Publicidade

Deuteronômio 5

ਦਸ ਹੁਕਮ

1 ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਬੁਲਾਇਆ ਅਤੇ ਆਖਿਆ:

ਹੇ ਇਸਰਾਏਲ, ਸੁਣੋ, ਜਿਹੜੇ ਫ਼ਰਮਾਨ ਅਤੇ ਬਿਧੀਆਂ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਉਹਨਾਂ ਨੂੰ ਸਿੱਖੋ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮੰਨੋ। 2 ਸਾਡੇ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਡੇ ਨਾਲ ਇੱਕ ਨੇਮ ਬੰਨ੍ਹਿਆ ਸੀ। 3 ਯਾਹਵੇਹ ਨੇ ਇਹ ਨੇਮ ਸਾਡੇ ਪੁਰਖਿਆਂ ਨਾਲ ਨਹੀਂ, ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜੋ ਅੱਜ ਇੱਥੇ ਜੀਉਂਦੇ ਹਾਂ। 4 ਯਾਹਵੇਹ ਨੇ ਪਹਾੜ ਉੱਤੇ ਅੱਗ ਵਿੱਚੋਂ ਤੁਹਾਡੇ ਨਾਲ ਆਹਮੋ-ਸਾਹਮਣੇ ਗੱਲ ਕੀਤੀ। 5 (ਉਸ ਸਮੇਂ ਮੈਂ ਯਾਹਵੇਹ ਦੇ ਅਤੇ ਤੁਹਾਡੇ ਵਿਚਕਾਰ ਖੜ੍ਹਾ ਸੀ ਤਾਂ ਜੋ ਤੁਹਾਨੂੰ ਯਾਹਵੇਹ ਦਾ ਬਚਨ ਸੁਣਾਉਂਦਾ ਕਿਉਂਕਿ ਤੁਸੀਂ ਅੱਗ ਤੋਂ ਡਰਦੇ ਸੀ ਅਤੇ ਪਹਾੜ ਉੱਤੇ ਨਹੀਂ ਚੜ੍ਹਦੇ ਸੀ।)

ਅਤੇ ਉਸ ਨੇ ਕਿਹਾ:

6 "ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਲਿਆਇਆ।

7 "ਮੇਰੇ ਤੋਂ ਇਲਾਵਾ ਤੁਹਾਡੇ ਲਈ ਕੋਈ ਹੋਰ ਦੇਵਤੇ ਨਾ ਹੋਣ।

8 ਤੁਸੀਂ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਉਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਜਿਹੜੀ ਧਰਤੀ ਦੇ ਹੇਠਲੇ ਪਾਣੀ ਵਿੱਚ ਹੈ। 9 ਤੁਸੀਂ ਉਹਨਾਂ ਦੇ ਅੱਗੇ ਮੱਥਾ ਨਾ ਟੇਕਣਾ ਅਤੇ ਨਾ ਹੀ ਉਹਨਾਂ ਦੀ ਪੂਜਾ ਕਰਨਾ ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ, ਇੱਕ ਅਣਖ ਵਾਲਾ ਪਰਮੇਸ਼ਵਰ ਹਾਂ, ਜਿਹੜਾ ਪੁਰਖਿਆਂ ਦੀ ਬੁਰਿਆਈ ਦੀ ਸਜ਼ਾ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ, 10 ਪਰ ਉਹਨਾਂ ਹਜ਼ਾਰਾਂ ਪੀੜ੍ਹੀਆਂ ਨੂੰ ਪਿਆਰ ਕਰਦਾ ਹਾਂ, ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰਦੇ ਹਨ।

11 ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਨਾਮ ਵਿਅਰਥ ਨਾ ਲੈਣਾ ਕਿਉਂਕਿ ਜੋ ਕੋਈ ਉਸਦਾ ਨਾਮ ਵਿਅਰਥ ਲੈਂਦਾ ਹੈ, ਯਾਹਵੇਹ ਉਸਨੂੰ ਨਿਰਦੋਸ਼ ਨਾ ਠਹਿਰਾਵੇਗਾ।

12 ਸਬਤ ਦੇ ਦਿਨ ਨੂੰ ਪਵਿੱਤਰ ਸਮਝ ਕੇ ਯਾਦ ਰੱਖ, ਜਿਵੇਂ ਕਿ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਹੁਕਮ ਦਿੱਤਾ ਹੈ। 13 ਛੇ ਦਿਨ ਤੁਸੀਂ ਮਿਹਨਤ ਕਰੋ ਅਤੇ ਆਪਣਾ ਸਾਰਾ ਕੰਮ ਕਰੋ, 14 ਪਰ ਸੱਤਵਾਂ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਸਬਤ ਦਾ ਦਿਨ ਹੈ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ, ਨਾ ਤੁਸੀਂ, ਨਾ ਤੁਹਾਡੇ ਪੁੱਤਰ, ਨਾ ਤੁਹਾਡੀ ਧੀ, ਨਾ ਤੁਹਾਡੇ ਦਾਸ ਨਾ ਦਾਸੀ, ਨਾ ਤੁਹਾਡੇ ਬਲਦ, ਨਾ ਤੁਹਾਡਾ ਗਧਾ, ਨਾ ਕੋਈ ਪਸ਼ੂ, ਨਾ ਕੋਈ ਪਰਦੇਸੀ ਜੋ ਤੁਹਾਡੇ ਨਗਰਾਂ ਵਿੱਚ ਵੱਸਦਾ ਹੈ, ਜਿਸ ਨਾਲ ਤੇਰਾ ਦਾਸ ਅਤੇ ਤੇਰੀ ਦਾਸੀ ਵੀ ਤੇਰੇ ਵਾਂਗੂੰ ਅਰਾਮ ਕਰਨ। 15 ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗ਼ੁਲਾਮ ਸੀ ਅਤੇ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਇੱਕ ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਤੁਹਾਨੂੰ ਉੱਥੋਂ ਬਾਹਰ ਲਿਆਂਦਾ ਸੀ, ਇਸ ਲਈ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਸਬਤ ਦਾ ਦਿਨ ਮਨਾਉਣ ਦਾ ਹੁਕਮ ਦਿੱਤਾ ਹੈ।

16 ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਸਤਿਕਾਰ ਕਰ, ਜਿਵੇਂ ਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਹੁਕਮ ਦਿੱਤਾ ਹੈ, ਤਾਂ ਜੋ ਤੁਸੀਂ ਧਰਤੀ ਉੱਤੇ ਲੰਮੀ ਉਮਰ ਜੀਓ ਅਤੇ ਯਾਹਵੇਹ ਦੇ ਦੇਸ਼ ਵਿੱਚ ਤੁਹਾਡਾ ਭਲਾ ਹੋਵੇ, ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।

17 ਤੂੰ ਕਤਲ ਨਾ ਕਰਨਾ।

18 ਤੂੰ ਵਿਭਚਾਰ ਨਾ ਕਰਨਾ।

19 ਤੂੰ ਚੋਰੀ ਨਾ ਕਰ।

20 ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ।

21 ਤੂੰ ਆਪਣੇ ਗੁਆਂਢੀ ਦੀ ਪਤਨੀ ਦਾ ਲਾਲਚ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਜਾਂ ਜ਼ਮੀਨ, ਉਸ ਦੇ ਨੌਕਰ ਜਾਂ ਨੌਕਰਾਨੀ, ਉਸ ਦੇ ਬਲਦ ਜਾਂ ਗਧੇ ਜਾਂ ਤੂੰ ਗੁਆਂਢੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰਨਾ।"

22 ਇਹ ਉਹ ਹੁਕਮ ਹਨ ਜੋ ਯਾਹਵੇਹ ਨੇ ਤੁਹਾਡੀ ਸਾਰੀ ਸਭਾ ਨੂੰ ਉੱਥੇ ਅੱਗ, ਬੱਦਲ ਅਤੇ ਕਾਲੀਆਂ ਘਟਾਂ ਦੇ ਵਿੱਚੋਂ ਪਹਾੜ ਉੱਤੇ ਉੱਚੀ ਆਵਾਜ਼ ਨਾਲ ਆਖੇ ਸਨ ਅਤੇ ਹੋਰ ਕੁਝ ਨਾ ਆਖਿਆ ਪਰ ਉਸ ਨੇ ਉਹਨਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤਾ।

23 ਜਦੋਂ ਤੁਸੀਂ ਹਨੇਰੇ ਵਿੱਚੋਂ ਆਵਾਜ਼ ਸੁਣੀ, ਜਦੋਂ ਪਹਾੜ ਅੱਗ ਨਾਲ ਬਲ ਰਿਹਾ ਸੀ, ਤਾਂ ਤੁਹਾਡੇ ਸਾਰੇ ਗੋਤਾਂ ਦੇ ਆਗੂ ਅਤੇ ਤੁਹਾਡੇ ਬਜ਼ੁਰਗ ਮੇਰੇ ਕੋਲ ਆਏ। 24 ਅਤੇ ਤੁਸੀਂ ਕਿਹਾ ਸੀ, "ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਆਪਣੀ ਮਹਿਮਾ ਅਤੇ ਆਪਣੀ ਵਡਿਆਈ ਵਿਖਾਈ ਹੈ, ਅਤੇ ਅਸੀਂ ਅੱਗ ਵਿੱਚੋਂ ਉਸਦੀ ਆਵਾਜ਼ ਸੁਣੀ ਹੈ। ਅੱਜ ਅਸੀਂ ਦੇਖਿਆ ਹੈ ਕਿ ਜੇਕਰ ਕੋਈ ਵਿਅਕਤੀ ਪਰਮੇਸ਼ਵਰ ਨਾਲ ਗੱਲ ਕਰਦਾ ਹੈ ਤਾਂ ਵੀ ਉਹ ਜਿਉਂਦਾ ਰਹਿੰਦਾ ਹੈ। 25 ਪਰ ਹੁਣ ਅਸੀਂ ਕਿਉਂ ਮਰੀਏ? ਇਹ ਮਹਾਨ ਅੱਗ ਸਾਨੂੰ ਭਸਮ ਕਰ ਦੇਵੇਗੀ, ਅਤੇ ਅਸੀਂ ਮਰ ਜਾਵਾਂਗੇ ਜੇਕਰ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਾਂ। 26 ਕਿਉਂ ਜੋ ਸਾਰੇ ਪ੍ਰਾਣੀਆਂ ਵਿੱਚੋਂ ਕਿਹੜਾ ਹੈ, ਜਿਸ ਨੇ ਜੀਉਂਦੇ ਪਰਮੇਸ਼ਵਰ ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਬੋਲਦੇ ਹੋਏ ਸੁਣੀ ਹੋਵੇ, ਜਿਵੇਂ ਅਸੀਂ ਸੁਣੀ ਹੈ ਅਤੇ ਜੀਉਂਦਾ ਰਿਹਾ ਹੋਵੇ? 27 ਨੇੜੇ ਜਾ ਕੇ ਉਹ ਸਾਰੀਆਂ ਗੱਲਾਂ ਸੁਣ ਜਿਹੜੀਆਂ ਯਾਹਵੇਹ ਸਾਡਾ ਪਰਮੇਸ਼ਵਰ ਆਖਦਾ ਹੈ ਅਤੇ ਫਿਰ ਸਾਨੂੰ ਦੱਸ ਤਾਂ ਜੋ ਵੀ ਯਾਹਵੇਹ ਸਾਡਾ ਪਰਮੇਸ਼ਵਰ ਤੁਹਾਨੂੰ ਦੱਸਦਾ ਹੈ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ।"

28 ਜਦੋਂ ਤੁਸੀਂ ਮੇਰੇ ਨਾਲ ਗੱਲ ਕੀਤੀ ਤਾਂ ਯਾਹਵੇਹ ਨੇ ਤੁਹਾਨੂੰ ਸੁਣਿਆ, ਅਤੇ ਯਾਹਵੇਹ ਨੇ ਮੈਨੂੰ ਕਿਹਾ, "ਮੈਂ ਸੁਣਿਆ ਹੈ ਕਿ ਇਨ੍ਹਾਂ ਲੋਕਾਂ ਨੇ ਤੁਹਾਨੂੰ ਕੀ ਕਿਹਾ ਸੀ। ਉਹਨਾਂ ਨੇ ਜੋ ਕਿਹਾ ਉਹ ਸਭ ਚੰਗਾ ਸੀ। 29 ਭਈ ਉਹਨਾਂ ਦੇ ਮਨ ਮੇਰੇ ਤੋਂ ਡਰਨ ਅਤੇ ਮੇਰੇ ਸਾਰੇ ਹੁਕਮਾਂ ਨੂੰ ਸਦਾ ਮੰਨਣ, ਤਾਂ ਜੋ ਉਹਨਾਂ ਦਾ ਅਤੇ ਉਹਨਾਂ ਦੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ!

30 "ਜਾਓ, ਉਹਨਾਂ ਨੂੰ ਆਪਣੇ ਤੰਬੂਆਂ ਵਿੱਚ ਵਾਪਸ ਜਾਣ ਲਈ ਆਖੋ। 31 ਪਰ ਤੁਸੀਂ ਇੱਥੇ ਮੇਰੇ ਨਾਲ ਰਹੋ ਤਾਂ ਜੋ ਮੈਂ ਤੁਹਾਨੂੰ ਉਹ ਸਾਰੇ ਹੁਕਮ, ਬਿਧੀਆਂ ਅਤੇ ਕਾਨੂੰਨ ਦੇ ਸਕਾਂ ਜੋ ਤੁਸੀਂ ਉਹਨਾਂ ਨੂੰ ਸਿਖਾਉਣੇ ਹਨ ਤਾਂ ਜੋ ਉਹ ਉਹਨਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰਨ ਜੋ ਮੈਂ ਉਹਨਾਂ ਨੂੰ ਅਧਿਕਾਰ ਕਰਨ ਲਈ ਦਿੰਦਾ ਹਾਂ।"

32 ਇਸ ਲਈ ਧਿਆਨ ਰੱਖੋ ਕਿ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਕੀ ਕਰਨ ਦਾ ਹੁਕਮ ਦਿੱਤਾ ਹੈ। ਤੁਸੀਂ ਨਾ ਤਾਂ ਸੱਜੇ ਨਾ ਖੱਬੇ ਪਾਸੇ ਵੱਲ ਮੁੜੋ। 33 ਤੁਸੀਂ ਸਿਰਫ ਉਸ ਰਾਹ ਉੱਤੇ ਚੱਲੋ ਜਿਹੜਾ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਵਿਖਾਇਆ ਹੈ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਤੁਹਾਡਾ ਭਲਾ ਹੋਵੇ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋ ਜਿਸ ਉੱਤੇ ਤੁਸੀਂ ਕਬਜ਼ਾ ਕਰੋਗੇ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-