1 "ਮੇਰੀਆਂ ਅੱਖਾਂ ਨੇ ਇਹ ਸਭ ਦੇਖਿਆ ਹੈ,
ਮੇਰੇ ਕੰਨਾਂ ਨੇ ਸੁਣਿਆ ਅਤੇ ਸਮਝਿਆ ਹੈ।
2 ਜੋ ਤੁਸੀਂ ਜਾਣਦੇ ਹੋ, ਮੈਂ ਵੀ ਜਾਣਦਾ ਹਾਂ;
ਮੈਂ ਤੁਹਾਡੇ ਨਾਲੋਂ ਨੀਵਾਂ ਨਹੀਂ ਹਾਂ।
3 ਪਰ ਮੈਂ ਸਰਵਸ਼ਕਤੀਮਾਨ ਨਾਲ ਗੱਲ ਕਰਨਾ ਚਾਹੁੰਦਾ ਹਾਂ
ਅਤੇ ਪਰਮੇਸ਼ਵਰ ਨਾਲ ਆਪਣੇ ਬਾਰੇ ਬਹਿਸ ਕਰਨਾ ਚਾਹੁੰਦਾ ਹਾਂ।
4 ਹਾਲਾਂਕਿ, ਤੁਸੀਂ ਮੈਨੂੰ ਝੂਠ ਨਾਲ ਦਾਗ ਦਿੰਦੇ ਹੋ;
ਤੁਸੀਂ ਸਾਰੇ ਦੇ ਸਾਰੇ, ਨਿਕੰਮੇ ਹਕੀਮ ਹੋ!
5 ਕਾਸ਼ ਤੁਸੀਂ ਬਿਲਕੁਲ ਚੁੱਪ ਹੋ ਜਾਂਦੇ!
ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ।
6 ਹੁਣ ਮੇਰੀ ਦਲੀਲ ਸੁਣੋ;
ਮੇਰੇ ਬੁੱਲ੍ਹਾਂ ਦੀਆਂ ਬੇਨਤੀਆਂ ਸੁਣੋ।
7 ਕੀ ਤੁਸੀਂ ਪਰਮੇਸ਼ਵਰ ਦੇ ਲਈ ਬੁਰਾਈ ਦੀਆ ਗੱਲਾਂ ਬੋਲੋਗੇ?
ਕੀ ਤੁਸੀਂ ਉਹ ਦੇ ਲਈ ਛਲ ਬੋਲੋਗੇ?
8 ਕੀ ਤੁਸੀਂ ਉਸਦਾ ਪੱਖਪਾਤ ਕਰੋਗੇ?
ਕੀ ਤੁਸੀਂ ਪਰਮੇਸ਼ਵਰ ਨਾਲ ਬਹਿਸ ਕਰੋਗੇ?
9 ਕੀ ਇਹ ਚੰਗਾ ਹੋਵੇਗਾ ਜੇਕਰ ਉਹ ਤੁਹਾਡੀ ਜਾਂਚ ਕਰੇ?
ਕੀ ਤੁਸੀਂ ਉਸ ਨੂੰ ਧੋਖਾ ਦੇ ਸਕਦੇ ਹੋ ਜਿਵੇਂ ਤੁਸੀਂ ਇੱਕ ਪ੍ਰਾਣੀ ਨੂੰ ਧੋਖਾ ਦਿੰਦੇ ਹੋ?
10 ਜੇਕਰ ਤੁਸੀਂ ਗੁਪਤ ਰੂਪ ਵਿੱਚ ਪੱਖਪਾਤ ਕਰੋਗੇ,
ਤਾਂ ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ।
11 ਕੀ ਉਸਦੀ ਸ਼ਾਨ ਤੁਹਾਨੂੰ ਡਰਾਵੇਗੀ?
ਕੀ ਉਸ ਦਾ ਡਰ ਤੁਹਾਡੇ ਉੱਤੇ ਨਹੀਂ ਪਵੇਗਾ?
12 ਤੁਹਾਡੀਆਂ ਕਹਾਵਤਾਂ ਸੁਆਹ ਦੀਆਂ ਕਹਾਵਤਾਂ ਹਨ;
ਤੁਹਾਡੀ ਰੱਖਿਆ ਮਿੱਟੀ ਦੀ ਰੱਖਿਆ ਹੈ।
13 "ਚੁੱਪ ਰਹੋ ਅਤੇ ਮੈਨੂੰ ਬੋਲਣ ਦਿਓ;
ਫਿਰ ਮੇਰੇ ਕੋਲ ਆਉਣ ਦਿਓ ਜੋ ਹੋ ਸਕਦਾ ਹੈ।
14 ਮੈਂ ਆਪਣੇ ਆਪ ਨੂੰ ਖ਼ਤਰੇ ਵਿੱਚ ਕਿਉਂ ਪਾਵਾਂ
ਅਤੇ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕਿਉਂ ਲਵਾਂ?
15 ਭਾਵੇਂ ਉਹ ਮੈਨੂੰ ਮਾਰ ਦੇਵੇ, ਪਰ ਮੈਂ ਉਸ ਵਿੱਚ ਆਸ ਰੱਖਾਂਗਾ।
ਮੈਂ ਨਿਸ਼ਚੇ ਹੀ ਉਹ ਦੇ ਮੂੰਹ ਉੱਤੇ ਆਪਣੇ ਰਾਹਾਂ ਦੀ ਰੱਖਿਆ ਕਰਾਂਗਾ।
16 ਸੱਚ-ਮੁੱਚ, ਇਹ ਮੇਰੇ ਛੁਟਕਾਰੇ ਲਈ ਹੋਵੇਗਾ,
ਕਿਉਂਕਿ ਕੋਈ ਵੀ ਅਧਰਮੀ ਉਸ ਦੇ ਅੱਗੇ ਆਉਣ ਦੀ ਹਿੰਮਤ ਨਹੀਂ ਕਰੇਗਾ!
17 ਧਿਆਨ ਨਾਲ ਸੁਣੋ ਜੋ ਮੈਂ ਕਹਿੰਦਾ ਹਾਂ;
ਮੇਰੇ ਸ਼ਬਦਾਂ ਨੂੰ ਤੁਹਾਡੇ ਕੰਨਾਂ ਵਿੱਚ ਗੂੰਜਣ ਦਿਓ।
18 ਹੁਣ ਜਦੋਂ ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ,
ਮੈਂ ਜਾਣਦਾ ਹਾਂ ਕਿ ਮੈਨੂੰ ਨਿਰਦੋਸ਼ ਠਹਿਰਾਇਆ ਜਾਵੇਗਾ।
19 ਕੀ ਕੋਈ ਮੇਰੇ ਵਿਰੁੱਧ ਦੋਸ਼ ਲਾ ਸਕਦਾ ਹੈ?
ਜੇ ਹੋਵੇ, ਤਾਂ ਮੈਂ ਚੁੱਪ ਹੋ ਕੇ ਮਰ ਜਾਵਾਂਗਾ।
20 "ਸਿਰਫ ਮੈਨੂੰ ਇਹ ਦੋ ਚੀਜ਼ਾਂ ਦੇਵੋ, ਹੇ ਪਰਮੇਸ਼ਵਰ,
ਅਤੇ ਫਿਰ ਮੈਂ ਤੁਹਾਡੇ ਤੋਂ ਨਹੀਂ ਲੁਕਾਂਗਾ:
21 ਆਪਣਾ ਹੱਥ ਮੈਥੋਂ ਦੂਰ ਕਰ ਲੈ,
ਅਤੇ ਮੈਨੂੰ ਆਪਣੇ ਡਰ ਨਾਲ ਡਰਾਉਣਾ ਬੰਦ ਕਰ।
22 ਤਦ ਮੈਨੂੰ ਬੁਲਾਈ ਅਤੇ ਮੈਂ ਉੱਤਰ ਦਿਆਂਗਾ,
ਜਾਂ ਮੈਨੂੰ ਬੋਲਣ ਦਿਓ, ਅਤੇ ਤੁਸੀਂ ਮੈਨੂੰ ਉੱਤਰ ਦਿਓ।
23 ਮੈਂ ਕਿੰਨ੍ਹੀਆ ਬੁਰਾਈਆਂ ਤੇ ਪਾਪ ਕੀਤੇ ਹਨ?
ਮੈਨੂੰ ਮੇਰਾ ਅਪਰਾਧ ਅਤੇ ਮੇਰਾ ਪਾਪ ਦਿਖਾ।
24 ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈ
ਅਤੇ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ?
25 ਕੀ ਤੂੰ ਇੱਕ ਹਵਾਦਾਰ ਪੱਤੇ ਨੂੰ ਤਸੀਹੇ ਦੇਵੇਗਾ?
ਕੀ ਤੂੰ ਸੁੱਕੀ ਤੂੜੀ ਦਾ ਪਿੱਛਾ ਕਰੇਗਾ?
26 ਕਿਉਂਕਿ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈ
ਅਤੇ ਮੈਨੂੰ ਮੇਰੀ ਜਵਾਨੀ ਦੀਆਂ ਬਦੀਆ ਮੇਰੇ ਪੱਲੇ ਪਾਉਂਦਾ ਹੈ।
27 ਤੂੰ ਮੇਰੇ ਪੈਰਾਂ ਨੂੰ ਬੰਧਨਾਂ ਵਿੱਚ ਜਕੜ ਲੈਂਦਾ ਹੈ;
ਤੂੰ ਮੇਰੇ ਸਾਰੇ ਰਾਹਾਂ ਤੇ ਨਜ਼ਰ ਰੱਖਦਾ ਹੈ
ਮੇਰੇ ਪੈਰਾਂ ਦੀਆਂ ਤਲੀਆਂ ਉੱਤੇ ਨਿਸ਼ਾਨ ਲਗਾ ਕੇ।
28 "ਇਸ ਲਈ ਮਨੁੱਖ ਗਲੀ-ਸੜੀ ਵਸਤੂ ਵਾਂਗੂੰ ਨਸ਼ਟ ਹੁੰਦਾ ਜਾਂਦਾ ਹੈ, ਜੋ
ਉਸ ਕੱਪੜੇ ਵਰਗਾ ਹੈ ਜਿਸ ਨੂੰ ਕੀੜੇ ਨੇ ਖਾ ਲਿਆ ਹੈ।