Publicidade

Jó 33

1 "ਪਰ ਹੁਣ, ਅੱਯੋਬ, ਮੇਰੀਆਂ ਗੱਲਾਂ ਸੁਣ;

ਮੇਰੀ ਹਰ ਗੱਲ ਵੱਲ ਧਿਆਨ ਦੇ।

2 ਮੈਂ ਆਪਣਾ ਮੂੰਹ ਖੋਲ੍ਹਣ ਵਾਲਾ ਹਾਂ;

ਮੇਰੇ ਸ਼ਬਦ ਮੇਰੀ ਜੀਭ ਦੇ ਸਿਰੇ ਉੱਤੇ ਹਨ।

3 ਮੇਰੇ ਸ਼ਬਦ ਸਿੱਧੇ ਦਿਲ ਤੋਂ ਆਉਂਦੇ ਹਨ;

ਮੇਰੇ ਬੁੱਲ੍ਹ ਸੱਚੇ ਦਿਲੋਂ ਬੋਲਦੇ ਹਨ ਜੋ ਮੈਂ ਜਾਣਦਾ ਹਾਂ।

4 ਪਰਮੇਸ਼ਵਰ ਦੀ ਆਤਮਾ ਨੇ ਮੈਨੂੰ ਬਣਾਇਆ ਹੈ;

ਸਰਵਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ ਹੈ।

5 ਮੈਨੂੰ ਜਵਾਬ ਦੇ, ਜੇ ਤੂੰ ਦੇ ਸਕਦਾ ਹੈ;

ਖੜ੍ਹਾ ਹੋ ਅਤੇ ਮੇਰੇ ਸਾਹਮਣੇ ਆਪਣੇ ਮੁਕੱਦਮੇ ਦੀ ਦਲੀਲ ਕਰ।

6 ਮੈਂ ਪਰਮੇਸ਼ਵਰ ਦੀ ਨਜ਼ਰ ਵਿੱਚ ਤੇਰੇ ਵਰਗਾ ਹੀ ਹਾਂ;

ਮੈਂ ਵੀ ਮਿੱਟੀ ਦਾ ਟੁਕੜਾ ਹਾਂ।

7 ਮੇਰੇ ਭੈਅ ਤੋਂ ਤੈਨੂੰ ਡਰਨਾਂ ਨਹੀਂ ਚਹੀਦਾ

ਨਾ ਮੇਰਾ ਹੱਥ ਤੇਰੇ ਉੱਤੇ ਭਾਰਾ ਹੋਵੇਗਾ।

8 "ਪਰ ਤੂੰ ਮੇਰੇ ਸੁਣਨ ਵਿੱਚ ਕਿਹਾ ਹੈ,

ਮੈਂ ਉਹ ਸ਼ਬਦ ਸੁਣੇ ਹਨ,

9 ‘ਮੈਂ ਸ਼ੁੱਧ ਹਾਂ, ਮੈਂ ਕੋਈ ਗਲਤ ਨਹੀਂ ਕੀਤਾ;

ਮੈਂ ਸ਼ੁੱਧ ਅਤੇ ਪਾਪ ਤੋਂ ਮੁਕਤ ਹਾਂ।

10 ਫਿਰ ਵੀ ਪਰਮੇਸ਼ਵਰ ਨੇ ਮੇਰੇ ਵਿੱਚ ਦੋਸ਼ ਪਾਇਆ ਹੈ;

ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।

11 ਉਹ ਮੇਰੇ ਪੈਰਾਂ ਨੂੰ ਬੇੜੀਆਂ ਵਿੱਚ ਜਕੜ ਲੈਂਦਾ ਹੈ;

ਉਹ ਮੇਰੇ ਸਾਰੇ ਰਾਹਾਂ ਉੱਤੇ ਨਜ਼ਰ ਰੱਖਦਾ ਹੈ।’

12 "ਪਰ ਮੈਂ ਤੈਨੂੰ ਆਖਦਾ ਹਾਂ, ਇਸ ਵਿੱਚ ਤੂੰ ਸਹੀ ਨਹੀਂ ਹੈ,

ਕਿਉਂਕਿ ਪਰਮੇਸ਼ਵਰ ਹਰ ਪ੍ਰਾਣੀ ਨਾਲੋਂ ਮਹਾਨ ਹੈ।

13 ਤੂੰ ਉਸ ਨੂੰ ਸ਼ਿਕਾਇਤ ਕਿਉਂ ਕਰਦਾ ਹੈ

ਕਿ ਉਹ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੰਦਾ?

14 ਪਰਮੇਸ਼ਵਰ ਬੋਲਦਾ ਹੈ, ਅਲਗ-ਅਲਗ ਤਰੀਕਿਆਂ ਨਾਲ

ਪਰ ਲੋਕ ਇਸ ਨੂੰ ਨਹੀਂ ਸਮਝ ਪਾਉਦੇਂ।

15 ਇੱਕ ਸੁਪਨੇ ਵਿੱਚ, ਰਾਤ ਦੇ ਇੱਕ ਦਰਸ਼ਨ ਵਿੱਚ,

ਜਦੋਂ ਲੋਕ ਗੂੜ੍ਹੀ ਨੀਂਦ ਸੌਂਦੇ ਹਨ

ਜਦੋਂ ਉਹ ਆਪਣੇ ਬਿਸਤਰੇ ਵਿੱਚ ਲੇਟਦੇ ਹਨ,

16 ਉਹ ਉਹਨਾਂ ਦੇ ਕੰਨਾਂ ਵਿੱਚ ਬੋਲ ਸਕਦਾ ਹੈ

ਅਤੇ ਚੇਤਾਵਨੀ ਦੇ ਕੇ ਉਹਨਾਂ ਨੂੰ ਜਾਗਰੂਕ ਕਰ ਸਕਦਾ ਹੈ,

17 ਇਨਸਾਨਾਂ ਨੂੰ ਗਲਤ ਕੰਮਾਂ ਤੋਂ ਮੋੜਨ ਲਈ

ਅਤੇ ਹੰਕਾਰ ਤੋਂ ਬਚਾਉਣ ਲਈ ਪਰਮੇਸ਼ਵਰ ਇਸ ਤਰ੍ਹਾਂ ਕਰਦਾ ਹੈ,

18 ਉਹਨਾਂ ਨੂੰ ਟੋਏ ਤੋਂ ਬਚਾਉਣ ਲਈ,

ਉਹਨਾਂ ਦੀ ਜਾਨ ਤਲਵਾਰ ਨਾਲ ਨਾਸ਼ ਹੋਣ ਤੋਂ।

19 "ਜਾਂ ਕਿਸੇ ਨੂੰ ਦਰਦ ਦੇ ਬਿਸਤਰੇ ਉੱਤੇ ਤਾੜਿਆ ਜਾ ਸਕਦਾ ਹੈ

ਉਹਨਾਂ ਦੀਆਂ ਹੱਡੀਆਂ ਵਿੱਚ ਨਿਰੰਤਰ ਤਕਲੀਫ਼ ਨਾਲ,

20 ਤਾਂ ਜੋ ਉਹਨਾਂ ਦੇ ਸਰੀਰ ਨੂੰ ਭੋਜਨ ਘਿਣਾਉਣੇ ਲੱਗੇ

ਅਤੇ ਉਹਨਾਂ ਦੀ ਆਤਮਾ ਸਭ ਤੋਂ ਵਧੀਆ ਭੋਜਨ ਨੂੰ ਨਫ਼ਰਤ ਕਰੇ।

21 ਉਸਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ,

ਉਸ ਦੀਆਂ ਹੱਡੀਆ ਜਿਹੜੀਆਂ ਪਹਿਲਾ ਵਿਖਾਈ ਨਹੀਂ ਦਿੰਦੀਆਂ, ਨਿੱਕਲ ਆਉਂਦੀਆਂ ਹਨ।

22 ਉਹ ਟੋਏ ਦੇ ਨੇੜੇ ਆਉਂਦੇ ਹਨ,

ਅਤੇ ਉਹਨਾਂ ਦਾ ਜੀਵਨ ਮੌਤ ਦੇ ਦੂਤਾਂ ਦੇ ਕੋਲ ਆਉਂਦਾ ਹੈ।

23 ਫਿਰ ਵੀ ਜੇ ਉਸਦੇ ਦੇ ਨਾਲ ਕੋਈ ਦੂਤ ਹੈ,

ਇੱਕ ਸੰਦੇਸ਼ਵਾਹਕ, ਹਜ਼ਾਰਾਂ ਵਿੱਚੋਂ ਇੱਕ,

ਉਹਨਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਕਿਵੇਂ ਇਮਾਨਦਾਰ ਹੋਣਾ ਹੈ,

24 ਅਤੇ ਉਹ ਉਸ ਵਿਅਕਤੀ ਉੱਤੇ ਕਿਰਪਾ ਕਰਦਾ ਹੈ ਅਤੇ ਪਰਮੇਸ਼ਵਰ ਨੂੰ ਕਹਿੰਦਾ ਹੈ,

‘ਉਹਨਾਂ ਨੂੰ ਟੋਏ ਵਿੱਚ ਜਾਣ ਤੋਂ ਬਚਾਓ;

ਮੈਂ ਉਹਨਾਂ ਲਈ ਰਿਹਾਈ-ਕੀਮਤ ਲੱਭੀ ਹੈ

25 ਉਹਨਾਂ ਦਾ ਮਾਸ ਬੱਚਿਆਂ ਵਾਂਗ ਹਰਿਆ-ਭਰਿਆ ਹੋ ਜਾਵੇਗਾ;

ਉਹਨਾਂ ਨੂੰ ਉਹਨਾਂ ਦੀ ਜਵਾਨੀ ਦੇ ਦਿਨਾਂ ਵਾਂਗ ਬਹਾਲ ਕੀਤਾ ਜਾਵੇ’

26 ਤਦ ਉਹ ਵਿਅਕਤੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਸਕਦਾ ਹੈ ਅਤੇ ਉਸ ਨਾਲ ਮਿਹਰ ਪਾ ਸਕਦਾ ਹੈ,

ਉਹ ਪਰਮੇਸ਼ਵਰ ਦਾ ਚਿਹਰਾ ਵੇਖਣਗੇ ਅਤੇ ਖੁਸ਼ੀ ਨਾਲ ਜੈਕਾਰੇ ਲਗਾਉਣਗੇ।

ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤੰਦਰੁਸਤੀ ਵਿੱਚ ਬਹਾਲ ਕਰੇਗਾ।

27 ਅਤੇ ਉਹ ਦੂਸਰਿਆ ਕੋਲ ਜਾਣਗੇ ਅਤੇ ਕਹਿਣਗੇ,

‘ਮੈਂ ਪਾਪ ਕੀਤਾ ਹੈ, ਮੈਂ ਜੋ ਸਹੀ ਹੈ ਉਸ ਨੂੰ ਵਿਗਾੜ ਦਿੱਤਾ ਹੈ,

ਪਰ ਮੈਨੂੰ ਉਹ ਨਹੀਂ ਮਿਲਿਆ ਜਿਸਦਾ ਮੈਂ ਹੱਕਦਾਰ ਸੀ।

28 ਪਰਮੇਸ਼ਵਰ ਨੇ ਮੈਨੂੰ ਟੋਏ ਵਿੱਚ ਜਾਣ ਤੋਂ ਬਚਾਇਆ ਹੈ,

ਅਤੇ ਮੈਂ ਜੀਵਨ ਦੇ ਚਾਨਣ ਦਾ ਆਨੰਦ ਮਾਣਨ ਲਈ ਜੀਵਾਂਗਾ।’

29 "ਪਰਮੇਸ਼ਵਰ ਇਹ ਸਭ ਕੁਝ ਇੱਕ ਵਿਅਕਤੀ ਨਾਲ ਕਰਦਾ ਹੈ,

ਦੋ ਵਾਰ, ਇੱਥੋਂ ਤੱਕ ਕਿ ਤਿੰਨ ਵਾਰ,

30 ਉਹਨਾਂ ਨੂੰ ਕਬਰ ਤੋਂ ਬਚਾਵੇ,

ਤਾਂ ਜੋ ਜੀਵਨ ਦਾ ਚਾਨਣ ਉਹਨਾਂ ਉੱਤੇ ਚਮਕੇ।

31 "ਅੱਯੋਬ, ਧਿਆਨ ਦੇ ਅਤੇ ਮੇਰੀ ਗੱਲ ਸੁਣ।

ਚੁੱਪ ਰਹੋ, ਮੈਂ ਬੋਲਾਂਗਾ।

32 ਜੇ ਤੂੰ ਕੁਝ ਕਹਿਣਾ ਹੈ, ਤਾਂ ਮੈਨੂੰ ਜਵਾਬ ਦੇ;

ਬੋਲ, ਕਿਉਂਕਿ ਮੈਂ ਤੁਹਾਨੂੰ ਨਿਰਦੋਸ਼ ਸਾਬਤ ਕਰਨਾ ਚਾਹੁੰਦਾ ਹਾਂ।

33 ਪਰ ਜੇ ਨਹੀਂ, ਤਾਂ ਮੇਰੀ ਗੱਲ ਸੁਣ;

ਚੁੱਪ ਕਰ, ਮੈਂ ਤੈਨੂੰ ਬੁੱਧ ਸਿਖਾਵਾਂਗਾ।"

Veja também

Publicidade
Bíblia Online Bíblia Online

Bíblia Online • Versão: 2026-06-19_11-20-24-