Publicidade

Deuteronômio 30

ਯਾਹਵੇਹ ਵੱਲ ਮੁੜਨ ਤੋਂ ਬਾਅਦ ਖੁਸ਼ਹਾਲੀ

1 ਜਦ ਬਰਕਤਾਂ ਅਤੇ ਸਰਾਪਾਂ ਦੀਆਂ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ ਤੁਹਾਡੇ ਉੱਤੇ ਆਉਣਗੀਆਂ ਅਤੇ ਜਦ ਤੁਸੀਂ ਉਹਨਾਂ ਸਾਰੀਆਂ ਕੌਮਾਂ ਵਿੱਚ ਜਿਨ੍ਹਾਂ ਵਿੱਚ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਧੱਕ ਦੇਵੇਗਾ, ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਯਾਦ ਕਰੋਗੇ 2 ਅਤੇ ਜਦੋਂ ਤੁਸੀਂ ਅਤੇ ਤੁਹਾਡੇ ਬੱਚੇ ਆਪਣੇ ਪਰਮੇਸ਼ਵਰ ਯਾਹਵੇਹ ਵੱਲ ਮੁੜੋਗੇ ਅਤੇ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਮੰਨੋਗੇ, ਜਿਵੇਂ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, 3 ਤਦ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੀ ਗੁਲਾਮੀ ਨੂੰ ਮੁੜ ਬਹਾਲ ਕਰੇਗਾ ਅਤੇ ਤੁਹਾਡੇ ਉੱਤੇ ਰਹਿਮ ਕਰੇਗਾ ਅਤੇ ਤੁਹਾਨੂੰ ਉਹਨਾਂ ਸਾਰੀਆਂ ਕੌਮਾਂ ਵਿੱਚੋਂ ਜਿੱਥੇ ਉਸ ਨੇ ਤੁਹਾਨੂੰ ਖਿੰਡਾ ਦਿੱਤਾ ਸੀ ਇੱਕਠੇ ਕਰੇਗਾ। 4 ਭਾਵੇਂ ਤੁਹਾਨੂੰ ਅਕਾਸ਼ ਦੇ ਹੇਠਾਂ ਸਭ ਤੋਂ ਦੂਰ ਦੇਸ਼ ਵਿੱਚ ਸੁੱਟ ਦਿੱਤਾ ਗਿਆ ਹੋਵੇ, ਉੱਥੋਂ ਵੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਇਕੱਠਾ ਕਰੇਗਾ ਅਤੇ ਤੁਹਾਨੂੰ ਵਾਪਸ ਲਿਆਵੇਗਾ। 5 ਯਾਹਵੇਹ ਤੁਹਾਨੂੰ ਉਸ ਧਰਤੀ ਉੱਤੇ ਲਿਆਵੇਗਾ ਜਿਹੜੀ ਤੁਹਾਡੇ ਪੁਰਖਿਆਂ ਦੀ ਸੀ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਲਵੋਂਗੇ। ਉਹ ਤੁਹਾਨੂੰ ਤੁਹਾਡੇ ਪੁਰਖਿਆਂ ਨਾਲੋਂ ਵਧੇਰੇ ਖੁਸ਼ਹਾਲ ਅਤੇ ਅਣਗਿਣਤ ਬਣਾ ਦੇਵੇਗਾ। 6 ਤੁਹਾਡਾ ਪਰਮੇਸ਼ਵਰ ਤੁਹਾਡੇ ਦਿਲਾਂ ਅਤੇ ਤੁਹਾਡੇ ਉੱਤਰਾਧਿਕਾਰੀਆਂ ਦੇ ਦਿਲਾਂ ਦੀ ਸੁੰਨਤ ਕਰੇਗਾ ਤਾਂ ਜੋ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪਿਆਰ ਕਰੋ ਅਤੇ ਜੀਉਂਦੇ ਰਹੋ। 7 ਯਾਹਵੇਹ ਤੁਹਾਡਾ ਪਰਮੇਸ਼ਵਰ ਇਹ ਸਾਰੇ ਸਰਾਪ ਤੁਹਾਡੇ ਵੈਰੀਆਂ ਉੱਤੇ ਪਾਵੇਗਾ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਅਤੇ ਸਤਾਉਂਦੇ ਹਨ। 8 ਤੁਸੀਂ ਮੁੜੋਗੇ ਅਤੇ ਯਾਹਵੇਹ ਦਾ ਹੁਕਮ ਮੰਨੋਗੇ ਅਤੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। 9 ਤਦ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਅਤੇ ਤੁਹਾਡੀ ਕੁੱਖ ਦੇ ਫਲ ਵਿੱਚ, ਤੁਹਾਡੇ ਪਸ਼ੂਆਂ ਦੇ ਬੱਚਿਆਂ ਅਤੇ ਤੁਹਾਡੀ ਜ਼ਮੀਨ ਦੀਆਂ ਫ਼ਸਲਾਂ ਵਿੱਚ ਤੁਹਾਨੂੰ ਸਭ ਤੋਂ ਵੱਧ ਵਧਾਵੇਗਾ, ਕਿਉਂ ਜੋ ਯਾਹਵੇਹ ਤੁਹਾਡੇ ਉੱਤੇ ਭਲਿਆਈ ਲਈ ਖੁਸ਼ ਹੋਵੇਗਾ, ਜਿਵੇਂ ਉਹ ਤੁਹਾਡੇ ਪੁਰਖਿਆਂ ਉੱਤੇ ਖੁਸ਼ ਸੀ। 10 ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਮੰਨਦੇ ਹੋ ਅਤੇ ਉਸ ਦੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਦੇ ਹੋ ਜੋ ਇਸ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਆਪਣੇ ਪੂਰੇ ਦਿਲ ਅਤੇ ਆਤਮਾ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜਦੇ ਹੋ।

ਜੀਵਨ ਦਾ ਚੁਣਾਵ ਜਾਂ ਮੌਤ

11 ਹੁਣ ਜੋ ਹੁਕਮ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ ਉਹ ਤੁਹਾਡੇ ਲਈ ਨਾ ਤਾਂ ਬਹੁਤ ਔਖਾ ਹੈ ਅਤੇ ਨਾ ਹੀ ਤੁਹਾਡੇ ਤੋਂ ਬਹੁਤ ਦੂਰ ਹੈ। 12 ਨਾ ਤਾਂ ਇਹ ਅਕਾਸ਼ ਉੱਤੇ ਹੈ, ਇਸ ਲਈ ਤੁਸੀਂ ਆਖੋ, "ਇਸ ਨੂੰ ਪ੍ਰਾਪਤ ਕਰਨ ਲਈ ਸਵਰਗ ਵਿੱਚ ਕੌਣ ਚੜ੍ਹੇਗਾ ਅਤੇ ਸਾਨੂੰ ਇਸ ਦਾ ਪਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?" 13 ਅਤੇ ਨਾ ਹੀ ਇਹ ਸਮੁੰਦਰ ਤੋਂ ਪਾਰ ਹੈ, ਇਸ ਲਈ ਤੁਸੀਂ ਆਖੋ, "ਕੌਣ ਇਸ ਨੂੰ ਪ੍ਰਾਪਤ ਕਰਨ ਲਈ ਸਮੁੰਦਰ ਨੂੰ ਪਾਰ ਕਰੇਗਾ ਅਤੇ ਸਾਨੂੰ ਇਸ ਦਾ ਪਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?" 14 ਨਹੀਂ, ਇਹ ਬਚਨ ਤੁਹਾਡੇ ਬਹੁਤ ਨੇੜੇ ਹੈ, ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ ਤਾਂ ਜੋ ਤੁਸੀਂ ਇਸਨੂੰ ਮੰਨ ਸਕੋ।

15 ਵੇਖੋ, ਮੈਂ ਅੱਜ ਤੁਹਾਡੇ ਅੱਗੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ। 16 ਕਿਉਂਕਿ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਪਿਆਰ ਕਰੋ, ਉਸ ਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸ ਦੇ ਹੁਕਮਾਂ, ਫ਼ਰਮਾਨਾਂ ਅਤੇ ਨਿਯਮਾਂ ਦੀ ਪਾਲਣਾ ਕਰੋ। ਤਾਂ ਤੁਸੀਂ ਜੀਉਂਦੇ ਰਹੋਗੇ ਅਤੇ ਵਧੋਗੇ, ਅਤੇ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਉੱਤੇ ਬਰਕਤ ਦੇਵੇਗਾ ਜਿਸ ਵਿੱਚ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ।

17 ਪਰ ਜੇ ਤੁਹਾਡਾ ਮਨ ਮੁੜ ਜਾਵੇ ਅਤੇ ਤੁਸੀਂ ਆਗਿਆਕਾਰੀ ਨਾ ਹੋਵੋ ਅਤੇ ਜੇ ਤੁਸੀਂ ਦੂਜੇ ਦੇਵਤਿਆਂ ਨੂੰ ਮੱਥਾ ਟੇਕਦੇ ਫਿਰੋ ਅਤੇ ਉਹਨਾਂ ਦੀ ਪੂਜਾ ਕਰੋ, 18 ਮੈਂ ਅੱਜ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਜ਼ਰੂਰ ਨਾਸ ਹੋ ਜਾਵੋਂਗੇ। ਤੁਸੀਂ ਉਸ ਦੇਸ਼ ਵਿੱਚ ਜ਼ਿਆਦਾ ਦਿਨਾਂ ਤੱਕ ਨਹੀਂ ਰਹਿ ਸਕੋਗੇ ਜਿਸ ਉੱਤੇ ਤੁਸੀਂ ਦਾਖਲ ਹੋਣ ਅਤੇ ਕਬਜ਼ਾ ਕਰਨ ਲਈ ਯਰਦਨ ਪਾਰ ਕਰ ਰਹੇ ਹੋ।

19 ਅੱਜ ਦੇ ਦਿਨ ਮੈਂ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹ ਠਹਿਰਾਉਂਦਾ ਹਾਂ ਜੋ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤਾਂ ਅਤੇ ਸਰਾਪ ਰੱਖੇ ਹਨ। ਹੁਣ ਜੀਵਨ ਚੁਣੋ, ਤਾਂ ਜੋ ਤੁਸੀਂ ਅਤੇ ਤੁਹਾਡੇ ਬੱਚੇ ਜੀਉਂਦੇ ਰਹਿਣ। 20 ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸਦੀ ਆਵਾਜ਼ ਸੁਣੋ ਅਤੇ ਉਸਨੂੰ ਫੜੀ ਰੱਖੋ ਕਿਉਂਕਿ ਯਾਹਵੇਹ ਤੁਹਾਡਾ ਜੀਵਨ ਅਤੇ ਤੁਹਾਨੂੰ ਲੰਮੀ ਉਮਰ ਦਿੰਦਾ ਹੈ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਵੱਸੇ ਰਹੋ ਜਿਸਦੇ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-