1 ਇਸ ਤੋਂ ਬਾਅਦ, ਮੋਆਬੀ ਅਤੇ ਅੰਮੋਨੀ ਕੁਝ ਮੂਨੀਸਾ ਦੇ ਨਾਲ ਯਹੋਸ਼ਾਫ਼ਾਟ ਦੇ ਵਿਰੁੱਧ ਯੁੱਧ ਕਰਨ ਲਈ ਆਏ।
2 ਯਹੋਸ਼ਾਫ਼ਾਟ ਨੂੰ ਦੱਸਿਆ ਗਿਆ ਕਿ ਅਦੋਮ ਸਮੁੰਦਰ ਦੇ ਪਾਰ ਇੱਕ ਵੱਡੀ ਸੈਨਾ ਤੁਹਾਡੇ ਉੱਤੇ ਹਮਲਾ ਕਰਨ ਲਈ ਆ ਰਹੀ ਹੈ। ਇਸ ਸਮੇਂ ਉਹ ਹਜ਼ੋਨ-ਤਾਮਾਰ ਵਿੱਚ ਹਨ ਜੋ ਏਨ ਗੇਦੀ ਵਿੱਚ ਹੈ। 3 ਤਾਂ ਯਹੋਸ਼ਾਫ਼ਾਟ ਨੇ ਭੈ ਖਾ ਕੇ ਯਾਹਵੇਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਘੋਸ਼ਣਾ ਕੀਤੀ। 4 ਯਹੂਦਾਹ ਦੇ ਲੋਕ ਯਾਹਵੇਹ ਤੋਂ ਮਦਦ ਮੰਗਣ ਲਈ ਇਕੱਠੇ ਹੋਏ; ਸੱਚਮੁੱਚ, ਉਹ ਯਹੂਦਾਹ ਦੇ ਹਰ ਨਗਰ ਤੋਂ ਉਸ ਨੂੰ ਲੱਭਣ ਲਈ ਆਏ ਸਨ।
5 ਫਿਰ ਯਹੋਸ਼ਾਫ਼ਾਟ ਯਹੂਦਾਹ ਅਤੇ ਯੇਰੂਸ਼ਲੇਮ ਦੀ ਸਭਾ ਵਿੱਚ ਨਵੇਂ ਵਿਹੜੇ ਦੇ ਸਾਹਮਣੇ ਯਾਹਵੇਹ ਦੇ ਭਵਨ ਵਿੱਚ ਖੜ੍ਹਾ ਹੋਇਆ 6 ਉਸ ਨੇ ਆਖਿਆ,
"ਹੇ ਯਾਹਵੇਹ ਸਾਡੇ ਪਿਉ ਦਾਦਿਆਂ ਦੇ ਪਰਮੇਸ਼ਵਰ, ਕੀ ਤੂੰ ਅਕਾਸ਼ ਦੇ ਉੱਤੇ ਪਰਮੇਸ਼ਵਰ ਨਹੀਂ? ਅਤੇ ਕੀ ਤੂੰ ਹੀ ਸਾਰਿਆਂ ਕੌਮਾਂ ਦੇ ਰਾਜਾਂ ਉੱਤੇ ਰਾਜ ਨਹੀਂ ਕਰਦਾ? ਤੇਰੇ ਹੱਥ ਵਿੱਚ ਇੰਨੀ ਸ਼ਕਤੀ ਹੈ ਕਿ ਕੋਈ ਤੇਰਾ ਟਾਕਰਾ ਨਹੀਂ ਕਰ ਸੱਕਦਾ। 7 ਹੇ ਸਾਡੇ ਪਰਮੇਸ਼ਵਰ, ਕੀ ਤੂੰ ਇਸ ਦੇਸ਼ ਦੇ ਵਾਸੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਸਾਹਮਣੇ ਤੋਂ ਨਹੀਂ ਕੱਢ ਦਿੱਤਾ ਅਤੇ ਆਪਣੇ ਮਿੱਤਰ ਅਬਰਾਹਾਮ ਦੀ ਸੰਤਾਨ ਨੂੰ ਸਦਾ ਲਈ ਦੇ ਦਿੱਤਾ? 8 ਉਹ ਉਸ ਵਿੱਚ ਵੱਸਦੇ ਹਨ ਅਤੇ ਉਸ ਵਿੱਚ ਤੇਰੇ ਨਾਮ ਲਈ ਇੱਕ ਪਵਿੱਤਰ ਅਸਥਾਨ ਬਣਾਉਂਦੇ ਹਨ, 9 ‘ਜੇ ਸਾਡੇ ਉੱਤੇ ਬਿਪਤਾ ਆਉਂਦੀ ਹੈ, ਭਾਵੇਂ ਨਿਆਂ ਦੀ ਤਲਵਾਰ ਅਤੇ ਭਾਵੇਂ ਮਹਾਂਮਾਰੀ ਜਾਂ ਕਾਲ, ਅਸੀਂ ਇਸ ਭਵਨ ਦੇ ਸਾਹਮਣੇ ਤੁਹਾਡੀ ਹਜ਼ੂਰੀ ਵਿੱਚ ਖੜ੍ਹੇ ਹੋਵਾਂਗੇ, ਕਿਉਂ ਜੋ ਤੇਰਾ ਨਾਮ ਇਸ ਭਵਨ ਵਿੱਚ ਹੈ ਅਤੇ ਸਾਡੀ ਬਿਪਤਾ ਵਿੱਚ ਅਸੀਂ ਤੈਨੂੰ ਪੁਕਾਰਾਗੇ ਅਤੇ ਤੂੰ ਸਾਨੂੰ ਸੁਣੇਗਾ ਅਤੇ ਸਾਨੂੰ ਬਚਾਵੇਗਾ।’
10 "ਪਰ ਹੁਣ ਇੱਥੇ ਅੰਮੋਨ, ਮੋਆਬ ਅਤੇ ਸੇਈਰ ਪਰਬਤ ਦੇ ਲੋਕ ਹਨ, ਜਿਨ੍ਹਾਂ ਦੇ ਖੇਤਰ ਵਿੱਚ ਤੁਸੀਂ ਇਸਰਾਏਲ ਨੂੰ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਉਹ ਮਿਸਰ ਤੋਂ ਆਏ ਸਨ; ਇਸ ਲਈ ਉਹ ਉਹਨਾਂ ਤੋਂ ਦੂਰ ਹੋ ਗਏ ਅਤੇ ਉਹਨਾਂ ਨੂੰ ਤਬਾਹ ਨਹੀਂ ਕੀਤਾ। 11 ਵੇਖੋ, ਉਹ ਸਾਨੂੰ ਉਸ ਕਬਜ਼ੇ ਵਿੱਚੋਂ ਕੱਢਣ ਲਈ ਆਏ ਹਨ, ਜਿਹੜੀ ਤੁਸੀਂ ਸਾਨੂੰ ਵਿਰਾਸਤ ਵਜੋਂ ਦਿੱਤੀ ਸੀ। 12 ਸਾਡੇ ਪਰਮੇਸ਼ਵਰ, ਕੀ ਤੁਸੀਂ ਉਹਨਾਂ ਦਾ ਨਿਆਂ ਨਹੀਂ ਕਰੋਗੇ? ਕਿਉਂਕਿ ਸਾਡੇ ਕੋਲ ਇਸ ਵਿਸ਼ਾਲ ਫ਼ੌਜ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਹੈ ਜੋ ਸਾਡੇ ਉੱਤੇ ਹਮਲਾ ਕਰ ਰਹੀ ਹੈ। ਅਸੀਂ ਨਹੀਂ ਜਾਣਦੇ ਕੀ ਕਰਨਾ ਹੈ, ਪਰ ਸਾਡੀਆਂ ਨਜ਼ਰਾਂ ਤੇਰੇ ਵੱਲ ਹਨ।"
13 ਯਹੂਦਾਹ ਦੇ ਸਾਰੇ ਆਦਮੀ, ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਸਮੇਤ, ਯਾਹਵੇਹ ਦੇ ਅੱਗੇ ਖੜ੍ਹੇ ਸਨ।
14 ਤਦ ਯਾਹਵੇਹ ਦਾ ਆਤਮਾ ਜ਼ਕਰਯਾਹ ਦੇ ਪੁੱਤਰ ਯਹਜ਼ੀਏਲ ਉੱਤੇ ਆਇਆ, ਜੋ ਬਨਾਯਾਹ ਦਾ ਪੁੱਤਰ, ਯਈਏਲ ਦਾ ਪੁੱਤਰ, ਜੋ ਮੱਤਨਯਾਹ ਦਾ ਪੁੱਤਰ ਸੀ, ਜੋ ਇੱਕ ਲੇਵੀ ਅਤੇ ਆਸਾਫ਼ ਦਾ ਉੱਤਰਾਧਿਕਾਰੀ ਸੀ, ਜਦੋਂ ਉਹ ਸਭਾ ਵਿੱਚ ਖੜ੍ਹਾ ਸੀ।
15 ਉਸ ਨੇ ਕਿਹਾ, "ਹੇ ਰਾਜਾ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ ਸੁਣੋ! ਇਹ ਉਹ ਹੈ ਜੋ ਯਾਹਵੇਹ ਤੁਹਾਨੂੰ ਆਖਦਾ ਹੈ: ‘ਇਸ ਵਿਸ਼ਾਲ ਸੈਨਾ ਦੇ ਕਾਰਨ ਡਰੋ ਜਾਂ ਨਿਰਾਸ਼ ਨਾ ਹੋਵੋ ਕਿਉਂਕਿ ਲੜਾਈ ਤੁਹਾਡੀ ਨਹੀਂ, ਪਰ ਪਰਮੇਸ਼ਵਰ ਦੀ ਹੈ। 16 ਤੁਸੀਂ ਕੱਲ ਉਹਨਾਂ ਦਾ ਟਾਕਰਾ ਕਰਨ ਲਈ ਹੇਠਾਂ ਜਾਣਾ। ਵੇਖੋ, ਓਹ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਹਨਾਂ ਨੂੰ ਯਰੂਏਲ ਦੀ ਉਜਾੜ ਦੇ ਸਾਹਮਣੇ ਵਾਦੀ ਦੇ ਸਿਰੇ ਉੱਤੇ ਪਾਓਗੇ। 17 ਤੁਹਾਨੂੰ ਇਸ ਥਾਂ ਲੜਨਾ ਨਹੀਂ ਪਵੇਂਗਾ। ਆਪਣਿਆਂ ਅਹੁਦਿਆਂ ਨੂੰ ਸੰਭਾਲੋ; ਦ੍ਰਿੜ੍ਹ ਰਹੋ ਅਤੇ ਯਹੂਦਾਹ ਅਤੇ ਯੇਰੂਸ਼ਲੇਮ, ਯਾਹਵੇਹ ਵੱਲੋਂ ਤੁਹਾਨੂੰ ਦਿੱਤੀ ਜਾਣ ਵਾਲੀ ਛੁਟਕਾਰਾ ਦੇਖੋ। ਨਾ ਡਰੋ; ਨਿਰਾਸ਼ ਨਾ ਹੋਵੋ। ਕੱਲ੍ਹ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਜਾਓ ਅਤੇ ਯਾਹਵੇਹ ਤੁਹਾਡੇ ਨਾਲ ਹੋਵੇਗਾ।’ "
18 ਯਹੋਸ਼ਾਫ਼ਾਟ ਨੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਲੋਕ ਯਾਹਵੇਹ ਦੇ ਅੱਗੇ ਮੱਥਾ ਟੇਕ ਗਏ। 19 ਤਦ ਕੋਹਾਥੀਆਂ ਅਤੇ ਕੋਰਾਹੀਆਂ ਵਿੱਚੋਂ ਕੁਝ ਲੇਵੀਆਂ ਨੇ ਖੜ੍ਹੇ ਹੋ ਕੇ ਬਹੁਤ ਉੱਚੀ ਆਵਾਜ਼ ਨਾਲ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਉਸਤਤ ਕੀਤੀ।
20 ਸਵੇਰੇ-ਸਵੇਰੇ ਉਹ ਤਕੋਆ ਦੇ ਮਾਰੂਥਲ ਲਈ ਰਵਾਨਾ ਹੋਏ। ਜਦੋਂ ਉਹ ਚਲੇ ਗਏ, ਤਾਂ ਯਹੋਸ਼ਾਫ਼ਾਟ ਖੜ੍ਹਾ ਹੋ ਗਿਆ ਅਤੇ ਆਖਿਆ, "ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕੋ, ਮੇਰੀ ਗੱਲ ਸੁਣੋ! ਆਪਣੇ ਪਰਮੇਸ਼ਵਰ ਵਿੱਚ ਵਿਸ਼ਵਾਸ ਰੱਖੋ ਅਤੇ ਤੁਹਾਨੂੰ ਬਰਕਰਾਰ ਰੱਖਿਆ ਜਾਵੇਗਾ; ਉਸ ਦੇ ਨਬੀਆਂ ਵਿੱਚ ਵਿਸ਼ਵਾਸ ਰੱਖੋ ਅਤੇ ਤੁਸੀਂ ਸਫਲ ਹੋਵੋਗੇ।" 21 ਜਦ ਉਸ ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਯਹੋਸ਼ਾਫ਼ਾਟ ਯਾਹਵੇਹ ਲਈ ਗਾਇਕਾਂ ਨੂੰ ਮੁਕੱਰਰ ਕੀਤਾ ਜਿਹੜੇ ਸੈਨਾ ਦੇ ਅੱਗੇ-ਅੱਗੇ ਚੱਲ ਕੇ ਪਵਿੱਤਰ ਬਸਤਰਾਂ ਵਿੱਚ ਉਸਤਤ ਕਰਨ ਅਤੇ ਆਖਣ:
"ਯਾਹਵੇਹ ਦਾ ਧੰਨਵਾਦ ਕਰੋ,
ਉਸ ਦਾ ਪਿਆਰ ਸਦਾ ਲਈ ਕਾਇਮ ਰਹੇਗਾ।"
22 ਜਦੋਂ ਉਹ ਗਾਉਣ ਅਤੇ ਉਸਤਤ ਕਰਨ ਲੱਗੇ, ਯਾਹਵੇਹ ਨੇ ਯਹੂਦਾਹ ਉੱਤੇ ਹਮਲਾ ਕਰਨ ਵਾਲੇ ਅੰਮੋਨ ਅਤੇ ਮੋਆਬ ਅਤੇ ਸੇਈਰ ਪਰਬਤ ਦੇ ਲੋਕਾਂ ਉੱਤੇ ਹਮਲਾ ਕੀਤਾ ਅਤੇ ਉਹ ਹਾਰ ਗਏ। 23 ਅੰਮੋਨੀ ਅਤੇ ਮੋਆਬੀ ਲੋਕ ਸੇਈਰ ਪਰਬਤ ਤੋਂ ਉਹਨਾਂ ਨੂੰ ਤਬਾਹ ਕਰਨ ਅਤੇ ਉਹਨਾਂ ਦਾ ਨਾਸ਼ ਕਰਨ ਲਈ ਉਹਨਾਂ ਦੇ ਵਿਰੁੱਧ ਉੱਠੇ। ਸੇਈਰ ਦੇ ਆਦਮੀਆਂ ਨੂੰ ਮਾਰਨ ਤੋਂ ਬਾਅਦ, ਉਹਨਾਂ ਨੇ ਇੱਕ-ਦੂਜੇ ਨੂੰ ਤਬਾਹ ਕਰਨ ਵਿੱਚ ਮਦਦ ਕੀਤੀ।
24 ਅਤੇ ਜਦ ਯਹੂਦਾਹ ਨੇ ਉਜਾੜ ਦੇ ਬੁਰਜ ਉੱਤੇ ਪੁੱਜ ਕੇ ਉਸ ਵੱਡੇ ਦਲ ਨੂੰ ਦੇਖਿਆ ਤਾਂ ਵੇਖੋ, ਉਹਨਾਂ ਦੀਆਂ ਲੋਥਾਂ ਧਰਤੀ ਪਈਆਂ ਸਨ ਅਤੇ ਕੋਈ ਨਾ ਬਚਿਆ। 25 ਜਦ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਹਨਾਂ ਦਾ ਮਾਲ ਲੁੱਟਣ ਲਈ ਆਏ ਤਾਂ ਉਹਨਾਂ ਨੂੰ ਲੋਥਾਂ ਉੱਤੇ ਐਨਾ ਮਾਲ ਧਨ ਅਤੇ ਬਹੁਮੁੱਲੀਆਂ ਵਸਤਾਂ ਮਿਲੀਆਂ ਕਿ ਉਹਨਾਂ ਤੋਂ ਚੁੱਕ ਕੇ ਲਿਜਾਈਆਂ ਨਾ ਜਾ ਸਕੀਆਂ ਅਤੇ ਲੁੱਟ ਦਾ ਮਾਲ ਐਨਾ ਸੀ ਕਿ ਉਹ ਤਿੰਨ ਦਿਨ ਉਸ ਨੂੰ ਲੁੱਟਦੇ ਰਹੇ। 26 ਚੌਥੇ ਦਿਨ ਉਹ ਬੇਰਕਾਹ ਦੀ ਘਾਟੀ ਵਿੱਚ ਇਕੱਠੇ ਹੋਏ, ਜਿੱਥੇ ਉਹਨਾਂ ਨੇ ਯਾਹਵੇਹ ਦੀ ਉਸਤਤ ਕੀਤੀ। ਇਸ ਲਈ ਇਸ ਨੂੰ ਅੱਜ ਤੱਕ ਬੇਰਕਾਹ ਦੀ ਘਾਟੀ ਕਿਹਾ ਜਾਂਦਾ ਹੈ।
27 ਫਿਰ, ਯਹੋਸ਼ਾਫ਼ਾਟ ਦੀ ਅਗਵਾਈ ਵਿੱਚ, ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਆਦਮੀ ਖੁਸ਼ੀ ਨਾਲ ਯੇਰੂਸ਼ਲੇਮ ਨੂੰ ਵਾਪਸ ਪਰਤ ਆਏ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਆਪਣੇ ਦੁਸ਼ਮਣਾਂ ਉੱਤੇ ਖੁਸ਼ ਕਰਨ ਦਾ ਕਾਰਨ ਦਿੱਤਾ ਸੀ। 28 ਸੋ ਉਹ ਸਿਤਾਰਾਂ, ਬਰਬਤਾਂ ਅਤੇ ਤੁਰ੍ਹੀਆਂ ਲੈ ਕੇ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਵਿੱਚ ਆਏ।
29 ਤਾਂ ਪਰਮੇਸ਼ਵਰ ਦਾ ਡਰ ਉਹਨਾਂ ਦੇਸ਼ਾਂ ਦਿਆਂ ਸਾਰਿਆਂ ਰਾਜਾਂ ਉੱਤੇ ਪੈ ਗਿਆ ਜਦ ਉਹਨਾਂ ਨੇ ਸੁਣਿਆ ਕਿ ਇਸਰਾਏਲ ਦੇ ਵੈਰੀਆਂ ਨਾਲ ਯਾਹਵੇਹ ਨੇ ਲੜਾਈ ਕੀਤੀ ਹੈ। 30 ਅਤੇ ਯਹੋਸ਼ਾਫ਼ਾਟ ਦੇ ਰਾਜ ਵਿੱਚ ਸ਼ਾਂਤੀ ਸੀ, ਕਿਉਂਕਿ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਹਰ ਪਾਸਿਓ ਆਰਾਮ ਦਿੱਤਾ ਸੀ।
31 ਇਸ ਲਈ ਯਹੋਸ਼ਾਫ਼ਾਟ ਨੇ ਯਹੂਦਾਹ ਉੱਤੇ ਰਾਜ ਕੀਤਾ। ਜਦੋਂ ਉਹ ਯਹੂਦਾਹ ਦਾ ਰਾਜਾ ਬਣਿਆ ਤਾਂ ਉਹ ਪੈਂਤੀ ਸਾਲਾਂ ਦਾ ਸੀ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਪੱਚੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ। 32 ਉਹ ਆਪਣੇ ਪਿਤਾ ਆਸਾ ਦੇ ਰਾਹਾਂ ਉੱਤੇ ਚੱਲਿਆ ਅਤੇ ਉਹਨਾਂ ਤੋਂ ਭਟਕਿਆ ਨਹੀਂ। ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ। 33 ਪਰ ਉੱਚੀਆਂ ਥਾਵਾਂ ਨੂੰ ਨਾ ਹਟਾਇਆ ਅਤੇ ਲੋਕ ਅਜੇ ਵੀ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਉੱਤੇ ਆਪਣਾ ਮਨ ਨਹੀਂ ਲਗਾਇਆ ਸੀ।
34 ਯਹੋਸ਼ਾਫ਼ਾਟ ਦੀਆਂ ਬਾਕੀ ਗੱਲਾਂ, ਪਹਿਲੇ ਤੋਂ ਲੈ ਕੇ ਅੰਤ ਤੱਕ, ਹਨਾਨੀ ਦੇ ਪੁੱਤਰ ਯੇਹੂ, ਇਸਰਾਏਲ ਦੇ ਰਾਜਾ ਦੀ ਪੋਥੀ ਵਿੱਚ ਦਿੱਤੇ ਗਏ ਹਨ।
35 ਕੁਝ ਸਮੇਂ ਬਾਅਦ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਇਸਰਾਏਲ ਦੇ ਰਾਜਾ ਅਹਜ਼ਯਾਹ ਨਾਲ ਮਿੱਤਰ ਬਣ ਗਿਆ। ਅਹਜ਼ਯਾਹ ਇੱਕ ਦੁਸ਼ਟ ਆਦਮੀ ਸੀ। 36 ਇਸ ਦੋਸਤੀ ਦੇ ਕਾਰਨ, ਉਹ ਦੋਵੇਂ ਤਰਸ਼ੀਸ਼ ਤੋਂ ਵਪਾਰ ਲਈ ਇੱਕ ਜਹਾਜ਼ ਬਣਾਉਣ ਲਈ ਮੰਨ ਗਏ। ਜਹਾਜ਼ ਏਸਯੋਨ ਗੇਬਰ ਵਿੱਚ ਬਣਾਏ ਗਏ ਸਨ। 37 ਤਦ ਮਾਰੇਸ਼ਾਹ ਦੇ ਵਾਸੀ ਦੋਦਾਵਾਹੂ ਦੇ ਪੁੱਤਰ ਅਲੀਅਜ਼ਰ ਨੇ ਯਹੋਸ਼ਾਫ਼ਾਟ ਦੇ ਵਿਰੁੱਧ ਭਵਿੱਖਬਾਣੀ ਕੀਤਾ, "ਅਹਜ਼ਯਾਹ ਨਾਲ ਤੇਰੀ ਮਿੱਤਰਤਾ ਦੇ ਕਾਰਨ ਯਾਹਵੇਹ ਨੇ ਤੇਰੇ ਕੰਮਾਂ ਨੂੰ ਨਸ਼ਟ ਕਰ ਦਿੱਤਾ ਹੈ।" ਨਤੀਜੇ ਵਜੋਂ ਜਹਾਜ਼ ਟੁੱਟ ਗਏ ਅਤੇ ਤਰਸ਼ੀਸ਼ ਦਾ ਸਫ਼ਰ ਰੁਕ ਗਿਆ।