ਨਿਆਂ ਦਾ ਦਿਨ
31 "ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਵਿੱਚ ਅਤੇ ਸਾਰੇ ਸਵਰਗਦੂਤਾਂ ਨਾਲ ਆਵੇਗਾ, ਤਦ ਉਹ ਆਪਣੀ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ। 32 ਅਤੇ ਸਭ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰੇਂਗਾ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆ ਤੋਂ ਅਲੱਗ ਕਰਦਾ ਹੈ। 33 ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆ ਨੂੰ ਖੱਬੇ ਪਾਸੇ ਰੱਖੇਗਾ।
34 "ਤਦ ਰਾਜਾ ਉਹਨਾਂ ਨੂੰ ਜਿਹੜੇ ਸੱਜੇ ਪਾਸੇ ਹੋਣਗੇ ਵੇਖ ਕੇ ਆਖੇਗਾ, ‘ਆਓ, ਮੇਰੇ ਪਿਤਾ ਦੇ ਮੁਬਾਰਕ ਲੋਕੋ; ਜਿਹੜਾ ਰਾਜ ਜਗਤ ਦੇ ਸ਼ੁਰੂਆਤ ਤੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ ਉਸਦੇ ਵਾਰਸ ਹੋਵੋ। 35 ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ। ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ 36 ਮੈਨੂੰ ਕੱਪੜਿਆ ਦੀ ਜ਼ਰੂਰਤ ਸੀ ਅਤੇ ਤੁਸੀਂ ਮੈਨੂੰ ਕੱਪੜੇ ਦਿੱਤੇ, ਮੈਂ ਬਿਮਾਰ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਤਾਂ ਤੁਸੀਂ ਮੈਨੂੰ ਮਿਲਣ ਲਈ ਆਏ।’
37 "ਤਦ ਧਰਮੀ ਉਸ ਨੂੰ ਉੱਤਰ ਦੇਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੁਹਾਨੂੰ ਭੁੱਖਾ ਵੇਖਿਆ ਅਤੇ ਖੁਆਇਆ, ਜਾਂ ਤਿਹਾਇਆ ਵੇਖਿਆ ਅਤੇ ਪੀਣ ਨੂੰ ਪਾਣੀ ਦਿੱਤਾ? 38 ਕਦੋਂ ਅਸੀਂ ਤੁਹਾਨੂੰ ਪਰਦੇਸੀ ਵੇਖਿਆ ਤੇ ਆਪਣੇ ਘਰ ਬੁਲਾਇਆ, ਜਾਂ ਕੱਪੜਿਆ ਦੀ ਜ਼ਰੂਰਤ ਸੀ ਤੇ ਕੱਪੜੇ ਦਿੱਤੇ? 39 ਅਤੇ ਕਦੋਂ ਅਸੀਂ ਤੁਹਾਨੂੰ ਬਿਮਾਰ ਅਤੇ ਕੈਦ ਵਿੱਚ ਵੇਖਿਆ ਅਤੇ ਤੁਹਾਡੇ ਕੋਲ ਆਏ?’
40 "ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਮੇਰੇ ਇਹਨਾਂ ਸਭਨਾਂ ਭੈਣ-ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਤੁਸੀਂ ਮੇਰੇ ਨਾਲ ਕੀਤਾ।’
41 "ਤਦ ਜਿਹੜੇ ਖੱਬੇ ਪਾਸੇ ਹੋਣਗੇ ਉਹਨਾਂ ਨੂੰ ਵੀ ਕਹੇਗਾ, ‘ਹੇ ਸਰਾਪੇ ਹੋਇਓ, ਮੇਰੇ ਕੋਲੋਂ ਦੂਰ ਚੱਲੇ ਜਾਓ, ਉਸ ਸਦੀਪਕ ਅੱਗ ਵਿੱਚ ਜਿਹੜੀ ਦੁਸ਼ਟ ਅਤੇ ਉਸਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ। 42 ਕਿਉਂਕਿ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਪਿਆਸਾ ਸੀ ਤੇ ਤੁਸੀਂ ਮੈਨੂੰ ਪੀਣ ਨੂੰ ਕੁਝ ਨਾ ਦਿੱਤਾ। 43 ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਨਾ ਦਿੱਤੀ, ਮੈਨੂੰ ਕੱਪੜਿਆ ਦੀ ਜ਼ਰੂਰਤ ਸੀ ਪਰ ਤੁਸੀਂ ਮੈਨੂੰ ਨਾ ਦਿੱਤੇ, ਮੈਂ ਬਿਮਾਰ ਅਤੇ ਕੈਦ ਵਿੱਚ ਸੀ ਪਰ ਤੁਸੀਂ ਮੈਨੂੰ ਮਿਲਣ ਨੂੰ ਨਾ ਆਏ।’
44 "ਉਹ ਵੀ ਉੱਤਰ ਦੇਣਗੇ, ‘ਪ੍ਰਭੂ ਜੀ, ਭਲਾ ਅਸੀਂ ਕਦੋਂ ਤੁਹਾਨੂੰ ਭੁੱਖਾ ਜਾਂ ਪਿਆਸਾ ਜਾਂ ਪਰਦੇਸੀ ਜਾਂ ਕੱਪੜਿਆ ਦੀ ਜ਼ਰੂਰਤ ਸੀ ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਮਦਦ ਨਾ ਕੀਤੀ?’
45 "ਤਦ ਉਹ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਉਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਨਾਲ ਵੀ ਕੀਤਾ, ਸਮਝ ਲਓ ਮੇਰੇ ਨਾਲ ਕੀਤਾ।’
46 "ਤਦ ਯਿਸ਼ੂ ਨੇ ਕਿਹਾ, ਉਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।"