Publicidade

Deuteronômio 21

ਇੱਕ ਅਣ-ਸੁਲਝੇ ਕਤਲ ਦਾ ਪ੍ਰਾਸਚਿਤ

1 ਜੇਕਰ ਉਸ ਦੇਸ਼ ਵਿੱਚ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ, ਖੇਤ ਵਿੱਚ ਕੋਈ ਲਾਸ਼ ਪਈ ਹੋਈ ਲੱਭੇ ਅਤੇ ਇਹ ਪਤਾ ਨਾ ਲੱਗੇ ਜੋ ਉਸਨੂੰ ਕਿਸ ਨੇ ਮਾਰਿਆ ਹੈ, 2 ਤੁਹਾਡੇ ਬਜ਼ੁਰਗਾਂ ਅਤੇ ਨਿਆਂਈਆਂ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਉਸ ਲਾਸ਼ ਦੇ ਆਲੇ-ਦੁਆਲੇ ਸ਼ਹਿਰਾਂ ਦੀ ਦੂਰੀ ਨੂੰ ਮਾਪਣ। 3 ਤਦ ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਹੋਵੇ, ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਜਿਸ ਨੇ ਜੂਲੇ ਹੇਠ ਕੁਝ ਨਾ ਖਿੱਚਿਆ ਹੋਵੇ। 4 ਅਤੇ ਉਸ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜੋ ਨਾ ਵਾਹੀ ਗਈ ਨਾ ਬੀਜੀ ਗਈ ਹੋਵੇ ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ। 5 ਫਿਰ ਲੇਵੀ ਜਾਜਕ ਅੱਗੇ ਵਧਣ ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਸੇਵਾ ਕਰਨ ਅਤੇ ਯਾਹਵੇਹ ਦੇ ਨਾਮ ਉੱਤੇ ਅਸੀਸ ਦੇਣ ਲਈ ਅਤੇ ਝਗੜੇ ਅਤੇ ਹਮਲੇ ਦੇ ਸਾਰੇ ਮਾਮਲਿਆਂ ਦਾ ਫੈਸਲਾ ਕਰਨ ਲਈ ਚੁਣਿਆ ਹੈ। 6 ਤਦ ਲਾਸ਼ ਦੇ ਨੇੜੇ ਦੇ ਸ਼ਹਿਰ ਦੇ ਸਾਰੇ ਬਜ਼ੁਰਗ ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਹ ਦੀ ਧੌਣ ਵਾਦੀ ਵਿੱਚ ਤੋੜੀ ਗਈ ਹੈ। 7 ਅਤੇ ਉਹ ਐਲਾਨ ਕਰਨਗੇ, "ਸਾਡੇ ਹੱਥਾਂ ਨੇ ਇਹ ਲਹੂ ਨਹੀਂ ਵਹਾਇਆ ਅਤੇ ਨਾ ਹੀ ਸਾਡੀਆਂ ਅੱਖਾਂ ਨੇ ਇਹ ਹੁੰਦਾ ਵੇਖਿਆ ਹੈ। 8 ਹੇ ਯਾਹਵੇਹ, ਆਪਣੀ ਪਰਜਾ ਇਸਰਾਏਲ ਦੇ ਲਈ ਇਹ ਮਾਫ਼ੀ ਕਬੂਲ ਕਰੋ, ਜਿਨ੍ਹਾਂ ਨੂੰ ਤੂੰ ਛੁਡਾਇਆ ਹੈ, ਅਤੇ ਆਪਣੇ ਲੋਕਾਂ ਨੂੰ ਕਿਸੇ ਨਿਰਦੋਸ਼ ਦੇ ਖੂਨ ਦਾ ਦੋਸ਼ੀ ਨਾ ਠਹਿਰਾਓ।" ਤਦ ਉਹ ਖੂਨ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ। 9 ਇਸ ਤਰ੍ਹਾਂ ਕਰਨ ਨਾਲ ਤੁਸੀਂ ਨਿਰਦੋਸ਼ਾਂ ਦਾ ਖੂਨ ਵਹਾਉਣ ਦੇ ਦੋਸ਼ ਨੂੰ ਆਪਣੇ ਆਪ ਤੋਂ ਸ਼ੁੱਧ ਕਰ ਲਓਗੇ ਕਿਉਂਕਿ ਤੁਸੀਂ ਉਹ ਕੀਤਾ ਹੈ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਹੈ।

ਇੱਕ ਕੈਦੀ ਔਰਤ ਨਾਲ ਵਿਆਹ ਕਰਨਾ

10 ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਜਾਓ ਅਤੇ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਅਤੇ ਤੁਸੀਂ ਉਹਨਾਂ ਨੂੰ ਬੰਦੀ ਬਣਾ ਲੈ ਆਓ, 11 ਜੇਕਰ ਬੰਦੀਆਂ ਵਿੱਚ ਇੱਕ ਸੁੰਦਰ ਔਰਤ ਵੇਖਦੇ ਹੋ ਅਤੇ ਉਸ ਵੱਲ ਖਿੱਚੇ ਜਾਂਦੇ ਹੋ, ਤੁਸੀਂ ਉਸਨੂੰ ਆਪਣੀ ਪਤਨੀ ਵਜੋਂ ਲੈ ਸਕਦੇ ਹੋ। 12 ਉਸ ਨੂੰ ਆਪਣੇ ਘਰ ਲਿਆਓ ਅਤੇ ਉਹ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ, 13 ਅਤੇ ਉਹ ਬੰਦੀਆਂ ਵਾਲੇ ਕੱਪੜੇ ਲਾ ਦੇਵੇ ਜੋ ਉਸ ਨੇ ਫੜੇ ਜਾਣ ਵੇਲੇ ਪਾਏ ਸਨ। ਜਦੋਂ ਉਹ ਤੇਰੇ ਘਰ ਵਿੱਚ ਰਹਿੰਦੀ ਹੈ ਅਤੇ ਪੂਰੇ ਇੱਕ ਮਹੀਨੇ ਤੱਕ ਆਪਣੇ ਮਾਤਾ-ਪਿਤਾ ਦਾ ਸੋਗ ਕਰਦੀ ਰਹੇ, ਤਦ ਤੂੰ ਉਹ ਦੇ ਕੋਲ ਜਾ ਕੇ ਉਸਦਾ ਪਤੀ ਬਣ ਸਕਦਾ ਹੈ ਅਤੇ ਉਹ ਤੇਰੀ ਪਤਨੀ ਹੋਵੇਗੀ। 14 ਜੇਕਰ ਤੂੰ ਉਸ ਨਾਲ ਖੁਸ਼ ਨਾ ਹੋਵੇ ਤਾਂ ਉਸ ਨੂੰ ਜਿੱਥੇ ਚਾਹੇ ਜਾਣ ਦੇਵੀਂ। ਤੂੰ ਉਸ ਨੂੰ ਕਦੇ ਨਾ ਵੇਚੀ ਅਤੇ ਉਸਦੇ ਨਾਲ ਇੱਕ ਗੁਲਾਮ ਵਾਂਗ ਪੇਸ਼ ਨਾ ਆਵੀ, ਕਿਉਂਕਿ ਤੂੰ ਜੋ ਪਹਿਲਾ ਉਸਦੀ ਬੇਇੱਜ਼ਤੀ ਕੀਤੀ ਹੈ।

ਜੇਠੇ ਦਾ ਅਧਿਕਾਰ

15 ਜੇ ਕਿਸੇ ਮਨੁੱਖ ਦੀਆਂ ਦੋ ਪਤਨੀਆਂ ਹਨ ਅਤੇ ਉਹ ਇੱਕ ਨੂੰ ਪਿਆਰ ਕਰਦਾ ਹੋਵੇ ਪਰ ਦੂਜੀ ਨੂੰ ਨਹੀਂ ਅਤੇ ਦੋਵੇਂ ਉਸ ਲਈ ਪੁੱਤਰ ਪੈਦਾ ਕਰਦੀਆਂ ਹਨ ਪਰ ਜੇਠਾ ਪੁੱਤਰ ਉਸ ਪਤਨੀ ਦਾ ਹੋਵੇ ਜਿਸ ਨੂੰ ਉਹ ਪਿਆਰ ਨਹੀਂ ਕਰਦਾ, 16 ਜਦੋਂ ਉਹ ਆਪਣੀ ਜਾਇਦਾਦ ਆਪਣੇ ਪੁੱਤਰਾਂ ਨੂੰ ਵੰਡੇ। ਤਾਂ ਉਹ ਪਿਆਰੀ ਦੇ ਪੁੱਤਰ ਨੂੰ ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ 17 ਉਸ ਨੂੰ ਆਪਣੀ ਘਿਣਾਉਣੀ ਪਤਨੀ ਦੇ ਪੁੱਤਰ ਨੂੰ ਆਪਣੇ ਸਭ ਕੁਝ ਦਾ ਦੁੱਗਣਾ ਹਿੱਸਾ ਦੇ ਕੇ ਉਸਨੂੰ ਪਹਿਲੌਠਾ ਮੰਨਣਾ ਚਾਹੀਦਾ ਹੈ। ਉਹ ਪੁੱਤਰ ਆਪਣੇ ਪਿਤਾ ਦੀ ਤਾਕਤ ਦੀ ਪਹਿਲੀ ਨਿਸ਼ਾਨੀ ਹੈ। ਪਹਿਲੌਠੇ ਦਾ ਹੱਕ ਉਸ ਦਾ ਹੀ ਹੈ।

ਇੱਕ ਬਾਗ਼ੀ ਪੁੱਤਰ

18 ਜੇ ਕਿਸੇ ਦਾ ਇੱਕ ਜ਼ਿੱਦੀ ਅਤੇ ਬਾਗ਼ੀ ਪੁੱਤਰ ਹੋਵੇ ਜੋ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ ਅਤੇ ਜਦੋਂ ਉਹ ਉਸ ਨੂੰ ਅਨੁਸ਼ਾਸਨ ਦਿੰਦੇ ਹਨ ਤਾਂ ਉਹਨਾਂ ਦੀ ਗੱਲ ਨਹੀਂ ਸੁਣਦਾ, 19 ਉਸ ਦੇ ਪਿਤਾ ਅਤੇ ਮਾਤਾ ਉਸ ਨੂੰ ਫੜ ਕੇ ਉਸਨੂੰ ਸ਼ਹਿਰ ਦੇ ਬਜ਼ੁਰਗਾਂ ਕੋਲ, ਸ਼ਹਿਰ ਦੇ ਫਾਟਕ ਉੱਤੇ ਲੈ ਜਾਣ। 20 ਉਹ ਬਜ਼ੁਰਗਾਂ ਨੂੰ ਆਖਣਗੇ, "ਸਾਡਾ ਇਹ ਪੁੱਤਰ ਜ਼ਿੱਦੀ ਅਤੇ ਬਾਗ਼ੀ ਹੈ। ਉਹ ਸਾਡੀ ਗੱਲ ਨਹੀਂ ਮੰਨਦਾ। ਉਹ ਪੇਟੂ ਅਤੇ ਸ਼ਰਾਬੀ ਹੈ।" 21 ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਨੂੰ ਪੱਥਰਾਂ ਨਾਲ ਮਾਰ ਦੇਣ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ। ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਅਤੇ ਡਰ ਜਾਵੇਗਾ।

ਵੱਖੋ-ਵੱਖਰੇ ਕਾਨੂੰਨ

22 ਜੇਕਰ ਕਿਸੇ ਵਿਅਕਤੀ ਨੇ ਅਜਿਹਾ ਪਾਪ ਕੀਤਾ ਹੋਵੇ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ ਅਤੇ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਤੁਸੀਂ ਉਸ ਨੂੰ ਰੁੱਖ ਉੱਤੇ ਟੰਗ ਦਿਓ, 23 ਤਾਂ ਤੁਸੀਂ ਰਾਤ ਭਰ ਲਾਸ਼ ਨੂੰ ਰੁੱਖ ਉੱਤੇ ਲਟਕਾਇਆ ਹੋਇਆ ਨਾ ਛੱਡਣਾ। ਉਸੇ ਦਿਨ ਇਸ ਨੂੰ ਦਫ਼ਨਾ ਦਿਓ, ਕਿਉਂਕਿ ਕੋਈ ਵੀ ਜਿਹੜਾ ਰੁੱਖ ਉੱਤੇ ਟੰਗਿਆ ਗਿਆ ਹੈ ਉਹ ਪਰਮੇਸ਼ਵਰ ਦੇ ਸਰਾਪ ਦੇ ਅਧੀਨ ਹੈ। ਤੁਹਾਨੂੰ ਉਸ ਧਰਤੀ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-