1 ਇਸ ਲਈ ਇਨ੍ਹਾਂ ਤਿੰਨਾਂ ਆਦਮੀਆਂ ਨੇ ਅੱਯੋਬ, ਨੂੰ ਜਵਾਬ ਦੇਣਾ ਬੰਦ ਕਰ ਦਿੱਤਾ ਕਿਉਂਕਿ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ। 2 ਪਰ ਰਾਮ ਦੇ ਘਰਾਣੇ ਵਿੱਚੋਂ ਬਾਰਕੇਲ ਬੂਜ਼ੀ ਦਾ ਪੁੱਤਰ ਅਲੀਹੂ, ਪਰਮੇਸ਼ਵਰ ਦੀ ਬਜਾਏ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਅੱਯੋਬ ਨਾਲ ਬਹੁਤ ਗੁੱਸੇ ਹੋ ਗਿਆ। 3 ਉਹ ਤਿੰਨਾਂ ਦੋਸਤਾਂ ਨਾਲ ਵੀ ਗੁੱਸੇ ਸੀ, ਕਿਉਂਕਿ ਉਹਨਾਂ ਨੇ ਅੱਯੋਬ ਨੂੰ ਰੱਦ ਕਰਨ ਦਾ ਕੋਈ ਤਰੀਕਾ ਨਹੀਂ ਲੱਭਿਆ ਸੀ, ਅਤੇ ਫਿਰ ਵੀ ਉਸ ਦੀ ਨਿੰਦਾ ਕੀਤੀ ਸੀ। 4 ਹੁਣ ਅਲੀਹੂ ਨੇ ਅੱਯੋਬ ਨਾਲ ਗੱਲ ਕਰਨ ਤੋਂ ਪਹਿਲਾਂ ਇੰਤਜ਼ਾਰ ਕੀਤਾ ਸੀ ਕਿਉਂਕਿ ਉਹ ਉਸ ਤੋਂ ਵੱਡੇ ਸਨ। 5 ਪਰ ਜਦੋਂ ਉਸਨੇ ਦੇਖਿਆ ਕਿ ਤਿੰਨਾਂ ਆਦਮੀਆਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਸੀ, ਤਾਂ ਉਸਦਾ ਗੁੱਸਾ ਭੜਕ ਉੱਠਿਆ।
6 ਇਸ ਲਈ ਬਾਰਕੇਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਆਖਿਆ:
"ਮੈਂ ਤੁਹਾਡੇ ਤੋਂ ਉਮਰ ਵਿੱਚ ਛੋਟਾ ਹਾਂ,
ਅਤੇ ਤੁਸੀਂ ਵੱਡੇ ਹੋ;
ਇਸੇ ਲਈ ਮੈਂ ਡਰਿਆ ਹੋਇਆ ਸੀ,
ਅਤੇ ਮੈਂ ਆਪਣੇ ਵਿਚਾਰਾਂ ਨੂੰ ਦੱਸਣ ਦੀ ਹਿੰਮਤ ਨਹੀਂ ਕੀਤੀ।
7 ਮੈਂ ਸੋਚਿਆ, ‘ਉਮਰ ਦੇ ਵੱਡੇ ਨੂੰ ਬੋਲਣਾ ਚਾਹੀਦਾ ਹੈ;
ਜੋ ਉਹ ਬੁੱਧੀ ਦੀਆਂ ਗੱਲਾਂ ਸਿਖਾਉਣ।’
8 ਪਰ ਹੁਣ ਮੈਨੂੰ ਸਮਝ ਆ ਗਈ ਹੈ, ਕਿ ਬੁੱਧੀ
ਸਰਵਸ਼ਕਤੀਮਾਨ ਪਰਮੇਸ਼ਵਰ ਹੀ ਪ੍ਰਦਾਨ ਕਰਦਾ ਹੈ।
9 ਸਿਰਫ ਬਜ਼ੁਰਗ ਹੀ ਸਿਆਣੇ ਨਹੀਂ ਹੁੰਦੇ,
ਸਿਰਫ ਬਜ਼ੁਰਗ ਹੀ ਸਹੀ ਨੂੰ ਸਮਝਣ ਵਾਲੇ ਨਹੀਂ ਹੁੰਦੇ ਹਨ।
10 "ਇਸ ਲਈ ਮੈਂ ਆਖਦਾ ਹਾਂ: ਮੇਰੀ ਗੱਲ ਸੁਣੋ;
ਮੈਂ ਵੀ ਤੁਹਾਨੂੰ ਦੱਸਾਂਗਾ ਜੋ ਮੈਂ ਜਾਣਦਾ ਹਾਂ।
11 ਮੈਂ ਇੰਤਜ਼ਾਰ ਕੀਤਾ ਜਦੋਂ ਤੁਸੀਂ ਬੋਲਦੇ ਸੀ,
ਮੈਂ ਤੁਹਾਡੀ ਦਲੀਲ ਸੁਣੀ ਸੀ;
ਜਦੋਂ ਤੁਸੀਂ ਸ਼ਬਦਾਂ ਦੀ ਖੋਜ ਕਰ ਰਹੇ ਸੀ,
12 ਮੈਂ ਤੁਹਾਡੀਆਂ ਗੱਲਾਂ ਤੇ ਪੂਰਾ ਧਿਆਨ ਦਿੱਤਾ।
ਪਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੋਬ ਨੂੰ ਗਲਤ ਸਾਬਤ ਨਹੀਂ ਕੀਤਾ।
ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਜਵਾਬ ਨਹੀਂ ਦਿੱਤਾ।
13 ਇਹ ਨਾ ਕਹੋ, ‘ਸਾਨੂੰ ਬੁੱਧ ਮਿਲ ਗਈ ਹੈ;
ਮਨੁੱਖ ਨਹੀਂ, ਬਲਕਿ ਪਰਮੇਸ਼ਵਰ ਉਸਦਾ ਖੰਡਨ ਕਰੇ।’
14 ਪਰ ਅੱਯੋਬ ਨੇ ਮੇਰੇ ਵਿਰੁੱਧ ਆਪਣੇ ਸ਼ਬਦਾਂ ਨੂੰ ਨਹੀਂ ਬਿਆਨ ਕੀਤਾ,
ਅਤੇ ਮੈਂ ਉਸ ਨੂੰ ਤੁਹਾਡੀਆਂ ਦਲੀਲਾਂ ਨਾਲ ਜਵਾਬ ਨਹੀਂ ਦਿਆਂਗਾ।
15 "ਉਹ ਨਿਰਾਸ਼ ਹਨ ਅਤੇ ਉਹਨਾਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ;
ਸ਼ਬਦਾਂ ਨੇ ਉਹਨਾਂ ਨੂੰ ਅਸਫ਼ਲ ਕਰ ਦਿੱਤਾ ਹੈ।
16 ਕੀ ਮੈਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ, ਹੁਣ ਜਦੋਂ ਉਹ ਚੁੱਪ ਹਨ,
ਹੁਣ ਜਦੋਂ ਉਹ ਬਿਨਾਂ ਜਵਾਬ ਦੇ ਉੱਥੇ ਖੜ੍ਹੇ ਹਨ?
17 ਮੈਂ ਵੀ ਆਪਣੀ ਗੱਲ ਕਹਾਂਗਾ;
ਮੈਂ ਵੀ ਦੱਸਾਂਗਾ ਜੋ ਮੈਂ ਜਾਣਦਾ ਹਾਂ।
18 ਕਿਉਂਕਿ ਮੈਂ ਸ਼ਬਦਾਂ ਨਾਲ ਭਰਪੂਰ ਹਾਂ,
ਅਤੇ ਮੇਰੇ ਅੰਦਰ ਦੀ ਆਤਮਾ ਮੈਨੂੰ ਮਜਬੂਰ ਕਰਦੀ ਹੈ;
19 ਅੰਦਰੋਂ ਮੇਰਾ ਮਨ ਉਸ ਦਾਖ਼ਰਸ ਵਰਗਾ ਹੈ,
ਨਵੀਂ ਮਸ਼ਕ ਵਾਂਗ ਫਟਣ ਲਈ ਤਿਆਰ ਹੋਵੇ।
20 ਮੈਨੂੰ ਬੋਲਣਾ ਚਾਹੀਦਾ ਹੈ ਤਾਂ ਜੋ ਮੈਨੂੰ ਅਰਾਮ ਮਿਲੇ;
ਮੈਨੂੰ ਆਪਣੇ ਬੁੱਲ੍ਹ ਖੋਲ੍ਹਣੇ ਚਾਹੀਦੇ ਹਨ ਅਤੇ ਜਵਾਬ ਦੇਣਾ ਚਾਹੀਦਾ ਹੈ।
21 ਮੈਂ ਕੋਈ ਪੱਖਪਾਤ ਨਹੀਂ ਕਰਾਂਗਾ,
ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰਾਂਗਾ;
22 ਕਿਉਂਕਿ ਜੇ ਮੈਂ ਚਾਪਲੂਸੀ ਕਰਨ ਵਿੱਚ ਨਿਪੁੰਨ ਹੁੰਦਾ,
ਮੇਰਾ ਸਿਰਜਣਹਾਰ ਮੈਨੂੰ ਜਲਦੀ ਹੀ ਲੈ ਜਾਵੇਗਾ।