10 ਹੰਨਾਹ ਨੇ ਆਪਣੇ ਡੂੰਘੇ ਦੁੱਖ ਵਿੱਚ ਰੋਂਦੇ ਹੋਏ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। 11 ਅਤੇ ਉਸ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸਰਬਸ਼ਕਤੀਮਾਨ ਯਾਹਵੇਹ, ਜੇਕਰ ਤੂੰ ਆਪਣੀ ਦਾਸੀ ਦੇ ਦੁੱਖ ਨੂੰ ਵੇਖੇ ਅਤੇ ਮੈਨੂੰ ਯਾਦ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇ ਤਾਂ ਮੈਂ ਉਸ ਨੂੰ ਜਿਨ੍ਹਾਂ ਚਿਰ ਉਹ ਜਿਉਂਦਾ ਰਹੇਗਾ ਯਾਹਵੇਹ ਨੂੰ ਦੇ ਦਿਆਂਗੀ ਅਤੇ ਉਸ ਦੇ ਜੀਵਨ ਦੇ ਸਾਰੇ ਦਿਨਾਂ ਵਿੱਚ, ਉਸ ਦੇ ਸਿਰ ਉੱਤੇ ਕਦੇ ਉਸਤਰਾ ਨਹੀਂ ਫਿਰੇਗਾ।
12 ਜਦੋਂ ਉਹ ਯਾਹਵੇਹ ਦੇ ਅੱਗੇ ਪ੍ਰਾਰਥਨਾ ਕਰਦੀ ਸੀ, ਏਲੀ ਨੇ ਉਸਦੇ ਚਿਹਰੇ ਨੂੰ ਦੇਖਿਆ। 13 ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਦੇ ਬੁੱਲ ਹਿੱਲ ਰਹੇ ਸਨ, ਪਰ ਉਹ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿੱਚ ਹੈ। 14 ਅਤੇ ਉਸ ਨੂੰ ਆਖਿਆ, "ਕਿੰਨਾ ਚਿਰ ਤੂੰ ਨਸ਼ੇ ਵਿੱਚ ਰਹੇਂਗੀ? ਆਪਣੀ ਖੁਮਾਰੀ ਨੂੰ ਛੱਡ।"
15 ਹੰਨਾਹ ਨੇ ਉੱਤਰ ਦਿੱਤਾ, "ਮੇਰੇ ਮਾਲਕ ਅਜਿਹਾ ਨਹੀਂ ਹੈ, ਮੇਰੇ ਮਾਲਕ, ਮੈਂ ਇੱਕ ਉਦਾਸ ਮਨ ਔਰਤ ਹਾਂ। ਮੈਂ ਕਿਸੇ ਵੀ ਤਰ੍ਹਾਂ ਦੀ ਦਾਖ਼ਰਸ ਜਾ ਨਸ਼ਾ ਨਹੀਂ ਪੀਤਾ, ਪਰ ਅੱਜ ਮੈਂ ਯਾਹਵੇਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ। 16 ਆਪਣੀ ਦਾਸੀ ਨੂੰ ਦੁਸ਼ਟ ਔਰਤ ਨਾ ਸਮਝ ਕਿਉਂ ਜੋ ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਪ੍ਰਾਰਥਨਾ ਕਰ ਰਹੀ ਹਾਂ।"
17 ਏਲੀ ਨੇ ਉੱਤਰ ਦਿੱਤਾ, "ਸ਼ਾਂਤੀ ਨਾਲ ਜਾ ਅਤੇ ਇਸਰਾਏਲ ਦਾ ਪਰਮੇਸ਼ਵਰ ਤੈਨੂੰ ਉਹ ਦੇਵੇ ਜੋ ਤੂੰ ਉਸ ਤੋਂ ਮੰਗਿਆ ਹੈ।"
18 ਉਸ ਨੇ ਆਖਿਆ, ਤੇਰੀ ਦਯਾ ਤੇਰੀ ਦਾਸੀ ਉੱਤੇ ਬਣੀ ਰਹੇ, ਤਦ ਉਸ ਨੇ ਜਾ ਕੇ ਕੁਝ ਖਾਧਾ ਅਤੇ ਫਿਰ ਉਸ ਦਾ ਚਿਹਰਾ ਉਦਾਸ ਨਹੀਂ ਰਿਹਾ।
19 ਅਗਲੀ ਸਵੇਰ ਉਹ ਉੱਠੇ ਅਤੇ ਯਾਹਵੇਹ ਦੇ ਅੱਗੇ ਮੱਥਾ ਟੇਕਿਆ ਅਤੇ ਰਾਮਾਹ ਵਿੱਚ ਆਪਣੇ ਘਰ ਵਾਪਸ ਚਲੇ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਪਿਆਰ ਕੀਤਾ, ਅਤੇ ਯਾਹਵੇਹ ਨੇ ਉਸ ਨੂੰ ਯਾਦ ਕੀਤਾ। 20 ਸੋ ਸਮੇਂ ਦੇ ਬੀਤਣ ਨਾਲ ਹੰਨਾਹ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਮ ਸਮੂਏਲ1:20 ਸਮੂਏਲ ਅਰਥ ਯਾਹਵੇਹ ਨੇ ਸੁਣੀ ਰੱਖਿਆ ਕਿਉਂਕਿ ਉਸ ਨੇ ਆਖਿਆ, "ਮੈਂ ਇਸ ਨੂੰ ਯਾਹਵੇਹ ਕੋਲੋਂ ਮੰਗਿਆ ਹੈ।"