Pular para o conteúdo
Publicidade

ਬਿਵਸਥਾ 8

ਯਾਹਵੇਹ ਨੂੰ ਨਾ ਭੁੱਲੋ

1 ਹਰ ਹੁਕਮ ਦੀ ਪਾਲਣਾ ਕਰਨ ਲਈ ਧਿਆਨ ਰੱਖੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧਦੇ ਜਾਓ ਅਤੇ ਉਸ ਧਰਤੀ ਵਿੱਚ ਦਾਖਲ ਹੋਵੋ ਅਤੇ ਅਧਿਕਾਰ ਪ੍ਰਾਪਤ ਕਰੋ, ਜਿਸਦਾ ਵਾਅਦਾ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ। 2 ਚੇਤੇ ਰੱਖੋ ਕਿ ਕਿਵੇਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਇਨ੍ਹਾਂ ਚਾਲੀ ਸਾਲਾਂ ਵਿੱਚ ਉਜਾੜ ਦੇ ਸਾਰੇ ਰਸਤੇ ਵਿੱਚ ਤੁਹਾਡੀ ਅਗਵਾਈ ਕਰਦਾ ਰਿਹਾ, ਤਾਂ ਜੋ ਤੁਹਾਨੂੰ ਅਧੀਨ ਹੋਣਾ ਸਿਖਾਏ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਕਿ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਕੀ ਤੁਸੀਂ ਉਸ ਦੇ ਹੁਕਮਾ ਉੱਤੇ ਚੱਲੋਗੇ, ਵੀ ਕਿ ਨਹੀਂ? 3 ਉਸ ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਫਿਰ ਤੁਹਾਨੂੰ ਮੰਨਾ ਖੁਆਇਆ, ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪੁਰਖਿਆਂ ਨੇ ਜਾਣਿਆ ਸੀ, ਤੁਹਾਨੂੰ ਇਹ ਸਿਖਾਉਣ ਲਈ ਕਿ ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ ਪਰ ਹਰ ਇੱਕ ਬਚਨ ਨਾਲ ਜੋ ਯਾਹਵੇਹ ਦੇ ਮੂੰਹ ਵਿੱਚੋਂ ਨਿਕਲਦਾ ਹੈ। 4 ਇਹਨਾਂ ਚਾਲੀ ਸਾਲਾਂ ਵਿੱਚ ਤੁਹਾਡੇ ਕੱਪੜੇ ਪੁਰਾਣੇ ਨਾ ਹੋਏ ਅਤੇ ਤੁਹਾਡੇ ਪੈਰ ਨਾ ਸੁੱਜੇ। 5 ਤਾਂ ਆਪਣੇ ਮਨ ਵਿੱਚ ਜਾਣੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ ਹੈ, ਉਸੇ ਤਰ੍ਹਾਂ ਤੁਹਾਡਾ ਯਾਹਵੇਹ ਤੁਹਾਨੂੰ ਤਾੜਨਾ ਦਿੰਦਾ ਹੈ।

6 ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ, ਉਸਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸਦਾ ਸਤਿਕਾਰ ਕਰੋ। 7 ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆ ਰਿਹਾ ਹੈ ਇੱਕ ਅਜਿਹੀ ਧਰਤੀ ਜਿਸ ਵਿੱਚ ਨਦੀਆਂ, ਚਸ਼ਮੇ ਅਤੇ ਡੂੰਘੇ ਸੋਤੇ ਹਨ ਜਿਹੜੇ ਘਾਟੀਆਂ ਅਤੇ ਪਹਾੜਾਂ ਵਿੱਚ ਵਗਦੇ ਹਨ, 8 ਕਣਕ ਅਤੇ ਜੌਂ, ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ, ਅਨਾਰਾਂ, ਜ਼ੈਤੂਨ ਦੇ ਤੇਲ ਅਤੇ ਸ਼ਹਿਦ ਦੇ ਦੇਸ਼ ਵਾਲੀ ਧਰਤੀ ਹੈ, 9 ਇੱਕ ਅਜਿਹਾ ਦੇਸ਼ ਜਿੱਥੇ ਰੋਟੀ ਦੀ ਕਮੀ ਨਹੀਂ ਹੋਵੇਗੀ ਅਤੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ, ਇੱਕ ਅਜਿਹੀ ਧਰਤੀ ਜਿੱਥੇ ਚੱਟਾਨਾਂ ਲੋਹੇ ਦੀਆਂ ਹਨ ਅਤੇ ਤੁਸੀਂ ਉਸ ਦੀਆਂ ਪਹਾੜੀਆਂ ਨੂੰ ਖੋਦ ਕੇ ਤਾਂਬਾ ਕੱਢੋਗੇ।

10 ਜਦੋਂ ਤੁਸੀਂ ਰੱਜ ਕੇ ਖਾਓਗੇ ਅਤੇ ਆਪਣੇ ਪਰਮੇਸ਼ਵਰ ਦੀ ਉਸ ਚੰਗੀ ਧਰਤੀ ਲਈ ਉਸਤਤ ਕਰੋ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ। 11 ਸਾਵਧਾਨ ਰਹੋ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਨਾ ਜਾਓ, ਉਸਦੇ ਹੁਕਮਾਂ, ਉਸਦੇ ਨਿਯਮਾਂ ਅਤੇ ਉਸਦੇ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਹੋਵੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। 12 ਨਹੀਂ ਤਾਂ, ਜਦੋਂ ਤੁਸੀਂ ਖਾ ਕੇ ਰੱਜ ਜਾਂਦੇ ਹੋ, ਜਦੋਂ ਤੁਸੀਂ ਚੰਗੇ ਘਰ ਬਣਾਉਂਦੇ ਹੋ ਅਤੇ ਵੱਸਦੇ ਹੋ, 13 ਜਦੋਂ ਤੁਹਾਡੇ ਇੱਜੜ ਅਤੇ ਪਸ਼ੂ ਵੱਧ ਜਾਣ ਅਤੇ ਤੁਹਾਡੀ ਚਾਂਦੀ ਅਤੇ ਸੋਨਾ ਵੱਧ ਜਾਵੇ ਅਤੇ ਜੋ ਕੁਝ ਤੁਹਾਡੇ ਕੋਲ ਹੈ ਵੱਧ ਜਾਵੇ, 14 ਤਦ ਤੁਹਾਡਾ ਦਿਲ ਹੰਕਾਰੀ ਹੋ ਜਾਵੇਗਾ ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓਗੇ, ਜੋ ਤੁਹਾਨੂੰ ਮਿਸਰ ਵਿੱਚੋਂ, ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ। 15 ਉਸ ਨੇ ਤੁਹਾਨੂੰ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚ, ਉਸ ਪਿਆਸੇ ਅਤੇ ਪਾਣੀ ਰਹਿਤ ਧਰਤੀ ਵਿੱਚੋਂ, ਉਸ ਦੇ ਜ਼ਹਿਰੀਲੇ ਸੱਪਾਂ ਅਤੇ ਬਿੱਛੂਆਂ ਦੇ ਵਿਚਕਾਰ ਤੁਹਾਡੀ ਅਗਵਾਈ ਕੀਤੀ, ਉਸਨੇ ਤੁਹਾਡੇ ਲਈ ਸਖ਼ਤ ਚੱਟਾਨ ਵਿੱਚੋਂ ਪਾਣੀ ਕੱਢਿਆ। 16 ਉਸ ਨੇ ਤੁਹਾਨੂੰ ਉਜਾੜ ਵਿੱਚ ਖਾਣ ਲਈ ਮੰਨਾ ਦਿੱਤਾ, ਜੋ ਤੁਹਾਡੇ ਪੁਰਖਿਆਂ ਨੇ ਕਦੇ ਨਹੀਂ ਜਾਣਿਆ ਸੀ, ਤੁਹਾਨੂੰ ਅਧੀਨ ਕਰੇ ਅਤੇ ਪਰਖੇ, ਤਾਂ ਜੋ ਅੰਤ ਵਿੱਚ ਤੁਹਾਡਾ ਭਲਾ ਹੋਵੇ। 17 ਤੁਸੀਂ ਆਪਣੇ ਆਪ ਨੂੰ ਆਖੋ, "ਮੇਰੀ ਸ਼ਕਤੀ ਅਤੇ ਮੇਰੇ ਹੱਥਾਂ ਦੀ ਤਾਕਤ ਨੇ ਮੇਰੇ ਲਈ ਇਹ ਦੌਲਤ ਕਮਾਈ ਹੈ।" 18 ਪਰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਚੇਤੇ ਰੱਖੋ ਕਿਉਂਕਿ ਉਹੀ ਤੁਹਾਨੂੰ ਦੌਲਤ ਪੈਦਾ ਕਰਨ ਦੀ ਸਮਰੱਥਾ ਦਿੰਦਾ ਹੈ ਅਤੇ ਇਸ ਤਰ੍ਹਾਂ ਆਪਣੇ ਨੇਮ ਦੀ ਪੁਸ਼ਟੀ ਕਰਦਾ ਹੈ ਜਿਸ ਦੀ ਉਸ ਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਜਿਵੇਂ ਅੱਜ ਦੇ ਦਿਨ ਹੈ।

19 ਜੇਕਰ ਤੁਸੀਂ ਕਦੇ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੁੱਲ ਜਾਓ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਹਨਾਂ ਨੂੰ ਮੱਥਾ ਟੇਕੋ, ਤਾਂ ਮੈਂ ਅੱਜ ਤੁਹਾਡੇ ਵਿਰੁੱਧ ਗਵਾਹੀ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਤਬਾਹ ਹੋ ਜਾਵੋਂਗੇ। 20 ਜਿਵੇਂ ਯਾਹਵੇਹ ਨੇ ਤੁਹਾਡੇ ਤੋਂ ਪਹਿਲਾਂ ਕੌਮਾਂ ਨੂੰ ਤਬਾਹ ਕੀਤਾ ਸੀ, ਉਸੇ ਤਰ੍ਹਾਂ ਤੁਸੀਂ ਆਪਣੇ ਯਾਹਵੇਹ ਦਾ ਹੁਕਮ ਨਾ ਮੰਨਣ ਕਰਕੇ ਤਬਾਹ ਹੋਵੋਗੇ।

Estes versículos te tocaram? Ore agora!

+581 estão orando agora.

Junte-se à corrente de oração.