1 ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ ਅਤੇ ਉਸ ਦੀਆਂ ਬਿਧੀਆਂ, ਉਸ ਦੇ ਹੁਕਮਾਂ, ਉਸ ਦੇ ਕਾਨੂੰਨਾਂ ਅਤੇ ਉਸ ਦੇ ਨਿਰਦੇਸ਼ਾਂ ਦੀ ਹਮੇਸ਼ਾ ਪਾਲਣਾ ਕਰੋ। 2 ਅੱਜ ਯਾਦ ਰੱਖੋ ਕਿ ਤੁਹਾਡੇ ਬੱਚੇ ਉਹ ਨਹੀਂ ਹਨ ਜਿਨ੍ਹਾਂ ਨੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅਨੁਸ਼ਾਸਨ ਨੂੰ ਦੇਖਿਆ ਅਤੇ ਨਾ ਅਨੁਭਵ ਕੀਤਾ, ਨਾ ਉਸਦੀ ਮਹਿਮਾ, ਨਾ ਉਸਦੇ ਸ਼ਕਤੀਸ਼ਾਲੀ ਹੱਥ ਨੂੰ, ਨਾ ਉਸਦੀ ਫੈਲੀ ਹੋਈ ਬਾਂਹ ਨੂੰ ਵੇਖਿਆ, 3 ਨਾਲ ਹੀ ਉਸ ਦੇ ਨਿਸ਼ਾਨ ਅਤੇ ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਉੱਥੋਂ ਦੇ ਰਾਜੇ ਫ਼ਿਰਾਊਨ ਅਤੇ ਉਸ ਦੇ ਦੇਸ਼ ਨਾਲ ਕੀਤੇ। 4 ਉਸ ਨੇ ਮਿਸਰ ਦੀ ਫ਼ੌਜ ਨਾਲ, ਉਸ ਦੇ ਘੋੜਿਆਂ ਅਤੇ ਰਥਾਂ ਨਾਲ ਕੀ ਕੀਤਾ, ਕਿਵੇਂ ਉਸ ਨੇ ਲਾਲ ਸਾਗਰ ਦੇ ਪਾਣੀਆਂ ਨਾਲ ਉਹਨਾਂ ਨੂੰ ਦੱਬ ਦਿੱਤਾ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਉੱਤੇ ਸਦਾ ਲਈ ਤਬਾਹੀ ਲਿਆਂਦੀ। 5 ਇਹ ਤੁਹਾਡੇ ਬੱਚਿਆਂ ਨੇ ਨਹੀਂ ਸੀ ਵੇਖਿਆ ਕਿ ਉਸ ਨੇ ਉਜਾੜ ਵਿੱਚ ਤੁਹਾਡੇ ਲਈ ਕੀ ਕੀਤਾ ਜਦ ਤੱਕ ਤੁਸੀਂ ਇਸ ਸਥਾਨ ਉੱਤੇ ਨਾ ਪਹੁੰਚੇ। 6 ਅਤੇ ਉਸ ਨੇ ਅਲੀਆਬ ਰਊਬੇਨੀ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨਾਲ ਕੀ ਕੀਤਾ, ਜਦੋਂ ਧਰਤੀ ਨੇ ਸਾਰੇ ਇਸਰਾਏਲ ਦੇ ਵਿਚਕਾਰ ਆਪਣਾ ਮੂੰਹ ਖੋਲ੍ਹਿਆ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਣਿਆਂ, ਉਹਨਾਂ ਦੇ ਤੰਬੂਆਂ ਅਤੇ ਉਹਨਾਂ ਦੇ ਸਾਰੇ ਜੀਵਾਂ ਨੂੰ ਨਿਗਲ ਲਿਆ। 7 ਪਰ ਇਹ ਸਭ ਤੁਹਾਡੀਆਂ ਆਪਣੀਆਂ ਅੱਖਾਂ ਸਨ ਜਿਨ੍ਹਾਂ ਨੇ ਇਹ ਸਾਰੀਆਂ ਮਹਾਨ ਗੱਲਾਂ ਵੇਖੀਆਂ ਹਨ ਜੋ ਯਾਹਵੇਹ ਨੇ ਕੀਤੀਆਂ ਹਨ।
8 ਸੋ ਤੁਸੀਂ ਸਾਰੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਸੀਂ ਅੰਦਰ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰਨ ਦੀ ਤਾਕਤ ਪ੍ਰਾਪਤ ਕਰੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ, 9 ਅਤੇ ਇਸ ਲਈ ਤੁਹਾਡੀ ਉਮਰ ਉਸ ਧਰਤੀ ਵਿੱਚ ਬਹੁਤ ਲੰਬੀ ਹੋਵੇ, ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਨੂੰ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਹੈ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। 10 ਜਿਸ ਧਰਤੀ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ, ਉਹ ਮਿਸਰ ਦੀ ਧਰਤੀ ਵਰਗਾ ਨਹੀਂ ਹੈ, ਜਿਸ ਤੋਂ ਤੁਸੀਂ ਆਏ ਹੋ, ਜਿੱਥੇ ਤੁਸੀਂ ਆਪਣਾ ਬੀਜ ਬੀਜਦੇ ਸੀ ਅਤੇ ਸਾਗ ਪੱਤ ਦੀ ਕਿਆਰੀ ਵਾਂਗੂੰ ਆਪਣੇ ਪੈਰ ਨਾਲ ਨਾਲੀਆਂ ਬਣਾ ਕੇ ਪਾਣੀ ਦਿੰਦੇ ਸੀ। 11 ਪਰ ਜਿਸ ਧਰਤੀ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ, ਉਹ ਪਹਾੜਾਂ ਅਤੇ ਵਾਦੀਆਂ ਦੀ ਧਰਤੀ ਹੈ ਜੋ ਅਕਾਸ਼ ਤੋਂ ਵਰਖਾ ਦਾ ਪਾਣੀ ਪੀਂਦੀਆਂ ਹਨ। 12 ਇਹ ਇੱਕ ਅਜਿਹੀ ਧਰਤੀ ਹੈ, ਜਿਸ ਦਾ ਯਾਹਵੇਹ ਤੁਹਾਡਾ ਪਰਮੇਸ਼ਵਰ ਧਿਆਨ ਰੱਖਦਾ ਹੈ ਅਤੇ ਜਿਸ ਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਨਜ਼ਰ ਸਾਲ ਦੇ ਅਰੰਭ ਤੋਂ ਲੈ ਕੇ ਸਾਲ ਦੇ ਅੰਤ ਤੱਕ ਲੱਗੀ ਰਹਿੰਦੀ ਹੈ।
13 ਇਸ ਲਈ ਜੇਕਰ ਤੁਸੀਂ ਵਫ਼ਾਦਾਰੀ ਨਾਲ ਉਹਨਾਂ ਹੁਕਮਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ, ਆਪਣੇ ਯਾਹਵੇਹ ਨੂੰ ਪਿਆਰ ਕਰੋ ਅਤੇ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸਦੀ ਸੇਵਾ ਕਰੋ। 14 ਤਦ ਮੈਂ ਤੁਹਾਡੀ ਧਰਤੀ ਉੱਤੇ ਪਤਝੜ ਅਤੇ ਬਸੰਤ ਰੁੱਤ ਵਿੱਚ ਮੀਂਹ ਵਰ੍ਹਾਵਾਂਗਾ, ਤਾਂ ਜੋ ਤੁਸੀਂ ਆਪਣੇ ਅੰਨ, ਨਵੀਂ ਦਾਖ਼ਰਸ ਜ਼ੈਤੂਨ ਦੇ ਤੇਲ ਨੂੰ ਇਕੱਠਾ ਕਰ ਸਕੋ। 15 ਮੈਂ ਤੁਹਾਡੇ ਪਸ਼ੂਆਂ ਲਈ ਖੇਤਾਂ ਵਿੱਚ ਘਾਹ ਦਿਆਂਗਾ ਅਤੇ ਤੁਸੀਂ ਰੱਜ ਕੇ ਖਾਓਗੇ।
16 ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਤੁਸੀਂ ਹੋਰ ਦੇਵਤਿਆਂ ਦੀ ਉਪਾਸਨਾ ਕਰਨ ਅਤੇ ਉਹਨਾਂ ਨੂੰ ਮੱਥਾ ਟੇਕਣ ਲੱਗ ਜਾਓ। 17 ਤਦ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਅਕਾਸ਼ ਨੂੰ ਬੰਦ ਕਰ ਦੇਵੇਗਾ ਤਾਂ ਜੋ ਮੀਂਹ ਨਾ ਪਵੇ ਅਤੇ ਜ਼ਮੀਨ ਵਿੱਚ ਕੋਈ ਉਪਜ ਨਾ ਹੋਵੇ ਅਤੇ ਤੁਸੀਂ ਛੇਤੀ ਹੀ ਚੰਗੀ ਧਰਤੀ ਤੋਂ ਨਾਸ ਹੋ ਜਾਓਗੇ, ਜੋ ਯਾਹਵੇਹ ਤੁਹਾਨੂੰ ਦੇ ਰਿਹਾ ਹੈ। 18 ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਪੱਕਾ ਰੱਖੋ। ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ। 19 ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ। 20 ਉਹਨਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਚੁਗਾਠਾਂ ਉੱਤੇ ਲਿਖੋ। 21 ਤਾਂ ਜੋ ਤੁਹਾਡੇ ਦਿਨ ਅਤੇ ਤੁਹਾਡੇ ਬੱਚਿਆ ਦੇ ਦਿਨ ਉਸ ਧਰਤੀ ਉੱਤੇ ਬਹੁਤ ਹੋਣ ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਜਦ ਤੱਕ ਅਕਾਸ਼ ਅਤੇ ਧਰਤੀ ਬਣੀ ਰਹੇ ਤਦ ਤੱਕ ਉਹ ਵੀ ਬਣੇ ਰਹਿਣ।
22 ਜੇਕਰ ਤੁਸੀਂ ਇਨ੍ਹਾਂ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਕੇ ਪੂਰਾ ਕਰੋ, ਜੋ ਮੈਂ ਤੁਹਾਨੂੰ ਦੇ ਰਿਹਾ ਹਾਂ ਅਤੇ ਆਪਣੇ ਯਾਹਵੇਹ ਨੂੰ ਪਿਆਰ ਕਰੋ, ਉਸਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸਨੂੰ ਫੜੀ ਰੱਖੋ 23 ਯਾਹਵੇਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗੇ ਤੋਂ ਬਾਹਰ ਕੱਢ ਦੇਵੇਗਾ, ਅਤੇ ਤੁਸੀਂ ਆਪਣੇ ਨਾਲੋਂ ਵੱਡੀਆਂ ਅਤੇ ਤਾਕਤਵਰ ਕੌਮਾਂ ਉੱਤੇ ਕਬਜ਼ਾ ਕਰੋਗੇ। 24 ਹਰ ਉਹ ਥਾਂ ਜਿੱਥੇ ਤੁਹਾਡੇ ਪੈਰ ਰੱਖੇ ਜਾਣਗੇ ਤੁਹਾਡਾ ਹੋਵੇਗਾ, ਤੁਹਾਡਾ ਇਲਾਕਾ ਮਾਰੂਥਲ ਤੋਂ ਲੈ ਕੇ ਲਬਾਨੋਨ ਤੱਕ ਅਤੇ ਫ਼ਰਾਤ ਨਦੀ ਤੋਂ ਲੈ ਕੇ ਮਹਾ ਸਾਗਰ ਤੱਕ ਹੋਵੇਗਾ। 25 ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ। ਤੁਹਾਡਾ ਪਰਮੇਸ਼ਵਰ, ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਸਾਰੀ ਧਰਤੀ ਉੱਤੇ, ਜਿੱਥੇ ਵੀ ਤੁਸੀਂ ਜਾਵੋਂਗੇ, ਤੁਹਾਡੇ ਲਈ ਦਹਿਸ਼ਤ ਅਤੇ ਡਰ ਪਾ ਦੇਵੇਗਾ।
26 ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਇੱਕ ਬਰਕਤ ਅਤੇ ਸਰਾਪ ਰੱਖ ਰਿਹਾ ਹਾਂ, 27 ਜੇਕਰ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ, 28 ਸਰਾਪ ਹੈ ਜੇ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਅਤੇ ਉਸ ਰਾਹ ਤੋਂ ਮੁੜਦੇ ਹੋ ਜਿਸਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਹੋਰ ਦੇਵਤਿਆਂ ਦੇ ਪਿੱਛੇ ਲੱਗ ਕੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ। 29 ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਉੱਤੇ ਲੈ ਆਵੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ, ਤਾਂ ਤੁਸੀਂ ਬਰਕਤ ਗਰਿੱਜ਼ੀਮ ਪਹਾੜ ਉੱਤੇ ਅਤੇ ਸਰਾਪ ਏਬਾਲ ਪਹਾੜ ਉੱਤੇ ਘੋਸ਼ਣਾ ਕਰੀਓ। 30 ਜਿਵੇਂ ਤੁਸੀਂ ਜਾਣਦੇ ਹੋ, ਇਹ ਪਹਾੜ ਯਰਦਨ ਦੇ ਪਾਰ ਪੱਛਮ ਵੱਲ ਡੁੱਬਦੇ ਸੂਰਜ ਵੱਲ, ਮੋਰੇਹ ਦੇ ਵੱਡੇ ਰੁੱਖਾਂ ਦੇ ਕੋਲ ਗਿਲਗਾਲ ਦੇ ਨੇੜੇ ਅਰਾਬਾਹ ਵਿੱਚ ਰਹਿੰਦੇ ਕਨਾਨੀਆਂ ਦੇ ਇਲਾਕੇ ਵਿੱਚ ਹਨ। 31 ਤੁਸੀਂ ਯਰਦਨ ਪਾਰ ਕਰਨ ਵਾਲੇ ਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। ਜਦੋਂ ਤੁਸੀਂ ਇਸ ਉੱਤੇ ਕਬਜ਼ਾ ਕਰ ਲਵੋਂਗੇ ਅਤੇ ਉੱਥੇ ਵੱਸ ਜਾਓਗੇ, 32 ਤਾਂ ਤੁਸੀਂ ਉਹਨਾਂ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ।