Publicidade

Deuteronômio 7

ਕੌਮਾਂ ਨੂੰ ਬਾਹਰ ਕੱਢਣਾ

1 ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਲੈ ਆਵੇ, ਜਿਸ ਵਿੱਚ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਅਤੇ ਤੁਹਾਡੇ ਅੱਗੇ ਬਹੁਤ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਸੁੱਟੇ ਅਰਥਾਤ ਹਿੱਤੀਆਂ, ਗਿਰਗਾਸ਼ੀ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ, ਸੱਤ ਕੌਮਾਂ ਨੂੰ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਤਾਕਤਵਰ ਹਨ, 2 ਅਤੇ ਜਦੋਂ ਯਾਹਵੇਹ, ਤੁਹਾਡਾ ਪਰਮੇਸ਼ਵਰ, ਉਹਨਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਨੂੰ ਹਰਾ ਦੇਵੋਗੇ, ਤਦ ਤੁਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੋਗੇ। ਤੁਸੀਂ ਉਹਨਾਂ ਨਾਲ ਕਿਸੇ ਕਿਸਮ ਦਾ ਨੇਮ ਨਹੀਂ ਬੰਨ੍ਹੋਗੇ ਅਤੇ ਨਾ ਹੀ ਉਹਨਾਂ ਪ੍ਰਤੀ ਕਿਸੇ ਕਿਸਮ ਦੀ ਹਮਦਰਦੀ ਦਿਖਾਓਗੇ। 3 ਉਹਨਾਂ ਨਾਲ ਵਿਆਹ ਨਾ ਕਰੋ ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਨਾ ਦਿਓ ਅਤੇ ਨਾ ਹੀ ਆਪਣੇ ਪੁੱਤਰਾਂ ਲਈ ਉਹਨਾਂ ਦੀਆਂ ਧੀਆਂ ਲਓ, 4 ਕਿਉਂ ਜੋ ਉਹ ਤੁਹਾਡੇ ਬੱਚਿਆ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ, ਤਾਂ ਜੋ ਉਹ ਦੂਸਰੇ ਦੇਵਤਿਆਂ ਦੀ ਪੂਜਾ ਕਰਨ ਅਤੇ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਜਲਦੀ ਹੀ ਤੁਹਾਨੂੰ ਤਬਾਹ ਕਰ ਦੇਵੇਗਾ। 5 ਤੁਸੀਂ ਉਹਨਾਂ ਨਾਲ ਇਹੀ ਕਰੋ: ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਭੰਨ ਸੁੱਟੋ, ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਵੱਢ ਸੁੱਟੋ ਅਤੇ ਉਹਨਾਂ ਦੇ ਬੁੱਤਾਂ ਨੂੰ ਅੱਗ ਵਿੱਚ ਸਾੜ ਦਿਓ। 6 ਕਿਉਂ ਜੋ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਲੋਕ ਹੋ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਧਰਤੀ ਉੱਤੇ ਦੀਆਂ ਸਾਰੀਆਂ ਕੌਮਾਂ ਵਿੱਚੋਂ ਆਪਣੇ ਲੋਕ, ਉਸਦੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।

7 ਯਾਹਵੇਹ ਨੇ ਤੁਹਾਡੇ ਉੱਤੇ ਆਪਣਾ ਪਿਆਰ ਨਹੀਂ ਪਾਇਆ ਅਤੇ ਤੁਹਾਨੂੰ ਇਸ ਲਈ ਨਹੀਂ ਚੁਣਿਆ ਕਿਉਂਕਿ ਤੁਸੀਂ ਹੋਰਨਾਂ ਲੋਕਾਂ ਨਾਲੋਂ ਵੱਧ ਗਿਣਤੀ ਵਿੱਚ ਸੀ, ਕਿਉਂਕਿ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਬਹੁਤ ਘੱਟ ਸੀ। 8 ਪਰ ਇਹ ਇਸ ਲਈ ਸੀ ਕਿ ਯਾਹਵੇਹ ਨੇ ਤੁਹਾਨੂੰ ਪਿਆਰ ਕੀਤਾ ਅਤੇ ਉਸ ਸਹੁੰ ਨੂੰ ਪੂਰਾ ਕੀਤਾ ਜੋ ਉਸਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ ਕਿ ਉਸਨੇ ਤੁਹਾਨੂੰ ਸ਼ਕਤੀਸ਼ਾਲੀ ਹੱਥਾਂ ਨਾਲ ਬਾਹਰ ਲਿਆਂਦਾ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ, ਮਿਸਰ ਦੇ ਰਾਜੇ ਫ਼ਿਰਾਊਨ ਦੇ ਰਾਜ ਤੋਂ ਛੁਡਾਇਆ। 9 ਇਸ ਲਈ ਜਾਣ ਲਵੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੀ ਪਰਮੇਸ਼ਵਰ ਹੈ। ਉਹ ਵਫ਼ਾਦਾਰ ਪਰਮੇਸ਼ਵਰ ਹੈ, ਜੋ ਉਸ ਨੂੰ ਪਿਆਰ ਕਰਨ ਵਾਲੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਵਾਲਿਆਂ ਦੀਆਂ ਹਜ਼ਾਰਾਂ ਪੀੜ੍ਹੀਆਂ ਲਈ ਆਪਣੇ ਪਿਆਰ ਦਾ ਨੇਮ ਰੱਖਦਾ ਹੈ। 10 ਪਰ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ, ਉਹਨਾਂ ਦੇ ਵੇਖਦਿਆਂ-ਵੇਖਦਿਆਂ ਹੀ ਉਹਨਾਂ ਦਾ ਨਾਸ ਕਰਕੇ ਬਦਲਾ ਦਿੰਦਾ ਹੈ।

ਉਹ ਉਹਨਾਂ ਦੇ ਮੂੰਹ ਦਾ ਬਦਲਾ ਦੇਣ ਵਿੱਚ ਢਿੱਲ ਨਹੀਂ ਕਰੇਗਾ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ।

11 ਇਸ ਲਈ ਜਿਹੜੇ ਹੁਕਮ, ਫ਼ਰਮਾਨ ਅਤੇ ਬਿਵਸਥਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਹਨਾਂ ਦੀ ਪਾਲਣਾ ਕਰਕੇ ਪੂਰਾ ਕਰੋ।

12 ਜੇਕਰ ਤੁਸੀਂ ਇਨ੍ਹਾਂ ਕਾਨੂੰਨਾਂ ਵੱਲ ਧਿਆਨ ਦਿੰਦੇ ਹੋ ਅਤੇ ਇਨ੍ਹਾਂ ਦੀ ਪਾਲਣਾ ਕਰਨ ਲਈ ਧਿਆਨ ਰੱਖਦੇ ਹੋ, ਤਾਂ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਪਿਆਰ ਦੇ ਆਪਣੇ ਨੇਮ ਨੂੰ ਕਾਇਮ ਰੱਖੇਗਾ, ਜਿਵੇਂ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ। 13 ਉਹ ਤੁਹਾਨੂੰ ਪਿਆਰ ਕਰੇਗਾ ਅਤੇ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੀ ਗਿਣਤੀ ਵਧਾਵੇਗਾ। ਉਹ ਤੁਹਾਡੀ ਕੁੱਖ ਦੇ ਫਲ, ਤੁਹਾਡੀ ਧਰਤੀ ਦੀਆਂ ਫ਼ਸਲਾਂ, ਤੁਹਾਡੇ ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ, ਤੁਹਾਡੇ ਇੱਜੜਾਂ ਦੇ ਵੱਛਿਆਂ ਅਤੇ ਤੁਹਾਡੇ ਇੱਜੜਾਂ ਦੇ ਲੇਲਿਆਂ ਨੂੰ ਬਰਕਤ ਦੇਵੇਗਾ ਜਿਸ ਧਰਤੀ ਵਿੱਚ ਉਸਨੇ ਤੁਹਾਡੇ ਪੁਰਖਿਆਂ ਨਾਲ ਤੁਹਾਨੂੰ ਦੇਣ ਦੀ ਸਹੁੰ ਖਾਧੀ ਸੀ। 14 ਤੁਸੀਂ ਹੋਰਨਾਂ ਲੋਕਾਂ ਨਾਲੋਂ ਵੱਧ ਮੁਬਾਰਕ ਹੋਵੋਗੇ। ਤੁਹਾਡੇ ਵਿੱਚੋਂ ਕੋਈ ਵੀ ਆਦਮੀ ਜਾਂ ਔਰਤ ਬੇ-ਔਲਾਦ ਨਹੀਂ ਹੋਵੇਗਾ, ਅਤੇ ਤੁਹਾਡੇ ਪਸ਼ੂਆਂ ਵਿੱਚੋਂ ਕੋਈ ਵੀ ਬੇ-ਔਲਾਦ ਨਹੀਂ ਹੋਵੇਗਾ। 15 ਯਾਹਵੇਹ ਤੁਹਾਨੂੰ ਹਰ ਬਿਮਾਰੀ ਤੋਂ ਮੁਕਤ ਰੱਖੇਗਾ। ਉਹ ਤੁਹਾਨੂੰ ਉਹ ਭਿਆਨਕ ਬੀਮਾਰੀਆਂ ਨਹੀਂ ਲਾਵੇਗਾ ਜਿਨ੍ਹਾਂ ਬਾਰੇ ਤੁਸੀਂ ਮਿਸਰ ਵਿੱਚ ਜਾਣਦੇ ਸੀ, ਪਰ ਉਹ ਤੁਹਾਨੂੰ ਉਹਨਾਂ ਸਾਰਿਆਂ ਲੋਕਾਂ ਨੂੰ ਦੇਵੇਗਾ ਜੋ ਤੁਹਾਨੂੰ ਨਫ਼ਰਤ ਕਰਦੇ ਹਨ। 16 ਤੁਸੀਂ ਉਹਨਾਂ ਸਾਰੀਆਂ ਕੌਮਾਂ ਨੂੰ ਤਬਾਹ ਕਰ ਸੁੱਟੋਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਸੌਂਪਦਾ ਹੈ। ਉਹਨਾਂ ਨੂੰ ਤਰਸ ਨਾਲ ਨਾ ਵੇਖੋ ਅਤੇ ਉਹਨਾਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰੋ, ਕਿਉਂ ਜੋ ਇਹ ਤੁਹਾਡੇ ਲਈ ਇੱਕ ਫਾਹੀ ਹੋਵੇਗਾ।

17 ਤੁਸੀਂ ਆਪਣੇ ਆਪ ਨੂੰ ਆਖ ਸਕਦੇ ਹੋ, "ਇਹ ਕੌਮਾਂ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ। ਅਸੀਂ ਉਹਨਾਂ ਨੂੰ ਕਿਵੇਂ ਬਾਹਰ ਕੱਢ ਸਕਦੇ ਹਾਂ?" 18 ਪਰ ਉਹਨਾਂ ਤੋਂ ਨਾ ਡਰੋ; ਯਾਦ ਰੱਖੋ ਕਿ ਤੁਹਾਡੇ ਪਰਮੇਸ਼ਵਰ ਨੇ ਫ਼ਿਰਾਊਨ ਅਤੇ ਸਾਰੇ ਮਿਸਰ ਨਾਲ ਕੀ ਕੀਤਾ ਸੀ। 19 ਤੁਸੀਂ ਆਪਣੀਆਂ ਅੱਖਾਂ ਨਾਲ ਵੱਡੀਆਂ ਅਜ਼ਮਾਇਸ਼ਾਂ, ਨਿਸ਼ਾਨ ਅਤੇ ਅਚੰਭੇ, ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਵੇਖੀ, ਜਿਸ ਨਾਲ ਯਾਹਵੇਹ, ਤੁਹਾਡਾ ਪਰਮੇਸ਼ਵਰ ਤੁਹਾਨੂੰ ਬਾਹਰ ਲਿਆਇਆ। ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਸਾਰੀਆਂ ਕੌਮਾਂ ਨਾਲ ਵੀ ਅਜਿਹਾ ਹੀ ਕਰੇਗਾ ਜਿਨ੍ਹਾਂ ਤੋਂ ਤੁਸੀਂ ਹੁਣ ਡਰਦੇ ਹੋ। 20 ਇਸ ਤੋਂ ਇਲਾਵਾ, ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਵਿੱਚ ਡੇਹਮੂ ਭੇਜੇਗਾ ਜਦ ਤੱਕ ਕਿ ਉਹ ਜਿਹੜੇ ਆਪਣੇ ਆਪ ਨੂੰ ਲੁਕਾਉਣਗੇ, ਤੁਹਾਡੇ ਸਾਹਮਣਿਓ ਨਾਸ ਨਾ ਹੋ ਜਾਣ। 21 ਉਹਨਾਂ ਤੋਂ ਨਾ ਘਬਰਾਓ ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ, ਜੋ ਤੁਹਾਡੇ ਵਿਚਕਾਰ ਹੈ, ਇੱਕ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ ਹੈ। 22 ਤੁਹਾਡਾ ਪਰਮੇਸ਼ਵਰ ਹੌਲੀ-ਹੌਲੀ ਉਹਨਾਂ ਕੌਮਾਂ ਨੂੰ ਤੁਹਾਡੇ ਅੱਗੇ ਤੋਂ ਬਾਹਰ ਕੱਢ ਦੇਵੇਗਾ। ਤੁਹਾਨੂੰ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਖ਼ਤਮ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ, ਜਾਂ ਜੰਗਲੀ ਜਾਨਵਰ ਤੁਹਾਡੇ ਆਲੇ-ਦੁਆਲੇ ਵੱਧ ਹੋ ਜਾਣ। 23 ਪਰ ਯਾਹਵੇਹ, ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ, ਅਤੇ ਉਹਨਾਂ ਨੂੰ ਬਹੁਤ ਉਲਝਣ ਵਿੱਚ ਪਾਵੇਗਾ ਜਦੋਂ ਤੱਕ ਉਹ ਨਾਸ ਨਹੀਂ ਹੋ ਜਾਂਦੇ। 24 ਉਹ ਉਹਨਾਂ ਦੇ ਰਾਜਿਆਂ ਨੂੰ ਤੇਰੇ ਹੱਥ ਵਿੱਚ ਕਰ ਦੇਵੇਗਾ ਅਤੇ ਤੂੰ ਉਹਨਾਂ ਦੇ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ, ਤੁਸੀਂ ਉਹਨਾਂ ਨੂੰ ਤਬਾਹ ਕਰ ਦੇਵੋਂਗੇ। 25 ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਤੁਸੀਂ ਅੱਗ ਵਿੱਚ ਸਾੜ ਦੇਣਾ ਅਤੇ ਤੁਸੀਂ ਉਸ ਚਾਂਦੀ, ਸੋਨੇ ਦਾ ਲਾਲਚ ਨਾ ਕਰਨਾ ਜੋ ਉਹਨਾਂ ਦੇ ਉੱਤੇ ਹੈ ਅਤੇ ਉਸਨੂੰ ਆਪਣੇ ਲਈ ਨਾ ਲਓ, ਨਹੀਂ ਤਾਂ ਤੁਸੀਂ ਇਸ ਫੰਦੇ ਵਿੱਚ ਫਸ ਜਾਵੋਗੇ, ਕਿਉਂਕਿ ਇਹ ਤੁਹਾਡੇ ਯਾਹਵੇਹ ਦੇ ਲਈ ਘਿਣਾਉਣੀ ਹੈ। 26 ਆਪਣੇ ਘਰ ਵਿੱਚ ਘਿਣਾਉਣੀ ਵਸਤੂ ਨਾ ਲਿਆਓ ਕਿਤੇ ਤੁਸੀਂ ਵੀ ਉਸ ਤਰ੍ਹਾਂ ਘਿਣਾਉਣੇ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਅਤੇ ਘਿਣ ਕਰੋ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ।

Veja também

Publicidade
Bíblia Online Bíblia Online

Bíblia Online • Versão: 2026-06-18_10-32-54-