Publicidade

Deuteronômio 33

ਮੋਸ਼ੇਹ ਨੇ ਕਬੀਲਿਆਂ ਨੂੰ ਅਸੀਸ ਦਿੱਤੀ

1 ਇਹ ਉਹ ਬਰਕਤ ਹੈ ਜੋ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ ਸੀ। 2 ਉਸ ਨੇ ਆਖਿਆ,

"ਯਾਹਵੇਹ ਸੀਨਾਈ ਤੋਂ ਆਇਆ ਅਤੇ ਸੇਈਰ ਤੋਂ ਉਹਨਾਂ ਦੇ ਉੱਤੇ ਪਰਗਟ ਹੋਇਆ,

ਉਹ ਪਾਰਾਨ ਪਰਬਤ ਤੋਂ ਚਮਕਿਆ।

ਉਹ ਦੱਖਣ ਤੋਂ, ਆਪਣੇ ਪਹਾੜੀ ਢਾਲ਼ ਤੋਂ ਅਣਗਿਣਤ ਸੰਤਾਂ ਦੇ ਨਾਲ ਆਇਆ।

3 ਇਹ ਸੱਚ ਹੈ ਕਿ ਉਹ ਲੋਕਾਂ ਨੂੰ ਪਿਆਰ ਕਰਦਾ ਹੈ,

ਸਾਰੇ ਪਵਿੱਤਰ ਪੁਰਖ ਤੇਰੇ ਹੱਥ ਵਿੱਚ ਹਨ।

ਉਹ ਸਾਰੇ ਤੇਰੇ ਚਰਨਾਂ ਵਿੱਚ ਮੱਥਾ ਟੇਕਦੇ ਹਨ,

ਅਤੇ ਤੈਥੋਂ ਸਿੱਖਿਆ ਮਿਲਦੀ ਹੈ,

4 ਉਹ ਬਿਵਸਥਾ ਜਿਹੜੀ ਮੋਸ਼ੇਹ ਨੇ ਸਾਨੂੰ ਦਿੱਤੀ,

ਯਾਕੋਬ ਦੀ ਸਭਾ ਦੀ ਵਿਰਾਸਤ ਹੈ।

5 ਉਹ ਯਸ਼ੁਰੂਨ ਦਾ ਰਾਜਾ ਸੀ

ਜਦੋਂ ਲੋਕਾਂ ਦੇ ਆਗੂ ਇਕੱਠੇ ਹੋਏ,

ਇਸਰਾਏਲ ਦੇ ਸਾਰੇ ਗੋਤਾਂ ਦੇ ਨਾਲ ਜਮਾਂ ਹੋਏ।

6 "ਰਊਬੇਨ ਨੂੰ ਜੀਣ ਦਿਓ ਅਤੇ ਉਹ ਨਾ ਮਰੇ,

ਨਾ ਉਹ ਦੇ ਲੋਕ ਥੋੜੇ ਹੋਣ।"

7 ਅਤੇ ਉਸ ਨੇ ਯਹੂਦਾਹ ਬਾਰੇ ਇਹ ਕਿਹਾ,

"ਹੇ ਯਾਹਵੇਹ, ਯਹੂਦਾਹ ਦੀ ਪੁਕਾਰ ਸੁਣ,

ਉਸਨੂੰ ਉਸਦੇ ਲੋਕਾਂ ਕੋਲ ਲਿਆ।

ਉਹ ਆਪਣੇ ਹੱਥਾਂ ਨਾਲ ਆਪਣੇ ਕਾਰਨ ਦਾ ਬਚਾਅ ਬਣਿਆ।

ਤੂੰ ਉਸਦੇ ਵੈਰੀਆਂ ਦੇ ਵਿਰੁੱਧ ਉਸਦਾ ਸਹਾਇਕ ਹੋ!"

8 ਲੇਵੀ ਬਾਰੇ ਉਸ ਨੇ ਕਿਹਾ,

"ਤੇਰਾ ਤੁੰਮੀਮ ਅਤੇ ਊਰੀਮ ਤੇਰੇ ਉਸ ਵਫ਼ਾਦਾਰ ਸੇਵਕ ਕੋਲ ਹਨ,

ਤੂੰ ਉਸ ਨੂੰ ਮੱਸਾਹ ਵਿੱਚ ਪਰਖਿਆ।

ਤੁਸੀਂ ਮਰੀਬਾਹ ਦੇ ਪਾਣੀਆਂ ਵਿੱਚ ਉਸ ਨਾਲ ਝਗੜਾ ਕੀਤਾ ਸੀ।

9 ਉਸ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ,

‘ਮੈਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।’

ਉਸਨੇ ਨਾ ਆਪਣੇ ਭਰਾਵਾਂ ਨੂੰ ਪਛਾਣਿਆ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਪਛਾਣਿਆ,

ਪਰ ਉਹ ਤੁਹਾਡੇ ਬਚਨ ਨੂੰ ਮੰਨਦਾ ਰਿਹਾ ਅਤੇ ਆਪਣੇ ਨੇਮ ਦੀ ਰਾਖੀ ਕੀਤੀ।

10 ਉਹ ਯਾਕੋਬ ਨੂੰ ਤੇਰੀਆਂ ਬਿਧੀਆਂ ਅਤੇ ਇਸਰਾਏਲ ਨੂੰ ਤੇਰੀ ਬਿਵਸਥਾ ਸਿਖਾਉਂਦਾ ਹੈ।

ਉਹ ਤੁਹਾਡੇ ਅੱਗੇ ਧੂਪ

ਅਤੇ ਤੁਹਾਡੀ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਉਂਦਾ ਹੈ।

11 ਯਾਹਵੇਹ ਉਸ ਦੀ ਸੰਪਤੀ ਉੱਤੇ ਬਰਕਤ ਦੇ,

ਅਤੇ ਉਸਦੇ ਹੱਥਾਂ ਦੇ ਕੰਮਾਂ ਨੂੰ ਕਬੂਲ ਕਰ।

ਉਸ ਦੇ ਵਿਰੁੱਧ ਉੱਠਣ ਵਾਲਿਆਂ ਨੂੰ ਚੂਰ-ਚੂਰ ਕਰ ਦੇ,

ਉਸ ਦੇ ਦੁਸ਼ਮਣਾਂ ਨੂੰ ਉਦੋਂ ਤੱਕ ਮਾਰ ਕਿ ਉਹ ਦੁਬਾਰਾ ਨਾ ਉੱਠਣ।"

12 ਬਿਨਯਾਮੀਨ ਬਾਰੇ ਉਸਨੇ ਕਿਹਾ,

"ਯਾਹਵੇਹ ਦਾ ਪਿਆਰ ਉਸ ਕੋਲ ਸ਼ਾਂਤੀ ਨਾਲ ਵੱਸੇਗਾ,

ਕਿਉਂਕਿ ਉਹ ਸਾਰਾ ਦਿਨ ਉਸਦੀ ਸੁਰੱਖਿਆ ਕਰਦਾ ਹੈ,

ਅਤੇ ਜਿਸ ਨੂੰ ਯਾਹਵੇਹ ਪਿਆਰ ਕਰਦਾ ਹੈ ਉਸਦੇ ਮੋਢਿਆਂ ਵਿੱਚਕਾਰ ਆਰਾਮ ਕਰਦਾ ਹੈ।"

13 ਉਸ ਨੇ ਯੋਸੇਫ਼ ਬਾਰੇ ਕਿਹਾ,

"ਯਾਹਵੇਹ ਵੱਲੋਂ ਉਸਦੀ ਧਰਤੀ ਮੁਬਾਰਕ ਹੋਵੇ

ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ ਨਾਲੇ ਹੇਠਾਂ ਡੂੰਘੇ ਪਾਣੀਆਂ ਤੋਂ ਬਰਕਤ ਦੇਵੇ।

14 ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ,

ਅਤੇ ਚੰਦਰਮਾ ਦੇ ਉਗਾਏ ਹੋਏ ਪਦਾਰਥਾਂ ਤੋਂ,

15 ਪ੍ਰਾਚੀਨ ਪਹਾੜਾਂ ਦੇ ਸਭ ਤੋਂ ਵਧੀਆ ਤੋਹਫ਼ਿਆਂ ਨਾਲ

ਅਤੇ ਸਦੀਵੀ ਪਹਾੜੀਆਂ ਦੀ ਫਲਦਾਰਤਾ,

16 ਧਰਤੀ ਦੀ ਭਰਪੂਰੀ ਦੀਆਂ ਸਭ ਤੋਂ ਵਧੀਆ ਚੀਜ਼ਾਂ,

ਅਤੇ ਉਸਦੀ ਦਯਾ, ਜੋ ਬਲਦੀ ਝਾੜੀ ਵਿੱਚ ਪ੍ਰਗਟ ਹੋਈ ਸੀ।

ਇਹ ਸਭ ਯੋਸੇਫ਼ ਦੇ ਸਿਰ ਉੱਤੇ ਆਉਣ,

ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।

17 ਉਹ ਮਹਿਮਾ ਵਿੱਚ ਜੇਠੇ ਬਲਦ ਵਰਗਾ ਹੈ,

ਉਸ ਦੇ ਸਿੰਗ ਜੰਗਲੀ ਬਲਦ ਦੇ ਸਿੰਗ ਹਨ,

ਇਨ੍ਹਾਂ ਨਾਲ ਉਹ ਕੌਮਾਂ ਨੂੰ ਨੁਕਸਾਨ ਪਹੁੰਚਾਏਗਾ,

ਅਤੇ ਉਹਨਾਂ ਨੂੰ ਇੱਕੋ ਸਮੇਂ ਧਰਤੀ ਦੇ ਕੰਢਿਆਂ ਤੱਕ ਧੱਕ ਦੇਵੇਗਾ।

ਇਫ਼ਰਾਈਮ ਦੇ ਦਸ ਹਜ਼ਾਰ ਅਜਿਹੇ ਹਨ।

ਮਨੱਸ਼ੇਹ ਦੇ ਹਜ਼ਾਰਾਂ ਹੀ ਅਜਿਹੇ ਹਨ।"

18 ਜ਼ਬੂਲੁਨ ਬਾਰੇ ਉਸ ਨੇ ਕਿਹਾ,

"ਜ਼ਬੂਲੁਨ, ਆਪਣੇ ਬਾਹਰ ਜਾਣ ਵਿੱਚ ਅਨੰਦ ਕਰ,

ਅਤੇ ਹੇ ਯਿੱਸਾਕਾਰ, ਆਪਣੇ ਤੰਬੂਆਂ ਵਿੱਚ।

19 ਉਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ

ਅਤੇ ਉੱਥੇ ਧਰਮੀਆਂ ਦੀਆਂ ਬਲੀਆਂ ਚੜ੍ਹਾਉਣਗੇ।

ਉਹ ਸਮੁੰਦਰਾਂ ਦੀ ਬਹੁਤਾਤ ਵਿੱਚ ਦਾਅਵਤ ਕਰਨਗੇ,

ਰੇਤ ਵਿੱਚ ਲੁਕੇ ਹੋਏ ਖਜ਼ਾਨਿਆਂ ਦਾ ਲਾਭ ਉਠਾਉਣਗੇ।"

20 ਗਾਦ ਬਾਰੇ ਉਸਨੇ ਕਿਹਾ,

"ਧੰਨ ਹੈ ਉਹ ਜਿਹੜਾ ਗਾਦ ਦੇ ਖੇਤਰ ਨੂੰ ਵਧਾਉਂਦਾ ਹੈ!

ਗਾਦ ਉੱਥੇ ਸ਼ੇਰ ਵਾਂਗ ਰਹਿੰਦਾ ਹੈ,

ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪੜੀ ਨੂੰ ਤੋੜ ਸੁੱਟਦਾ ਹੈ।

21 ਉਸਨੇ ਆਪਣੇ ਲਈ ਸਭ ਤੋਂ ਵਧੀਆ ਜ਼ਮੀਨ ਚੁਣੀ,

ਆਗੂ ਦਾ ਹਿੱਸਾ ਉਸ ਲਈ ਰੱਖਿਆ ਗਿਆ ਸੀ।

ਜਦੋਂ ਲੋਕਾਂ ਦੇ ਮੁਖੀ ਇਕੱਠੇ ਹੋਏ,

ਉਸਨੇ ਯਾਹਵੇਹ ਦੀ ਧਰਮੀ ਇੱਛਾ, ਅਤੇ ਇਸਰਾਏਲ ਦੇ ਬਾਰੇ ਉਸਦੇ ਨਿਆਂ ਨੂੰ ਪੂਰਾ ਕੀਤਾ।"

22 ਦਾਨ ਬਾਰੇ ਉਸ ਨੇ ਆਖਿਆ,

ਦਾਨ ਸ਼ੇਰ ਦਾ ਬੱਚਾ ਹੈ,

ਬਾਸ਼ਾਨ ਵਿੱਚੋਂ ਨਿੱਕਲਦਾ ਹੈ।

23 ਨਫ਼ਤਾਲੀ ਬਾਰੇ ਉਸਨੇ ਕਿਹਾ,

"ਨਫ਼ਤਾਲੀ ਯਾਹਵੇਹ ਦੀ ਮਿਹਰ ਨਾਲ ਤ੍ਰਿਪਤ ਹੈ ਅਤੇ ਉਸਦੀ ਅਸੀਸ ਨਾਲ ਭਰਪੂਰ ਹੈ,

ਉਹ ਦੱਖਣ ਵੱਲ ਝੀਲ ਤੱਕ ਦਾ ਵਾਰਸ ਹੋਵੇਗਾ।"

24 ਆਸ਼ੇਰ ਬਾਰੇ ਉਸ ਨੇ ਕਿਹਾ,

"ਪੁੱਤਰਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਆਸ਼ੇਰ ਹੈ।

ਉਸ ਦੇ ਭਰਾਵਾਂ ਦੀ ਕਿਰਪਾ ਹੋਵੇ,

ਅਤੇ ਉਹ ਆਪਣੇ ਪੈਰਾਂ ਨੂੰ ਤੇਲ ਵਿੱਚ ਡਬੋਏ।

25 ਤੁਹਾਡੇ ਦਰਵਾਜ਼ਿਆਂ ਦੇ ਹੋੜੇ ਲੋਹੇ ਅਤੇ ਪਿੱਤਲ ਦੇ ਹੋਣਗੇ,

ਅਤੇ ਤੁਹਾਡੀ ਤਾਕਤ ਤੁਹਾਡੇ ਦਿਨਾਂ ਦੇ ਬਰਾਬਰ ਹੋਵੇਗੀ।

26 "ਯਸ਼ੁਰੂਨ ਦੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ,

ਜੋ ਤੁਹਾਡੀ ਮਦਦ ਕਰਨ ਲਈ ਅਕਾਸ਼ ਦੇ ਉੱਤੇ ਹੈ

ਅਤੇ ਆਪਣੀ ਮਹਿਮਾ ਵਿੱਚ ਬੱਦਲਾਂ ਉੱਤੇ ਸਵਾਰ ਹੈ।

27 ਸਦੀਵੀ ਪਰਮੇਸ਼ਵਰ ਤੁਹਾਡੀ ਪਨਾਹ ਹੈ,

ਅਤੇ ਹੇਠਾਂ ਸਦੀਪਕ ਬਾਹਾਂ ਹਨ।

ਉਹ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦੇਵੇਗਾ,

ਉਸਨੇ ਆਖਿਆ, ‘ਉਹਨਾਂ ਦਾ ਨਾਸ ਕਰ ਦੇ!’

28 ਇਸ ਲਈ ਇਸਰਾਏਲ ਸੁਰੱਖਿਆਂ ਵਿੱਚ ਵੱਸੇਗਾ।

ਯਾਕੋਬ ਅਨਾਜ ਅਤੇ ਨਵੀਂ ਦਾਖਰਸ ਦੇ ਦੇਸ਼ ਵਿੱਚ ਸੁਰੱਖਿਅਤ ਰਹੇਗਾ,

ਜਿੱਥੇ ਅਕਾਸ਼ ਤ੍ਰੇਲ ਪਾਉਂਦੇ ਹਨ।

29 ਹੇ ਇਸਰਾਏਲ, ਮੁਬਾਰਕ ਹੈ ਤੂੰ!

ਯਾਹਵੇਹ ਦੁਆਰਾ ਬਚਾਈ ਗਈ ਪਰਜਾ?

ਤੇਰੇ ਵਰਗਾ ਕੌਣ ਹੈ

ਉਹ ਤੁਹਾਡੀ ਢਾਲ ਅਤੇ ਸਹਾਇਕ

ਅਤੇ ਤੁਹਾਡੀ ਸ਼ਾਨਦਾਰ ਤਲਵਾਰ ਹੈ।

ਤੁਹਾਡੇ ਵੈਰੀ ਤੁਹਾਡੇ ਅੱਗੇ ਡਰ ਜਾਣਗੇ,

ਅਤੇ ਤੁਸੀਂ ਉਹਨਾਂ ਦੀਆਂ ਉਚਾਈਆਂ ਨੂੰ ਮਿੱਧੋਗੇ।"

Veja também

Publicidade
Bíblia Online Bíblia Online

Bíblia Online • Versão: 2026-06-16_18-40-07-