1 ਹੇ ਇਸਰਾਏਲ, ਹੁਣ ਉਹਨਾਂ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਸੁਣੋ ਜੋ ਮੈਂ ਤੁਹਾਨੂੰ ਸਿਖਾਉਣ ਵਾਲਾ ਹਾਂ। ਉਹਨਾਂ ਦੇ ਪਿੱਛੇ ਚੱਲੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਅੰਦਰ ਜਾ ਸਕੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜੋ ਯਾਹਵੇਹ ਤੁਹਾਡੇ ਪੁਰਖਿਆਂ ਦਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। 2 ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਉਹਨਾਂ ਵਿੱਚ ਨਾ ਕੁਝ ਜੋੜੋ ਅਤੇ ਨਾ ਘਟਾਓ ਸਗੋਂ ਆਪਣੇ ਯਾਹਵੇਹ ਦੇ ਹੁਕਮਾਂ ਦੀ ਪਾਲਨਾ ਕਰੋ ਜੋ ਮੈਂ ਤੁਹਾਨੂੰ ਦਿੰਦਾ ਹਾਂ।
3 ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਯਾਹਵੇਹ ਨੇ ਬਆਲ ਪਓਰ ਵਿੱਚ ਕੀ ਕੀਤਾ ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਮਨੁੱਖਾਂ ਨੂੰ ਨਾਸ ਕਰ ਦਿੱਤਾ ਜਿਹੜੇ ਬਆਲ ਪਓਰ ਦੇ ਪਿੱਛੇ ਹੋ ਗਏ ਸਨ। 4 ਪਰ ਤੁਸੀਂ ਜਿਹੜੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਪਿੱਛੇ ਚਲਦੇ ਰਹੇ, ਅੱਜ ਤੱਕ ਜਿਉਂਦੇ ਹੋ।
5 ਵੇਖੋ, ਜਿਵੇਂ ਯਾਹਵੇਹ ਮੇਰੇ ਪਰਮੇਸ਼ਵਰ ਨੇ ਮੈਨੂੰ ਹੁਕਮ ਦਿੱਤਾ ਸੀ, ਮੈਂ ਤੁਹਾਨੂੰ ਫ਼ਰਮਾਨ ਅਤੇ ਬਿਧੀਆਂ ਸਿਖਾਈਆਂ ਹਨ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਜਿਸ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਹੋ ਇਸ ਵਿੱਚ ਤੁਸੀਂ ਉਹਨਾਂ ਦੀ ਪਾਲਣਾ ਕਰੋ। 6 ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰਾ ਕਰੋ ਕਿਉਂ ਜੋ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਬੁੱਧੀ ਅਤੇ ਸਮਝ ਇਸੇ ਗੱਲ ਤੋਂ ਪਰਗਟ ਹੋਵੇਗੀ ਅਰਥਾਤ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ, "ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ।" 7 ਹੋਰ ਕਿਹੜੀ ਕੌਮ ਇੰਨੀ ਮਹਾਨ ਕੌਮ ਹੈ ਕਿ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਇੰਨਾ ਨਜ਼ਦੀਕ ਹੈ, ਜਿਵੇਂ ਕਿ ਜਦੋਂ ਅਸੀਂ ਉਸ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਸਾਡਾ ਪਰਮੇਸ਼ਵਰ ਸਾਡੇ ਨੇੜੇ ਹੁੰਦਾ ਹੈ? 8 ਅਤੇ ਹੋਰ ਕਿਹੜੀ ਕੌਮ ਏਨੀ ਮਹਾਨ ਹੈ ਜਿਸ ਕੋਲ ਇਹੋ ਜਿਹੇ ਧਰਮੀ ਫ਼ਰਮਾਨ ਅਤੇ ਬਿਵਸਥਾ ਹੋਣ ਜਿਵੇਂ ਮੈਂ ਅੱਜ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ?
9 ਸਿਰਫ ਸਾਵਧਾਨ ਰਹੋ ਅਤੇ ਆਪਣੇ ਆਪ ਨੂੰ ਧਿਆਨ ਨਾਲ ਵੇਖੋ ਤਾਂ ਜੋ ਤੁਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਨਾ ਜਾਓ ਜੋ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਜਾਂ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹ ਤੁਹਾਡੇ ਦਿਲ ਵਿੱਚੋਂ ਅਲੋਪ ਨਾ ਹੋ ਜਾਣ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਸਿਖਾਓ। 10 ਉਸ ਦਿਨ ਨੂੰ ਚੇਤੇ ਕਰੋ ਜਦੋਂ ਤੁਸੀਂ ਹੋਰੇਬ ਵਿੱਚ ਆਪਣੇ ਪਰਮੇਸ਼ਵਰ ਦੇ ਅੱਗੇ ਖੜ੍ਹੇ ਹੋਏ ਸੀ, ਜਦੋਂ ਉਸ ਨੇ ਮੈਨੂੰ ਆਖਿਆ ਸੀ, "ਲੋਕਾਂ ਨੂੰ ਮੇਰੇ ਅੱਗੇ ਇਕੱਠਾ ਕਰ ਤਾਂ ਜੋ ਉਹ ਮੇਰੇ ਬਚਨ ਸੁਣਨ ਤਾਂ ਜੋ ਉਹ ਜਦ ਤੱਕ ਧਰਤੀ ਉੱਤੇ ਜਿਉਂਦੇ ਰਹਿਣ ਮੇਰਾ ਸਤਿਕਾਰ ਕਰਨਾ ਸਿੱਖ ਸਕਣ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਣ।" 11 ਤੁਸੀਂ ਨੇੜੇ ਆਏ ਅਤੇ ਪਹਾੜ ਦੇ ਪੈਰਾਂ ਵਿੱਚ ਖਲੋ ਗਏ ਅਤੇ ਉਹ ਪਰਬਤ ਅੱਗ ਨਾਲ ਬਲਦਾ ਸੀ ਅਤੇ ਉਸ ਦੇ ਚੁਫੇਰੇ ਹਨ੍ਹੇਰਾ, ਬੱਦਲ ਅਤੇ ਕਾਲੀਆਂ ਘਟਾਂ ਸਨ। 12 ਤਦ ਯਾਹਵੇਹ ਅੱਗ ਵਿੱਚੋਂ ਤੁਹਾਡੇ ਨਾਲ ਬੋਲਿਆ, ਤੁਸੀਂ ਸ਼ਬਦਾਂ ਦੀ ਆਵਾਜ਼ ਸੁਣੀ ਪਰ ਕੋਈ ਰੂਪ ਨਹੀਂ ਦੇਖਿਆ, ਸਿਰਫ ਇੱਕ ਆਵਾਜ਼ ਸੁਣੀ ਸੀ। 13 ਉਸ ਨੇ ਤੁਹਾਨੂੰ ਆਪਣਾ ਨੇਮ ਅਰਥਾਤ ਦਸ ਹੁਕਮ ਸੁਣਾਏ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਅਤੇ ਫਿਰ ਉਹਨਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖਿਆ। 14 ਅਤੇ ਯਾਹਵੇਹ ਨੇ ਉਸ ਸਮੇਂ ਮੈਨੂੰ ਹੁਕਮ ਦਿੱਤਾ ਸੀ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਾਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰੋ, ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਪਾਰ ਜਾਂਦੇ ਹੋ।
15 ਜਿਸ ਦਿਨ ਯਾਹਵੇਹ ਨੇ ਅੱਗ ਵਿੱਚੋਂ ਹੋਰੇਬ ਵਿੱਚ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਕਿਸੇ ਕਿਸਮ ਦਾ ਕੋਈ ਰੂਪ ਨਹੀਂ ਦੇਖਿਆ ਇਸ ਲਈ ਆਪਣੇ ਆਪ ਨੂੰ ਬਹੁਤ ਧਿਆਨ ਨਾਲ ਵੇਖੋ, 16 ਤਾਂ ਜੋ ਤੁਸੀਂ ਭ੍ਰਿਸ਼ਟ ਨਾ ਹੋ ਜਾਓ ਅਤੇ ਆਪਣੇ ਲਈ ਇੱਕ ਮੂਰਤੀ ਅਤੇ ਕਿਸੇ ਵੀ ਆਕਾਰ ਦੀ ਕੋਈ ਮੂਰਤ ਨਾ ਬਣਾਓ, ਭਾਵੇਂ ਆਦਮੀ ਜਾਂ ਔਰਤ, 17 ਜਾਂ ਧਰਤੀ ਦੇ ਕਿਸੇ ਜਾਨਵਰ ਦੀ ਸ਼ਕਲ ਜਾਂ ਕਿਸੇ ਪੰਛੀ ਦੀ ਸ਼ਕਲ ਹੋਵੇ ਜੋ ਹਵਾ ਵਿੱਚ ਉੱਡਦਾ ਹੈ, 18 ਜਾਂ ਧਰਤੀ ਤੇ ਘਿਸਰਨ ਵਾਲੇ ਕਿਸੇ ਜੀਵ ਦੀ ਸ਼ਕਲ ਜਾਂ ਹੇਠਾਂ ਪਾਣੀ ਵਿੱਚ ਕਿਸੇ ਮੱਛੀ ਦੀ ਸ਼ਕਲ 19 ਜਾਂ ਫਿਰ ਜਦੋਂ ਤੁਸੀਂ ਅਕਾਸ਼ ਵੱਲ ਵੇਖੋ ਅਤੇ ਸੂਰਜ, ਚੰਦ ਅਤੇ ਤਾਰਿਆਂ ਨੂੰ ਅਕਾਸ਼ ਦੀ ਸਾਰੀ ਸੈਨਾਂ ਨੂੰ ਵੇਖੋ, ਤਾਂ ਭਟਕ ਕੇ ਉਹਨਾਂ ਦੇ ਅੱਗੇ ਮੱਥਾ ਨਾ ਟੇਕੋ ਅਤੇ ਉਹਨਾਂ ਦੀ ਸੇਵਾ ਕਰਨ ਲੱਗੋ, ਜਿਨ੍ਹਾਂ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਅਕਾਸ਼ ਦੇ ਹੇਠਲੇ ਸਾਰੇ ਲੋਕਾਂ ਲਈ ਰੱਖਿਆ ਹੈ। 20 ਪਰ ਤੁਹਾਡੇ ਲਈ, ਯਾਹਵੇਹ ਨੇ ਤੁਹਾਨੂੰ ਲੈ ਲਿਆ ਅਤੇ ਤੁਹਾਨੂੰ ਲੋਹੇ ਦੀ ਪਿਘਲਦੀ ਭੱਠੀ ਮਿਸਰ ਵਿੱਚੋਂ ਬਾਹਰ ਕੱਢਿਆ ਹੈ, ਤਾਂ ਜੋ ਤੁਸੀਂ ਉਸ ਦੀ ਵਿਰਾਸਤ ਦੇ ਲੋਕ ਹੋਵੋ ਜਿਵੇਂ ਤੁਸੀਂ ਹੁਣ ਹੋ।
21 ਯਾਹਵੇਹ ਤੁਹਾਡੇ ਕਾਰਨ ਮੇਰੇ ਨਾਲ ਨਾਰਾਜ਼ ਸੀ ਅਤੇ ਉਸ ਨੇ ਸਹੁੰ ਖਾਧੀ ਸੀ ਕਿ ਤੂੰ ਯਰਦਨ ਪਾਰ ਨਹੀਂ ਜਾਵੇਗਾ ਅਤੇ ਉਸ ਚੰਗੀ ਧਰਤੀ ਵਿੱਚ ਪ੍ਰਵੇਸ਼ ਨਹੀਂ ਕਰੇਗਾ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਲਈ ਦੇ ਰਿਹਾ ਹੈ। 22 ਮੈਂ ਇਸ ਧਰਤੀ ਉੱਤੇ ਮਰਾਂਗਾ, ਮੈਂ ਯਰਦਨ ਪਾਰ ਨਹੀਂ ਕਰਾਂਗਾ ਪਰ ਤੁਸੀਂ ਪਾਰ ਜਾ ਕੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਨ ਜਾ ਰਹੇ ਹੋ। 23 ਸਾਵਧਾਨ ਰਹੋ! ਤੁਹਾਡੇ ਯਾਹਵੇਹ ਦੇ ਨੇਮ ਨੂੰ ਨਾ ਭੁੱਲੋ ਜੋ ਉਸਨੇ ਤੁਹਾਡੇ ਨਾਲ ਕੀਤਾ ਸੀ, ਆਪਣੇ ਲਈ ਕਿਸੇ ਵੀ ਚੀਜ਼ ਦੇ ਰੂਪ ਵਿੱਚ ਇੱਕ ਮੂਰਤੀ ਨਾ ਬਣਾਓ ਜਿਸ ਨੂੰ ਤੁਹਾਡੇ ਪਰਮੇਸ਼ਵਰ ਨੇ ਮਨ੍ਹਾ ਕੀਤਾ ਹੈ। 24 ਕਿਉਂਕਿ ਤੁਹਾਡਾ ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਅਤੇ ਈਰਖਾਲੂ ਪਰਮੇਸ਼ਵਰ ਹੈ।
25 ਜਦੋਂ ਤੁਹਾਡੇ ਬੱਚੇ ਅਤੇ ਪੋਤੇ-ਪੋਤੀਆਂ ਪੈਦਾ ਕਰਨ ਤੋਂ ਬਾਅਦ ਅਤੇ ਬਹੁਤ ਲੰਬਾ ਸਮਾਂ ਉਸ ਦੇਸ਼ ਵਿੱਚ ਹੋ ਜਾਵੇ ਅਤੇ ਤੁਸੀਂ ਫਿਰ ਭ੍ਰਿਸ਼ਟ ਹੋ ਜਾਓ ਅਤੇ ਕਿਸੇ ਕਿਸਮ ਦੀ ਮੂਰਤੀ ਆਪਣੇ ਲਈ ਬਣਾਓ ਅਤੇ ਤੁਹਾਡੇ ਯਾਹਵੇਹ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੰਮ ਕਰੋ ਕਿ ਉਹ ਕ੍ਰੋਧਵਾਨ ਹੋਵੇ, 26 ਮੈਂ ਅੱਜ ਦੇ ਦਿਨ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹੀ ਦਿੰਦਾ ਹਾਂ ਕਿ ਤੁਸੀਂ ਉਸ ਧਰਤੀ ਤੋਂ ਜਲਦੀ ਨਾਸ ਹੋ ਜਾਵੋਂਗੇ ਜਿਸ ਉੱਤੇ ਕਬਜ਼ਾ ਕਰਨ ਲਈ ਤੁਸੀਂ ਯਰਦਨ ਦੇ ਪਾਰ ਜਾ ਰਹੇ ਹੋ, ਤੁਸੀਂ ਉੱਥੇ ਜ਼ਿਆਦਾ ਦੇਰ ਨਹੀਂ ਰਹੋਗੇ ਪਰ ਜ਼ਰੂਰ ਤਬਾਹ ਹੋ ਜਾਵੋਂਗੇ। 27 ਯਾਹਵੇਹ ਤੁਹਾਨੂੰ ਕੌਮਾਂ ਵਿੱਚ ਖਿੰਡਾ ਦੇਵੇਗਾ, ਅਤੇ ਤੁਹਾਡੇ ਵਿੱਚੋਂ ਥੋੜ੍ਹੇ ਹੀ ਲੋਕ ਉਹਨਾਂ ਕੌਮਾਂ ਵਿੱਚ ਬਚਣਗੇ ਜਿਨ੍ਹਾਂ ਵੱਲ ਯਾਹਵੇਹ ਤੁਹਾਨੂੰ ਲੈ ਜਾਵੇਗਾ। 28 ਉੱਥੇ ਤੁਸੀਂ ਲੱਕੜ ਅਤੇ ਪੱਥਰ ਦੇ ਮਨੁੱਖਾਂ ਦੇ ਬਣੇ ਦੇਵਤਿਆਂ ਦੀ ਪੂਜਾ ਕਰੋਗੇ, ਜਿਹੜੇ ਨਾ ਵੇਖ ਸਕਦੇ ਹਨ, ਨਾ ਸੁਣ ਸਕਦੇ ਹਨ, ਨਾ ਖਾ ਸਕਦੇ ਹਨ ਅਤੇ ਨਾ ਸੁੰਘ ਸਕਦੇ ਹਨ। 29 ਪਰ ਜੇ ਤੁਸੀਂ ਉੱਥੋਂ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਲੱਭੋਗੇ, ਤਾਂ ਤੁਸੀਂ ਉਸ ਨੂੰ ਪਾਓਗੇ ਜਦ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਖੋਜ ਕਰੋਗੇ। 30 ਜਦੋਂ ਤੁਸੀਂ ਬਿਪਤਾ ਵਿੱਚ ਹੋਵੋਗੇ ਅਤੇ ਇਹ ਸਭ ਕੁਝ ਤੁਹਾਡੇ ਨਾਲ ਵਾਪਰਿਆ ਹੈ, ਤਾਂ ਬਾਅਦ ਦੇ ਦਿਨਾਂ ਵਿੱਚ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਵੱਲ ਮੁੜੋਗੇ ਅਤੇ ਉਸ ਦਾ ਕਹਿਣਾ ਮੰਨੋਗੇ। 31 ਕਿਉਂਕਿ ਤੁਹਾਡਾ ਪਰਮੇਸ਼ਵਰ ਦਿਆਲੂ ਪਰਮੇਸ਼ਵਰ ਹੈ; ਉਹ ਤੁਹਾਨੂੰ ਨਹੀਂ ਛੱਡੇਗਾ, ਨਾ ਹੀ ਤਬਾਹ ਕਰੇਗਾ ਅਤੇ ਨਾ ਹੀ ਤੁਹਾਡੇ ਪੁਰਖਿਆਂ ਨਾਲ ਕੀਤੇ ਇਕਰਾਰਨਾਮੇ ਨੂੰ ਭੁੱਲੇਗਾ, ਜਿਸ ਦੀ ਉਸ ਨੇ ਸਹੁੰ ਖਾ ਕੇ ਪੁਸ਼ਟੀ ਕੀਤੀ ਸੀ।
32 ਹੁਣ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਦੇ ਦਿਨਾਂ ਬਾਰੇ ਪੁੱਛੋ ਕਿ ਜਿਸ ਦਿਨ ਤੋਂ ਪਰਮੇਸ਼ਵਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਬਣਾਇਆ ਸੀ, ਸਵਰਗ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੁੱਛੋ ਅਤੇ ਕੀ ਅਜਿਹਾ ਕੁਝ ਵੀ ਇੰਨਾ ਮਹਾਨ ਹੋਇਆ ਹੈ ਜਿੰਨਾ ਇਹ ਕਦੇ ਵਾਪਰਿਆ ਹੈ, ਜਾਂ ਕੀ ਇਸ ਬਾਰੇ ਕਦੇ ਸੁਣਿਆ ਗਿਆ ਹੈ? 33 ਕੀ ਕਦੀ ਕਿਸੇ ਪਰਜਾ ਨੇ ਪਰਮੇਸ਼ਵਰ ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਸੁਣੀ ਅਤੇ ਜੀਉਂਦੀ ਹੋਈ ਸੁਣੀ ਅਤੇ ਜੀਉਂਦੀ ਰਹੀ, ਜਿਵੇਂ ਤੁਸੀਂ ਸੁਣੀ ਹੈ? 34 ਕੀ ਕਿਸੇ ਦੇਵਤੇ ਨੇ ਕਦੇ ਪਰੀਖਿਆ ਦੁਆਰਾ, ਨਿਸ਼ਾਨਾਂ ਅਤੇ ਅਚੰਭਿਆਂ ਦੁਆਰਾ, ਯੁੱਧ ਦੁਆਰਾ, ਬਲਵਾਨ ਹੱਥ ਅਤੇ ਫੈਲੀ ਹੋਈ ਬਾਂਹ ਨਾਲ ਜਾਂ ਸਭ ਚੀਜ਼ਾਂ ਵਾਂਗ ਮਹਾਨ ਅਤੇ ਅਚਰਜ ਕੰਮਾਂ ਦੁਆਰਾ ਇੱਕ ਕੌਮ ਨੂੰ ਦੂਜੀ ਕੌਮ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ? ਤੁਹਾਡੇ ਪਰਮੇਸ਼ਵਰ ਨੇ ਮਿਸਰ ਵਿੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਲਈ ਕੀ ਕੀਤਾ?
35 ਤੁਹਾਨੂੰ ਇਹ ਗੱਲਾਂ ਇਸ ਲਈ ਦਿਖਾਇਆ ਗਈਆਂ ਹਨ ਤਾਂ ਜੋ ਤੁਸੀਂ ਜਾਣ ਸਕੋ ਕਿ ਯਾਹਵੇਹ ਹੀ ਪਰਮੇਸ਼ਵਰ ਹੈ ਅਤੇ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਹੈ। 36 ਉਸ ਨੇ ਤੁਹਾਨੂੰ ਅਨੁਸ਼ਾਸਨ ਦੇਣ ਲਈ ਸਵਰਗ ਤੋਂ ਆਪਣੀ ਆਵਾਜ਼ ਸੁਣਾਈ। ਧਰਤੀ ਉੱਤੇ ਉਸਨੇ ਤੁਹਾਨੂੰ ਆਪਣੀ ਮਹਾਨ ਅੱਗ ਦਿਖਾਈ, ਅਤੇ ਤੁਸੀਂ ਅੱਗ ਵਿੱਚੋਂ ਉਸਦੇ ਸ਼ਬਦ ਸੁਣੇ। 37 ਕਿਉਂਕਿ ਉਸ ਨੇ ਤੁਹਾਡੇ ਪੁਰਖਿਆਂ ਨੂੰ ਪਿਆਰ ਕੀਤਾ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀਆਂ ਨੂੰ ਚੁਣਿਆ, ਉਹ ਤੁਹਾਨੂੰ ਆਪਣੀ ਹਜ਼ੂਰੀ ਅਤੇ ਆਪਣੀ ਵੱਡੀ ਸ਼ਕਤੀ ਨਾਲ ਮਿਸਰ ਵਿੱਚੋਂ ਕੱਢ ਲਿਆਇਆ, 38 ਤਾਂ ਜੋ ਤੁਹਾਡੇ ਤੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਤੁਹਾਡੇ ਅੱਗੇ ਕੱਢ ਕੇ ਤੁਹਾਨੂੰ ਉਹਨਾਂ ਦੇ ਦੇਸ਼ ਵਿੱਚ ਲਿਆਵੇ ਅਤੇ ਇਹ ਤੁਹਾਡੀ ਵਿਰਾਸਤ ਲਈ ਤੁਹਾਨੂੰ ਦੇ ਦੇਵੇ, ਜਿਵੇਂ ਕਿ ਇਹ ਅੱਜ ਹੈ।
39 ਅੱਜ ਦੇ ਦਿਨ ਮੰਨੋ ਅਤੇ ਧਿਆਨ ਵਿੱਚ ਰੱਖੋ ਕਿ ਉੱਪਰ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਯਾਹਵੇਹ ਹੀ ਪਰਮੇਸ਼ਵਰ ਹੈ, ਹੋਰ ਕੋਈ ਨਹੀਂ ਹੈ। 40 ਉਸ ਦੀਆਂ ਬਿਧੀਆਂ ਅਤੇ ਹੁਕਮਾਂ ਦੀ ਪਾਲਨਾ ਕਰੋ ਜੋ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਹਰ ਵੇਲੇ ਅਤੇ ਹਰ ਸਮੇਂ ਦਿੰਦਾ ਹੈ।
41 ਤਦ ਮੋਸ਼ੇਹ ਨੇ ਯਰਦਨ ਦੇ ਪੂਰਬ ਵਿੱਚ ਤਿੰਨ ਸ਼ਹਿਰ ਵੱਖਰੇ ਰੱਖੇ, 42 ਜੇਕਰ ਕੋਈ ਅਣਜਾਣੇ ਵਿੱਚ ਅਤੇ ਕਿਸੇ ਨਾਲ ਦੁਸ਼ਮਣੀ ਤੋਂ ਬਿਨਾਂ ਮਾਰਿਆ ਜਾਂਦਾ ਹੈ, ਤਾਂ ਅਜਿਹੇ ਵਿਅਕਤੀ ਨੂੰ ਭੱਜ ਕੇ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਵਸ ਜਾਣਾ ਚਾਹੀਦਾ ਹੈ ਤਾਂ ਜੋ ਉਹ ਬਚ ਸਕੇ। 43 ਸ਼ਹਿਰ ਇਹ ਸਨ: ਰਊਬੇਨੀਆਂ ਲਈ ਉਜਾੜ ਦੇ ਪਠਾਰ ਵਿੱਚ ਬੇਜ਼ਰ; ਗਿਲਆਦ ਵਿੱਚ ਰਾਮੋਥ, ਗਾਦੀਆਂ ਲਈ; ਅਤੇ ਬਾਸ਼ਾਨ ਵਿੱਚ ਗੋਲਾਨ, ਮਨੱਸ਼ੇਹੀਆਂ ਲਈ।
44 ਇਹ ਉਹ ਬਿਵਸਥਾ ਹੈ ਜੋ ਮੋਸ਼ੇਹ ਨੇ ਇਸਰਾਏਲੀਆਂ ਦੇ ਅੱਗੇ ਰੱਖੀ ਸੀ। 45 ਇਹ ਉਹ ਸ਼ਰਤਾਂ, ਫ਼ਰਮਾਨ ਅਤੇ ਬਿਧੀਆਂ ਹਨ ਜਿਹੜੀਆਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਦਿੱਤੀਆਂ ਸਨ ਜਦੋਂ ਉਹ ਮਿਸਰ ਵਿੱਚੋਂ ਨਿੱਕਲ ਕੇ ਆਏ ਸਨ 46 ਅਤੇ ਉਹ ਯਰਦਨ ਦੇ ਪੂਰਬ ਵੱਲ ਬੈਥ ਪਓਰ ਦੇ ਨੇੜੇ ਘਾਟੀ ਵਿੱਚ ਸਨ ਜੋ ਅਮੋਰੀਆਂ ਦੇ ਰਾਜਾ ਸੀਹੋਨ ਦੇ ਦੇਸ਼ ਵਿੱਚ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਮੋਸ਼ੇਹ ਅਤੇ ਇਸਰਾਏਲੀਆਂ ਦੁਆਰਾ ਮਿਸਰ ਤੋਂ ਬਾਹਰ ਨਿਕਲਣ ਸਮੇਂ ਹਾਰ ਗਿਆ ਸੀ। 47 ਉਹਨਾਂ ਨੇ ਉਸ ਦੀ ਧਰਤੀ ਅਤੇ ਯਰਦਨ ਦੇ ਪੂਰਬ ਵੱਲ ਦੋ ਅਮੋਰੀ ਰਾਜਿਆਂ ਬਾਸ਼ਾਨ ਦੇ ਰਾਜੇ ਓਗ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ। 48 ਇਹ ਧਰਤੀ ਅਰਨੋਨ ਘਾਟੀ ਦੇ ਕਿਨਾਰੇ ਉੱਤੇ ਅਰੋਏਰ ਤੋਂ ਲੈ ਕੇ ਸਿਰੀਓਨਬ ਪਰਬਤ (ਅਰਥਾਤ ਹਰਮੋਨ) ਤੱਕ ਫੈਲੀ ਹੋਈ ਸੀ, 49 ਇਸ ਵਿੱਚ ਯਰਦਨ ਨਦੀ ਦੇ ਪੂਰਬ ਵੱਲ ਦਾ ਇਲਾਕਾ ਵੀ ਸ਼ਾਮਲ ਸੀ, ਜੋ ਪਿਸਗਾਹ ਪਹਾੜ ਦੀਆਂ ਢਲਾਣਾਂ ਤੋਂ ਅਰਬ ਸਾਗਰ ਤੱਕ ਫੈਲਿਆ ਹੋਇਆ ਸੀ।