1 ਇਹ ਉਹ ਫ਼ਰਮਾਨ ਅਤੇ ਕਾਨੂੰਨ ਹਨ ਜਿਨ੍ਹਾਂ ਦਾ ਤੁਸੀਂ ਉਸ ਧਰਤੀ ਵਿੱਚ ਪਾਲਣਾ ਕਰਨੀ ਅਤੇ ਧਿਆਨ ਰੱਖਣਾ ਹੈ ਜੋ ਯਾਹਵੇਹ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ, ਤੁਹਾਨੂੰ ਕਬਜ਼ਾ ਕਰਨ ਲਈ ਦਿੰਦਾ ਹੈ ਜਿੰਨਾ ਚਿਰ ਜਿਵੇਂ ਤੁਸੀਂ ਧਰਤੀ ਵਿੱਚ ਰਹਿੰਦੇ ਹੋ। 2 ਜਿਨ੍ਹਾਂ ਕੌਮਾਂ ਨੂੰ ਤੁਸੀਂ ਕੱਢਣਾ ਹੈ, ਉਹਨਾਂ ਦੇ ਲੋਕ ਉੱਚੇ ਪਹਾੜਾਂ ਉੱਤੇ, ਟਿੱਲਿਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਰਥਾਤ ਜਿਸ ਕਿਸੇ ਸਥਾਨ ਵਿੱਚ ਆਪਣੇ ਦੇਵਤਿਆਂ ਦੀ ਪੂਜਾ ਕਰਦੇ, ਤੁਸੀਂ ਉਹਨਾਂ ਸਥਾਨਾਂ ਦਾ ਪੂਰੀ ਤਰ੍ਹਾਂ ਨਾਲ ਨਾਸ ਕਰਨਾ ਹੈ। 3 ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਭੰਨ ਸੁੱਟੋ ਅਤੇ ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਅੱਗ ਵਿੱਚ ਸਾੜ ਦਿਓ ਅਤੇ ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਵੱਢ ਸੁੱਟੋ ਅਤੇ ਉਹਨਾਂ ਥਾਵਾਂ ਤੋਂ ਉਹਨਾਂ ਦੇ ਨਾਮ ਮਿਟਾ ਦਿਓ।
4 ਜਿਸ ਤਰੀਕੇ ਨਾਲ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਹਿਮਾ ਨਾ ਕਰਨਾ। 5 ਪਰ ਤੁਸੀਂ ਉਸ ਥਾਂ ਦੀ ਭਾਲ ਕਰੋ ਜੋ ਤੁਹਾਡਾ ਪਰਮੇਸ਼ਵਰ ਤੁਹਾਡੇ ਸਾਰੇ ਗੋਤਾਂ ਵਿੱਚੋਂ ਆਪਣਾ ਨਾਮ ਆਪਣੇ ਨਿਵਾਸ ਲਈ ਚੁਣੇਗਾ ਅਤੇ ਉਸ ਥਾਂ ਤੇ ਤੁਸੀਂ ਜਾਇਆ ਕਰਨਾ, 6 ਉੱਥੇ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ, ਆਪਣਾ ਦਸਵੰਧ ਅਤੇ ਖਾਸ ਸੁਗਾਤਾਂ, ਜਿਹੜੀਆਂ ਦੇਣ ਦੀ ਤੁਸੀਂ ਸੁੱਖਣਾ ਸੁੱਖੀ ਹੈ ਅਤੇ ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ ਦੇ ਬੱਚਿਆ ਨੂੰ ਲਿਆਓ। 7 ਉੱਥੇ ਤੁਸੀਂ ਅਤੇ ਤੁਹਾਡੇ ਪਰਿਵਾਰ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓਗੇ ਅਤੇ ਹਰ ਉਸ ਚੀਜ਼ ਵਿੱਚ ਖੁਸ਼ੀ ਮਨਾਓਗੇ ਜਿਸ ਵਿੱਚ ਤੁਸੀਂ ਆਪਣਾ ਹੱਥ ਰੱਖਿਆ ਹੈ, ਕਿਉਂਕਿ ਤੁਹਾਡੇ ਯਾਹਵੇਹ ਨੇ ਤੁਹਾਨੂੰ ਅਸੀਸ ਦਿੱਤੀ ਹੈ।
8 ਜਿਵੇਂ ਅਸੀਂ ਅੱਜ ਇੱਥੇ ਕਰਦੇ ਹਾਂ ਉੱਥੇ ਅਜਿਹਾ ਨਾ ਕਰਨਾ ਅਰਥਾਤ ਜੋ ਕੁਝ ਕਿਸੇ ਨੂੰ ਠੀਕ ਲੱਗਦਾ ਹੈ, ਉਹ ਉਹੀ ਕਰਦਾ ਹੈ। 9 ਕਿਉਂਕਿ ਤੁਸੀਂ ਅਜੇ ਆਰਾਮ ਸਥਾਨ ਅਤੇ ਵਿਰਾਸਤ ਵਿੱਚ ਨਹੀਂ ਪਹੁੰਚੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। 10 ਪਰ ਤੁਸੀਂ ਯਰਦਨ ਪਾਰ ਕਰਕੇ ਉਸ ਧਰਤੀ ਵਿੱਚ ਵੱਸੋਗੇ ਜਿਹੜਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਅਰਾਮ ਦੇਵੇਗਾ ਤਾਂ ਜੋ ਤੁਸੀਂ ਸੁਰੱਖਿਅਤ ਰਹੋ। 11 ਤਦ ਉਸ ਥਾਂ ਨੂੰ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ, ਉੱਥੇ ਤੁਸੀਂ ਉਹ ਸਭ ਕੁਝ ਲਿਆਉਣਾ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜਿਵੇਂ ਕਿ ਤੁਹਾਡੀਆਂ ਹੋਮ ਦੀਆਂ ਭੇਟਾਂ, ਬਲੀਆਂ, ਤੁਹਾਡੇ ਦਸਵੰਧ, ਖਾਸ ਸੁਗਾਤਾਂ ਅਤੇ ਸਾਰੀਆਂ ਚੀਜ਼ਾਂ ਨਾਲੇ ਆਪਣੀਆਂ ਮਨ ਭਾਉਂਦੀਆਂ ਚੀਜ਼ਾਂ ਜੋ ਤੁਸੀਂ ਯਾਹਵੇਹ ਲਈ ਸੁੱਖਣਾ ਸੁੱਖੀਆਂ ਹਨ। 12 ਅਤੇ ਉੱਥੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਖੁਸ਼ੀ ਮਨਾਓ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਨਗਰਾਂ ਦੇ ਲੇਵੀਆਂ ਨੂੰ ਜਿਨ੍ਹਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ ਹੈ। 13 ਸਾਵਧਾਨ ਰਹੋ ਕਿ ਕਿਤੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਹੋਮ ਦੀਆਂ ਭੇਟਾਂ ਨਾ ਚੜ੍ਹਾਓ। 14 ਉਹਨਾਂ ਨੂੰ ਸਿਰਫ ਉਸ ਥਾਂ ਉੱਤੇ ਚੜ੍ਹਾਓ ਜਿੱਥੇ ਯਾਹਵੇਹ ਤੁਹਾਡੇ ਗੋਤ ਵਿੱਚੋਂ ਕਿਸੇ ਇੱਕ ਨੂੰ ਚੁਣੇਗਾ, ਅਤੇ ਉੱਥੇ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ।
15 ਤਾਂ ਤੁਸੀਂ ਆਪਣੇ ਕਿਸੇ ਵੀ ਨਗਰ ਵਿੱਚ ਆਪਣੇ ਜਾਨਵਰਾਂ ਨੂੰ ਵੱਢੋ ਅਤੇ ਜਿੰਨਾ ਚਾਹੋ ਮਾਸ ਖਾ ਸਕਦੇ ਹੋ, ਜਿਵੇਂ ਕਿ ਉਹ ਚਿਕਾਰੇ ਜਾਂ ਹਿਰਨ ਦਾ ਹੋਵੇ, ਤੁਹਾਡੇ ਪਰਮੇਸ਼ਵਰ ਦੀ ਅਸੀਸ ਦੇ ਅਨੁਸਾਰ ਤੁਸੀਂ ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸਨੂੰ ਖਾ ਸਕਦੇ ਹਨ। 16 ਪਰ ਤੁਹਾਨੂੰ ਖੂਨ ਨਹੀਂ ਖਾਣਾ ਚਾਹੀਦਾ। ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ। 17 ਤੁਸੀਂ ਆਪਣੇ ਨਗਰਾਂ ਵਿੱਚ ਆਪਣੇ ਅੰਨ ਅਤੇ ਨਵੀਂ ਦਾਖਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ, ਆਪਣੇ ਇੱਜੜਾਂ ਅਤੇ ਚੌਣ ਦੇ ਪਹਿਲੌਠੇ, ਜੋ ਕੁਝ ਤੁਸੀਂ ਦੇਣ ਦੀ ਸਹੁੰ ਖਾਧੀ ਹੈ, ਆਪਣੀ ਮਰਜ਼ੀ ਦੀਆਂ ਭੇਟਾਂ ਜਾਂ ਖਾਸ ਸੁਗਾਤਾਂ ਨੂੰ ਨਹੀਂ ਖਾਣਾ। 18 ਇਸ ਦੀ ਬਜਾਏ, ਤੁਸੀਂ ਉਹਨਾਂ ਨੂੰ ਆਪਣੇ ਯਾਹਵੇਹ ਦੀ ਹਜ਼ੂਰੀ ਵਿੱਚ ਉਸ ਥਾਂ ਉੱਤੇ ਖਾਓ ਜਿੱਥੇ ਤੁਹਾਡਾ ਪਰਮੇਸ਼ਵਰ ਚੁਣੇਗਾ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਕਸਬਿਆਂ ਦੇ ਲੇਵੀ, ਤੁਸੀਂ ਹਰ ਉਸ ਚੀਜ਼ ਵਿੱਚ ਜੋ ਤੁਸੀਂ ਆਪਣਾ ਹੱਥ ਰੱਖਦੇ ਹੋ, ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਅਨੰਦ ਕਰਨਾ ਹੈ। 19 ਧਿਆਨ ਰੱਖੋ ਕਿ ਜਿੰਨਾ ਚਿਰ ਤੁਸੀਂ ਆਪਣੇ ਦੇਸ਼ ਵਿੱਚ ਰਹਿੰਦੇ ਹੋ, ਲੇਵੀਆਂ ਨੂੰ ਕਦੇ ਨਾ ਭੁੱਲਿਓ।
20 ਜਦੋਂ ਤੁਹਾਡੇ ਪਰਮੇਸ਼ਵਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਤੁਹਾਡੇ ਖੇਤਰ ਨੂੰ ਵੱਡਾ ਕੀਤਾ ਹੈ, ਅਤੇ ਤੁਸੀਂ ਮਾਸ ਨੂੰ ਲੋਚਦੇ ਹੋ ਅਤੇ ਕਹਿੰਦੇ ਹੋ, "ਮੈਨੂੰ ਕੁਝ ਮਾਸ ਚਾਹੀਦਾ ਹੈ," ਤਾਂ ਤੁਸੀਂ ਇਸ ਵਿੱਚੋਂ ਜਿੰਨਾ ਚਾਹੋ ਖਾ ਸਕਦੇ ਹੋ। 21 ਪਰ ਜੇਕਰ ਉਹ ਸਥਾਨ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਹਾਡੇ ਤੋਂ ਬਹੁਤ ਦੂਰ ਹੋਵੇ ਤਾਂ ਤੁਸੀਂ ਆਪਣੇ ਇੱਜੜ ਅਤੇ ਚੌਣੇ ਵਿੱਚੋਂ ਜਿਹੜਾ ਯਾਹਵੇਹ ਨੇ ਤੁਹਾਨੂੰ ਦਿੱਤਾ, ਪਸ਼ੂ ਵੱਢ ਲੈਣਾ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਇੱਛਾ ਅਨੁਸਾਰ ਖਾ ਲਿਆ ਕਰਿਓ। 22 ਉਹਨਾਂ ਨੂੰ ਉਸੇ ਤਰ੍ਹਾਂ ਖਾਓ ਜਿਵੇਂ ਤੁਸੀਂ ਚਿਕਾਰੇ ਜਾਂ ਹਿਰਨ ਨੂੰ ਖਾਂਦੇ ਹੋ, ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਖਾ ਸਕਦੇ ਹਨ। 23 ਪਰ ਧਿਆਨ ਰੱਖੋ ਕਿ ਤੁਸੀਂ ਲਹੂ ਨਾ ਖਾਓ ਕਿਉਂ ਜੋ ਲਹੂ ਜੀਵਨ ਹੈ ਅਤੇ ਜੀਵਨ ਨੂੰ ਮਾਸ ਨਾਲ ਨਾ ਖਾਓ। 24 ਤੁਹਾਨੂੰ ਲਹੂ ਨਹੀਂ ਖਾਣਾ ਚਾਹੀਦਾ, ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ। 25 ਆਪਣੀ ਭਲਾਈ ਲਈ ਅਤੇ ਤੁਹਾਡੇ ਤੋਂ ਬਾਅਦ ਆਪਣੇ ਬੱਚਿਆਂ ਲਈ ਤੁਸੀਂ ਖੂਨ ਨਹੀਂ ਖਾਓਗੇ, ਅਜਿਹਾ ਕਰਨ ਨਾਲ ਤੁਸੀਂ ਉਹ ਕਰੋਗੇ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਹੈ।
26 ਪਰ ਤੁਸੀਂ ਆਪਣੀਆਂ ਪਵਿੱਤਰ ਚੀਜ਼ਾਂ ਅਤੇ ਜੋ ਕੁਝ ਵੀ ਦੇਣ ਦੀ ਸੁੱਖਣਾ ਖਾਧੀ ਹੈ ਲੈ ਜਾਓ ਅਤੇ ਉਸ ਥਾਂ ਨੂੰ ਜਾਓ ਜਿਸ ਨੂੰ ਯਾਹਵੇਹ ਚੁਣੇਗਾ। 27 ਆਪਣੀਆਂ ਹੋਮ ਦੀਆਂ ਭੇਟਾਂ ਆਪਣੇ ਪਰਮੇਸ਼ਵਰ ਯਾਹਵੇਹ ਦੀ ਜਗਵੇਦੀ ਉੱਤੇ ਚੜ੍ਹਾਓ, ਮਾਸ ਅਤੇ ਲਹੂ ਦੋਵੇਂ ਅਤੇ ਤੁਹਾਡੀਆਂ ਬਲੀਆਂ ਦਾ ਲਹੂ ਤੁਹਾਡੇ ਪਰਮੇਸ਼ਵਰ ਦੀ ਜਗਵੇਦੀ ਦੇ ਕੋਲ ਡੋਲ੍ਹਿਆ ਜਾਣਾ ਚਾਹੀਦਾ ਹੈ, ਪਰ ਤੁਸੀਂ ਮਾਸ ਖਾ ਸਕਦੇ ਹੋ। 28 ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਧਿਆਨ ਨਾਲ ਰੱਖੋ ਤਾਂ ਜੋ ਤੁਹਾਡੇ ਤੋਂ ਬਾਅਦ ਤੁਹਾਡੇ ਅਤੇ ਤੁਹਾਡੇ ਬੱਚਿਆਂ ਦਾ ਹਮੇਸ਼ਾ ਭਲਾ ਹੋਵੇ ਕਿਉਂਕਿ ਤੁਸੀਂ ਉਹ ਕੰਮ ਕਰੋਗੇ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਚੰਗਾ ਅਤੇ ਸਹੀ ਹੈ।
29 ਤੁਹਾਡਾ ਪਰਮੇਸ਼ਵਰ ਤੁਹਾਡੇ ਅੱਗੇ ਉਹਨਾਂ ਕੌਮਾਂ ਨੂੰ ਵੱਢ ਸੁੱਟੇਗਾ ਜਿਨ੍ਹਾਂ ਉੱਤੇ ਤੁਸੀਂ ਹਮਲਾ ਕਰਨ ਜਾ ਰਹੇ ਹੋ। ਪਰ ਜਦੋਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਵੋਗੇ ਤਾਂ ਉਹਨਾਂ ਦੇ ਦੇਸ਼ ਵਿੱਚ ਵੱਸ ਜਾਓ, 30 ਅਤੇ ਜਦੋਂ ਉਹ ਤੁਹਾਡੇ ਸਾਹਮਣੇ ਤਬਾਹ ਹੋ ਜਾਣ, ਤਾਂ ਸਾਵਧਾਨ ਰਹੋ ਕਿ ਤੁਸੀਂ ਉਹਨਾਂ ਦੇ ਦੇਵਤਿਆਂ ਬਾਰੇ ਪੁੱਛ-ਗਿੱਛ ਕਰਦੇ ਹੋਏ ਨਾ ਫਸੋ, "ਇਹ ਕੌਮਾਂ ਆਪਣੇ ਦੇਵਤਿਆਂ ਦੀ ਸੇਵਾ ਕਿਵੇਂ ਕਰਦੀਆਂ ਹਨ? ਅਸੀਂ ਵੀ ਅਜਿਹਾ ਹੀ ਕਰਾਂਗੇ।" 31 ਤੁਹਾਨੂੰ ਆਪਣੇ ਯਾਹਵੇਹ ਦੀ ਉਹਨਾਂ ਦੇ ਤਰੀਕੇ ਨਾਲ ਉਪਾਸਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹੋਏ ਹਰ ਤਰ੍ਹਾਂ ਦੇ ਘਿਣਾਉਣੇ ਕੰਮ ਕਰਦੇ ਹਨ ਯਾਹਵੇਹ ਜਿਨ੍ਹਾਂ ਨੂੰ ਨਫ਼ਰਤ ਕਰਦਾ ਹੈ। ਇੱਥੋਂ ਤੱਕ ਕਿ ਉਹ ਆਪਣੇ ਦੇਵਤਿਆਂ ਨੂੰ ਬਲੀਆਂ ਵਜੋਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜ ਦਿੰਦੇ ਹਨ।
32 ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਤੁਸੀਂ ਉਹਨਾਂ ਦੀ ਪਾਲਣਾ ਕਰਨਾ ਇਨ੍ਹਾਂ ਵਿੱਚੋਂ ਨਾ ਕੁਝ ਵਧਾਓ ਨਾ ਕੁਝ ਘਟਾਓ।