1 ਤਦ ਅਲੀਹੂ ਨੇ ਕਿਹਾ:
2 "ਮੇਰੇ ਬਚਨ ਸੁਣੋ, ਹੇ ਸਿਆਣੇ ਲੋਕੋ;
ਹੇ ਵਿਦਵਾਨੋ, ਮੇਰੀ ਗੱਲ ਸੁਣੋ।
3 ਕਿਉਂਕਿ ਕੰਨ ਸ਼ਬਦਾਂ ਨੂੰ ਪਰਖਦੇ ਹਨ
ਜਿਵੇਂ ਜੀਭ ਭੋਜਨ ਦਾ ਸਵਾਦ ਲੈਂਦੀ ਹੈ।
4 ਆਓ ਆਪਾਂ ਸਮਝੀਏ ਜੋ ਸਹੀ ਹੈ;
ਆਓ ਇਕੱਠੇ ਸਿੱਖੀਏ ਜੋ ਚੰਗਾ ਹੈ।
5 "ਅੱਯੋਬ ਆਖਦਾ ਹੈ, ‘ਮੈਂ ਨਿਰਦੋਸ਼ ਹਾਂ,
ਪਰ ਪਰਮੇਸ਼ਵਰ ਨੇ ਮੈਨੂੰ ਇਨਸਾਫ਼ ਤੋਂ ਇਨਕਾਰ ਕੀਤਾ ਹੈ।
6 ਭਾਵੇਂ ਮੈਂ ਸਹੀ ਹਾਂ,
ਮੈਨੂੰ ਝੂਠਾ ਮੰਨਿਆ ਜਾਂਦਾ ਹੈ;
ਭਾਵੇਂ ਮੈਂ ਨਿਰਦੋਸ਼ ਹਾਂ,
ਉਸ ਦਾ ਤੀਰ ਇੱਕ ਲਾਇਲਾਜ ਜ਼ਖਮ ਕਰ ਦਿੰਦਾ ਹੈ।’
7 ਕੀ ਅੱਯੋਬ ਵਰਗਾ ਕੋਈ ਹੈ,
ਜੋ ਮਖੌਲ ਨੂੰ ਪਾਣੀ ਵਾਂਗੂੰ ਪੀਵੇ?
8 ਉਹ ਦੁਸ਼ਟਾਂ ਨਾਲ ਸੰਗਤ ਰੱਖਦਾ ਹੈ;
ਉਹ ਦੁਸ਼ਟਾਂ ਦੀ ਸੰਗਤ ਕਰਦਾ ਹੈ।
9 ਕਿਉਂਕਿ ਉਹ ਕਹਿੰਦਾ ਹੈ, ‘ਪਰਮੇਸ਼ਵਰ ਨੂੰ ਖੁਸ਼ ਕਰਨ ਦੀ
ਕੋਸ਼ਿਸ਼ ਵਿੱਚ ਕੋਈ ਲਾਭ ਨਹੀਂ ਹੈ।’
10 "ਇਸ ਲਈ ਤੁਸੀਂ ਸਮਝਦਾਰ ਲੋਕੋ, ਮੇਰੀ ਗੱਲ ਸੁਣੋ।
ਪਰਮੇਸ਼ਵਰ ਦੇ ਲਈ ਇਹ ਸੰਭਵ ਨਹੀਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੁਰਾਈ ਕਰੇ,
ਸਰਵਸ਼ਕਤੀਮਾਨ ਤੋਂ ਕੋਈ ਭੁੱਲ ਸੰਭਵ ਨਹੀਂ।
11 ਉਹ ਹਰ ਕਿਸੇ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਬਦਲਾ ਦਿੰਦਾ ਹੈ;
ਉਹ ਉਹਨਾਂ ਉੱਤੇ ਉਹ ਲਿਆਉਂਦਾ ਹੈ ਜੋ ਉਹਨਾਂ ਦਾ ਆਚਰਣ ਯੋਗ ਹੈ।
12 ਇਹ ਅਸੰਭਵ ਹੈ ਕਿ ਪਰਮੇਸ਼ਵਰ ਗਲਤ ਕਰੇਗਾ,
ਕਿ ਸਰਵਸ਼ਕਤੀਮਾਨ ਨਿਆਂ ਨੂੰ ਵਿਗਾੜ ਦੇਵੇਗਾ।
13 ਕਿਸਨੇ ਉਸਨੂੰ ਧਰਤੀ ਉੱਤੇ ਨਿਯੁਕਤ ਕੀਤਾ?
ਉਸ ਨੂੰ ਸਾਰੇ ਸੰਸਾਰ ਦਾ ਅਧਿਕਾਰੀ ਕਿਸਨੇ ਬਣਾਇਆ?
14 ਜੇ ਪਰਮੇਸ਼ਵਰ ਇਰਾਦਾ ਕਰ ਲਵੇ
ਅਤੇ ਉਹ ਆਪਣਾ ਆਤਮਾ ਅਤੇ ਸਾਹ ਸਾਡੇ ਤੋਂ ਵਾਪਸ ਲੈ ਲਵੇ,
15 ਤਾਂ ਸਾਰੀ ਮਨੁੱਖਤਾ ਇਕੱਠੀ ਨਾਸ਼ ਹੋ ਜਾਵੇਗੀ
ਅਤੇ ਮਨੁੱਖਜਾਤੀ ਮਿੱਟੀ ਵਿੱਚ ਵਾਪਸ ਆ ਜਾਵੇਗੀ।
16 "ਹੇ ਅੱਯੂਬ, ਜੇ ਤੈਨੂੰ ਸਮਝ ਹੈ, ਤਾਂ ਇਹ ਸੁਣੋ;
ਜੋ ਮੈਂ ਕਹਿੰਦਾ ਹਾਂ ਸੁਣੋ।
17 ਕੀ ਨਿਆਂ ਨਾਲ ਨਫ਼ਰਤ ਕਰਨ ਵਾਲਾ ਕੋਈ ਸ਼ਾਸਨ ਕਰ ਸਕਦਾ ਹੈ?
ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਗਾ?
18 ਕੀ ਇਹ ਉਹ ਨਹੀਂ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਨਿਕੰਮੇ ਹੋ,’
ਅਤੇ ਸਰਦਾਰਾਂ ਨੂੰ, ‘ਤੁਸੀਂ ਦੁਸ਼ਟ ਹੋ,’
19 ਜਿਹੜਾ ਸਰਦਾਰਾਂ ਦਾ ਪੱਖਪਾਤ ਨਹੀਂ ਕਰਦਾ
ਅਤੇ ਗਰੀਬਾਂ ਉੱਤੇ ਅਮੀਰਾਂ ਦੀ ਕਿਰਪਾ ਨਹੀਂ ਕਰਦਾ,
ਕਿਉਂ ਜੋ ਇਹ ਸਭ ਉਸਦੇ ਹੱਥਾਂ ਦੇ ਕੰਮ ਹਨ?
20 ਇੱਥੋਂ ਤੱਕ ਸ਼ਕਤੀਸ਼ਾਲੀ ਰਾਜੇ, ਅੱਧੀ ਰਾਤ ਨੂੰ ਮਰ ਜਾਂਦੇ ਹਨ;
ਅਤੇ ਬਲਵਾਨ ਬਿਨ੍ਹਾਂ ਹੱਥ ਲਾਏ ਚਲੇ ਜਾਂਦੇ ਹਨ।
21 "ਉਸ ਦੀਆਂ ਨਜ਼ਰਾਂ ਪ੍ਰਾਣੀਆਂ ਦੇ ਰਾਹਾਂ ਉੱਤੇ ਲੱਗੀਆਂ ਰਹਿੰਦੀਆ ਹਨ;
ਉਹ ਉਹਨਾਂ ਦੇ ਹਰ ਕਦਮ ਨੂੰ ਦੇਖਦਾ ਹੈ।
22 ਇੱਥੇ ਕੋਈ ਡੂੰਘਾ ਪਰਛਾਵਾਂ ਨਹੀਂ, ਕੋਈ ਘੋਰ ਹਨੇਰਾ ਨਹੀਂ,
ਜਿੱਥੇ ਦੁਸ਼ਟ ਲੁਕ ਸਕਦੇ ਹਨ।
23 ਪਰਮੇਸ਼ਵਰ ਨੂੰ ਲੋਕਾਂ ਦੀ ਹੋਰ ਜਾਂਚ ਕਰਨ ਦੀ ਕੋਈ ਲੋੜ ਨਹੀਂ ਹੈ,
ਕਿ ਉਹ ਨਿਆਂ ਲਈ ਉਸ ਦੇ ਸਾਹਮਣੇ ਆਉਣ।
24 ਬਿਨਾਂ ਪੁੱਛ-ਪੜਤਾਲ ਦੇ ਉਹ ਬਲਵਾਨਾਂ ਨੂੰ ਤੋੜਦਾ ਹੈ
ਅਤੇ ਉਹਨਾਂ ਦੀ ਥਾਂ ਹੋਰਾਂ ਨੂੰ ਖੜ੍ਹਾ ਕਰਦਾ ਹੈ।
25 ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦਾ ਹੈ,
ਉਹ ਰਾਤ ਨੂੰ ਉਹਨਾਂ ਨੂੰ ਉਖਾੜ ਸੁੱਟਦਾ ਹੈ ਅਤੇ ਉਹ ਚੂਰ-ਚੂਰ ਹੋ ਜਾਂਦੇ ਹਨ।
26 ਉਹ ਉਹਨਾਂ ਨੂੰ ਉਹਨਾਂ ਦੀਆਂ ਬੁਰਾਈਆਂ ਲਈ ਸਜ਼ਾ ਦਿੰਦਾ ਹੈ
ਜਿੱਥੇ ਹਰ ਕੋਈ ਉਹਨਾਂ ਨੂੰ ਦੇਖ ਸਕਦਾ ਹੈ,
27 ਕਿਉਂ ਜੋ ਉਹ ਉਸ ਦੇ ਪਿੱਛੇ ਤੁਰਨ ਤੋਂ ਮੁੜੇ
ਅਤੇ ਉਸ ਦੇ ਕਿਸੇ ਰਾਹ ਦੀ ਪਰਵਾਹ ਨਾ ਕੀਤੀ।
28 ਉਹਨਾਂ ਨੇ ਗਰੀਬਾਂ ਦੀ ਦੁਹਾਈ ਉਸ ਦੇ ਅੱਗੇ ਪੇਸ਼ ਕੀਤੀ,
ਤਾਂ ਜੋ ਉਸ ਨੇ ਲੋੜਵੰਦਾਂ ਦੀ ਦੁਹਾਈ ਸੁਣੀ।
29 ਪਰ ਜੇ ਉਹ ਚੁੱਪ ਰਹੇ ਤਾਂ ਕੌਣ ਉਸ ਦੀ ਨਿੰਦਾ ਕਰ ਸਕਦਾ ਹੈ?
ਜੇ ਉਹ ਆਪਣਾ ਮੂੰਹ ਲੁਕਾ ਲਵੇ, ਤਾਂ ਉਹ ਨੂੰ ਕੌਣ ਵੇਖ ਸਕਦਾ ਹੈ?
ਫਿਰ ਵੀ ਉਹ ਵਿਅਕਤੀਗਤ
ਅਤੇ ਕੌਮ ਉੱਤੇ ਇੱਕੋ ਜਿਹਾ ਹੈ,
30 ਅਧਰਮੀ ਨੂੰ ਰਾਜ ਕਰਨ ਤੋਂ,
ਲੋਕਾਂ ਲਈ ਫੰਦੇ ਪਾਉਣ ਤੋਂ।
31 "ਫ਼ਰਜ਼ ਕਰੋ ਕਿ ਕੋਈ ਵਿਅਕਤੀ ਪਰਮੇਸ਼ਵਰ ਨੂੰ ਆਖਦਾ ਹੈ,
‘ਮੈਂ ਦੋਸ਼ੀ ਹਾਂ ਪਰ ਹੁਣ ਮੈਂ ਕੋਈ ਅਪਰਾਧ ਨਹੀਂ ਕਰਾਂਗਾ।
32 ਜੋ ਮੈਂ ਨਹੀਂ ਸਮਝ ਸਕਦਾ ਤੂੰ ਮੈਨੂੰ ਉਹ ਸਿਖਾ;
ਜੇ ਮੈਂ ਗਲਤ ਕੀਤਾ ਹੈ, ਤਾਂ ਮੈਂ ਅਜਿਹਾ ਦੁਬਾਰਾ ਨਹੀਂ ਕਰਾਂਗਾ।’
33 ਜਦੋਂ ਤੁਸੀਂ ਤੋਬਾ ਕਰਨ ਤੋਂ ਇਨਕਾਰ ਕਰਦੇ ਹੋ
ਤਾਂ ਕੀ ਪਰਮੇਸ਼ਵਰ ਨੂੰ ਤੁਹਾਡੀਆਂ ਸ਼ਰਤਾਂ ਉੱਤੇ ਤੁਹਾਨੂੰ ਇਨਾਮ ਦੇਣਾ ਚਾਹੀਦਾ ਹੈ?
ਤੁਹਾਨੂੰ ਫੈਸਲਾ ਕਰਨਾ ਚਾਹੀਦਾ ਹੈ, ਮੈਂ ਨਹੀਂ;
ਤਾਂ ਮੈਨੂੰ ਦੱਸੋ ਕਿ ਤੁਸੀਂ ਕੀ ਜਾਣਦੇ ਹੋ।
34 "ਸਮਝ ਵਾਲੇ ਲੋਕ ਆਖਦੇ ਹਨ,
ਬੁੱਧੀਮਾਨ ਆਦਮੀ ਜੋ ਮੈਨੂੰ ਸੁਣਦੇ ਹਨ, ਮੈਨੂੰ ਆਖਦੇ ਹਨ,
35 ‘ਅੱਯੋਬ ਬਿਨਾਂ ਗਿਆਨ ਦੇ ਬੋਲਦਾ ਹੈ;
ਉਸਦੇ ਸ਼ਬਦਾਂ ਵਿੱਚ ਸਮਝ ਦੀ ਘਾਟ ਹੈ।’
36 ਕਾਸ਼ ਕਿ ਅੱਯੋਬ ਅੰਤ ਪਰਤਾਇਆਂ ਜਾਂਦਾ,
ਕਿਉਂਕਿ ਉਸਦੇ ਉੱਤਰਾਂ ਵਿੱਚ ਦੁਸ਼ਟਤਾ ਪਾਈ ਜਾਂਦੀ ਹੈ।
37 ਆਪਣੇ ਪਾਪ ਲਈ ਉਹ ਬਗਾਵਤ ਨੂੰ ਜੋੜਦਾ ਹੈ;
ਉਹ ਸਾਡੇ ਵਿਚਕਾਰ ਤਾੜੀਆਂ ਵਜਾਉਂਦਾ ਹੈ
ਅਤੇ ਪਰਮੇਸ਼ਵਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਉਂਦਾ ਹੈ।"