1 ਆਪਣੇ ਪਰਮੇਸ਼ਵਰ ਦੇ ਅੱਗੇ ਉਹ ਬਲਦ ਜਾਂ ਭੇਡ ਦੀ ਬਲੀ ਨਾ ਚੜ੍ਹਾਓ ਜਿਸ ਵਿੱਚ ਕੋਈ ਨੁਕਸ ਜਾਂ ਦੋਸ਼ ਹੋਵੇ, ਕਿਉਂ ਜੋ ਇਹ ਉਸ ਲਈ ਘਿਣਾਉਣੀ ਗੱਲ ਹੋਵੇਗੀ।
2 ਜੇਕਰ ਕੋਈ ਆਦਮੀ ਜਾਂ ਔਰਤ ਤੁਹਾਡੇ ਵਿੱਚੋਂ ਕਿਸੇ ਇੱਕ ਨਗਰ ਵਿੱਚ ਰਹਿੰਦਾ ਹੈ ਜੋ ਯਾਹਵੇਹ ਤੁਹਾਨੂੰ ਦਿੰਦਾ ਹੈ ਅਤੇ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਆਪਣੇ ਨੇਮ ਦੀ ਉਲੰਘਣਾ ਕਰਦਾ ਹੋਇਆ ਪਾਇਆ ਜਾਂਦਾ ਹੈ। 3 ਅਤੇ ਮੇਰੇ ਹੁਕਮ ਦੇ ਉਲਟ ਹੋਰ ਦੇਵਤਿਆਂ ਦੀ ਪੂਜਾ ਕਰਨ ਲਗੇ ਜਾਂ ਸੂਰਜ ਜਾਂ ਚੰਦ ਜਾਂ ਅਕਾਸ਼ ਦੇ ਤਾਰਿਆਂ ਨੂੰ ਮੱਥਾ ਟੇਕਿਆ ਹੋਵੇ, 4 ਅਤੇ ਇਹ ਤੁਹਾਡੇ ਧਿਆਨ ਵਿੱਚ ਲਿਆਂਦਾ ਗਿਆ ਹੈ, ਤਾਂ ਤੁਸੀਂ ਇਸ ਦੀ ਚੰਗੀ ਤਰ੍ਹਾਂ ਜਾਂਚ ਕਰੋ। ਜੇ ਇਹ ਸੱਚ ਹੈ ਅਤੇ ਇਹ ਸਾਬਤ ਹੋ ਗਿਆ ਹੈ ਕਿ ਇਹ ਘਿਣਾਉਣੀ ਗੱਲ ਇਸਰਾਏਲ ਵਿੱਚ ਹੀ ਕੀਤੀ ਗਈ ਹੈ, 5 ਜਿਸ ਆਦਮੀ ਜਾਂ ਔਰਤ ਨੇ ਇਹ ਬੁਰਾ ਕੰਮ ਕੀਤਾ ਹੈ, ਉਸ ਨੂੰ ਆਪਣੇ ਸ਼ਹਿਰ ਦੇ ਦਰਵਾਜ਼ੇ ਕੋਲ ਲੈ ਜਾਓ ਅਤੇ ਉਸ ਵਿਅਕਤੀ ਨੂੰ ਪੱਥਰ ਮਾਰ ਕੇ ਮਾਰ ਦਿਓ। 6 ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਉੱਤੇ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਪਰ ਇੱਕ ਹੀ ਗਵਾਹ ਦੀ ਗਵਾਹੀ ਉੱਤੇ ਕਿਸੇ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। 7 ਉਸ ਵਿਅਕਤੀ ਨੂੰ ਮਾਰਨ ਵਿੱਚ ਪਹਿਲਾਂ ਗਵਾਹਾਂ ਦੇ ਹੱਥ ਹੋਣੇ ਚਾਹੀਦੇ ਹਨ, ਅਤੇ ਫਿਰ ਸਾਰੇ ਲੋਕਾਂ ਦੇ ਹੱਥ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।
8 ਜੇ ਤੁਹਾਡੀਆਂ ਅਦਾਲਤਾਂ ਵਿੱਚ ਅਜਿਹੇ ਮੁਕੱਦਮੇ ਆਉਂਦੇ ਹਨ ਜਿਨ੍ਹਾਂ ਦਾ ਨਿਆਂ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਭਾਵੇਂ ਖੂਨ-ਖਰਾਬਾ, ਮੁਕੱਦਮੇ ਜਾਂ ਹਮਲੇ, ਉਹਨਾਂ ਨੂੰ ਉਸ ਜਗ੍ਹਾ ਉੱਤੇ ਲੈ ਜਾਓ ਜੋ ਤੁਹਾਡਾ ਪਰਮੇਸ਼ਵਰ ਚੁਣੇਗਾ। 9 ਲੇਵੀ ਜਾਜਕਾਂ ਕੋਲ ਅਤੇ ਉਸ ਨਿਆਂਕਾਰ ਕੋਲ ਜਾ ਕੇ ਪੁੱਛ-ਗਿੱਛ ਕਰਿਓ, ਜਿਹੜੇ ਉਹਨਾਂ ਦਿਨਾਂ ਵਿੱਚ ਹੋਣਗੇ। ਉਹ ਤੁਹਾਨੂੰ ਉਸ ਗੱਲ ਦਾ ਫੈਸਲਾ ਦੱਸਣਗੇ। 10 ਤੁਹਾਨੂੰ ਉਹਨਾਂ ਫ਼ੈਸਲਿਆਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਉਸ ਸਥਾਨ ਤੋਂ ਦੇਣਗੇ, ਜਿਹੜਾ ਯਾਹਵੇਹ ਚੁਣੇਗਾ। ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ। 11 ਜੋ ਕੁਝ ਉਹ ਤੁਹਾਨੂੰ ਸਿਖਾਉਂਦੇ ਹਨ ਅਤੇ ਜੋ ਉਹ ਤੁਹਾਨੂੰ ਦਿੰਦੇ ਹਨ ਉਸ ਅਨੁਸਾਰ ਚੱਲੋ। ਜੋ ਉਹ ਤੁਹਾਨੂੰ ਦੱਸਦੇ ਹਨ, ਉਸ ਤੋਂ ਸੱਜੇ ਜਾਂ ਖੱਬੇ ਪਾਸੇ ਨਾ ਮੁੜੋ। 12 ਜੋ ਕੋਈ ਨਿਆਂਕਾਰ ਜਾਂ ਜਾਜਕ ਦੀ ਨਿੰਦਿਆ ਕਰਦਾ ਹੈ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਟਹਿਲ ਸੇਵਾ ਲਈ ਖੜ੍ਹਾ ਹੈ, ਉਹ ਮਨੁੱਖ ਮਾਰ ਦਿੱਤਾ ਜਾਵੇ ਇਸ ਤਰ੍ਹਾਂ ਤੁਸੀਂ ਇਸਰਾਏਲ ਵਿੱਚੋਂ ਬੁਰਾਈ ਨੂੰ ਸਾਫ਼ ਕਰਨਾ। 13 ਇਸ ਤਰ੍ਹਾਂ ਸਾਰੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫਿਰ ਗਲਤੀ ਨਾ ਕਰਨਗੇ।
14 ਜਦੋਂ ਤੁਸੀਂ ਉਸ ਧਰਤੀ ਵਿੱਚ ਪ੍ਰਵੇਸ਼ ਕਰੋ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਕੇ ਅਤੇ ਉਸ ਵਿੱਚ ਵੱਸ ਜਾਓ ਅਤੇ ਤੁਸੀਂ ਆਖੋ, "ਅਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੀ ਤਰ੍ਹਾਂ ਆਪਣੇ ਉੱਤੇ ਇੱਕ ਰਾਜਾ ਨਿਯੁਕਤ ਕਰ ਲਈਏ," 15 ਤਾਂ ਜਿਸ ਨੂੰ ਯਾਹਵੇਹ ਤੁਹਾਡਾ ਪਰਮੇਸ਼ਵਰ ਚੁਣ ਲਵੇ, ਤੁਸੀਂ ਜ਼ਰੂਰ ਹੀ ਉਸ ਨੂੰ ਆਪਣੇ ਉੱਤੇ ਰਾਜਾ ਨਿਯੁਕਤ ਕਰ ਲਿਓ। ਉਹ ਤੁਹਾਡੇ ਭਰਾ ਇਸਰਾਏਲੀਆਂ ਵਿੱਚੋਂ ਹੋਣਾ ਚਾਹੀਦਾ ਹੈ। ਕਿਸੇ ਵਿਦੇਸ਼ੀ ਨੂੰ ਆਪਣੇ ਉੱਤੇ ਨਾ ਰੱਖੋ, ਜਿਹੜਾ ਇਸਰਾਏਲੀ ਨਹੀਂ ਹੈ।
16 ਇਸ ਤੋਂ ਇਲਾਵਾ, ਰਾਜੇ ਨੂੰ ਆਪਣੇ ਲਈ ਬਹੁਤ ਸਾਰੇ ਘੋੜੇ ਨਹੀਂ ਲੈਣੇ ਚਾਹੀਦੇ ਅਤੇ ਨਾ ਹੀ ਲੋਕਾਂ ਨੂੰ ਮਿਸਰ ਵੱਲ ਵਾਪਸ ਮੋੜੇ, ਕਿਉ ਜੋ ਯਾਹਵੇਹ ਨੇ ਤੁਹਾਨੂੰ ਆਖਿਆ ਹੈ, "ਕਿ ਤੁਸੀਂ ਉਸ ਰਾਹ ਨੂੰ ਫਿਰ ਕਦੇ ਨਾ ਮੁੜਿਓ।" 17 ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਨਹੀਂ ਤਾਂ ਉਹ ਦਾ ਮਨ ਕੁਰਾਹੇ ਪੈ ਜਾਵੇਗਾ। ਨਾ ਉਹ ਆਪਣੇ ਲਈ ਬਹੁਤ ਸੋਨਾ ਚਾਂਦੀ ਵਧਾਵੇ।
18 ਜਦੋਂ ਉਹ ਆਪਣੇ ਰਾਜ ਦੀ ਗੱਦੀ ਉੱਤੇ ਬੈਠਦਾ ਹੈ, ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ। 19 ਇਹ ਉਸ ਦੇ ਕੋਲ ਰਹੇ ਅਤੇ ਆਪਣੀ ਪੂਰੀ ਜਿੰਦਗੀ ਉਸ ਨੂੰ ਪੜ੍ਹੇ, ਤਾਂ ਜੋ ਉਹ ਆਪਣੇ ਯਾਹਵੇਹ ਦਾ ਆਦਰ ਕਰਨਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਅਤੇ ਇਨ੍ਹਾਂ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰੇ ਅਤੇ ਬਿਧੀਆਂ ਨੂੰ ਪੂਰਾ ਕਰੇ। 20 ਅਤੇ ਆਪਣੇ ਆਪ ਨੂੰ ਆਪਣੇ ਇਸਰਾਏਲੀਆਂ ਭਰਾਵਾਂ ਨਾਲੋਂ ਉੱਤਮ ਨਾ ਸਮਝੋ, ਅਤੇ ਬਿਵਸਥਾ ਤੋਂ ਸੱਜੇ ਜਾਂ ਖੱਬੇ ਨਾ ਮੁੜੋ। ਫਿਰ ਉਹ ਅਤੇ ਉਸਦੀ ਔਲਾਦ ਇਸਰਾਏਲ ਉੱਤੇ ਲੰਮਾ ਸਮਾਂ ਰਾਜ ਕਰਨਗੇ।