1 ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰ ਲਵੇ ਅਤੇ ਬਾਅਦ ਵਿੱਚ ਉਹ ਉਸ ਤੋਂ ਪ੍ਰਸੰਨ ਨਾ ਹੋਵੇ ਕਿਉਂਕਿ ਉਸ ਨੇ ਉਸ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖੀ ਹੈ ਤਾਂ ਉਹ ਉਸਨੂੰ ਤਲਾਕ-ਨਾਮਾ ਲਿਖ ਕੇ ਦੇਵੇ ਅਤੇ ਆਪਣੇ ਘਰੋਂ ਭੇਜ ਦੇਵੇ, 2 ਅਤੇ ਜੇ ਬਾਅਦ ਵਿੱਚ ਉਹ ਆਪਣਾ ਘਰ ਛੱਡ ਕੇ ਕਿਸੇ ਹੋਰ ਆਦਮੀ ਦੀ ਪਤਨੀ ਬਣ ਜਾਂਦੀ ਹੈ, 3 ਅਤੇ ਜੇਕਰ ਉਸ ਦਾ ਦੂਜਾ ਪਤੀ ਵੀ ਉਸ ਨੂੰ ਨਾਪਸੰਦ ਕਰਦਾ ਹੋਵੇ ਅਤੇ ਉਹ ਉਸਨੂੰ ਤਲਾਕਨਾਮਾ ਲਿਖ ਕੇ ਦੇ ਦੇਵੇ, ਅਤੇ ਉਸ ਨੂੰ ਘਰੋਂ ਭੇਜ ਦਿੰਦਾ ਹੈ, ਜਾਂ ਉਹ ਪੁਰਖ ਮਰ ਜਾਂਵੇ ਜਿਸ ਨੇ ਉਸ ਨਾਲ ਪਹਿਲਾ ਵਿਆਹ ਕੀਤਾ ਹੈ। 4 ਤਦ ਉਸ ਦੇ ਪਹਿਲੇ ਪਤੀ ਨੇ, ਜਿਸ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ, ਅਸ਼ੁੱਧ ਹੋਣ ਤੋਂ ਬਾਅਦ ਉਸ ਨਾਲ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਯਾਹਵੇਹ ਦੀਆਂ ਨਜ਼ਰਾਂ ਵਿੱਚ ਘਿਣਾਉਣਾ ਹੋਵੇਗਾ। ਉਸ ਧਰਤੀ ਉੱਤੇ ਪਾਪ ਨਾ ਲਿਆਓ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ।
5 ਜੇ ਕਿਸੇ ਮਨੁੱਖ ਨੇ ਹਾਲ ਹੀ ਵਿੱਚ ਵਿਆਹ ਕੀਤਾ ਹੋਵੇ, ਤਾਂ ਉਸ ਨੂੰ ਯੁੱਧ ਵਿੱਚ ਨਾ ਭੇਜਿਆ ਜਾਵੇ ਅਤੇ ਨਾ ਹੀ ਉਸ ਉੱਤੇ ਕੋਈ ਹੋਰ ਜ਼ਿੰਮੇਵਾਰੀ ਰੱਖੀ ਜਾਵੇ। ਇੱਕ ਸਾਲ ਉਹ ਆਪਣੇ ਘਰ ਵਿੱਚ ਹੀ ਰਹੇ ਅਤੇ ਆਪਣੀ ਵਿਆਹੀ ਪਤਨੀ ਨੂੰ ਖੁਸ਼ ਕਰੇ।
6 ਕੋਈ ਮਨੁੱਖ ਕਿਸੇ ਦੀ ਚੱਕੀ ਜਾਂ ਉਸ ਦੇ ਪੁੜ ਗਿਰਵੀ ਨਾ ਰੱਖੇ, ਕਿਉਂ ਜੋ ਜਾਣੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ।
7 ਜੇਕਰ ਕੋਈ ਵਿਅਕਤੀ ਆਪਣੇ ਸਾਥੀ ਇਸਰਾਏਲੀ ਨੂੰ ਅਗਵਾ ਕਰਦਾ ਹੋਇਆ ਫੜਿਆ ਜਾਂਦਾ ਹੈ ਅਤੇ ਉਹਨਾਂ ਨੂੰ ਗੁਲਾਮ ਸਮਝਦਾ ਹੈ ਜਾਂ ਵੇਚਦਾ ਹੈ, ਤਾਂ ਉਹ ਅਗਵਾ ਵਾਲੇ ਨੂੰ ਮਾਰਿਆ ਜਾਵੇ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।
8 ਕੋੜ੍ਹ ਦੀ ਬਿਮਾਰੀ ਵਿੱਚ ਚੌਕਸ ਰਹੋ ਅਤੇ ਲੇਵੀ ਜਾਜਕਾਂ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਕਰਨ ਲਈ ਜਾਓ ਜੋ ਉਹ ਤੁਹਾਨੂੰ ਕਹਿਣ, ਜਿਵੇਂ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਤੁਸੀਂ ਉਸੇ ਤਰ੍ਹਾ ਪੂਰਾ ਕਰਨ ਦੀ ਚੌਕਸੀ ਕਰਿਓ। 9 ਯਾਦ ਰੱਖੋ ਕਿ ਮਿਸਰ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਮਰਿਯਮ ਨਾਲ ਕੀ ਕੀਤਾ ਸੀ।
10 ਜਦੋਂ ਤੁਸੀਂ ਆਪਣੇ ਗੁਆਂਢੀ ਨੂੰ ਕਿਸੇ ਕਿਸਮ ਦਾ ਕਰਜ਼ਾ ਦਿੰਦੇ ਹੋ, ਤਾਂ ਉਸਦੇ ਘਰ ਵਿੱਚ ਗਿਰਵੀ ਰੱਖਣ ਦੀ ਚੀਜ਼ ਲੈਣ ਲਈ ਨਾ ਵੜੋ। 11 ਬਾਹਰ ਰਹੋ ਅਤੇ ਜਿਸ ਗੁਆਂਢੀ ਨੂੰ ਤੁਸੀਂ ਕਰਜ਼ਾ ਦਿੰਦੇ ਹੋ, ਉਹ ਆਪਣੀ ਗਿਰਵੀ ਰੱਖਣ ਵਾਲੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ। 12 ਜੇਕਰ ਉਹ ਗਰੀਬ ਹੈ, ਤਾਂ ਆਪਣੇ ਕੋਲ ਉਸਦੇ ਗਹਿਣੇ ਰੱਖ ਕੇ ਸੌਂ ਨਾ ਜਾਵੀਂ। 13 ਸੂਰਜ ਡੁੱਬਣ ਤੇ, ਤੁਹਾਨੂੰ ਲਾਜ਼ਮੀ ਤੌਰ ਤੇ ਉਸ ਨੂੰ ਬੰਧਕ ਵਾਪਸ ਕਰਨਾ ਚਾਹੀਦਾ ਹੈ, ਤਾਂ ਜੋ ਉਹ ਉਸ ਕੱਪੜੇ ਨੂੰ ਪਹਿਨ ਕੇ ਸੌਂ ਸਕੇ ਅਤੇ ਉਸ ਦੇ ਦਿਲ ਵਿੱਚੋਂ ਤੁਹਾਡੇ ਵੱਲ ਆਸ਼ੀਰਵਾਦ ਨਿਕਲੇ। ਯਾਹਵੇਹ, ਤੁਹਾਡੇ ਪਰਮੇਸ਼ਵਰ, ਦੀ ਨਿਗਾਹ ਵਿੱਚ, ਇਹ ਤੁਹਾਡੇ ਲਈ ਧਰਮ ਮੰਨਿਆ ਜਾਵੇਗਾ।
14 ਕਿਸੇ ਮਜ਼ਦੂਰ ਗਰੀਬ ਅਤੇ ਲੋੜਵੰਦ ਤੇ ਅੱਤਿਆਚਾਰ ਨਾ ਕਰਨਾ, ਭਾਵੇਂ ਉਹ ਕੰਮ ਕਰਨ ਵਾਲਾ ਕੋਈ ਇਸਰਾਏਲੀ ਹੋਵੇ ਜਾਂ ਤੁਹਾਡੇ ਕਿਸੇ ਨਗਰ ਵਿੱਚ ਰਹਿੰਦਾ ਪਰਦੇਸੀ ਹੋਵੇ। 15 ਹਰ ਰੋਜ਼ ਸੂਰਜ ਡੁੱਬਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਦਿਓ ਕਿਉਂ ਜੋ ਉਹ ਗਰੀਬ ਹਨ ਅਤੇ ਉਸ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਉਹ ਤੇਰੇ ਵਿਰੁੱਧ ਯਾਹਵੇਹ ਦੇ ਅੱਗੇ ਦੁਹਾਈ ਦੇਵੇ, ਅਤੇ ਤੁਸੀਂ ਪਾਪ ਦੇ ਦੋਸ਼ੀ ਹੋਵੋਗੇ।
16 ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਥਾਂ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ। ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
17 ਪਰਦੇਸੀ ਜਾਂ ਯਤੀਮ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ, ਨਾ ਵਿਧਵਾ ਦੀ ਚਾਦਰ ਨੂੰ ਗਿਰਵੀ ਰੱਖੋ। 18 ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਉੱਥੋਂ ਛੁਡਾਇਆ ਸੀ। ਇਸ ਲਈ ਮੈਂ ਤੁਹਾਨੂੰ ਅਜਿਹਾ ਕਰਨ ਦਾ ਹੁਕਮ ਦਿੰਦਾ ਹਾਂ।
19 ਜਦੋਂ ਤੁਸੀਂ ਆਪਣੇ ਖੇਤ ਵਿੱਚ ਵਾਢੀ ਕਰ ਰਹੇ ਹੋਵੋ ਅਤੇ ਇੱਕ ਪੂਲੀ ਉੱਥੇ ਹੀ ਭੁੱਲ ਜਾਓ, ਤਾਂ ਉਸ ਨੂੰ ਲੈਣ ਲਈ ਵਾਪਸ ਨਾ ਜਾਓ। ਇਸ ਨੂੰ ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਛੱਡ ਦਿਓ, ਤਾਂ ਜੋ ਤੁਹਾਡਾ ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ। 20 ਜਦੋਂ ਤੂੰ ਆਪਣੇ ਰੁੱਖਾਂ ਤੋਂ ਜ਼ੈਤੂਨ ਨੂੰ ਝਾੜੇਂ, ਤਾਂ ਦੂਜੀ ਵਾਰ ਟਾਹਣੀਆਂ ਨੂੰ ਨਾ ਝਾੜੀਂ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ। 21 ਜਦੋਂ ਤੁਸੀਂ ਆਪਣੇ ਅੰਗੂਰਾਂ ਦੇ ਬਾਗ ਵਿੱਚ ਅੰਗੂਰ ਇਕੱਠੇ ਕਰਦੇ ਹੋ, ਤਾਂ ਅੰਗੂਰਾਂ ਦੇ ਸਾਰੇ ਗੁੱਛੇ ਨਾ ਤੋੜੋ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ। 22 ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ। ਇਸ ਲਈ ਮੈਂ ਤੁਹਾਨੂੰ ਅਜਿਹਾ ਕਰਨ ਦਾ ਹੁਕਮ ਦਿੰਦਾ ਹਾਂ।