Publicidade

Deuteronômio 28

ਆਗਿਆਕਾਰੀ ਲਈ ਬਰਕਤਾਂ

1 ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਚੰਗੀ ਤਰ੍ਹਾਂ ਆਵਾਜ਼ ਸੁਣਦੇ ਹੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਦੇ ਹੋ ਜਿਸਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਭ ਕੌਮਾਂ ਤੋਂ ਉੱਚਾ ਕਰੇਗਾ। 2 ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ, ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ।

3 ਤੁਸੀਂ ਸ਼ਹਿਰ ਵਿੱਚ ਮੁਬਾਰਕ ਹੋਵੋਗੇ ਅਤੇ ਦੇਸ਼ ਵਿੱਚ ਮੁਬਾਰਕ ਹੋਵੋਗੇ।

4 ਮੁਬਾਰਕ ਹੋਵੇਗਾ ਤੁਹਾਡੀ ਕੁੱਖ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਪਸ਼ੂਆਂ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।

5 ਮੁਬਾਰਕ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ।

6 ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਂਦੇ ਹੋਏ ਅਤੇ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਂਦੇ ਹੋਏ।

7 ਯਾਹਵੇਹ ਤੁਹਾਡੇ ਵਿਰੁੱਧ ਉੱਠਣ ਵਾਲੇ ਦੁਸ਼ਮਣ ਨੂੰ ਤੁਹਾਡੇ ਅੱਗਿਓਂ ਮਰਵਾ ਦੇਵੇਗਾ। ਉਹ ਇੱਕ ਰਾਸਤੇ ਤੋਂ ਤੁਹਾਡੇ ਕੋਲ ਆਉਣਗੇ ਪਰ ਸੱਤਾਂ ਰਾਹਾਂ ਤੋਂ ਤੁਹਾਡੇ ਅੱਗਿਓਂ ਭੱਜ ਜਾਣਗੇ।

8 ਯਾਹਵੇਹ ਤੁਹਾਡੇ ਭੰਡਾਰਾਂ ਉੱਤੇ ਅਤੇ ਹਰ ਉਸ ਚੀਜ਼ ਉੱਤੇ ਬਰਕਤ ਭੇਜੇਗਾ ਜਿਸ ਉੱਤੇ ਤੁਸੀਂ ਆਪਣਾ ਹੱਥ ਰੱਖਦੇ ਹੋ। ਯਾਹਵੇਹ ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜੋ ਉਹ ਤੁਹਾਨੂੰ ਦੇ ਰਿਹਾ ਹੈ।

9 ਯਾਹਵੇਹ ਤੁਹਾਨੂੰ ਆਪਣੇ ਪਵਿੱਤਰ ਲੋਕਾਂ ਵਜੋਂ ਸਥਾਪਿਤ ਕਰੇਗਾ, ਜਿਵੇਂ ਉਸਨੇ ਤੁਹਾਡੇ ਨਾਲ ਸਹੁੰ ਖਾਧੀ ਸੀ, ਜੇ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੀ ਆਗਿਆਕਾਰੀ ਵਿੱਚ ਚੱਲੋ। 10 ਤਦ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਾਹਵੇਹ ਦੇ ਨਾਮ ਤੇ ਪੁਕਾਰੇ ਜਾਂਦੇ ਹੋ, ਅਤੇ ਉਹ ਤੁਹਾਡੇ ਤੋਂ ਡਰਨਗੇ। 11 ਜਿਸ ਦੇਸ਼ ਨੂੰ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪੁਰਖਿਆਂ ਨਾਲ ਖਾਦੀ ਸੀ, ਉਸ ਵਿੱਚ ਯਾਹਵੇਹ ਤੁਹਾਡੇ ਪਦਾਰਥਾਂ ਨੂੰ ਅਰਥਾਤ ਤੁਹਾਡੇ ਸਰੀਰਾਂ ਦੇ ਫਲ, ਤੁਹਾਡੇ ਚੌਣੇ ਦੇ ਫਲ ਅਤੇ ਤੁਹਾਡੀ ਜ਼ਮੀਨ ਦੇ ਫਲ ਨੂੰ ਵਧਾਵੇਗਾ।

12 ਯਾਹਵੇਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲ੍ਹੇਗਾ ਅਤੇ ਵੇਲੇ ਸਿਰ ਤੁਹਾਡੀ ਧਰਤੀ ਤੇ ਮੀਹ ਪਾਵੇਗਾ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਬਰਕਤ ਦੇਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਉਧਾਰ ਦੇਵੋਗੇ ਪਰ ਕਿਸੇ ਤੋਂ ਉਧਾਰ ਨਹੀਂ ਲਓਗੇ। 13 ਯਾਹਵੇਹ ਤੁਹਾਨੂੰ ਸਿਰ ਠਹਿਰਾਵੇਗਾ, ਪੂਛ ਨਹੀਂ। ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨੋ, ਜਿਨ੍ਹਾਂ ਦੀ ਪਾਲਣਾ ਕਰਨ ਲਈ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤਾਂ ਤੁਸੀਂ ਹਮੇਸ਼ਾ ਉੱਪਰ ਹੀ ਰਹੋਗੇ, ਕਦੇ ਵੀ ਹੇਠਾਂ ਨਹੀਂ ਹੋਵੋਗੇ। 14 ਜੋ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਉਹਨਾਂ ਵਿੱਚੋਂ ਕਿਸੇ ਵੀ ਹੁਕਮ ਤੋਂ ਤੁਸੀਂ ਸੱਜੇ ਜਾਂ ਖੱਬੇ ਨਾ ਮੁੜਨਾ ਕਿ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਕੇ ਅਤੇ ਉਹਨਾਂ ਦੀ ਪੂਜਾ ਕਰੋ।

ਅਣ-ਆਗਿਆਕਾਰੀ ਲਈ ਸਰਾਪ

15 ਪਰ ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਨਹੀਂ ਮੰਨਦੇ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਫ਼ਰਮਾਨਾਂ ਦੀ ਧਿਆਨ ਨਾਲ ਪਾਲਣਾ ਨਹੀਂ ਕਰਦੇ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਆ ਫੜ੍ਹਨਗੇ,

16 ਸਰਾਪੀ ਹੋਵੋਗੇ ਤੁਸੀਂ ਸ਼ਹਿਰ ਵਿੱਚ, ਸਰਾਪੀ ਹੋਵੋਗੇ ਆਪਣੇ ਦੇਸ਼ ਵਿੱਚ।

17 ਸਰਾਪੀ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ।

18 ਸਰਾਪੀ ਹੋਵੇਗਾ ਤੁਹਾਡੀ ਕੁੱਖ ਦਾ ਫਲ, ਤੁਹਾਡੀ ਧਰਤੀ ਦੀਆਂ ਫ਼ਸਲਾਂ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜਾ ਦੇ ਬੱਚੇ।

19 ਸਰਾਪੀ ਹੋਵੋਗੇ ਜਦੋਂ ਤੁਸੀਂ ਅੰਦਰ ਆਓਗੇ ਅਤੇ ਸਰਾਪੀ ਹੋਵੋਗੇ ਜਦੋਂ ਤੁਸੀਂ ਬਾਹਰ ਜਾਓਗੇ।

20 ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ, ਜਿਨ੍ਹਾਂ ਨਾਲ ਤੁਸੀਂ ਮੈਨੂੰ ਤਿਆਗ ਦਿੱਤਾ, ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਤਾੜਨਾ ਪਾਵੇਗਾ, ਜਦ ਤੁਸੀਂ ਬਰਬਾਦ ਹੋ ਕੇ ਛੇਤੀ ਨਾਲ ਨਾਸ ਨਾ ਹੋ ਜਾਓ। 21 ਯਾਹਵੇਹ ਤੁਹਾਡੇ ਉੱਤੇ ਬੀਮਾਰੀਆਂ ਪਾਵੇਗਾ, ਜਦੋਂ ਤੱਕ ਉਹ ਤੁਹਾਨੂੰ ਉਸ ਧਰਤੀ ਤੋਂ ਨਾਸ਼ ਨਾ ਕਰ ਦੇਵੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ। 22 ਯਾਹਵੇਹ ਤੁਹਾਨੂੰ ਵਿਨਾਸ਼ਕਾਰੀ ਰੋਗ, ਬੁਖਾਰ, ਸੋਜ, ਤੇਜ਼ ਗਰਮੀ ਸੋਕੇ ਅਤੇ ਉੱਲੀ ਨਾਲ ਮਾਰੇਗਾ, ਜੋ ਤੁਹਾਨੂੰ ਉਦੋਂ ਤੱਕ ਮਾਰਦਾ ਰਹੇਗਾ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ। 23 ਤੇਰੇ ਸਿਰ ਉੱਤੇ ਅਕਾਸ਼ ਪਿੱਤਲ ਵਰਗਾ ਹੋ ਜਾਵੇਗਾ ਅਤੇ ਤੇਰੇ ਪੈਰਾ ਹੇਠਲੀ ਜ਼ਮੀਨ ਲੋਹੇ ਵਰਗੀ ਹੋ ਜਾਵੇਗੀ। 24 ਯਾਹਵੇਹ ਤੁਹਾਡੇ ਦੇਸ਼ ਦੀ ਬਾਰਿਸ਼ ਨੂੰ ਘੱਟੇ ਅਤੇ ਧੂੜ ਵਿੱਚ ਬਦਲ ਦੇਵੇਗਾ। ਇਹ ਅਕਾਸ਼ ਤੋਂ ਹੇਠਾਂ ਆਵੇਗਾ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ।

25 ਯਾਹਵੇਹ ਤੁਹਾਨੂੰ ਤੁਹਾਡੇ ਦੁਸ਼ਮਣਾਂ ਦੇ ਅੱਗਿਓਂ ਹਰਾ ਦੇਵੇਗਾ। ਤੁਸੀਂ ਇੱਕ ਰਾਹ ਤੋਂ ਉਹਨਾਂ ਦੇ ਵਿਰੁੱਧ ਜਾਓਗੇ, ਪਰ ਸੱਤਾਂ ਰਾਹਾਂ ਤੋਂ ਹੋ ਕੇ ਉਹਨਾਂ ਦੇ ਸਾਹਮਣਿਓ ਭੱਜੋਗੇ ਅਤੇ ਤੁਸੀਂ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਡਰਾਉਣਾ ਨਮੂਨਾ ਬਣ ਜਾਓਗੇ। 26 ਤੁਹਾਡੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਹੋਣਗੀਆਂ ਅਤੇ ਉਹਨਾਂ ਨੂੰ ਹਟਾਉਣ ਵਾਲਾ ਕੋਈ ਨਹੀਂ ਹੋਵੇਗਾ। 27 ਯਾਹਵੇਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ ਅਤੇ ਖਾਰਸ਼ ਨਾਲ ਅਜਿਹਾ ਮਾਰੇਗਾ, ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸਕੋਗੇ। 28 ਯਾਹਵੇਹ ਤੁਹਾਨੂੰ ਪਾਗਲਪਣ, ਅੰਨ੍ਹੇਪਣ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ। 29 ਦੁਪਹਿਰ ਵੇਲੇ ਤੁਸੀਂ ਅੰਨ੍ਹੇ ਵਾਂਗ ਹਨੇਰੇ ਵਿੱਚ ਟਹਿਲਦੇ ਰਹੋਗੇ। ਤੁਸੀਂ ਹਰ ਕੰਮ ਵਿੱਚ ਅਸਫ਼ਲ ਹੋਵੋਗੇ, ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਲੁੱਟੇ ਜਾਓਗੇ, ਪਰ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।

30 ਤੁਸੀਂ ਕਿਸੇ ਇਸਤਰੀ ਨਾਲ ਮੰਗਣੀ ਕਰੋਗੇ ਪਰ ਕੋਈ ਹੋਰ ਉਸ ਨਾਲ ਲੇਟੇਗਾ। ਤੁਸੀਂ ਘਰ ਬਣਾਉਗੇ, ਪਰ ਉਸ ਵਿੱਚ ਵੱਸੋਗੇ ਨਹੀਂ। ਤੁਸੀਂ ਅੰਗੂਰੀ ਬਾਗ ਲਗਾਓਗੇ, ਪਰ ਤੁਸੀਂ ਉਸ ਦੇ ਫਲ ਦਾ ਆਨੰਦ ਵੀ ਨਹੀਂ ਮਾਣੋਗੇ। 31 ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੱਢਿਆ ਜਾਵੇਗਾ ਪਰ ਤੁਸੀਂ ਉਸ ਵਿੱਚੋਂ ਕੁਝ ਨਹੀਂ ਖਾਓਗੇ। ਤੁਹਾਡਾ ਗਧਾ ਤੁਹਾਡੇ ਕੋਲੋਂ ਜ਼ਬਰਦਸਤੀ ਖੋਹ ਲਿਆ ਜਾਵੇਗਾ ਅਤੇ ਵਾਪਸ ਨਹੀਂ ਕੀਤਾ ਜਾਵੇਗਾ। ਤੁਹਾਡੀਆਂ ਭੇਡਾਂ ਤੁਹਾਡੇ ਦੁਸ਼ਮਣਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਕੋਈ ਵੀ ਤੁਹਾਨੂੰ ਬਚਾਉਣ ਵਾਲਾ ਨਹੀਂ ਹੋਵੇਗਾ। 32 ਤੁਹਾਡੇ ਪੁੱਤਰ ਅਤੇ ਧੀਆਂ ਕਿਸੇ ਹੋਰ ਕੌਮ ਨੂੰ ਦੇ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਸਾਰਾ ਦਿਨ ਉਹਨਾਂ ਨੂੰ ਵੇਖਣ ਲਈ ਤਰਸ ਜਾਣਗੀਆਂ, ਪਰ ਤੁਹਾਡੇ ਹੱਥਾਂ ਵਿੱਚ ਕੋਈ ਜੋਰ ਨਹੀਂ ਹੋਵੇਗਾ। 33 ਉਹ ਲੋਕ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਉਹ ਤੁਹਾਡੀ ਜ਼ਮੀਨ ਅਤੇ ਮਜ਼ਦੂਰੀ ਦੀ ਉਪਜ ਖਾਣਗੇ ਅਤੇ ਤੁਹਾਡੇ ਕੋਲ ਤੁਹਾਡੇ ਸਾਰੇ ਦਿਨ ਬੇਰਹਿਮ ਜ਼ੁਲਮ ਤੋਂ ਬਿਨਾਂ ਕੁਝ ਨਹੀਂ ਹੋਵੇਗਾ। 34 ਤੁਸੀਂ ਆਪਣੀਆਂ ਅੱਖਾਂ ਨਾਲ ਵੇਖ-ਵੇਖ ਕੇ ਕਮਲੇ ਹੋ ਜਾਓਗੇ। 35 ਯਾਹਵੇਹ ਤੁਹਾਡੇ ਗੋਡਿਆਂ ਅਤੇ ਲੱਤਾਂ ਨੂੰ ਦਰਦਨਾਕ ਫੋੜਿਆਂ ਨਾਲ ਦੁਖੀ ਕਰੇਗਾ ਜੋ ਠੀਕ ਨਹੀਂ ਹੋਣਗੇ, ਤੁਹਾਡੇ ਪੈਰਾਂ ਦੇ ਤਲੇ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ ਫੈਲ ਜਾਣਗੇ।

36 ਯਾਹਵੇਹ ਤੁਹਾਨੂੰ ਅਤੇ ਰਾਜੇ ਨੂੰ ਜਿਸ ਨੂੰ ਤੁਸੀਂ ਤੁਹਾਡੇ ਉੱਤੇ ਨਿਯੁਕਤ ਕੀਤਾ ਹੈ, ਇੱਕ ਅਜਿਹੀ ਕੌਮ ਵਿੱਚ ਲੈ ਜਾਵੇਗਾ ਜੋ ਤੁਹਾਨੂੰ ਜਾਂ ਤੁਹਾਡੇ ਪੁਰਖਿਆਂ ਲਈ ਅਣਜਾਣ ਹੈ। ਉੱਥੇ ਤੁਸੀਂ ਦੂਜੇ ਦੇਵਤਿਆਂ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰੋਗੇ। 37 ਤੁਸੀਂ ਸਾਰੀਆਂ ਕੌਮਾਂ ਵਿੱਚ ਭਿਆਨਕ ਨਮੂਨਾ, ਉਪਦੇਸ਼ ਅਤੇ ਮਖੌਲ ਦਾ ਪਾਤਰ ਬਣ ਜਾਓਗੇ ਜਿੱਥੇ ਯਾਹਵੇਹ ਤੁਹਾਨੂੰ ਭਜਾਉਣਗੇ।

38 ਤੁਸੀਂ ਖੇਤ ਵਿੱਚ ਬਹੁਤ ਬੀਜ ਬੀਜੋਗੇ ਪਰ ਤੁਸੀਂ ਥੋੜਾ ਹੀ ਇਕੱਠਾ ਕਰੋਗੇ ਕਿਉਂਕਿ ਟਿੱਡੀਆਂ ਉਸ ਨੂੰ ਖਾ ਜਾਣਗੀਆਂ। 39 ਤੁਸੀਂ ਅੰਗੂਰੀ ਬਾਗ ਲਗਾਓਗੇ ਅਤੇ ਉਹਨਾਂ ਦੀ ਖੇਤੀ ਕਰੋਗੇ ਪਰ ਤੁਸੀਂ ਨਾ ਦਾਖਰਸ ਪੀਓਗੇ ਅਤੇ ਨਾ ਅੰਗੂਰ ਇਕੱਠੇ ਕਰੋਗੇ ਕਿਉਂ ਜੋ ਕੀੜੇ ਉਹਨਾਂ ਨੂੰ ਖਾ ਜਾਣਗੇ। 40 ਤੁਹਾਡੇ ਸਾਰੇ ਦੇਸ਼ ਵਿੱਚ ਜ਼ੈਤੂਨ ਦੇ ਰੁੱਖ ਤਾਂ ਹੋਣਗੇ, ਪਰ ਤੁਸੀਂ ਉਹਨਾਂ ਦੇ ਤੇਲ ਦੀ ਵਰਤੋਂ ਨਹੀਂ ਕਰ ਸਕੋਗੇ, ਕਿਉਂਕਿ ਉਹਨਾਂ ਦਾ ਫਲ ਝੜ ਜਾਵੇਗਾ। 41 ਤੁਹਾਡੇ ਪੁੱਤਰ ਅਤੇ ਧੀਆਂ ਪੈਦਾ ਹੋਣਗੇ ਪਰ ਉਹ ਤੁਹਾਡੇ ਨਾ ਹੋਣਗੇ, ਕਿਉਂਕਿ ਉਹ ਗ਼ੁਲਾਮੀ ਵਿੱਚ ਚਲੇ ਜਾਣਗੇ। 42 ਟਿੱਡੀਆਂ ਦੇ ਝੁੰਡ ਤੁਹਾਡੇ ਸਾਰੇ ਰੁੱਖਾਂ ਅਤੇ ਤੁਹਾਡੀ ਜ਼ਮੀਨ ਦੀਆਂ ਫ਼ਸਲਾਂ ਨੂੰ ਖਾ ਜਾਣਗੇ।

43 ਜਿਹੜੇ ਪਰਦੇਸੀ ਤੁਹਾਡੇ ਵਿੱਚ ਵੱਸਦੇ ਹਨ, ਉਹ ਤੁਹਾਡੇ ਤੋਂ ਉੱਚੇ-ਉੱਚੇ ਹੁੰਦੇ ਜਾਣਗੇ, ਪਰ ਤੁਸੀਂ ਨੀਵੇਂ ਅਤੇ ਨੀਵੇਂ ਹੁੰਦੇ ਜਾਓਗੇ। 44 ਉਹ ਤੁਹਾਨੂੰ ਉਧਾਰ ਦੇਣਗੇ ਪਰ ਤੁਸੀਂ ਉਹਨਾਂ ਨੂੰ ਉਧਾਰ ਨਹੀਂ ਦੇਵੋਗੇ। ਉਹ ਸਿਰ ਹੋਣਗੇ, ਪਰ ਤੁਸੀਂ ਪੂਛ ਹੋਵੋਗੇ।

45 ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ। ਉਹ ਤੁਹਾਡਾ ਪਿੱਛਾ ਕਰਨਗੇ ਅਤੇ ਤੁਹਾਨੂੰ ਉਦੋਂ ਤੱਕ ਫੜ੍ਹਨਗੇ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ, ਕਿਉਂਕਿ ਤੁਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜੋ ਉਸ ਨੇ ਤੁਹਾਨੂੰ ਦਿੱਤੇ ਹਨ। 46 ਅਤੇ ਉਹ ਤੁਹਾਡੇ ਉੱਤੇ ਨਾਲੇ ਤੁਹਾਡੇ ਵੰਸ਼ ਉੱਤੇ ਸਦਾ ਤੱਕ ਨਿਸ਼ਾਨ ਅਤੇ ਅਚਰਜ਼ ਹੋਣਗੇ। 47 ਕਿਉਂਕਿ ਤੁਸੀਂ ਸਭ ਕੁਝ ਹੁੰਦਿਆਂ ਹੋਇਆ ਵੀ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੇਵਾ ਅਨੰਦ ਅਤੇ ਖੁਸ਼ੀ ਨਾਲ ਨਹੀਂ ਕੀਤੀ। 48 ਇਸ ਲਈ ਭੁੱਖ ਅਤੇ ਪਿਆਸ ਵਿੱਚ, ਨੰਗੇਜ ਅਤੇ ਘੋਰ ਗਰੀਬੀ ਵਿੱਚ, ਤੁਸੀਂ ਉਹਨਾਂ ਦੁਸ਼ਮਣਾਂ ਦੀ ਸੇਵਾ ਕਰੋਗੇ ਜੋ ਯਾਹਵੇਹ ਤੁਹਾਡੇ ਵਿਰੁੱਧ ਭੇਜੇਗਾ। ਉਹ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਰੱਖੇਗਾ ਜਦੋਂ ਤੱਕ ਤੁਹਾਡਾ ਨਾਸ ਨਾ ਕਰ ਦੇਵੇ।

49 ਯਾਹਵੇਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੱਢੇ ਤੋਂ, ਉਕਾਬ ਦੀ ਤਰ੍ਹਾਂ ਉੱਡਣ ਵਾਲੀ ਇੱਕ ਕੌਮ ਨੂੰ ਲੈ ਆਵੇਗਾ, ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਸਮਝੋਗੇ। 50 ਅਜਿਹੀ ਨਿਰਦਈ ਕੌਮ ਜੋ ਨਾ ਬਜ਼ੁਰਗਾਂ ਦਾ ਆਦਰ ਕਰੇਗੀ ਅਤੇ ਨਾ ਜੁਆਨਾਂ ਉੱਤੇ ਦਯਾ ਕਰੇਗੀ। 51 ਉਹ ਤੁਹਾਡੇ ਪਸ਼ੂਆਂ ਦੇ ਬੱਚੇ ਅਤੇ ਤੁਹਾਡੀ ਜ਼ਮੀਨ ਦੀ ਫ਼ਸਲ ਨੂੰ ਉਦੋਂ ਤੱਕ ਖਾ ਜਾਣਗੇ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ। ਉਹ ਤੁਹਾਡੇ ਕੋਲ ਅਨਾਜ, ਨਵੀਂ ਮੈਅ ਜਾਂ ਜ਼ੈਤੂਨ ਦਾ ਤੇਲ ਨਹੀਂ ਛੱਡਣਗੇ, ਨਾ ਤੁਹਾਡੇ ਇੱਜੜਾਂ ਦੇ ਵੱਛੇ ਅਤੇ ਤੁਹਾਡੇ ਇੱਜੜਾਂ ਦੇ ਲੇਲੇ ਜਦੋਂ ਤੱਕ ਤੁਸੀਂ ਨਾਸ ਨਹੀਂ ਹੋ ਜਾਂਦੇ। 52 ਉਹ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਉਦੋਂ ਤੱਕ ਘੇਰਾ ਪਾ ਲੈਣਗੇ ਜਦੋਂ ਤੱਕ ਉੱਚੀਆਂ ਕਿਲ੍ਹੇ ਵਾਲੀਆਂ ਕੰਧਾਂ ਜਿਨ੍ਹਾਂ ਵਿੱਚ ਤੁਸੀਂ ਭਰੋਸਾ ਕਰਦੇ ਹੋ ਢਹਿ ਨਾ ਜਾਣ, ਉਹ ਉਸ ਧਰਤੀ ਦੇ ਸਾਰੇ ਸ਼ਹਿਰਾਂ ਨੂੰ ਘੇਰਾ ਪਾ ਲੈਣਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।

53 ਕਿਉਂਕਿ ਘੇਰਾਬੰਦੀ ਦੌਰਾਨ ਤੁਹਾਡੇ ਦੁਸ਼ਮਣ ਤੁਹਾਡੇ ਉੱਤੇ ਕਸ਼ਟ ਲਿਆਉਣਗੇ ਅਤੇ ਤੁਸੀਂ ਆਪਣੀ ਕੁੱਖ ਦਾ ਫਲ ਅਰਥਾਤ ਆਪਣੇ ਪੁੱਤਰਾਂ ਅਤੇ ਧੀਆਂ ਦਾ ਮਾਸ ਖਾਓਗੇ ਜੋ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ। 54 ਤੁਹਾਡੇ ਵਿੱਚੋਂ ਸਭ ਤੋਂ ਕੋਮਲ ਅਤੇ ਸੰਵੇਦਨਸ਼ੀਲ ਸੁਭਾਅ ਵਾਲਾ ਮਨੁੱਖ ਨੂੰ ਵੀ ਆਪਣੇ ਭਰਾ ਜਾਂ ਉਸ ਦੀ ਪਿਆਰੀ ਪਤਨੀ ਜਾਂ ਆਪਣੇ ਬਚੇ ਹੋਏ ਬੱਚਿਆਂ ਉੱਤੇ ਕੋਈ ਤਰਸ ਨਹੀਂ ਆਵੇਗਾ। 55 ਅਤੇ ਉਹ ਆਪਣੇ ਬੱਚਿਆਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੈ ਕਿਸੇ ਨੂੰ ਨਹੀਂ ਦੇਵੇਗਾ, ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਸ ਨਾਲ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਸਤਾਉਣਗੇ, ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ। 56 ਤੁਹਾਡੇ ਵਿੱਚੋਂ ਉਹ ਕੋਮਲ ਅਤੇ ਨਾਜ਼ੁਕ ਇਸਤਰੀ ਜਿਸ ਨੇ ਕਦੀ ਕੋਮਲਤਾ ਅਤੇ ਨਜ਼ਾਕਤ ਦੇ ਕਾਰਨ ਆਪਣੇ ਪੈਰ ਧਰਤੀ ਉੱਤੇ ਰੱਖਣ ਦਾ ਹੌਂਸਲਾ ਨਹੀਂ ਕੀਤਾ, ਉਸ ਦੀ ਅੱਖ ਆਪਣੇ ਪਿਆਰੇ ਪਤੀ ਅਤੇ ਆਪਣੇ ਪੁੱਤਰ ਅਤੇ ਧੀ ਵੱਲ, 57 ਆਪਣੀ ਆਓਲ ਵੱਲ ਜਿਹੜੀ ਉਸ ਦੀਆਂ ਲੱਤਾਂ ਦੇ ਵਿੱਚੋਂ ਦੀ ਨਿੱਕਲੀ ਹੈ ਅਤੇ ਉਹਨਾਂ ਬੱਚਿਆਂ ਵੱਲ ਭੈੜੀ ਹੋਵੇਗੀ, ਜਿਨ੍ਹਾਂ ਨੂੰ ਉਸ ਨੇ ਜਨਮ ਦਿੱਤਾ, ਕਿਉਂ ਜੋ ਉਸ ਘੇਰੇ ਅਤੇ ਬਿਪਤਾ ਵਿੱਚ ਜਿਸ ਦੇ ਨਾਲ ਤੁਹਾਡੇ ਵੈਰੀ ਤੁਹਾਡੇ ਫਾਟਕਾਂ ਦੇ ਅੰਦਰ ਤੁਹਾਨੂੰ ਸਤਾਉਣਗੇ, ਉਹ ਸਾਰੀਆਂ ਚੀਜ਼ਾਂ ਦੀ ਥੁੜ ਦੇ ਕਾਰਨ ਚੁੱਪ ਕੀਤੇ ਉਹਨਾਂ ਨੂੰ ਖਾ ਜਾਵੇਗੀ।

58 ਜੇਕਰ ਤੁਸੀਂ ਇਸ ਬਿਵਸਥਾ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਨਾ ਰੱਖੋ, ਪੂਰੇ ਕਰਨ ਦੀ ਪਾਲਣਾ ਨਾ ਕਰੋ ਕਿ ਤੁਸੀਂ ਉਸ ਪ੍ਰਤਾਪੀ ਅਤੇ ਭੈਅ ਦਾਇਕ ਨਾਮ ਤੋਂ ਅਰਥਾਤ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰੋਂ। 59 ਯਾਹਵੇਹ ਤੁਹਾਡੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਉੱਤੇ ਭਿਆਨਕ ਬਿਪਤਾਵਾਂ, ਗੰਭੀਰ ਅਤੇ ਲੰਬੀਆਂ ਬਿਪਤਾਵਾਂ ਅਤੇ ਬਿਮਾਰੀਆਂ ਭੇਜੇਗਾ। 60 ਉਹ ਮਿਸਰ ਦੀਆਂ ਸਾਰੀਆਂ ਬਿਮਾਰੀਆਂ ਤੁਹਾਡੇ ਉੱਤੇ ਲਿਆਵੇਗਾ ਜਿਨ੍ਹਾਂ ਤੋਂ ਤੁਸੀਂ ਡਰਦੇ ਸੀ ਅਤੇ ਉਹ ਤੁਹਾਡੇ ਨਾਲ ਚਿੰਬੜੀਆਂ ਰਹਿਣਗੀਆਂ। 61 ਯਾਹਵੇਹ ਤੁਹਾਡੇ ਉੱਤੇ ਹਰ ਤਰ੍ਹਾਂ ਦੀ ਬੀਮਾਰੀ ਅਤੇ ਬਿਪਤਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਨਹੀਂ ਗਈਆਂ ਲਿਆਵੇਗਾ, ਜਦੋਂ ਤੱਕ ਤੁਸੀਂ ਨਾਸ਼ ਨਹੀਂ ਹੋ ਜਾਂਦੇ। 62 ਤੁਸੀਂ ਜੋ ਅਕਾਸ਼ ਦੇ ਤਾਰਿਆਂ ਜਿੰਨੇ ਅਣਗਿਣਤ ਸੀ ਪਰ ਗਿਣਤੀ ਵਿੱਚ ਥੋੜ੍ਹੇ ਹੀ ਰਹਿ ਜਾਵੋਂਗੇ ਕਿਉਂ ਜੋ ਤੁਸੀਂ ਆਪਣੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ। 63 ਜਿਵੇਂ ਯਾਹਵੇਹ ਨੂੰ ਚੰਗਾ ਲੱਗਾ ਕਿ ਉਹ ਤੁਹਾਨੂੰ ਖੁਸ਼ਹਾਲ ਕਰੇ ਅਤੇ ਗਿਣਤੀ ਵਿੱਚ ਵਾਧਾ ਕਰੇ, ਉਸੇ ਤਰ੍ਹਾਂ ਉਹ ਤੁਹਾਨੂੰ ਬਰਬਾਦ ਅਤੇ ਨਾਸ ਕਰਨ ਲਈ ਪ੍ਰਸੰਨ ਹੋਵੇਗਾ। ਤੁਹਾਨੂੰ ਉਸ ਧਰਤੀ ਤੋਂ ਉਖਾੜ ਦਿੱਤਾ ਜਾਵੇਗਾ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ।

64 ਤਦ ਯਾਹਵੇਹ ਤੁਹਾਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਾਰੀਆਂ ਕੌਮਾਂ ਵਿੱਚ ਖਿੰਡਾ ਦੇਵੇਗਾ। ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖੇ ਜਾਣਦੇ ਸਨ। 65 ਉਹਨਾਂ ਕੌਮਾਂ ਵਿੱਚ ਤੁਹਾਨੂੰ ਕੋਈ ਸੁੱਖ ਨਹੀਂ ਮਿਲੇਗਾ, ਨਾ ਤੁਹਾਡੇ ਪੈਰਾਂ ਦੇ ਤਲੇ ਲਈ ਕੋਈ ਅਰਾਮ ਹੋਵੇਗਾ। ਸਗੋਂ ਉੱਥੇ ਯਾਹਵੇਹ ਤੁਹਾਨੂੰ ਇੱਕ ਚਿੰਤਾ ਵਾਲਾ ਮਨ, ਲਾਲਸਾ ਨਾਲ ਥੱਕੀਆਂ ਹੋਈਆਂ ਅੱਖਾਂ ਅਤੇ ਇੱਕ ਨਿਰਾਸ਼ ਦਿਲ ਦੇਵੇਗਾ। 66 ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੋਗੇ, ਰਾਤ ਅਤੇ ਦਿਨ ਡਰ ਨਾਲ ਭਰੇ ਰਹੋਂਗੇ, ਅਤੇ ਤੁਸੀਂ ਆਪਣੇ ਜੀਉਣ ਦੀ ਆਸ ਛੱਡ ਬੈਠੋਗੇ। 67 ਤੁਹਾਡੇ ਦਿਲ ਵਿੱਚ ਬਣੇ ਹੋਏ ਡਰ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਤੁਹਾਡੀਆਂ ਅੱਖਾਂ ਵੇਖਣਗੀਆਂ, ਤੁਸੀਂ ਸਵੇਰ ਨੂੰ ਆਖੋਗੇ, "ਸ਼ਾਮ ਕਦੋਂ ਹੋਵੇਗੀ?" ਅਤੇ ਸ਼ਾਮ ਨੂੰ ਆਖੋਗੇ, "ਸਵੇਰ ਕਦੋਂ ਹੋਵੇਗੀ?" 68 ਯਾਹਵੇਹ ਤੁਹਾਨੂੰ ਬੇੜਿਆਂ ਵਿੱਚ ਚੜ੍ਹਾਂ ਕੇ ਮਿਸਰ ਨੂੰ ਇੱਕ ਯਾਤਰਾ ਤੇ ਵਾਪਸ ਭੇਜੇਗਾ ਜਿਸ ਬਾਰੇ ਮੈਂ ਕਿਹਾ ਸੀ ਕਿ ਤੁਹਾਨੂੰ ਦੁਬਾਰਾ ਕਦੇ ਨਹੀਂ ਜਾਣਾ ਚਾਹੀਦਾ। ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਦੁਸ਼ਮਣਾਂ ਨੂੰ ਦਾਸ ਅਤੇ ਦਾਸੀਆਂ ਦੇ ਰੂਪ ਵਿੱਚ ਵੇਚ ਦਿਓਗੇ, ਪਰ ਤੁਹਾਨੂੰ ਕੋਈ ਨਹੀਂ ਖਰੀਦੇਗਾ।

Veja também

Publicidade
Bíblia Online Bíblia Online

Bíblia Online • Versão: 2026-06-18_10-32-54-