Publicidade

Deuteronômio 3

ਬਾਸ਼ਾਨ ਦੇ ਰਾਜੇ ਓਗ ਦੀ ਹਾਰ

1 ਫੇਰ ਅਸੀਂ ਮੁੜੇ ਅਤੇ ਬਾਸ਼ਾਨ ਦੇ ਰਾਹ ਉੱਤੇ ਚੜ੍ਹ ਗਏ ਅਤੇ ਬਾਸ਼ਾਨ ਦਾ ਰਾਜਾ ਓਗ ਉਸਦੀ ਸਾਰੀ ਸੈਨਾਂ ਸਣੇ ਸਾਡੇ ਨਾਲ ਯੁੱਧ ਕਰਨ ਲਈ ਅਦਰਈ ਵਿੱਚ ਪਹੁੰਚਿਆ। 2 ਯਾਹਵੇਹ ਨੇ ਮੈਨੂੰ ਆਖਿਆ, "ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸਨੂੰ ਉਸਦੀ ਸਾਰੀ ਸੈਨਾ ਅਤੇ ਉਸਦੀ ਧਰਤੀ ਸਮੇਤ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਸ ਨਾਲ ਉਹੀ ਕਰੋ ਜੋ ਤੁਸੀਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ।"

3 ਸੋ ਸਾਡੇ ਪਰਮੇਸ਼ਵਰ ਨੇ ਬਾਸ਼ਾਨ ਦੇ ਰਾਜਾ ਓਗ ਅਤੇ ਉਸ ਦੀ ਸਾਰੀ ਫ਼ੌਜ ਨੂੰ ਵੀ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਹਨਾਂ ਨੂੰ ਮਾਰ ਦਿੱਤਾ, ਕੋਈ ਵੀ ਉਹਨਾਂ ਵਿੱਚੋਂ ਨਹੀਂ ਬਚਿਆ। 4 ਉਸ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ, ਉਹਨਾਂ ਸੱਠ ਸ਼ਹਿਰਾਂ ਵਿੱਚੋਂ ਇੱਕ ਵੀ ਅਜਿਹਾ ਨਹੀਂ ਸੀ ਜੋ ਅਸੀਂ ਉਹਨਾਂ ਤੋਂ ਨਹੀਂ ਲਿਆ ਸੀ ਅਤੇ ਅਰਗੋਬ ਦਾ ਸਾਰਾ ਇਲਾਕਾ, ਬਾਸ਼ਾਨ ਵਿੱਚ ਓਗ ਦਾ ਰਾਜ। 5 ਇਹ ਸਾਰੇ ਸ਼ਹਿਰ ਉੱਚੀਆਂ-ਉੱਚੀਆਂ ਸ਼ਹਿਰਪਨਾਹ ਅਤੇ ਦਰਵਾਜ਼ਿਆਂ ਅਤੇ ਫਾਟਕ ਨਾਲ ਮਜ਼ਬੂਤ ਸਨ ਅਤੇ ਬਹੁਤ ਸਾਰੇ ਅਣਗਿਣਤ ਪਿੰਡ ਵੀ ਸਨ ਜਿਨ੍ਹਾਂ ਦੀ ਸ਼ਹਿਰਪਨਾਹ ਨਹੀਂ ਸੀ। 6 ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਅਸੀਂ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਨਾਲ ਕੀਤਾ ਸੀ ਅਤੇ ਹਰ ਸ਼ਹਿਰ ਨੂੰ ਤਬਾਹ ਕਰ ਦਿੱਤਾ, ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਵੀ। 7 ਪਰ ਸਾਰੇ ਪਸ਼ੂ ਧਨ ਅਤੇ ਉਹਨਾਂ ਦੇ ਸ਼ਹਿਰਾਂ ਵਿੱਚੋਂ ਲੁੱਟ ਅਸੀਂ ਆਪਣੇ ਲਈ ਲੈ ਗਏ।

8 ਸੋ ਉਸ ਵੇਲੇ ਅਸੀਂ ਅਮੋਰੀਆਂ ਦੇ ਇਨ੍ਹਾਂ ਦੋਹਾਂ ਰਾਜਿਆਂ ਤੋਂ ਯਰਦਨ ਦੇ ਪੂਰਬ ਵੱਲ ਅਰਨੋਨ ਦੀ ਖੱਡ ਤੋਂ ਲੈ ਕੇ ਹਰਮੋਨ ਪਰਬਤ ਤੱਕ ਦਾ ਇਲਾਕਾ ਲੈ ਲਿਆ। 9 (ਹਰਮੋਨ ਨੂੰ ਸੀਦੋਨੀਆਂ ਦੁਆਰਾ ਸੀਰੀਓਨ ਕਿਹਾ ਜਾਂਦਾ ਹੈ, ਅਮੋਰੀ ਇਸ ਨੂੰ ਸਨੀਰ ਕਹਿੰਦੇ ਹਨ।) 10 ਅਸੀਂ ਪਠਾਰ ਦੇ ਸਾਰੇ ਕਸਬੇ ਅਤੇ ਸਾਰੇ ਗਿਲਆਦ ਅਤੇ ਸਾਰੇ ਬਾਸ਼ਾਨ ਨੂੰ ਸਲੇਕਾਹ ਅਤੇ ਅਦਰਈ ਤੱਕ, ਓਗ ਦੇ ਰਾਜ ਦੇ ਕਸਬਿਆਂ ਤੱਕ ਲੈ ਲਿਆ। 11 (ਬਾਸ਼ਾਨ ਦਾ ਰਾਜਾ ਓਗ ਰਫ਼ਾਈ ਲੋਕਾਂ ਵਿੱਚੋਂ ਆਖਰੀ ਸੀ। ਉਸ ਦਾ ਬਿਸਤਰਾ ਲੋਹੇ ਨਾਲ ਸਜਾਇਆ ਗਿਆ ਸੀ ਅਤੇ ਉਹ ਨੌਂ ਹੱਥਾਂ ਤੋਂ ਵੱਧ ਲੰਬਾ ਅਤੇ ਚਾਰ ਹੱਥ ਚੌੜਾ ਸੀ। ਇਹ ਅਜੇ ਵੀ ਅੰਮੋਨੀਆਂ ਦੇ ਰਬਾਹ ਵਿੱਚ ਹੈ।)

ਦੇਸ਼ ਦੀ ਵੰਡ

12 ਉਸ ਧਰਤੀ ਵਿੱਚੋਂ ਜੋ ਅਸੀਂ ਉਸ ਵੇਲੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਅਰਨੋਨ ਘਾਟੀ ਦੇ ਕੋਲ ਅਰੋਏਰ ਦੇ ਉੱਤਰ ਵੱਲ, ਗਿਲਆਦ ਦੇ ਅੱਧੇ ਪਹਾੜੀ ਦੇਸ਼ ਸਮੇਤ, ਉਸ ਦੇ ਨਗਰਾਂ ਸਮੇਤ ਦੇ ਦਿੱਤਾ। 13 ਬਾਕੀ ਗਿਲਆਦ ਅਤੇ ਸਾਰਾ ਬਾਸ਼ਾਨ, ਓਗ ਦਾ ਰਾਜ, ਮੈਂ ਮਨੱਸ਼ੇਹ ਦੇ ਅੱਧੇ ਗੋਤ ਨੂੰ ਦੇ ਦਿੱਤਾ। (ਬਾਸ਼ਾਨ ਵਿੱਚ ਅਰਗੋਬ ਦਾ ਸਾਰਾ ਇਲਾਕਾ ਰਫ਼ਾਈ ਲੋਕਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ। 14 ਮਨੱਸ਼ੇਹ ਦੇ ਉੱਤਰਾਧਿਕਾਰੀ ਯਾਈਰ ਨੇ ਅਰਗੋਬ ਦੇ ਸਾਰੇ ਇਲਾਕੇ ਨੂੰ ਗੇਸ਼ੂਰੀਆਂ ਅਤੇ ਮਕਾਹਥੀਆਂ ਦੀ ਸਰਹੱਦ ਤੱਕ ਲੈ ਲਿਆ, ਇਸ ਦਾ ਨਾਮ ਸੀ। ਉਸ ਤੋਂ ਬਾਅਦ, ਤਾਂ ਜੋ ਅੱਜ ਤੱਕ ਬਾਸ਼ਾਨ ਨੂੰ ਹਵਵੋਥ ਯਾਈਰ ਕਿਹਾ ਜਾਂਦਾ ਹੈ।) 15 ਅਤੇ ਮੈਂ ਮਾਕੀਰ ਗਿਲਆਦ ਨੂੰ ਦੇ ਦਿੱਤਾ। 16 ਪਰ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਅਰਨੋਨ ਦੀ ਖੱਡ (ਨਾਲੇ ਦੇ ਵਿਚਕਾਰ ਦੀ ਸਰਹੱਦ ਹੈ) ਤੱਕ ਅਤੇ ਯਬੋਕ ਨਦੀ ਤੱਕ, ਜੋ ਅੰਮੋਨੀਆਂ ਦੀ ਸਰਹੱਦ ਦਾ ਇਲਾਕਾ ਦਿੱਤਾ ਹੈ। 17 ਉਸ ਦੀ ਪੱਛਮੀ ਹੱਦ ਅਰਾਬਾਹ ਵਿੱਚ ਯਰਦਨ ਸੀ, ਪਿਸਗਾਹ ਦੀ ਢਾਲ਼ ਦੇ ਹੇਠਾਂ ਕਿਨਰੇਥ ਤੋਂ ਅਰਬਾਹ ਦੇ ਸਾਗਰ ਅਰਥਾਤ ਮਰਿਆ ਸਾਗਰ ਤੱਕ।

18 ਉਸ ਸਮੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ, "ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਇਹ ਧਰਤੀ ਇਸ ਉੱਤੇ ਕਬਜ਼ਾ ਕਰਨ ਲਈ ਦਿੱਤੀ ਹੈ, ਪਰ ਤੁਹਾਡੇ ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ ਪਾਰ ਲੰਘਣ। 19 ਪਰ ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਸ਼ੂ (ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਸਾਰੇ ਪਸ਼ੂ ਹਨ) ਉਹ ਨਗਰਾਂ ਵਿੱਚ ਰਹਿ ਸਕਦੇ ਹਨ ਜੋ ਮੈਂ ਤੁਹਾਨੂੰ ਦਿੱਤੇ ਹਨ, 20 ਜਦੋਂ ਤੱਕ ਕਿ ਯਾਹਵੇਹ ਤੁਹਾਡੇ ਇਸਰਾਏਲੀਆਂ ਭਰਾਵਾਂ ਨੂੰ ਅਰਾਮ ਨਹੀਂ ਦੇ ਦਿੰਦਾ, ਜਿਵੇਂ ਉਸਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਧਰਤੀ ਨੂੰ ਅਧਿਕਾਰ ਵਿੱਚ ਨਾ ਕਰ ਲੈਣ, ਜਿਹੜੀ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ ਫਿਰ ਤੁਸੀਂ ਆਪਣੀ ਨਿੱਜੀ ਭੂਮੀ ਨੂੰ ਮੁੜ ਜਾਣਾ, ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।"

ਮੋਸ਼ੇਹ ਨੂੰ ਯਰਦਨ ਪਾਰ ਕਰਨ ਦੀ ਮਨਾਹੀ

21 ਉਸ ਸਮੇਂ ਮੈਂ ਯੇਹੋਸ਼ੁਆ ਨੂੰ ਹੁਕਮ ਦਿੱਤਾ, "ਤੂੰ ਆਪਣੀਆਂ ਅੱਖਾਂ ਨਾਲ ਉਹ ਸਭ ਕੁਝ ਦੇਖਿਆ ਹੈ ਜੋ ਤੁਹਾਡੇ ਪਰਮੇਸ਼ਵਰ ਨੇ ਇਨ੍ਹਾਂ ਦੋਹਾਂ ਰਾਜਿਆਂ ਨਾਲ ਕੀਤਾ ਹੈ। ਅਜਿਹਾ ਹੀ ਯਾਹਵੇਹ ਸਾਰੇ ਰਾਜਾਂ ਨਾਲ ਕਰੇਗਾ, ਜਿੱਥੋਂ ਹੋ ਕੇ ਤੂੰ ਪਾਰ ਲੰਘੇਗਾ। 22 ਉਹਨਾਂ ਤੋਂ ਨਾ ਡਰੋ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਖੁਦ ਤੁਹਾਡੇ ਲਈ ਲੜੇਗਾ।"

23 ਉਸ ਸਮੇਂ ਮੈਂ ਯਾਹਵੇਹ ਅੱਗੇ ਬੇਨਤੀ ਕੀਤੀ ਕਿ 24 "ਹੇ ਪ੍ਰਭੂ, ਯਾਹਵੇਹ, ਤੂੰ ਆਪਣੇ ਸੇਵਕ ਉੱਤੇ ਆਪਣੀ ਮਹਾਨਤਾ ਅਤੇ ਆਪਣਾ ਮਜ਼ਬੂਤ ਹੱਥ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂ ਜੋ ਸਵਰਗ ਜਾਂ ਧਰਤੀ ਉੱਤੇ ਅਜਿਹਾ ਕਿਹੜਾ ਦੇਵਤਾ ਹੈ ਜੋ ਉਹ ਕੰਮ ਕਰ ਸਕਦਾ ਹੈ ਜੋ ਤੁਸੀਂ ਕਰਦੇ ਹੋ? 25 ਮੈਨੂੰ ਜਾਣ ਦਿਓ ਅਤੇ ਯਰਦਨ ਦੇ ਪਾਰ ਚੰਗੀ ਧਰਤੀ ਨੂੰ ਵੇਖਣ ਦਿਓ, ਉਹ ਵਧੀਆ ਪਹਾੜੀ ਦੇਸ਼ ਅਤੇ ਲਬਾਨੋਨ।"

26 ਪਰ ਤੁਹਾਡੇ ਕਾਰਨ ਯਾਹਵੇਹ ਮੇਰੇ ਨਾਲ ਨਾਰਾਜ਼ ਸੀ ਅਤੇ ਉਸਨੇ ਮੇਰੀ ਗੱਲ ਨਾ ਸੁਣੀ, ਯਾਹਵੇਹ ਨੇ ਕਿਹਾ, "ਇਹ ਕਾਫ਼ੀ ਹੈ, ਇਸ ਮਾਮਲੇ ਬਾਰੇ ਮੇਰੇ ਨਾਲ ਹੋਰ ਗੱਲ ਨਾ ਕਰੀ। 27 ਪਿਸਗਾਹ ਦੀ ਸਿਖਰ ਉੱਤੇ ਜਾਓ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਅਤੇ ਪੂਰਬ ਵੱਲ ਆਪਣੀਆਂ ਅੱਖਾਂ ਚੁੱਕ। ਧਰਤੀ ਨੂੰ ਆਪਣੀਆਂ ਅੱਖਾਂ ਨਾਲ ਦੇਖ, ਕਿਉਂਕਿ ਤੂੰ ਇਸ ਯਰਦਨ ਨੂੰ ਪਾਰ ਨਹੀਂ ਕਰੇਗਾ। 28 ਪਰ ਯੇਹੋਸ਼ੁਆ ਨੂੰ ਹੁਕਮ ਦੇ ਅਤੇ ਉਸ ਨੂੰ ਹੌਸਲਾ ਦੇ ਅਤੇ ਤਕੜਾ ਕਰ ਕਿਉਂ ਜੋ ਉਹ ਇਨ੍ਹਾਂ ਲੋਕਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਨੂੰ ਉਸ ਧਰਤੀ ਦਾ ਵਾਰਸ ਬਣਾਵੇਗਾ ਜੋ ਤੁਸੀਂ ਵੇਖੋਂਗੇ।" 29 ਸੋ ਅਸੀਂ ਬੈਥ ਪਓਰ ਦੇ ਨੇੜੇ ਘਾਟੀ ਵਿੱਚ ਠਹਿਰੇ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-