Publicidade

Jó 1

ਅੱਯੋਬ ਦਾ ਚਾਲ-ਚਲਣ ਅਤੇ ਸੰਪਤੀ

1 ਊਜ਼ ਦੇਸ਼ ਵਿੱਚ ਅੱਯੋਬ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਇਹ ਆਦਮੀ ਨਿਰਦੋਸ਼ ਅਤੇ ਖਰਾ ਸੀ; ਉਹ ਪਰਮੇਸ਼ਵਰ ਤੋਂ ਡਰਦਾ ਸੀ ਅਤੇ ਬੁਰਾਈ ਤੋਂ ਦੂਰ ਰਹਿੰਦਾ ਸੀ। 2 ਉਸ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ, 3 ਅਤੇ ਉਸ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਬਲਦਾਂ ਦੇ ਜੋੜੇ ਅਤੇ ਪੰਜ ਸੌ ਗਧੀਆ ਸਨ ਅਤੇ ਉਸ ਕੋਲ ਬਹੁਤ ਸਾਰੇ ਨੌਕਰ ਸਨ। ਉਹ ਪੂਰਬ ਦੇ ਸਾਰੇ ਲੋਕਾਂ ਵਿੱਚੋਂ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ।

4 ਉਹ ਦੇ ਪੁੱਤਰਾਂ ਦੇ ਜਨਮ ਦਿਨ ਤੇ ਉਹਨਾਂ ਦੇ ਘਰ ਦਾਅਵਤ ਹੁੰਦੀ ਸੀ ਅਤੇ ਉਹ ਆਪਣੀਆਂ ਤਿੰਨ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਬੁਲਾਉਂਦੇ ਸਨ। 5 ਜਦੋਂ ਦਾਅਵਤ ਦਾ ਸਮਾਂ ਚੱਲਦਾ ਸੀ, ਤਾਂ ਅੱਯੋਬ ਉਹਨਾਂ ਨੂੰ ਸ਼ੁੱਧ ਕਰਨ ਦਾ ਇੰਤਜ਼ਾਮ ਕਰਦਾ ਸੀ। ਉਹ ਸਵੇਰੇ-ਸਵੇਰੇ ਉਹਨਾਂ ਵਿੱਚੋਂ ਹਰੇਕ ਲਈ ਹੋਮ ਦੀ ਭੇਟ ਇਹ ਸੋਚ ਕੇ ਚੜ੍ਹਾਉਂਦਾ, "ਕਿ ਸ਼ਾਇਦ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਦਿਲਾਂ ਵਿੱਚ ਪਰਮੇਸ਼ਵਰ ਨੂੰ ਸਰਾਪ ਦਿੱਤਾ ਹੋਵੇ।" ਅੱਯੋਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ।

6 ਇੱਕ ਦਿਨ ਪਰਮੇਸ਼ਵਰ ਦੇ ਪੁੱਤਰ ਆਪਣੇ ਆਪ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰਨ ਲਈ ਆਏ, ਅਤੇ ਸ਼ੈਤਾਨ ਵੀ ਉਹਨਾਂ ਦੇ ਨਾਲ ਆਇਆ। 7 ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, "ਤੂੰ ਕਿੱਥੋਂ ਆਇਆ ਹੈ?"

ਸ਼ੈਤਾਨ ਨੇ ਯਾਹਵੇਹ ਨੂੰ ਜਵਾਬ ਦਿੱਤਾ, "ਮੈ ਧਰਤੀ ਤੇ ਘੁੰਮਦਾ ਅਤੇ ਉੱਥੋਂ ਇਧਰ-ਉਧਰ ਫਿਰਦਾ ਆਇਆ ਹਾਂ।"

8 ਤਦ ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, "ਕੀ ਤੂੰ ਮੇਰੇ ਸੇਵਕ ਅੱਯੋਬ ਬਾਰੇ ਸੋਚਿਆ ਹੈ? ਉਸ ਵਰਗਾ ਧਰਤੀ ਉੱਤੇ ਕੋਈ ਨਹੀਂ ਹੈ; ਉਹ ਨਿਰਦੋਸ਼ ਅਤੇ ਨੇਕ ਹੈ, ਇੱਕ ਅਜਿਹਾ ਆਦਮੀ ਜੋ ਪਰਮੇਸ਼ਵਰ ਤੋਂ ਡਰਦਾ ਹੈ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ।"

9 ਸ਼ੈਤਾਨ ਨੇ ਯਾਹਵੇਹ ਨੂੰ ਆਖਿਆ "ਕੀ ਅੱਯੋਬ ਕੋਲ ਪਰਮੇਸ਼ਵਰ ਤੋਂ ਡਰਨ ਦਾ ਕੋਈ ਚੰਗਾ ਕਾਰਨ ਹੈ?" 10 "ਕੀ ਤੂੰ ਉਸ ਦੇ ਘਰਾਣੇ ਅਤੇ ਉਸ ਦੀ ਹਰ ਚੀਜ਼ ਦੇ ਆਲੇ-ਦੁਆਲੇ ਵਾੜ ਨਹੀਂ ਲਾਈ ਹੈ? ਤੂੰ ਉਸਦੇ ਹੱਥਾਂ ਦੇ ਕੰਮ ਨੂੰ ਅਸੀਸ ਦਿੱਤੀ ਹੈ, ਤਾਂ ਜੋ ਉਸਦੀ ਧੰਨ-ਸੰਪਤੀ ਵਧ ਜਾਵੇ। 11 ਪਰ ਹੁਣ ਆਪਣਾ ਹੱਥ ਹਟਾ ਲੈ ਅਤੇ ਉਸ ਕੋਲ ਜੋ ਕੁਝ ਵੀ ਹੈ ਉਸਦੀ ਸੰਪਤੀ ਨੂੰ ਛੂਹ ਅਤੇ ਉਹ ਤੇਰੇ ਮੂੰਹ ਉੱਤੇ ਤੈਨੂੰ ਸਰਾਪ ਦੇਵੇਗਾ।"

12 ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, "ਠੀਕ ਹੈ, ਤਾਂ ਜੋ ਕੁਝ ਵੀ ਉਸ ਕੋਲ ਹੈ, ਉਹ ਤੇਰੇ ਵੱਸ ਵਿੱਚ ਹੈ, ਪਰ ਤੂੰ ਉਸ ਨੂੰ ਹੱਥ ਨਾ ਲਾਵੀ।"

ਤਦ ਸ਼ੈਤਾਨ ਯਾਹਵੇਹ ਦੀ ਹਜ਼ੂਰੀ ਵਿੱਚੋਂ ਬਾਹਰ ਚਲਾ ਗਿਆ।

13 ਇੱਕ ਦਿਨ ਜਦੋਂ ਅੱਯੋਬ ਦੇ ਪੁੱਤਰ ਅਤੇ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ, 14 ਇੱਕ ਨੌਕਰ ਅੱਯੋਬ ਕੋਲ ਆਇਆ ਅਤੇ ਕਿਹਾ, "ਬਲਦ ਹਲ ਵਾਹੁੰਦੇ ਸਨ ਅਤੇ ਗਧੀਆਂ ਨੇੜੇ ਹੀ ਚਰ ਰਹੀਆਂ ਸਨ। 15 ਸ਼ੀਬਾਇਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਲੁੱਟ ਲਿਆ ਅਤੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!"

16 ਜਦੋਂ ਉਹ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, "ਪਰਮੇਸ਼ਵਰ ਦੀ ਅੱਗ ਅਕਾਸ਼ੋਂ ਡਿੱਗੀ ਅਤੇ ਭੇਡਾਂ ਅਤੇ ਨੌਕਰਾਂ ਨੂੰ ਸਾੜ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!"

17 ਜਦੋਂ ਉਹ ਅਜੇ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, "ਕਸਦੀਆਂ ਨੇ ਤਿੰਨ ਦਲ ਬਣਾਏ ਅਤੇ ਤੁਹਾਡੇ ਊਠਾਂ ਉੱਤੇ ਹਮਲਾ ਕੀਤਾ ਅਤੇ ਉਹ ਉਹਨਾਂ ਨੂੰ ਖੋਹ ਕੇ ਲੈ ਗਏ। ਉਹਨਾਂ ਨੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!"

18 ਜਦੋਂ ਉਹ ਬੋਲ ਰਿਹਾ ਸੀ, ਤਾਂ ਇੱਕ ਹੋਰ ਨੌਕਰ ਆਇਆ ਅਤੇ ਆਖਿਆ, "ਤੁਹਾਡੇ ਪੁੱਤਰ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ। 19 ਜਦੋਂ ਅਚਾਨਕ ਇੱਕ ਤੇਜ਼ ਹਵਾ ਮਾਰੂਥਲ ਵਿੱਚੋਂ ਆਈ ਅਤੇ ਘਰ ਦੇ ਚਾਰੇ ਕੋਨਿਆਂ ਨਾਲ ਟਕਰਾ ਗਈ। ਅਤੇ ਘਰ ਉਹਨਾਂ ਦੇ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ਅਤੇ ਮੈਂ ਇਕੱਲਾ ਹੀ ਤੁਹਾਨੂੰ ਦੱਸਣ ਲਈ ਬਚਿਆ ਹਾਂ!"

20 ਇਹ ਸੁਣ ਕੇ ਅੱਯੋਬ ਉੱਠਿਆ ਅਤੇ ਆਪਣਾ ਚੋਗਾ ਪਾੜ ਦਿੱਤਾ ਅਤੇ ਦੁੱਖ ਦੇ ਕਾਰਨ ਆਪਣਾ ਸਿਰ ਮੁੰਨ ਦਿੱਤਾ ਅਤੇ ਧਰਤੀ ਉੱਤੇ ਗੋਡਿਆ ਦੇ ਭਾਰ ਡਿੱਗ ਕੇ ਯਾਹਵੇਹ ਦੀ ਅਰਾਧਨਾ ਕੀਤੀ 21 ਅਤੇ ਕਿਹਾ:

"ਮੈਂ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਆਇਆ ਹਾਂ,

ਅਤੇ ਨੰਗਾ ਹੀ ਮੁੜ ਜਾਵਾਂਗਾ।

ਯਾਹਵੇਹ ਨੇ ਦਿੱਤਾ ਅਤੇ ਯਾਹਵੇਹ ਨੇ ਲੈ ਲਿਆ;

ਯਾਹਵੇਹ ਦੇ ਨਾਮ ਦੀ ਵਡਿਆਈ ਹੋਵੇ।"

22 ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੋਬ ਨੇ ਨਾ ਪਾਪ ਕੀਤਾ, ਨਾ ਪਰਮੇਸ਼ਵਰ ਉੱਤੇ ਦੋਸ਼ ਲਾਇਆ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-