2 ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਨ ਲਈ ਆਪਣੀਆਂ ਫ਼ੌਜਾਂ ਤਾਇਨਾਤ ਕੀਤੀਆਂ ਅਤੇ ਜਿਵੇਂ ਹੀ ਲੜਾਈ ਵੱਧ ਗਈ ਤਾਂ ਇਸਰਾਏਲ ਫ਼ਲਿਸਤੀਆਂ ਦੇ ਹੱਥੋਂ ਹਾਰ ਗਿਆ ਅਤੇ ਉਹਨਾਂ ਵਿੱਚੋਂ ਲਗਭਗ ਚਾਰ ਹਜ਼ਾਰ ਨੂੰ ਯੁੱਧ ਦੇ ਮੈਦਾਨ ਵਿੱਚ ਮਾਰ ਦਿੱਤਾ। 3 ਜਦੋਂ ਸਿਪਾਹੀ ਡੇਰੇ ਵਿੱਚ ਮੁੜੇ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, "ਯਾਹਵੇਹ ਨੇ ਅੱਜ ਫ਼ਲਿਸਤੀਆਂ ਦੇ ਅੱਗੇ ਸਾਨੂੰ ਹਾਰ ਕਿਉਂ ਦਿੱਤੀ? ਆਓ ਅਸੀਂ ਸ਼ੀਲੋਹ ਤੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਆਪਣੇ ਕੋਲ ਲੈ ਆਈਏ, ਤਾਂ ਜੋ ਉਹ ਸਾਡੇ ਵਿਚਕਾਰ ਹੋ ਕੇ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਵੇ।"
4 ਇਸ ਲਈ ਲੋਕਾਂ ਨੇ ਸ਼ੀਲੋਹ ਵਿੱਚ ਆਦਮੀ ਭੇਜੇ ਅਤੇ ਉਹ ਸਰਬਸ਼ਕਤੀਮਾਨ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਵਾਪਸ ਲੈ ਆਏ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਨਾਲ ਉੱਥੇ ਸਨ।
5 ਜਦੋਂ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਆਇਆ, ਤਾਂ ਸਾਰੇ ਇਸਰਾਏਲ ਨੇ ਅਜਿਹਾ ਵੱਡਾ ਜੈਕਾਰਾ ਬੁਲਾਇਆ ਕਿ ਜ਼ਮੀਨ ਹਿੱਲ ਗਈ। 6 ਜਦ ਫ਼ਲਿਸਤੀਆਂ ਨੇ ਜੈਕਾਰੇ ਦੀ ਆਵਾਜ਼ ਸੁਣੀ ਤਾਂ ਬੋਲੇ, "ਇਨ੍ਹਾਂ ਇਬਰਾਨੀਆਂ ਦੇ ਡੇਰੇ ਵਿੱਚ ਇਹ ਜੈਕਾਰੇ ਦੀ ਕਿਹੋ ਜਿਹੀ ਆਵਾਜ਼ ਹੈ?"
ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਯਾਹਵੇਹ ਦਾ ਸੰਦੂਕ ਡੇਰੇ ਵਿੱਚ ਆ ਗਿਆ ਹੈ। 7 ਤਦ ਫ਼ਲਿਸਤੀ ਡਰ ਕੇ ਕਹਿਣ ਲੱਗੇ, "ਪਰਮੇਸ਼ਵਰ ਡੇਰੇ ਵਿੱਚ ਆਇਆ ਹੈ ਅਤੇ ਬੋਲੇ, ਸਾਡੇ ਉੱਤੇ ਹਾਏ! ਕਿਉਂ ਜੋ ਅੱਜ ਤੋਂ ਪਹਿਲਾਂ ਅਜਿਹੀ ਗੱਲ ਕਦੇ ਨਹੀਂ ਹੋਈ। 8 ਹਾਏ, ਅਜਿਹੇ ਬਲਵੰਤ ਪਰਮੇਸ਼ਵਰ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ? ਇਹ ਉਹ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪ੍ਰਕਾਰ ਦੀਆਂ ਬਵਾਂ ਨਾਲ ਮਾਰਿਆ ਸੀ। 9 ਹੇ ਫ਼ਲਿਸਤੀਓ, ਤਕੜੇ ਹੋਵੋ! ਮਰਦ ਬਣੋ, ਤਾਂ ਜੋ ਤੁਸੀਂ ਇਬਰਾਨੀਆਂ ਦੇ ਗੁਲਾਮ ਨਾ ਬਣੋ, ਜਿਵੇਂ ਉਹ ਤੁਹਾਡੇ ਗੁਲਾਮ ਬਣੇ ਸਨ ਸਗੋਂ ਮਰਦ ਬਣੋ ਅਤੇ ਲੜੋ!"
10 ਸੋ ਫ਼ਲਿਸਤੀ ਲੜੇ ਅਤੇ ਇਸਰਾਏਲੀ ਹਾਰ ਗਏ ਅਤੇ ਹਰੇਕ ਮਨੁੱਖ ਆਪਣੇ ਤੰਬੂ ਨੂੰ ਭੱਜ ਗਿਆ। ਉੱਥੇ ਬਹੁਤ ਲੜਾਈ ਹੋਈ ਕਿਉਂ ਜੋ ਤੀਹ ਹਜ਼ਾਰ ਇਸਰਾਏਲੀ ਮਾਰੇ ਗਏ। 11 ਪਰਮੇਸ਼ਵਰ ਦਾ ਸੰਦੂਕ ਖੋਹ ਲਿਆ ਗਿਆ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਮਾਰੇ ਗਏ।