1 ਜਦੋਂ ਸ਼ਲੋਮੋਨ ਨੇ ਪ੍ਰਾਰਥਨਾ ਕਰਨੀ ਸਮਾਪਤ ਕੀਤੀ, ਤਾਂ ਸਵਰਗ ਤੋਂ ਅੱਗ ਉੱਤਰੀ ਅਤੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਨੂੰ ਭਸਮ ਕਰ ਦਿੱਤਾ, ਅਤੇ ਯਾਹਵੇਹ ਦੀ ਮਹਿਮਾ ਨੇ ਭਵਨ ਨੂੰ ਭਰ ਦਿੱਤਾ। 2 ਜਾਜਕ ਯਾਹਵੇਹ ਦੇ ਭਵਨ ਵਿੱਚ ਦਾਖਲ ਨਾ ਹੋ ਸਕੇ ਕਿਉਂਕਿ ਯਾਹਵੇਹ ਦੇ ਪ੍ਰਤਾਪ ਨੇ ਉਸਨੂੰ ਭਰ ਦਿੱਤਾ ਸੀ। 3 ਅਤੇ ਜਦੋਂ ਅੱਗ ਉੱਤਰੀ ਅਤੇ ਯਾਹਵੇਹ ਦਾ ਪਰਤਾਪ ਉਸ ਭਵਨ ਉੱਤੇ ਸੀ ਤਾਂ ਸਾਰੇ ਇਸਰਾਏਲੀ ਵੇਖ ਰਹੇ ਸਨ ਸੋ ਉਹਨਾਂ ਨੇ ਉੱਥੇ ਹੀ ਧਰਤੀ ਉੱਤੇ ਮੂੰਹ ਭਰਨੇ ਡਿੱਗ ਕੇ ਮੱਥਾ ਟੇਕਿਆ ਅਤੇ ਯਾਹਵੇਹ ਦਾ ਧੰਨਵਾਦ ਕੀਤਾ,
"ਉਹ ਭਲਾ ਹੈ;
ਉਸ ਦੀ ਦਯਾ ਜੋ ਸਦਾ ਦੀ ਹੈ।"
4 ਤਦ ਰਾਜਾ ਅਤੇ ਸਾਰੇ ਲੋਕਾਂ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ। 5 ਅਤੇ ਸ਼ਲੋਮੋਨ ਪਾਤਸ਼ਾਹ ਨੇ 22,000 ਬਲਦਾਂ ਤੇ 1,20,000 ਭੇਡਾਂ ਬੱਕਰੀਆਂ ਦੀਆਂ ਬਲੀਆਂ ਚੜ੍ਹਾਈਆਂ ਸਨ ਸੋ ਪਾਤਸ਼ਾਹ ਨੇ ਅਤੇ ਸਾਰੇ ਲੋਕਾਂ ਨੇ ਪਰਮੇਸ਼ਵਰ ਦੇ ਭਵਨ ਨੂੰ ਅਰਪਣ ਕੀਤਾ। 6 ਅਤੇ ਜਾਜਕ ਆਪਣੇ ਕੰਮਾਂ ਅਨੁਸਾਰ ਖਲੋਤੇ ਸਨ ਅਤੇ ਲੇਵੀ ਵੀ ਯਾਹਵੇਹ ਲਈ ਗਾਉਣ ਵਜਾਉਣ ਦੇ ਸਾਜ਼ ਲੈ ਕੇ ਖੜ੍ਹੇ ਸਨ ਜਿਨਾਂ ਨੂੰ ਦਾਵੀਦ ਪਾਤਸ਼ਾਹ ਨੇ ਯਾਹਵੇਹ ਦਾ ਧੰਨਵਾਦ ਕਰਨ ਲਈ ਬਣਾਇਆ ਸੀ ਤਾਂ ਜੋ ਉਹਨਾਂ ਸਲਾਹੁਤਾਂ ਦੇ ਰਾਹੀਂ ਪਰਮੇਸ਼ਵਰ ਦਾ ਧੰਨਵਾਦ ਕੀਤਾ ਜਾਵੇ ਕਿਉਂ ਜੋ ਉਸ ਦੀ ਦਯਾ ਸਦਾ ਦੀ ਹੈ ਅਤੇ ਜਾਜਕ ਉਹਨਾਂ ਦੇ ਅੱਗੇ ਨਰਸਿੰਗੇ ਫੂਕਦੇ ਰਹੇ ਅਤੇ ਸਾਰੇ ਇਸਰਾਏਲੀ ਖੜ੍ਹੇ ਰਹੇ।
7 ਤਾਂ ਸ਼ਲੋਮੋਨ ਨੇ ਉਸ ਵਿਹੜੇ ਦੇ ਵਿਚਕਾਰਲੇ ਹਿੱਸੇ ਨੂੰ ਜੋ ਯਾਹਵੇਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਕੀਤਾ ਅਤੇ ਉੱਥੇ ਉਸ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਇਸ ਲਈ ਜੋ ਉਸ ਪਿੱਤਲ ਦੀ ਜਗਵੇਦੀ ਉੱਤੇ ਜਿਸ ਨੂੰ ਸ਼ਲੋਮੋਨ ਨੇ ਬਣਾਇਆ ਸੀ ਹੋਮ ਬਲੀ ਅਤੇ ਅਨਾਜ਼ ਦੀ ਭੇਟ ਅਤੇ ਚਰਬੀ ਲਈ ਥਾਂ ਨਹੀਂ ਸੀ।
8 ਇਸ ਲਈ ਸ਼ਲੋਮੋਨ ਨੇ ਉਸ ਸਮੇਂ ਸੱਤ ਦਿਨ ਤੱਕ ਤਿਉਹਾਰ ਮਨਾਇਆ, ਸਾਰੇ ਇਸਰਾਏਲ ਨੇ ਉਸ ਦੇ ਨਾਲ ਲੇਬੋ ਹਮਾਥ ਤੋਂ ਮਿਸਰ ਦੀ ਵਾਦੀ ਤੱਕ ਲੋਕਾਂ ਦੀ ਇੱਕ ਵੱਡੀ ਸਭਾ ਸੀ। 9 ਅੱਠਵੇਂ ਦਿਨ ਉਹਨਾਂ ਨੇ ਇੱਕ ਸਭਾ ਰੱਖੀ ਕਿਉਂ ਜੋ ਉਹਨਾਂ ਨੇ ਜਗਵੇਦੀ ਦੇ ਸਮਰਪਣ ਨੂੰ ਸੱਤ ਦਿਨ ਅਤੇ ਹੋਰ ਸੱਤ ਦਿਨ ਤਿਉਹਾਰ ਮਨਾਇਆ ਸੀ। 10 ਸੱਤਵੇਂ ਮਹੀਨੇ ਦੇ ਤੇਈਵੇਂ ਦਿਨ ਉਸ ਨੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ, ਉਹਨਾਂ ਚੰਗੀਆਂ ਗੱਲਾਂ ਲਈ ਜੋ ਯਾਹਵੇਹ ਨੇ ਦਾਵੀਦ ਅਤੇ ਸ਼ਲੋਮੋਨ ਅਤੇ ਉਸ ਦੇ ਲੋਕ ਇਸਰਾਏਲ ਦੇ ਲਈ ਕੀਤੀਆਂ ਸਨ, ਉਹਨਾਂ ਦੇ ਦਿਲਾਂ ਵਿੱਚ ਅਨੰਦ ਅਤੇ ਪ੍ਰਸੰਨ ਸਨ।
11 ਜਦੋਂ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਅਤੇ ਸ਼ਾਹੀ ਮਹਿਲ ਨੂੰ ਪੂਰਾ ਕਰ ਲਿਆ ਸੀ, ਅਤੇ ਉਹ ਸਭ ਕੁਝ ਕਰਨ ਵਿੱਚ ਕਾਮਯਾਬ ਹੋ ਗਿਆ ਸੀ ਜੋ ਉਸ ਨੇ ਯਾਹਵੇਹ ਦੇ ਭਵਨ ਵਿੱਚ ਅਤੇ ਆਪਣੇ ਮਹਿਲ ਵਿੱਚ ਕਰਨਾ ਸੀ, 12 ਯਾਹਵੇਹ ਨੇ ਸ਼ਲੋਮੋਨ ਨੂੰ ਰਾਤ ਨੂੰ ਦਰਸ਼ਨ ਦਿੱਤਾ ਅਤੇ ਕਿਹਾ:
"ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਇਸ ਜਗ੍ਹਾ ਨੂੰ ਆਪਣੇ ਲਈ ਚੁਣਿਆ ਹੈ ਕਿ ਇਹ ਬਲੀਦਾਨ ਲਈ ਮੰਦਰ ਹੋਵੇ।
13 "ਜੇ ਮੈਂ ਕਦੀ ਅਕਾਸ਼ ਨੂੰ ਬੰਦ ਕਰ ਦਿਆਂ ਕਿ ਮੀਂਹ ਨਾ ਪਵੇ ਜਾ ਸਲਾ ਨੂੰ ਹੁਕਮ ਦਿਆਂ ਦੇਸ਼ ਨੂੰ ਚੱਟ ਲਵੇ ਜਾਂ ਆਪਣੀ ਪਰਜਾ ਦੇ ਵਿੱਚ ਬੀਮਾਰੀ ਭੇਜਾਂ, 14 ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ। 15 ਹੁਣ ਮੇਰੀਆਂ ਅੱਖਾਂ ਖੁੱਲੀਆਂ ਰਹਿਣਗੀਆਂ ਅਤੇ ਮੇਰੇ ਕੰਨ ਇਸ ਸਥਾਨ ਤੇ ਹੋਣ ਵਾਲੀਆਂ ਪ੍ਰਾਰਥਨਾ ਵੱਲ ਲੱਗੇ ਰਹਿਣਗੇ। 16 ਮੈਂ ਇਸ ਭਵਨ ਨੂੰ ਚੁਣਿਆ ਅਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਸਦਾ ਲਈ ਰਹੇ। ਮੇਰੀਆਂ ਅੱਖਾਂ ਅਤੇ ਮੇਰਾ ਦਿਲ ਹਮੇਸ਼ਾ ਉੱਥੇ ਰਹਿਣਗੇ।
17 "ਜੇਕਰ ਤੂੰ ਮੇਰੇ ਅੱਗੇ ਆਪਣੇ ਪਿਤਾ ਦਾਵੀਦ ਵਾਂਗ ਵਫ਼ਾਦਾਰੀ ਨਾਲ ਚੱਲੇ ਅਤੇ ਮੇਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਨਾ ਕਰੇਂਗਾ, 18 ਮੈਂ ਤੇਰੇ ਸ਼ਾਹੀ ਸਿੰਘਾਸਣ ਨੂੰ ਸਦਾ ਲਈ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਵੀਦ ਨਾਲ ਨੇਮ ਕੀਤਾ, ‘ਕਿ ਇਸਰਾਏਲ ਵਿੱਚ ਹਾਕਮ ਬਣਨ ਲਈ ਤੈਨੂੰ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ।’
19 "ਪਰ ਜੇ ਤੁਸੀਂ ਬੇਮੁੱਖ ਹੋ ਜਾਓ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੇ ਹਨ ਛੱਡ ਦਿਓ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਹਨਾਂ ਦੀ ਉਪਾਸਨਾ ਕਰੋ, 20 ਤਾਂ ਮੈਂ ਇਸਰਾਏਲ ਨੂੰ ਮੇਰੀ ਭੂਮੀ ਉੱਤੋਂ ਜੋ ਮੈਂ ਉਹਨਾਂ ਨੂੰ ਦਿੱਤੀ ਹੈ ਜੜ੍ਹ ਤੋਂ ਪੁੱਟ ਸੁੱਟਾਂਗਾ ਅਤੇ ਇਸ ਭਵਨ ਨੂੰ ਜੋ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਅਤੇ ਇਸ ਨੂੰ ਸਾਰਿਆਂ ਲੋਕਾਂ ਵਿੱਚ ਇੱਕ ਉਪਦੇਸ਼ ਅਤੇ ਮਖੌਲ ਦਾ ਵਿਸ਼ਾ ਬਣ ਜਾਵੇਗਾ। 21 ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋਵੇਗਾ ਅਤੇ ਆਖਣਗੇ, ‘ਯਾਹਵੇਹ ਨੇ ਇਸ ਧਰਤੀ ਨਾਲ ਅਤੇ ਇਸ ਭਵਨ ਨਾਲ ਅਜਿਹਾ ਕਿਉਂ ਕੀਤਾ?’ 22 ਲੋਕ ਜਵਾਬ ਦੇਣਗੇ, ‘ਕਿਉਂਕਿ ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਨੂੰ ਤਿਆਗ ਦਿੱਤਾ ਹੈ, ਜਿਹੜਾ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢ ਲਿਆਇਆ, ਅਤੇ ਉਹ ਓਪਰੇ ਦੇਵਤਿਆਂ ਦੇ ਮਗਰ ਲੱਗ ਗਏ ਅਤੇ ਉਹਨਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਇਸ ਲਈ ਉਹ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ।’ "