Pular para o conteúdo
Publicidade

ਬਿਵਸਥਾ 20

ਯੁੱਧ ਵਿੱਚ ਜਾਣਾ

1 ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਜਾਂਦੇ ਹੋ ਅਤੇ ਜਦ ਘੋੜੇ, ਰਥ ਅਤੇ ਤੁਹਾਡੇ ਨਾਲੋਂ ਵੱਡੀ ਫ਼ੌਜ ਵੇਖੋ, ਤਾਂ ਉਹਨਾਂ ਤੋਂ ਨਾ ਡਰੋ ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ। 2 ਜਦੋਂ ਤੁਸੀਂ ਲੜਾਈ ਵਿੱਚ ਜਾਓ ਤਾਂ ਜਾਜਕ ਅੱਗੇ ਆਵੇ ਅਤੇ ਸੈਨਾਂ ਨਾਲ ਗੱਲ ਕਰੇਗਾ, 3 ਉਹ ਆਖੇਗਾ, "ਇਸਰਾਏਲ ਸੁਣੋ, ਅੱਜ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਵਿੱਚ ਜਾ ਰਹੇ ਹੋ। ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ ਅਤੇ ਨਾ ਘਬਰਾਓ ਅਤੇ ਨਾ ਉਹਨਾਂ ਤੋਂ ਕੰਬੋ। 4 ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੀ ਹੈ ਜੋ ਤੁਹਾਡੇ ਨਾਲ ਜਾਂਦਾ ਹੈ ਅਤੇ ਤੁਹਾਨੂੰ ਜਿੱਤ ਦਿਵਾਉਣ ਲਈ ਤੁਹਾਡੇ ਦੁਸ਼ਮਣਾਂ ਨਾਲ ਲੜਦਾ ਹੈ।"

5 ਫਿਰ ਪ੍ਰਧਾਨ ਸੈਨਾ ਨੂੰ ਇਹ ਵੀ ਕਹਿਣਾ ਚਾਹੀਦਾ ਹੈ, "ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜਿਸ ਨੇ ਨਵਾਂ ਘਰ ਬਣਾਇਆ ਹੈ ਅਤੇ ਅਜੇ ਤੱਕ ਇਸਨੂੰ ਸਮਰਪਿਤ ਨਹੀਂ ਕੀਤਾ ਹੈ? ਉਸਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਹੈ, ਨਹੀਂ ਤਾਂ ਉਸਦੀ ਮੌਤ ਤੋਂ ਬਾਅਦ ਕੋਈ ਹੋਰ ਵਿਅਕਤੀ ਇਸਨੂੰ ਸਮਰਪਣ ਕਰ ਦੇਵੇਗਾ। 6 ਅਤੇ ਕੌਣ ਹੈ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਸ ਦਾ ਆਨੰਦ ਨਹੀਂ ਮਾਣਿਆ? ਉਹ ਵੀ ਘਰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਕੋਈ ਹੋਰ ਇਸਦਾ ਆਨੰਦ ਮਾਣੇ। 7 ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ? ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਦੂਸਰਾ ਮਨੁੱਖ ਉਸ ਨਾਲ ਵਿਆਹ ਕਰੇ।" 8 ਤਦ ਅਧਿਕਾਰੀ ਅੱਗੇ ਕਹਿਣ, "ਕੀ ਕੋਈ ਡਰਦਾ ਹੈ ਜਾਂ ਮਨ ਕੱਚਾ ਹੁੰਦਾ ਹੈ? ਉਹ ਵੀ ਘਰ ਮੁੜ ਜਾਵੇ ਤਾਂ ਕਿ ਉਸਦੇ ਭਰਾਵਾਂ ਦਾ ਉਸਦੇ ਕਾਰਨ ਹੌਸਲਾ ਨਾ ਟੁੱਟ ਜਾਵੇ।" 9 ਜਦੋਂ ਅਫ਼ਸਰ ਸੈਨਾਂ ਨਾਲ ਇਹ ਗੱਲ ਕਰ ਲੈਣ ਤਾਂ ਉਹ ਸੈਨਾਂ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ।

10 ਜਦੋਂ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਲਈ ਚੜ੍ਹਦੇ ਹੋ, ਤਾਂ ਤੁਸੀਂ ਪਹਿਲਾਂ ਉਹਨਾਂ ਨੂੰ ਸੁਲਾਹ ਕਰਨ ਲਈ ਆਖੋ, 11 ਜੇ ਉਹ ਸਵੀਕਾਰ ਕਰ ਲੈਣ ਅਤੇ ਆਪਣੇ ਦਰਵਾਜ਼ੇ ਖੋਲ੍ਹ ਦੇਣ, ਤਾਂ ਉਹ ਸਾਰੇ ਲੋਕ ਤੁਹਾਡੇ ਅਧੀਨ ਹੋ ਜਾਣ ਅਤੇ ਤੁਹਾਡੇ ਲਈ ਕੰਮ ਕਰਨ ਅਤੇ ਤੁਹਾਡੀ ਸੇਵਾ ਕਰਨ। 12 ਜੇ ਉਹ ਸੁਲ੍ਹਾ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਤੁਹਾਡੇ ਨਾਲ ਲੜਾਈ ਕਰਦੇ ਹਨ, ਤਾਂ ਉਸ ਸ਼ਹਿਰ ਨੂੰ ਆਲੇ-ਦੁਆਲੇ ਘੇਰਾ ਪਾਓ। 13 ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇਵੇ ਤਾਂ ਉਸ ਦੇ ਸਾਰੇ ਮਨੁੱਖਾਂ ਨੂੰ ਤਲਵਾਰ ਨਾਲ ਮਾਰ ਦਿਓ। 14 ਤੀਵੀਆਂ, ਬਾਲਕਾਂ, ਪਸ਼ੂਆਂ ਅਤੇ ਸ਼ਹਿਰ ਦੀਆਂ ਹੋਰ ਸਾਰੀਆਂ ਵਸਤੂਆਂ, ਤੁਸੀਂ ਇਨ੍ਹਾਂ ਨੂੰ ਆਪਣੇ ਲਈ ਲੁੱਟ ਲੈ ਸਕਦੇ ਹੋ ਅਤੇ ਤੁਸੀਂ ਉਸ ਲੁੱਟ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਦਿੰਦਾ ਹੈ। 15 ਤੁਸੀਂ ਉਹਨਾਂ ਸਾਰੇ ਸ਼ਹਿਰਾਂ ਨਾਲ ਇਸ ਤਰ੍ਹਾਂ ਵਰਤਾਓ ਕਰਿਓ ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ, ਪਰ ਉਹਨਾਂ ਸ਼ਹਿਰਾਂ ਨਾਲ ਨਹੀਂ ਜਿਹੜੇ ਨੇੜਲੇ ਦੇਸ਼ ਦੇ ਹਨ।

16 ਪਰ, ਪਰਾਈਆਂ ਕੌਮਾਂ ਦੇ ਸ਼ਹਿਰਾਂ ਵਿੱਚ, ਜੋ ਯਾਹਵੇਹ ਤੁਹਾਡਾ ਪਰਮੇਸ਼ਵਰ, ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ, ਸਾਹ ਲੈਣ ਵਾਲੀ ਕੋਈ ਵੀ ਚੀਜ਼ ਜਿਉਂਦੀ ਨਾ ਛੱਡੋ। 17 ਜਿਵੇਂ ਕਿ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਹੁਕਮ ਦਿੱਤਾ ਹੈ, ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ, ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ। 18 ਨਹੀਂ ਤਾਂ, ਉਹ ਤੁਹਾਨੂੰ ਉਹਨਾਂ ਸਾਰੀਆਂ ਘਿਣਾਉਣੀਆਂ ਗੱਲਾਂ ਦੀ ਪਾਲਣ ਕਰਨਾ ਸਿਖਾਉਣਗੇ ਜੋ ਉਹ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਅਤੇ ਤੁਸੀਂ ਆਪਣੇ ਯਾਹਵੇਹ ਦੇ ਵਿਰੁੱਧ ਪਾਪ ਕਰੋਗੇ।

19 ਜਦੋਂ ਤੁਸੀਂ ਕਿਸੇ ਸ਼ਹਿਰ ਨੂੰ ਲੰਬੇ ਸਮੇਂ ਤੱਕ ਘੇਰਾ ਪਾ ਕੇ ਉਸ ਉੱਤੇ ਕਬਜ਼ਾ ਕਰਨ ਲਈ ਲੜਦੇ ਹੋ, ਤਾਂ ਉਸ ਦੇ ਰੁੱਖਾਂ ਉੱਤੇ ਕੁਹਾੜੀ ਮਾਰ ਕੇ ਨਾਸ ਨਾ ਕਰੋ ਕਿਉਂ ਜੋ ਤੁਸੀਂ ਉਹਨਾਂ ਦੇ ਫਲ ਖਾ ਸੱਕਦੇ ਹੋ। ਤੁਸੀਂ ਉਹਨਾਂ ਨੂੰ ਨਾ ਕੱਟੋ। ਭਲਾ, ਖੇਤ ਦੇ ਰੁੱਖ ਆਦਮੀ ਵਰਗੇ ਹਨ ਕਿ ਤੁਸੀਂ ਉਹਨਾਂ ਨੂੰ ਘੇਰਾ ਪਾ ਕੇ ਰੱਖੋ? 20 ਪਰ, ਤੁਸੀਂ ਉਹਨਾਂ ਰੁੱਖਾਂ ਨੂੰ ਕੱਟ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਫਲਦਾਰ ਰੁੱਖ ਨਹੀਂ ਹਨ ਅਤੇ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਉਸ ਸਮੇਂ ਘੇਰਾਬੰਦੀ ਕਰਕੇ ਰੱਖਿਓ, ਜਦ ਤੱਕ ਉਹ ਜਿੱਤਿਆ ਨਾ ਜਾਵੇ।

Estes versículos te tocaram? Ore agora!

+581 estão orando agora.

Junte-se à corrente de oração.