Publicidade

Jó 36

1 ਅਲੀਹੂ ਲਗਾਤਾਰ ਬੋਲਦਾ ਰਿਹਾ:

2 "ਮੇਰੇ ਨਾਲ ਥੋੜਾ ਹੋਰ ਸਮਾਂ ਠਹਿਰੋ ਅਤੇ ਮੈਂ ਤੁਹਾਨੂੰ ਦਿਖਾਵਾਂਗਾ

ਕਿ ਪਰਮੇਸ਼ਵਰ ਦੇ ਲਈ ਹੋਰ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ।

3 ਮੈਂ ਦੂਰੋਂ ਹੀ ਆਪਣਾ ਗਿਆਨ ਪ੍ਰਾਪਤ ਕਰਦਾ ਹਾਂ;

ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ।

4 ਯਕੀਨ ਰੱਖੋ ਕਿ ਮੇਰੇ ਸ਼ਬਦ ਝੂਠੇ ਨਹੀਂ ਹਨ;

ਜਿਸ ਕੋਲ ਪੂਰਨ ਗਿਆਨ ਹੈ ਉਹ ਤੁਹਾਡੇ ਨਾਲ ਹੈ।

5 "ਪਰਮੇਸ਼ਵਰ ਮਹਾਨ ਹੈ, ਪਰ ਕਿਸੇ ਨੂੰ ਤੁੱਛ ਨਹੀਂ ਸਮਝਦਾ;

ਉਹ ਮਹਾਨ ਹੈ, ਅਤੇ ਆਪਣੇ ਮਕਸਦ ਵਿੱਚ ਪੱਕਾ ਹੈ।

6 ਉਹ ਦੁਸ਼ਟਾਂ ਨੂੰ ਜਿਉਂਦਾ ਨਹੀਂ ਰੱਖਦਾ

ਪਰ ਦੁੱਖੀਆਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ।

7 ਉਹ ਧਰਮੀਆਂ ਤੋਂ ਅੱਖਾਂ ਨਹੀਂ ਹਟਾਂਦਾ;

ਉਹ ਉਹਨਾਂ ਨੂੰ ਰਾਜਿਆਂ ਨਾਲ ਰਾਜ ਗੱਦੀ ਉੱਤੇ ਬਿਠਾਉਂਦਾ ਹੈ,

ਅਤੇ ਉਹਨਾਂ ਨੂੰ ਸਦਾ ਲਈ ਉੱਚਾ ਕਰਦਾ ਹੈ।

8 ਪਰ ਜੇ ਲੋਕ ਜੰਜ਼ੀਰਾਂ ਵਿੱਚ ਜਕੜੇ ਹੋਏ ਹਨ,

ਅਤੇ ਬਿਪਤਾ ਦੀਆਂ ਰੱਸੀਆਂ ਨੇ ਉਹਨਾਂ ਜਕੜਿਆ ਹੋਇਆ ਹੈ,

9 ਤਾਂ ਪਰਮੇਸ਼ਵਰ ਉਹਨਾਂ ਨੂੰ ਦੱਸਦਾ ਹੈ ਕਿ ਉਹਨਾਂ ਨੇ ਕਿਸ ਤਰਾਂ ਘਮੰਡ ਵਿੱਚ ਪਾਪ ਕੀਤਾ ਹੈ,

ਅਤੇ ਉਹਨਾਂ ਪਾਪ ਤੋਂ ਮੁੜਨ ਲਈ ਚੇਤਾਵਨੀ ਦਿੰਦਾ ਹੈ।

10 ਉਹ ਉਹਨਾਂ ਨੂੰ ਤਾੜਨਾ ਸੁਣਾਉਂਦਾ ਹੈ

ਅਤੇ ਉਹਨਾਂ ਨੂੰ ਆਪਣੀ ਬੁਰਾਈ ਤੋਂ ਤੋਬਾ ਕਰਨ ਦਾ ਹੁਕਮ ਦਿੰਦਾ ਹੈ।

11 ਜੇਕਰ ਉਹ ਉਸਦੀ ਆਗਿਆ ਮੰਨਣ ਅਤੇ ਉਸਦੀ ਸੇਵਾ ਕਰਨ,

ਉਹ ਆਪਣੇ ਬਾਕੀ ਦੇ ਦਿਨ ਖੁਸ਼ਹਾਲੀ ਵਿੱਚ

ਅਤੇ ਆਪਣੇ ਸਾਲ ਸੰਤੁਸ਼ਟੀ ਵਿੱਚ ਬਿਤਾਉਣਗੇ।

12 ਪਰ ਜੇ ਉਹ ਨਾ ਸੁਣੇ,

ਉਹ ਤਲਵਾਰ ਨਾਲ ਨਾਸ਼ ਹੋ ਜਾਣਗੇ

ਅਤੇ ਬਿਨਾਂ ਗਿਆਨ ਦੇ ਮਰ ਜਾਣਗੇ।

13 "ਦਿਲ ਵਿੱਚ ਅਧਰਮੀ ਨਾਰਾਜ਼ਗੀ ਰੱਖਦਾ ਹੈ;

ਭਾਵੇਂ ਉਹ ਉਹਨਾਂ ਨੂੰ ਬੇੜੀਆਂ ਲਾਉਂਦਾ ਹੈ, ਉਹ ਸਹਾਇਤਾ ਲਈ ਨਹੀਂ ਪੁਕਾਰਦੇ।

14 ਅਨੈਤਿਕ ਜੀਵਨ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ

ਉਹ ਆਪਣੀ ਜਵਾਨੀ ਵਿੱਚ ਮਰ ਜਾਂਦੇ ਹਨ,

15 ਪਰ ਜਿਹੜੇ ਦੁੱਖੀ ਹਨ ਉਹ ਉਹਨਾਂ ਦੇ ਦੁੱਖਾਂ ਵਿੱਚ ਛੁਟਕਾਰਾ ਦਿੰਦਾ ਹੈ;

ਉਹ ਉਹਨਾਂ ਦੇ ਦੁੱਖ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ।

16 "ਉਹ ਤੁਹਾਨੂੰ ਬਿਪਤਾ ਦੇ ਮੂੰਹ ਚੋਂ ਅਤੇ

ਪਾਬੰਦੀਆਂ ਤੋਂ ਮੁਕਤ ਇੱਕ ਵਿਸ਼ਾਲ ਜਗ੍ਹਾ ਵੱਲ,

ਪਸੰਦੀਦਾ ਭੋਜਨ ਨਾਲ ਭਰੇ ਤੁਹਾਡੇ ਮੇਜ਼ ਦੇ ਆਰਾਮ ਵੱਲ ਖਿੱਚ ਰਿਹਾ ਹੈ।

17 ਪਰ ਹੁਣ ਤੁਸੀਂ ਦੁਸ਼ਟਾਂ ਦੇ ਕਾਰਨ ਨਿਆਂ ਨਾਲ ਲੱਦੇ ਹੋਏ ਹੋ;

ਸ਼ਜਾ ਅਤੇ ਨਿਆਂ ਨੇ ਤੁਹਾਨੂੰ ਫੜ ਲਿਆ ਹੈ।

18 ਸਾਵਧਾਨ ਰਹੋ ਕਿ ਕੋਈ ਤੁਹਾਨੂੰ ਧਨ-ਦੌਲਤ ਦੁਆਰਾ ਲਾਲਚ ਨਾ ਦੇਵੇ;

ਇੱਦਾ ਨਾ ਹੋਵੇ ਕਿ ਵੱਡੀ ਰਿਸ਼ਵਤ ਨਾਲ ਤੈਨੂੰ ਕੋਈ ਕੁਰਾਹੇ ਪਾ ਦੇਵੇ।

19 ਕੀ ਤੇਰੀ ਦੌਲਤ ਜਾਂ ਤੇਰੀਆਂ ਸਾਰੀਆਂ ਸ਼ਕਤੀਸ਼ਾਲੀ ਕੋਸ਼ਿਸ਼ਾਂ

ਤੈਨੂੰ ਕਾਇਮ ਰੱਖਣਗੀਆਂ ਤਾਂ ਜੋ ਤੂੰ ਦੁੱਖੀ ਨਾ ਹੋਵੋ?

20 ਰਾਤ ਦੀ ਤਾਂਘ ਨਾ ਰੱਖੋ,

ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਦੂਰ ਖਿੱਚਣ ਲਈ।

21 ਸਾਵਧਾਨ ਰਹੋ! ਬਦੀ ਵੱਲ ਨਾ ਮੁੜੋ,

ਜਿਸ ਨੂੰ ਤੂੰ ਬਿਪਤਾ ਤੋਂ ਜ਼ਿਆਦਾ ਚੁਣਿਆ ਹੈ।

22 "ਪਰਮੇਸ਼ਵਰ ਆਪਣੀ ਸ਼ਕਤੀ ਵਿੱਚ ਉੱਚਾ ਹੈ।

ਉਸ ਵਰਗਾ ਗੁਰੂ ਕੌਣ ਹੈ?

23 ਕਿਸ ਨੇ ਉਹ ਦੇ ਲਈ ਆਪਣੇ ਮਾਰਗ ਦੱਸੇ ਹਨ,

ਜਾਂ ਉਹ ਨੂੰ ਕਿਹਾ, ‘ਤੂੰ ਗਲਤ ਕੀਤਾ ਹੈ’?

24 ਉਸਦੇ ਕੰਮਾਂ ਦੀ ਸ਼ਲਾਘਾ ਕਰਨੀ ਯਾਦ ਰੱਖੋ,

ਜਿਸਦੀ ਲੋਕਾਂ ਨੇ ਗੀਤ ਗਾ ਕੇ ਪ੍ਰਸ਼ੰਸਾ ਕੀਤੀ ਹੈ।

25 ਸਾਰੀ ਮਨੁੱਖਤਾ ਨੇ ਇਸ ਨੂੰ ਦੇਖਿਆ ਹੈ;

ਪ੍ਰਾਣੀ ਇਸ ਨੂੰ ਦੂਰੋਂ ਤੱਕਦੇ ਹਨ।

26 ਪਰਮੇਸ਼ਵਰ ਕਿੰਨਾ ਮਹਾਨ ਹੈ, ਸਾਡੀ ਸਮਝ ਤੋਂ ਬਾਹਰ!

ਉਸਦੀ ਉਮਰ ਦੇ ਸਾਲਾਂ ਦੀ ਸੰਖਿਆ ਗਿਣਨਾ ਅਸੰਭਵ ਹੈ।

27 "ਉਹ ਪਾਣੀ ਦੀਆਂ ਬੂੰਦਾਂ ਨੂੰ ਉੱਤਾਹਾ ਖਿੱਚਦਾ ਹੈ,

ਜੋ ਕਿ ਮੀਂਹ ਵਾਂਗ ਨਦੀਆਂ ਤੱਕ ਫੈਲਦਾ ਹੈ;

28 ਬੱਦਲ ਆਪਣੀ ਨਮੀ ਨੂੰ ਹੇਠਾਂ ਸੁੱਟ ਦਿੰਦੇ ਹਨ

ਅਤੇ ਮਨੁੱਖਜਾਤੀ ਉੱਤੇ ਭਰਪੂਰ ਮੀਂਹ ਪੈਂਦਾ ਹੈ।

29 ਕੌਣ ਸਮਝ ਸਕਦਾ ਹੈ ਕਿ ਉਹ ਕਿਵੇਂ ਬੱਦਲਾਂ ਨੂੰ ਫੈਲਾਉਂਦਾ ਹੈ,

ਉਹ ਆਪਣੇ ਮੰਡਪ ਵਿੱਚੋਂ ਕਿਵੇਂ ਗਰਜਦਾ ਹੈ?

30 ਵੇਖੋ ਉਹ ਕਿਸ ਤਰ੍ਹਾਂ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ,

ਅਤੇ ਸਮੁੰਦਰ ਦੇ ਗਹਿਰੇ ਭਾਗ ਨੂੰ ਢੱਕ ਲੈਦਾ ਹੈ।

31 ਇਸ ਤਰ੍ਹਾਂ ਉਹ ਕੌਮਾਂ ਉੱਤੇ ਰਾਜ ਕਰਦਾ ਹੈ

ਅਤੇ ਭਰਪੂਰ ਭੋਜਨ ਦਿੰਦਾ ਹੈ।

32 ਉਹ ਆਪਣੇ ਹੱਥਾਂ ਨੂੰ ਬਿਜਲੀ ਨਾਲ ਭਰਦਾ ਹੈ

ਅਤੇ ਇਸਨੂੰ ਹੁਕਮ ਦਿੰਦਾ ਹੈ ਉਹ ਆਪਣੇ ਨਿਸ਼ਾਨੇ ਉੱਤੇ ਡਿੱਗਣ।

33 ਉਸਦੀ ਗਰਜ ਆਉਣ ਵਾਲੇ ਤੂਫ਼ਾਨ ਦਾ ਐਲਾਨ ਕਰਦੀ ਹੈ;

ਪਸ਼ੂ ਵੀ ਆਪਣੀ ਪਹੁੰਚ ਦੱਸ ਦਿੰਦੇ ਹਨ।

Veja também

Publicidade
Bíblia Online Bíblia Online

Bíblia Online • Versão: 2026-06-19_11-20-24-