Publicidade

Jó 4

ਏਲੀਫਾਜ਼

1 ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:

2 ਜੇ ਕੋਈ ਤੈਨੂੰ ਇੱਕ ਸ਼ਬਦ ਬੋਲਦਾ ਹੈ, ਤਾਂ ਕੀ ਤੂੰ ਬੇਸਬਰਾ ਹੋਵੇਂਗਾ?

ਪਰ ਬੋਲੇ ਬਿਨ੍ਹਾਂ ਕੌਣ ਰਹਿ ਸਕਦਾ ਹੈ?

3 ਸੋਚ ਕਿ ਤੂੰ ਬਹੁਤਿਆਂ ਨੂੰ ਕਿਵੇਂ ਉਪਦੇਸ਼ ਦਿੱਤਾ ਹੈ,

ਤੂੰ ਕਮਜ਼ੋਰ ਹੱਥਾਂ ਨੂੰ ਕਿਵੇਂ ਮਜ਼ਬੂਤ ਕੀਤਾ ਹੈ।

4 ਤੇਰੇ ਲਫ਼ਜ਼ਾਂ ਨੇ ਠੋਕਰ ਖਾਣ ਵਾਲਿਆਂ ਦਾ ਸਾਥ ਦਿੱਤਾ;

ਤੂੰ ਹਿੱਲਦੇ ਹੋਏ ਗੋਡਿਆਂ ਨੂੰ ਮਜ਼ਬੂਤ ਕੀਤਾ ਹੈ।

5 ਪਰ ਹੁਣ ਜਦ ਤੇਰੇ ਉੱਤੇ ਮੁਸੀਬਤ ਆਈ ਹੈ, ਤਾਂ ਤੂੰ ਨਿਰਾਸ਼ ਹੋ ਗਿਆ ਹੈ;

ਉਹ ਨੇ ਤੈਨੂੰ ਛੂਹਿਆ ਅਤੇ ਤੂੰ ਨਿਰਾਸ਼ ਹੋ ਗਿਆ ਹੈ।

6 ਕੀ ਤੇਰੀ ਧਾਰਮਿਕਤਾ ਤੇਰਾ ਭਰੋਸਾ ਨਹੀਂ ਹੋਣੀ ਚਾਹੀਦੀ

ਅਤੇ ਤੇਰੇ ਨਿਰਦੋਸ਼ ਰਾਹ ਤੇਰੀ ਉਮੀਦ ਨਹੀਂ ਹੋਣੀ ਚਾਹੀਦੀ?

7 ਹੁਣ ਸੋਚ, ਨਿਰਦੋਸ਼ ਹੋਣ ਕਰਕੇ ਕੌਣ ਨਾਸ਼ ਹੋਇਆ ਹੈ?

ਨੇਕ ਲੋਕ ਕਦੋਂ ਤਬਾਹ ਹੋਏ ਹਨ?

8 ਜਿਵੇਂ ਕਿ ਮੈਂ ਦੇਖਿਆ ਹੈ, ਜਿਹੜੇ ਪਾਪ ਦਾ ਹਲ ਵਾਹੁੰਦੇ ਹਨ

ਅਤੇ ਜਿਹੜੇ ਮੁਸੀਬਤ ਬੀਜਦੇ ਹਨ ਉਹ ਉਸਨੂੰ ਵੱਢਦੇ ਹਨ।

9 ਪਰਮੇਸ਼ਵਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ ਹਨ;

ਉਸਦੇ ਗੁੱਸੇ ਦੇ ਧਮਾਕੇ ਨਾਲ ਉਹ ਮੁੱਕ ਜਾਂਦੇ ਹਨ।

10 ਦੁਸ਼ਟ ਲੋਕ ਭਾਵੇਂ ਸ਼ੇਰ ਵਾਂਗ ਗਰਜਣ ਅਤੇ ਦਹਾੜਨ,

ਤਾਂ ਵੀ ਪਰਮੇਸ਼ਵਰ ਉਹਨਾਂ ਦੇ ਦੰਦ ਭੰਨ ਸੁੱਟਦਾ ਹੈ।

11 ਸ਼ੇਰ ਸ਼ਿਕਾਰ ਦੀ ਘਾਟ ਕਾਰਨ ਮਰ ਜਾਂਦਾ ਹੈ,

ਅਤੇ ਸ਼ੇਰਨੀ ਦੇ ਬੱਚੇ ਖਿੱਲਰ ਜਾਂਦੇ ਹਨ।

12 "ਇੱਕ ਸ਼ਬਦ ਮੇਰੇ ਕੋਲ ਗੁਪਤ ਰੂਪ ਵਿੱਚ ਲਿਆਇਆ ਗਿਆ ਸੀ,

ਮੇਰੇ ਕੰਨਾਂ ਵਿੱਚ ਇਸ ਦੀ ਗੂੰਜ ਪਈ।

13 ਰਾਤ ਨੂੰ ਨਿਰਾਸ਼ਾਜਨਕ ਸੁਪਨਿਆਂ ਵਿੱਚ,

ਜਦੋਂ ਲੋਕਾਂ ਨੂੰ ਗੂੜੀ ਨੀਂਦ ਆਉਂਦੀ ਹੈ,

14 ਡਰ ਅਤੇ ਕੰਬਣੀ ਨੇ ਮੈਨੂੰ ਫੜ ਲਿਆ

ਜਿਸ ਨੇ ਮੇਰੀਆਂ ਸਾਰੀਆਂ ਹੱਡੀਆਂ ਹਿਲਾ ਦਿੱਤੀਆਂ।

15 ਇੱਕ ਆਤਮਾ ਮੇਰੇ ਚਿਹਰੇ ਤੋਂ ਲੰਘ ਗਈ,

ਅਤੇ ਮੇਰੇ ਸਰੀਰ ਦੇ ਰੋਂਗਟੇ ਖੜ੍ਹੇ ਹੋ ਗਏ।

16 ਇਹ ਰੁਕ ਗਿਆ,

ਪਰ ਮੈਂ ਇਹ ਨਹੀਂ ਦੱਸ ਸਕਿਆ ਕਿ ਇਹ ਕੀ ਸੀ।

ਇੱਕ ਰੂਪ ਮੇਰੀਆਂ ਅੱਖਾਂ ਦੇ ਸਾਹਮਣੇ ਖੜ੍ਹਾ ਸੀ,

ਅਤੇ ਮੈਂ ਇੱਕ ਸ਼ਾਂਤ ਆਵਾਜ਼ ਸੁਣੀ:

17 ‘ਕੀ ਕੋਈ ਪ੍ਰਾਣੀ ਪਰਮੇਸ਼ਵਰ ਨਾਲੋਂ ਵੱਧ ਧਰਮੀ ਹੋ ਸਕਦਾ ਹੈ?

ਕੀ ਇੱਕ ਤਕੜਾ ਮਨੁੱਖ ਵੀ ਆਪਣੇ ਸਿਰਜਣਹਾਰ ਪਰਮੇਸ਼ਵਰ ਨਾਲੋਂ ਜ਼ਿਆਦਾ ਸ਼ੁੱਧ ਹੋ ਸਕਦਾ ਹੈ?

18 ਜੇਕਰ ਪਰਮੇਸ਼ਵਰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ,

ਅਤੇ ਉਹ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ,

19 ਉਹ ਜਿਹੜੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਹਨ,

ਜਿਨ੍ਹਾਂ ਦੀ ਨੀਂਹ ਮਿੱਟੀ ਵਿੱਚ ਹੈ,

ਜਿਹੜੇ ਕੀੜੇ ਨਾਲੋਂ ਵੀ ਵੱਧ ਅਸਾਨੀ ਨਾਲ ਕੁਚਲੇ ਜਾਂਦੇ ਹਨ!

20 ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਟੁਕੜਿਆਂ ਵਿੱਚ ਟੁੱਟ ਜਾਂਦੇ ਹਨ;

ਅਣਦੇਖਿਆ, ਉਹ ਸਦਾ ਲਈ ਨਾਸ ਹੋ ਜਾਂਦੇ ਹਨ।

21 ਕੀ ਉਹਨਾਂ ਦੇ ਤੰਬੂ ਦੀਆਂ ਰੱਸੀਆਂ ਨਹੀਂ ਖਿੱਚੀਆਂ ਗਈਆਂ,

ਤਾਂ ਜੋ ਉਹ ਬੁੱਧ ਤੋਂ ਬਿਨਾਂ ਮਰ ਜਾਣ?’ "

Veja também

Publicidade
Bíblia Online Bíblia Online

Bíblia Online • Versão: 2026-06-18_14-04-22-