1 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2 "ਇਸਰਾਏਲ ਦੀ ਧਰਤੀ ਬਾਰੇ ਇਸ ਕਹਾਵਤ ਦਾ ਹਵਾਲਾ ਦੇਣ ਦਾ ਤੁਹਾਡਾ ਕੀ ਅਰਥ ਹੈ:
" ‘ਕਿ ਮਾਤਾ ਪਿਤਾ ਨੇ ਖੱਟੇ ਅੰਗੂਰ ਖਾਧੇ,
ਪਰ ਬੱਚਿਆਂ ਦੇ ਦੰਦ ਖੱਟੇ ਹੋ ਗਏ’?
3 "ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਤੁਸੀਂ ਫਿਰ ਇਸਰਾਏਲ ਵਿੱਚ ਇਹ ਕਹਾਵਤ ਨਹੀਂ ਆਖੋਗੇ। 4 ਕਿਉਂਕਿ ਹਰ ਕੋਈ ਮੇਰਾ ਹੈ, ਮਾਤਾ-ਪਿਤਾ ਅਤੇ ਬੱਚਾ ਦੋਵੇਂ ਹੀ ਮੇਰੇ ਹਨ। ਜਿਹੜਾ ਪਾਪ ਕਰਦਾ ਹੈ ਉਹੀ ਮਰੇਗਾ।
5 "ਫ਼ਰਜ਼ ਕਰੋ ਕਿ ਇੱਕ ਧਰਮੀ ਆਦਮੀ ਹੈ,
ਅਤੇ ਉਸ ਦੇ ਕੰਮ ਨਿਆਂ ਅਤੇ ਧਰਮ ਦੇ ਹਨ।
6 ਉਹ ਪਹਾੜੀ ਅਸਥਾਨਾਂ ਉੱਤੇ ਨਹੀਂ ਖਾਂਦਾ
ਅਤੇ ਨਾ ਹੀ ਇਸਰਾਏਲ ਦੀਆਂ ਮੂਰਤੀਆਂ ਵੱਲ ਵੇਖਦਾ ਹੈ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਅਪਵਿੱਤਰ ਨਹੀਂ ਕਰਦਾ,
ਅਤੇ ਕਿਸੇ ਔਰਤ ਨਾਲ ਉਸ ਦੇ ਮਾਸਿਕ ਦੇ ਸਮੇਂ ਸਰੀਰਕ ਸੰਬੰਧ ਨਹੀਂ ਰੱਖਦਾ।
7 ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ,
ਪਰ ਜੋ ਕੁਝ ਉਸ ਨੇ ਕਰਜ਼ੇ ਲਈ ਗਿਰਵੀ ਰੱਖਿਆ ਸੀ ਉਹ ਵਾਪਸ ਕਰ ਦਿੰਦਾ ਹੈ।
ਉਹ ਲੁੱਟ-ਖਸੁੱਟ ਨਹੀਂ ਕਰਦਾ
ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ
ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
8 ਉਹ ਉਹਨਾਂ ਨੂੰ ਵਿਆਜ ਉੱਤੇ ਉਧਾਰ ਨਹੀਂ ਦਿੰਦਾ,
ਨਾ ਵਿਆਜ ਤੋਂ ਕੋਈ ਲਾਭ ਲੈਂਦਾ ਹੈ।
ਉਹ ਗਲਤ ਕੰਮ ਕਰਨ ਤੋਂ ਆਪਣਾ ਹੱਥ ਰੋਕਦਾ ਹੈ
ਅਤੇ ਦੋ ਧਿਰਾਂ ਵਿਚਕਾਰ ਨਿਰਪੱਖਤਾ ਨਾਲ ਨਿਆਂ ਕਰਦਾ ਹੈ।
9 ਉਹ ਮੇਰੀਆਂ ਬਿਧੀਆਂ ਤੇ ਚਲਦਾ ਹੈ,
ਅਤੇ ਵਫ਼ਾਦਾਰੀ ਨਾਲ ਮੇਰੇ ਨਿਯਮਾਂ ਦੀ ਪਾਲਨਾ ਕਰਦਾ ਹੈ।
ਉਹ ਆਦਮੀ ਧਰਮੀ ਹੈ;
ਉਹ ਜ਼ਰੂਰ ਜੀਉਂਦਾ ਰਹੇਗਾ,
ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
10 "ਫ਼ਰਜ਼ ਕਰੋ ਕਿ ਉਸ ਦਾ ਇੱਕ ਲੁਟੇਰਾ ਪੁੱਤਰ ਹੈ, ਜੋ ਖੂਨ ਕਰੇ ਅਤੇ ਇਹਨਾਂ ਵਿੱਚੋਂ ਕੋਈ ਹੋਰ ਕੰਮ ਕਰੇ 11 (ਹਾਲਾਂਕਿ ਪਿਤਾ ਨੇ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ):
"ਸਗੋਂ ਉਹ ਪਹਾੜਾਂ ਉੱਤੇ ਖਾਵੇ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ।
12 ਉਹ ਗਰੀਬਾਂ ਅਤੇ ਲੋੜਵੰਦਾਂ ਉੱਤੇ ਜ਼ੁਲਮ ਕਰੇ।
ਉਹ ਲੁੱਟ-ਖਸੁੱਟ ਕਰੇ।
ਉਹ ਉਸ ਚੀਜ਼ ਨੂੰ ਵਾਪਸ ਨਹੀਂ ਕਰਦਾ ਜੋ ਉਸਨੇ ਗਿਰਵੀ ਰੱਖੀ ਹੈ।
ਉਹ ਮੂਰਤੀਆਂ ਵੱਲ ਵੇਖਦਾ ਹੈ।
ਉਹ ਘਿਣਾਉਣੇ ਕੰਮ ਕਰਦਾ ਹੈ।
13 ਉਹ ਵਿਆਜ ਤੇ ਉਧਾਰ ਦਿੰਦਾ ਹੈ ਅਤੇ ਮੁਨਾਫਾ ਲੈਂਦਾ ਹੈ।
ਕੀ ਅਜਿਹਾ ਆਦਮੀ ਜਿਉਂਦਾ ਰਹੇਗਾ? ਉਹ ਕਦੀ ਜਿਉਂਦਾ ਨਹੀਂ ਰਹੇਗਾ! ਕਿਉਂਕਿ ਉਸਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ, ਉਸਨੂੰ ਮਾਰਿਆ ਜਾਣਾ ਚਾਹੀਦਾ ਹੈ। ਉਸਦਾ ਖੂਨ ਉਸਦੇ ਆਪਣੇ ਸਿਰ ਉੱਤੇ ਹੋਵੇਗਾ।
14 "ਪਰ ਫ਼ਰਜ਼ ਕਰੋ ਕਿ ਉਸ ਦੇ ਇੱਕ ਪੁੱਤਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ, ਜਿਹੜੇ ਉਸ ਨੇ ਕੀਤੇ ਅਤੇ ਡਰ ਕੇ ਉਹ ਜਿਹੇ ਕੰਮ ਨਾ ਕਰੇ:
15 "ਉਹ ਨਾ ਤਾਂ ਪਹਾੜੀ ਮੰਦਰਾਂ ਵਿੱਚ ਭੋਜਨ ਖਾਂਦਾ
ਅਤੇ ਨਾ ਹੀ ਇਸਰਾਏਲ ਦੇ ਬੁੱਤਾਂ ਵੱਲ ਵੇਖਦਾ ਹੈ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਨਹੀਂ ਕਰਦਾ।
16 ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ
ਅਤੇ ਨਾ ਹੀ ਕਿਸੇ ਚੀਜ਼ ਗਿਰਵੀ ਰੱਖਦਾ ਹੈ।
ਉਹ ਲੁੱਟ-ਖਸੁੱਟ ਨਹੀਂ ਕਰਦਾ
ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
17 ਉਹ ਗਰੀਬਾਂ ਨਾਲ ਦੁਰਵਿਹਾਰ ਕਰਨ ਤੋਂ ਆਪਣਾ ਹੱਥ ਰੋਕਦਾ ਹੈ
ਅਤੇ ਉਹਨਾਂ ਤੋਂ ਕੋਈ ਵਿਆਜ ਜਾਂ ਲਾਭ ਨਹੀਂ ਲੈਂਦਾ।
ਉਹ ਮੇਰੇ ਕਾਨੂੰਨਾਂ ਨੂੰ ਮੰਨਦਾ ਹੈ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਹੈ।
ਉਹ ਆਪਣੇ ਪਿਤਾ ਦੇ ਪਾਪ ਲਈ ਨਹੀਂ ਮਰੇਗਾ; ਉਹ ਜ਼ਰੂਰ ਜਿਉਂਦਾ ਰਹੇਗਾ। 18 ਪਰ ਉਸਦਾ ਪਿਤਾ ਉਸਦੇ ਆਪਣੇ ਪਾਪ ਲਈ ਮਰ ਜਾਵੇਗਾ, ਕਿਉਂਕਿ ਉਸਨੇ ਬਿਨ੍ਹਾਂ ਤਰਸ ਤੋਂ ਜ਼ੁਲਮ ਕੀਤੇ, ਆਪਣੇ ਭਰਾ ਨੂੰ ਲੁੱਟਿਆ ਅਤੇ ਉਸਦੇ ਲੋਕਾਂ ਵਿੱਚ ਗਲਤ ਕੰਮ ਕੀਤਾ।
19 "ਫਿਰ ਵੀ ਤੁਸੀਂ ਪੁੱਛਦੇ ਹੋ, ‘ਪੁੱਤਰ ਆਪਣੇ ਪਿਤਾ ਦੇ ਦੋਸ਼ਾਂ ਦਾ ਭਾਗੀਦਾਰ ਕਿਉਂ ਨਹੀਂ ਹੁੰਦਾ?’ ਕਿਉਂਕਿ ਪੁੱਤਰ ਨੇ ਉਹੀ ਕੀਤਾ ਹੈ ਜੋ ਸਹੀ ਅਤੇ ਚੰਗਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਿਹਾ ਹੈ, ਉਹ ਜ਼ਰੂਰ ਜੀਉਂਦਾ ਰਹੇਗਾ। 20 ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ।
21 "ਪਰ ਜੇਕਰ ਕੋਈ ਦੁਸ਼ਟ ਵਿਅਕਤੀ ਆਪਣੇ ਕੀਤੇ ਹੋਏ ਸਾਰੇ ਪਾਪਾਂ ਤੋਂ ਮੂੰਹ ਮੋੜ ਲੈਂਦਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਨਾ ਕਰਦਾ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਚੰਗਾ ਹੈ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ; ਉਹ ਨਹੀਂ ਮਰੇਗਾ। 22 ਉਹਨਾਂ ਵੱਲੋਂ ਕੀਤੇ ਗਏ ਅਪਰਾਧਾਂ ਵਿੱਚੋਂ ਕਿਸੇ ਨੂੰ ਵੀ ਯਾਦ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕੀਤੇ ਧਰਮੀ ਕੰਮਾਂ ਦੇ ਕਾਰਨ, ਉਹ ਜਿਉਂਦੇ ਰਹਿਣਗੇ। 23 ਕੀ ਮੈਂ ਦੁਸ਼ਟਾਂ ਦੀ ਮੌਤ ਦਾ ਅਨੰਦ ਲੈਂਦਾ ਹਾਂ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ?
24 "ਪਰ ਜੇਕਰ ਕੋਈ ਧਰਮੀ ਵਿਅਕਤੀ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਪਾਪ ਕਰੇ ਅਤੇ ਉਹੀ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਵਿਅਕਤੀ ਕਰਦਾ ਹੈ, ਤਾਂ ਕੀ ਉਹ ਜੀਵੇਗਾ? ਕੋਈ ਵੀ ਧਰਮੀ ਕੰਮ ਜੋ ਉਸ ਵਿਅਕਤੀ ਨੇ ਕੀਤਾ ਹੈ ਯਾਦ ਨਹੀਂ ਕੀਤਾ ਜਾਵੇਗਾ। ਬੇਵਫ਼ਾਈ ਦੇ ਕਾਰਨ ਉਹ ਦੋਸ਼ੀ ਹਨ ਅਤੇ ਉਹਨਾਂ ਦੇ ਪਾਪਾਂ ਦੇ ਕਾਰਨ ਉਹ ਮਰ ਜਾਣਗੇ।
25 "ਫਿਰ ਵੀ ਤੁਸੀਂ ਕਹਿੰਦੇ ਹੋ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਸੁਣੋ, ਹੇ ਇਸਰਾਏਲੀਓ, ਕੀ ਮੇਰਾ ਰਾਹ ਬੇਇਨਸਾਫ਼ੀ ਹੈ? ਕੀ ਇਹ ਤੁਹਾਡੇ ਰਾਹ ਬੇਇਨਸਾਫ਼ੀ ਦੇ ਨਹੀਂ ਹਨ? 26 ਜੇਕਰ ਕੋਈ ਧਰਮੀ ਮਨੁੱਖ ਆਪਣੀ ਧਾਰਮਿਕਤਾ ਤੋਂ ਮੁੜਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਹ ਇਸਦੇ ਲਈ ਮਰ ਜਾਣਗੇ; ਕਿਉਂਕਿ ਉਹਨਾਂ ਨੇ ਪਾਪ ਕੀਤਾ ਅਤੇ ਉਹ ਇਸਦੇ ਕਾਰਨ ਮਰ ਜਾਣਗੇ। 27 ਪਰ ਜੇ ਕੋਈ ਦੁਸ਼ਟ ਵਿਅਕਤੀ ਉਸ ਦੁਸ਼ਟਤਾ ਤੋਂ ਹਟ ਜਾਂਦਾ ਹੈ ਜੋ ਉਸਨੇ ਕੀਤੀ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਧਰਮ ਹੈ, ਤਾਂ ਉਹ ਆਪਣੀ ਜਾਨ ਬਚਾ ਲਵੇਗਾ। 28 ਕਿਉਂਕਿ ਉਹ ਆਪਣੇ ਕੀਤੇ ਹੋਏ ਸਾਰੇ ਅਪਰਾਧਾਂ ਨੂੰ ਸਮਝਦੇ ਹਨ ਅਤੇ ਉਹਨਾਂ ਤੋਂ ਮੂੰਹ ਮੋੜ ਲੈਂਦੇ ਹਨ, ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ; ਉਹ ਨਹੀਂ ਮਰਨਗੇ। 29 ਫਿਰ ਵੀ ਇਸਰਾਏਲੀ ਆਖਦੇ ਹਨ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਹੇ ਇਸਰਾਏਲ ਦੇ ਲੋਕੋ, ਕੀ ਮੇਰੇ ਰਾਹ ਬੇਇਨਸਾਫ਼ੀ ਵਾਲੇ ਹਨ? ਕੀ ਇਹ ਤੁਹਾਡੇ ਰਾਹ ਬੇਇਨਸਾਫ਼ੀ ਵਾਲੇ ਨਹੀਂ ਹਨ?
30 "ਇਸ ਲਈ, ਹੇ ਇਸਰਾਏਲੀਓ, ਮੈਂ ਤੁਹਾਡੇ ਵਿੱਚੋਂ ਹਰੇਕ ਦਾ ਨਿਆਂ ਤੁਹਾਡੇ ਆਪਣੇ ਤਰੀਕਿਆਂ ਅਨੁਸਾਰ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ! ਆਪਣੇ ਸਾਰੇ ਅਪਰਾਧਾਂ ਤੋਂ ਮੁੜ ਜਾਓ; ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ। 31 ਆਪਣੇ ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ? 32 ਕਿਉਂ ਜੋ ਮੈਂ ਕਿਸੇ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ ਅਤੇ ਜੀਉਂਦੇ ਰਹੋ!