18 ਜਦੋਂ ਲੋਕਾਂ ਨੇ ਗਰਜ ਅਤੇ ਬਿਜਲੀ ਵੇਖੀ ਅਤੇ ਤੁਰ੍ਹੀ ਦੀ ਆਵਾਜ਼ ਸੁਣੀ ਅਤੇ ਪਹਾੜ ਨੂੰ ਧੂੰਏਂ ਵਿੱਚ ਦੇਖਿਆ, ਤਾਂ ਉਹ ਡਰ ਨਾਲ ਕੰਬਦੇ ਹੋਏ ਦੂਰੀ ਤੇ ਖੜੇ ਰਹੇ 19 ਅਤੇ ਉਹਨਾਂ ਮੋਸ਼ੇਹ ਨੂੰ ਆਖਿਆ, "ਤੂੰ ਆਪ ਸਾਡੇ ਨਾਲ ਗੱਲ ਕਰ ਅਤੇ ਅਸੀਂ ਸੁਣਾਂਗੇ। ਪਰ ਪਰਮੇਸ਼ਵਰ ਸਾਡੇ ਨਾਲ ਗੱਲ ਨਾ ਕਰੇ ਕਿਤੇ ਅਸੀਂ ਮਰ ਨਾ ਜਾਈਏ।"
20 ਮੋਸ਼ੇਹ ਨੇ ਲੋਕਾਂ ਨੂੰ ਆਖਿਆ, "ਨਾ ਡਰੋ। ਪਰਮੇਸ਼ਵਰ ਤੁਹਾਨੂੰ ਪਰਖਣ ਲਈ ਆਇਆ ਹੈ, ਤਾਂ ਜੋ ਤੁਹਾਨੂੰ ਪਾਪ ਕਰਨ ਤੋਂ ਬਚਾਉਣ ਲਈ ਪਰਮੇਸ਼ਵਰ ਦਾ ਡਰ ਤੁਹਾਡੇ ਨਾਲ ਰਹੇ।"
21 ਲੋਕ ਇੱਕ ਦੂਰੀ ਤੇ ਰਹੇ, ਜਦੋਂ ਕਿ ਮੋਸ਼ੇਹ ਸੰਘਣੇ ਹਨੇਰੇ ਕੋਲ ਪਹੁੰਚਿਆ ਜਿੱਥੇ ਪਰਮੇਸ਼ਵਰ ਸੀ।
ਮੂਰਤੀਆਂ ਅਤੇ ਜਗਵੇਦੀਆਂ
22 ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਇਸਰਾਏਲ ਦੇ ਲੋਕਾਂ ਨੂੰ ਇਹ ਦੱਸ, ‘ਤੁਸੀਂ ਆਪ ਦੇਖਿਆ ਹੈ ਕਿ ਮੈਂ ਤੁਹਾਡੇ ਨਾਲ ਸਵਰਗ ਤੋਂ ਗੱਲ ਕੀਤੀ ਹੈ। 23 ਮੇਰੇ ਲਈ ਕੋਈ ਦੇਵਤਾ ਨਾ ਬਣਾਓ, ਆਪਣੇ ਲਈ ਚਾਂਦੀ ਦੇ ਦੇਵਤੇ ਜਾਂ ਸੋਨੇ ਦੇ ਦੇਵਤੇ ਨਾ ਬਣਾਓ।
24 " ‘ਮੇਰੇ ਲਈ ਮਿੱਟੀ ਦੀ ਇੱਕ ਜਗਵੇਦੀ ਬਣਾ ਅਤੇ ਉਸ ਉੱਤੇ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ, ਆਪਣੀਆਂ ਭੇਡਾਂ, ਬੱਕਰੀਆਂ ਅਤੇ ਆਪਣੇ ਪਸ਼ੂ ਚੜ੍ਹਾਓ। ਹਰ ਸਥਾਨ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ, ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਅਸੀਸ ਦਿਆਂਗਾ। 25 ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਉਂਦੇ ਹੋ, ਤਾਂ ਉਹ ਪੱਥਰ ਲਓ ਜਿਸ ਉੱਤੇ ਕਦੇ ਕੋਈ ਹਥਿਆਰ ਨਹੀਂ ਚਲਾਇਆ ਗਿਆ ਨਹੀਂ ਤਾਂ ਤੁਸੀਂ ਉਸ ਨੂੰ ਅਸ਼ੁੱਧ ਕਰ ਦੇਵੋਗੇ। 26 ਅਤੇ ਪੌੜੀਆਂ ਚੜ੍ਹ ਕੇ ਮੇਰੀ ਜਗਵੇਦੀ ਉੱਤੇ ਨਾ ਜਾਓ, ਕਿਤੇ ਤੁਹਾਡਾ ਨੰਗੇਜ਼ ਉਸ ਉੱਤੇ ਖੁੱਲ੍ਹ ਨਾ ਜਾਵੇ।’