਮ ਦੇ ਪਾਪਾਂ ਦਾ ਨਿਆਂ
1 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2 "ਹੇ ਮਨੁੱਖ ਦੇ ਪੁੱਤਰ, ਕੀ ਤੂੰ ਉਸਦਾ ਨਿਆਂ ਕਰੇਗਾ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ? ਫਿਰ ਉਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ। 3 ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇੱਕ ਸ਼ਹਿਰ ਜੋ ਆਪਣੇ ਵਿਚਕਾਰ ਖੂਨ ਵਹਾ ਕੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ ਅਤੇ ਮੂਰਤੀਆਂ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰਦਾ ਹੈ। 4 ਜੋ ਲਹੂ ਤੂੰ ਵਹਾਇਆ ਹੈ ਉਸ ਦੇ ਕਾਰਨ ਤੂੰ ਦੋਸ਼ੀ ਹੋ ਗਿਆ ਅਤੇ ਜਿਹੜੀਆਂ ਮੂਰਤੀਆਂ ਤੂੰ ਬਣਾਈਆਂ ਹਨ, ਉਹਨਾਂ ਤੋਂ ਤੂੰ ਅਸ਼ੁੱਧ ਹੋ ਗਿਆ। ਇਸ ਲਈ ਮੈਂ ਤੈਨੂੰ ਕੌਮਾਂ ਲਈ ਮਜ਼ਾਕ ਦਾ ਪਾਤਰ ਅਤੇ ਸਾਰੇ ਦੇਸ਼ਾਂ ਲਈ ਹਾਸੇ ਦਾ ਪਾਤਰ ਬਣਾਵਾਂਗਾ। 5 ਜੋ ਨੇੜੇ ਹਨ ਅਤੇ ਜੋ ਦੂਰ ਹਨ, ਉਹ ਤੇਰਾ ਮਜ਼ਾਕ ਉਡਾਉਣਗੇ, ਹੇ ਬਦਨਾਮ ਸ਼ਹਿਰ, ਗੜਬੜ ਨਾਲ ਭਰੇ ਹੋਏ।
6 " ‘ਵੇਖ, ਇਸਰਾਏਲ ਦਾ ਹਰ ਰਾਜਕੁਮਾਰ ਜੋ ਤੇਰੇ ਵਿੱਚ ਹੈ, ਖੂਨ ਵਹਾਉਣ ਲਈ ਆਪਣੀ ਸ਼ਕਤੀ ਦੀ ਵਰਤੋਂ ਕਿਵੇਂ ਕਰਦਾ ਹੈ। 7 ਤੇਰੇ ਵਿੱਚ ਉਹਨਾਂ ਨੇ ਪਿਤਾ ਅਤੇ ਮਾਤਾ ਨਾਲ ਨਿਰਾਦਰ ਕੀਤਾ ਹੈ; ਤੇਰੇ ਵਿੱਚ ਉਹਨਾਂ ਨੇ ਪਰਦੇਸੀਆਂ ਉੱਤੇ ਜ਼ੁਲਮ ਕੀਤਾ ਅਤੇ ਯਤੀਮਾਂ ਅਤੇ ਵਿਧਵਾਵਾਂ ਨਾਲ ਬੁਰਾ ਸਲੂਕ ਕੀਤਾ। 8 ਤੁਸੀਂ ਮੇਰੀਆਂ ਪਵਿੱਤਰ ਵਸਤੂਆਂ ਨੂੰ ਤੁੱਛ ਜਾਣਿਆ ਹੈ ਅਤੇ ਮੇਰੇ ਸਬਤਾਂ ਦੀ ਬੇਅਦਬੀ ਕੀਤੀ ਹੈ। 9 ਤੇਰੇ ਵਿੱਚ ਨਿੰਦਾ ਕਰਨ ਵਾਲੇ ਲੋਕ ਹਨ ਜੋ ਲਹੂ ਵਹਾਉਣ ਉੱਤੇ ਤੁਲੇ ਹੋਏ ਹਨ। ਤੇਰੇ ਵਿੱਚ ਉਹ ਹਨ ਜੋ ਪਹਾੜੀ ਅਸਥਾਨਾਂ ਤੇ ਖਾਂਦੇ ਹਨ ਅਤੇ ਗੰਦੀਆਂ ਹਰਕਤਾਂ ਕਰਦੇ ਹਨ। 10 ਤੁਹਾਡੇ ਵਿੱਚ ਉਹ ਲੋਕ ਹਨ ਜੋ ਆਪਣੇ ਪਿਤਾ ਦੇ ਬਿਸਤਰੇ ਦਾ ਅਪਮਾਨ ਕਰਦੇ ਹਨ; ਤੇਰੇ ਵਿੱਚ ਉਹ ਲੋਕ ਹਨ ਜੋ ਔਰਤਾਂ ਦੀ ਉਹਨਾਂ ਦੇ ਮਾਹਵਾਰੀ ਦੇ ਦੌਰਾਨ ਸਰੀਰਕ ਸੰਬੰਧ ਬਣਾਉਂਦੇ ਹਨ, ਅਤੇ ਜਦੋਂ ਉਹ ਰਸਮੀ ਤੌਰ ਤੇ ਅਸ਼ੁੱਧ ਹੁੰਦੀਆਂ ਹਨ। 11 ਤੁਹਾਡੇ ਵਿੱਚ ਇੱਕ ਆਦਮੀ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਅਪਰਾਧ ਕਰਦਾ ਹੈ, ਦੂਜਾ ਆਪਣੀ ਨੂੰਹ ਨੂੰ ਬੇਇੱਜ਼ਤ ਕਰਦਾ ਹੈ, ਅਤੇ ਦੂਜਾ ਆਪਣੀ ਭੈਣ, ਆਪਣੇ ਪਿਤਾ ਦੀ ਧੀ ਦੀ ਉਲੰਘਣਾ ਕਰਦਾ ਹੈ। 12 ਤੇਰੇ ਵਿੱਚ ਉਹ ਲੋਕ ਹਨ ਜੋ ਖੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ; ਤੁਸੀਂ ਵਿਆਜ ਲੈਂਦੇ ਹੋ ਅਤੇ ਗਰੀਬਾਂ ਤੋਂ ਲਾਭ ਕਮਾਉਂਦੇ ਹੋ। ਤੁਸੀਂ ਆਪਣੇ ਗੁਆਂਢੀਆਂ ਤੋਂ ਨਾਜਾਇਜ਼ ਲਾਭ ਉਠਾਉਂਦੇ ਹੋ ਅਤੇ ਤੁਸੀਂ ਮੈਨੂੰ ਭੁੱਲ ਗਏ ਹੋ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
13 " ‘ਮੈਂ ਤੁਹਾਡੇ ਦੁਆਰਾ ਕੀਤੇ ਗਏ ਬੇਇਨਸਾਫ਼ੀ ਦੇ ਲਾਭ ਅਤੇ ਤੁਹਾਡੇ ਵਿਚਕਾਰ ਤੁਹਾਡੇ ਦੁਆਰਾ ਵਹਾਏ ਗਏ ਖੂਨ ਤੇ ਜ਼ਰੂਰ ਆਪਣੇ ਹੱਥ ਇਕੱਠੇ ਕਰਾਂਗਾ। 14 ਕੀ ਤੇਰੀ ਹਿੰਮਤ ਰਹੇਗੀ ਜਾਂ ਤੇਰੇ ਹੱਥ ਵਿੱਚ ਬਲ ਹੋਵੇਗਾ ਜਦੋਂ ਮੈਂ ਤੇਰਾ ਨਿਆਂ ਕਰਾਂਗਾ? ਮੈਂ ਯਾਹਵੇਹ ਬੋਲਦਾ ਹਾਂ, ਅਤੇ ਮੈਂ ਇਹ ਕਰਾਂਗਾ। 15 ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। ਅਤੇ ਮੈਂ ਤੁਹਾਡੀ ਗੰਦਗੀ ਨੂੰ ਖਤਮ ਕਰ ਦਿਆਂਗਾ। 16 ਜਦੋਂ ਤੁਸੀਂ ਕੌਮਾਂ ਦੀਆਂ ਨਜ਼ਰਾਂ ਵਿੱਚ ਭ੍ਰਿਸ਼ਟ ਹੋ ਜਾਵੋਂਗੇ ਤਾਂ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।’ "
17 ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 18 "ਹੇ ਮਨੁੱਖ ਦੇ ਪੁੱਤਰ, ਇਸਰਾਏਲ ਦਾ ਘਰਾਣਾ ਮੇਰੇ ਲਈ ਮੈਲ਼ ਹੋ ਗਿਆ ਹੈ, ਉਹ ਸਾਰੇ ਦਾ ਸਾਰਾ ਪਿੱਤਲ, ਟੀਨ, ਲੋਹਾ ਅਤੇ ਸਿੱਕਾ ਹੈ, ਜੋ ਭੱਠੀ ਵਿੱਚ ਹਨ। ਉਹ ਚਾਂਦੀ ਦੀ ਮੈਲ਼ ਹਨ। 19 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਤੁਸੀਂ ਸਾਰੇ ਮੈਲ਼ ਬਣ ਹੋ ਗਏ ਹੋ, ਮੈਂ ਤੁਹਾਨੂੰ ਯੇਰੂਸ਼ਲੇਮ ਵਿੱਚ ਇਕੱਠਾ ਕਰਾਂਗਾ। 20 ਜਿਵੇਂ ਉਹ ਚਾਂਦੀ, ਪਿੱਤਲ, ਲੋਹਾ, ਸਿੱਕਾ ਅਤੇ ਟੀਨ ਭੱਠੀ ਵਿੱਚ ਇਕੱਠਾ ਪਾਉਂਦੇ ਹਨ ਅਤੇ ਉਹਨਾਂ ਨੂੰ ਅੱਗ ਨਾਲ ਤਾਉਂਦੇ ਹਨ, ਤਾਂ ਜੋ ਉਹਨਾਂ ਨੂੰ ਪਿਘਲਾ ਦੇਣ, ਓਵੇਂ ਹੀ ਮੈਂ ਆਪਣੇ ਕਹਿਰ ਅਤੇ ਕ੍ਰੋਧ ਵਿੱਚ ਤੁਹਾਨੂੰ ਇਕੱਠਾ ਕਰਾਂਗਾ ਅਤੇ ਤੁਹਾਨੂੰ ਉੱਥੇ ਰੱਖ ਕੇ ਪਿਘਲਾਵਾਂਗਾ। 21 ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਕਹਿਰ ਦੀ ਅੱਗ ਵਿੱਚ ਤੁਹਾਨੂੰ ਤਪਾਵਾਂਗਾ, ਅਤੇ ਤੁਸੀਂ ਉਸ ਦੇ ਅੰਦਰ ਪਿਘਲ ਜਾਵੋਂਗੇ। 22 ਜਿਵੇਂ ਚਾਂਦੀ ਭੱਠੀ ਵਿੱਚ ਪਿਘਲਾਈ ਜਾਂਦੀ ਹੈ, ਓਵੇਂ ਤੁਸੀਂ ਉਸ ਵਿੱਚ ਪਿਘਲਾਏ ਜਾਓਗੇ, ਤਾਂ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਨੇ ਆਪਣਾ ਕਹਿਰ ਤੁਹਾਡੇ ਉੱਤੇ ਪਾਇਆ ਹੈ।’ "
23 ਫੇਰ ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 24 "ਹੇ ਮਨੁੱਖ ਦੇ ਪੁੱਤਰ, ਉਹ ਨੂੰ ਆਖ, ‘ਤੂੰ ਉਹ ਧਰਤੀ ਹੈ, ਜਿਹੜੀ ਸ਼ੁੱਧ ਨਹੀਂ ਕੀਤੀ ਗਈ ਅਤੇ ਜਿਹ ਉੱਤੇ ਕ੍ਰੋਧ ਦੇ ਦਿਨ ਵਿੱਚ ਵਰਖਾ ਨਹੀਂ ਹੋਈ।’ 25 ਉਸਦੇ ਅੰਦਰ ਉਸਦੇ ਨਬੀਆਂ ਦੀ ਸਾਜਿਸ਼ ਹੈ ਜਿਵੇਂ ਇੱਕ ਗਰਜਦਾ ਸ਼ੇਰ ਆਪਣੇ ਸ਼ਿਕਾਰ ਨੂੰ ਪਾੜਦਾ ਹੈ; ਉਹ ਲੋਕਾਂ ਨੂੰ ਖਾ ਜਾਂਦੇ ਹਨ, ਖਜ਼ਾਨੇ ਅਤੇ ਕੀਮਤੀ ਚੀਜ਼ਾਂ ਲੈ ਜਾਂਦੇ ਹਨ ਅਤੇ ਉਸਦੇ ਅੰਦਰ ਬਹੁਤ ਸਾਰੀਆਂ ਵਿਧਵਾਵਾਂ ਬਣਾਉਂਦੇ ਹਨ। 26 ਉਸ ਦੇ ਜਾਜਕਾਂ ਮੇਰੀ ਬਿਵਸਥਾ ਦੀ ਉਲੰਘਣਾ ਕੀਤੀ; ਅਤੇ ਮੇਰੀਆਂ ਪਵਿੱਤਰ ਵਸਤੂਆਂ ਨੂੰ ਅਪਵਿੱਤਰ ਕਰਦੇ ਹਨ। ਉਹ ਪਵਿੱਤਰ ਅਤੇ ਆਮ ਵਿੱਚ ਫ਼ਰਕ ਨਹੀਂ ਕਰਦੇ; ਉਹ ਸਿਖਾਉਂਦੇ ਹਨ ਕਿ ਅਸ਼ੁੱਧ ਅਤੇ ਸ਼ੁੱਧ ਵਿੱਚ ਕੋਈ ਅੰਤਰ ਨਹੀਂ ਹੈ; ਅਤੇ ਉਹਨਾਂ ਨੇ ਮੇਰੇ ਸਬਤ ਦੀ ਪਾਲਣਾ ਕਰਨ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ, ਇਸ ਲਈ ਮੈਂ ਉਹਨਾਂ ਵਿੱਚ ਅਪਵਿੱਤਰ ਹੋ ਗਿਆ ਹਾਂ। 27 ਉਸ ਦੇ ਅੰਦਰ ਉਸ ਦੇ ਅਧਿਕਾਰੀ ਆਪਣੇ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜਾਂ ਵਾਂਗ ਹਨ; ਉਹ ਖ਼ੂਨ ਵਹਾਉਂਦੇ ਹਨ ਅਤੇ ਨਾਜਾਇਜ਼ ਲਾਭ ਲੈਣ ਲਈ ਲੋਕਾਂ ਨੂੰ ਮਾਰਦੇ ਹਨ। 28 ਉਸਦੇ ਨਬੀ ਝੂਠੇ ਦਰਸ਼ਨਾਂ ਅਤੇ ਝੂਠੇ ਭਵਿੱਖਬਾਣੀਆਂ ਦੁਆਰਾ ਉਹਨਾਂ ਲਈ ਇਹਨਾਂ ਕੰਮਾਂ ਨੂੰ ਚਿੱਟਾ ਕਰਦੇ ਹਨ। ਉਹ ਕਹਿੰਦੇ ਹਨ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ’ ਜਦੋਂ ਯਾਹਵੇਹ ਨਹੀਂ ਬੋਲਿਆ ਹੈ। 29 ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟ-ਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ।
30 "ਮੈਂ ਉਹਨਾਂ ਵਿੱਚੋਂ ਕਿਸੇ ਨੂੰ ਲੱਭਿਆ ਜੋ ਕੰਧ ਨੂੰ ਬਣਾਵੇ ਅਤੇ ਜ਼ਮੀਨ ਦੀ ਤਰਫ਼ੋਂ ਮੇਰੇ ਸਾਹਮਣੇ ਖਲੋਵੇ ਤਾਂ ਜੋ ਮੈਨੂੰ ਇਸ ਨੂੰ ਤਬਾਹ ਨਾ ਕਰਨਾ ਪਵੇ, ਪਰ ਮੈਨੂੰ ਕੋਈ ਨਹੀਂ ਮਿਲਿਆ। 31 ਇਸ ਲਈ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹ ਦਿਆਂਗਾ ਅਤੇ ਆਪਣੇ ਅੱਗ ਦੇ ਕ੍ਰੋਧ ਨਾਲ ਉਹਨਾਂ ਨੂੰ ਭਸਮ ਕਰ ਦਿਆਂਗਾ, ਉਹ ਸਭ ਕੁਝ ਉਹਨਾਂ ਦੇ ਆਪਣੇ ਸਿਰਾਂ ਉੱਤੇ ਲਿਆਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।"