1 ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਬੱਚੇ ਹੋ, ਇਸ ਲਈ ਤੁਸੀਂ ਨਾ ਤਾਂ ਮੁਰਦਿਆਂ ਲਈ ਆਪਣੇ ਆਪ ਨੂੰ ਨਾ ਵੱਢੋ ਅਤੇ ਨਾ ਹੀ ਆਪਣੇ ਭਰਵੱਟਿਆਂ ਨੂੰ ਮੁਨਾਓ, 2 ਕਿਉਂ ਜੋ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਲੋਕ ਹੋ ਅਤੇ ਧਰਤੀ ਦੇ ਚਿਹਰੇ ਉੱਤੇ ਸਾਰੀਆਂ ਕੌਮਾਂ ਵਿੱਚੋਂ, ਯਾਹਵੇਹ ਨੇ ਤੁਹਾਨੂੰ ਆਪਣੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।
3 ਕੋਈ ਵੀ ਘਿਣਾਉਣੀ ਚੀਜ਼ ਨਾ ਖਾਓ। 4 ਇਹ ਉਹ ਜਾਨਵਰ ਹਨ ਜਿਨ੍ਹਾਂ ਨੂੰ ਤੁਸੀਂ ਖਾ ਸਕਦੇ ਹੋ ਜਿਵੇਂ ਬਲਦ, ਭੇਡ, ਬੱਕਰੀ, 5 ਹਿਰਨ, ਚਿਕਾਰਾ, ਲਾਲ ਹਿਰਨ, ਜੰਗਲੀ ਬੱਕਰਾ, ਸਾਂਬਰ, ਜੰਗਲੀ ਸਾਨ੍ਹ ਅਤੇ ਪਹਾੜੀ ਭੇਡ 6 ਤੁਸੀਂ ਉਹਨਾਂ ਜਾਨਵਰਾਂ ਨੂੰ ਖਾ ਸਕਦੇ ਹੋ ਜਿਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਉਹ ਉਗਾਲੀ ਕਰਦਾ ਹੋਵੇ। 7 ਫਿਰ ਵੀ ਤੁਸੀਂ ਇਨ੍ਹਾਂ ਪਸ਼ੂਆਂ ਵਿੱਚੋਂ ਨਾ ਖਾਇਓ ਭਾਵੇਂ ਉਹ ਉਗਾਲੀ ਕਰਦੇ ਹੋਣ ਜਾਂ ਇਨ੍ਹਾਂ ਦੇ ਖੁਰ ਪਾਟੇ ਹੋਣ ਅਰਥਾਤ ਊਠ, ਖਰਗੋਸ਼ ਅਤੇ ਪਹਾੜੀ ਖਰਗੋਸ਼, ਕਿਉਂ ਜੋ ਇਹ ਉਗਾਲੀ ਤਾਂ ਕਰਦੇ ਹਨ ਪਰ ਇਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ, ਇਹ ਤੁਹਾਡੇ ਲਈ ਅਸ਼ੁੱਧ ਹਨ। 8 ਅਤੇ ਸੂਰ ਵੀ ਅਸ਼ੁੱਧ ਹੈ ਹਾਲਾਂਕਿ ਇਸ ਦੇ ਖੁਰ ਪਾਟੇ ਹੋਏ ਹਨ, ਪਰ ਇਹ ਉਗਾਲੀ ਨਹੀਂ ਕਰਦਾ ਹੈ, ਤੁਸੀਂ ਉਸਦਾ ਮਾਸ ਨਾ ਖਾਣਾ ਨਾ ਉਹਨਾਂ ਦੀਆਂ ਲਾਸ਼ਾਂ ਨੂੰ ਛੂਹਣਾ।
9 ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ, ਤੁਸੀਂ ਕਿਸੇ ਵੀ ਚੀਜ਼ ਨੂੰ ਖਾ ਸਕਦੇ ਹੋ ਜਿਸ ਦੇ ਖੰਭ ਅਤੇ ਚਾਨੇ ਹੋਣ। 10 ਪਰ ਜਿਸ ਚੀਜ਼ ਦੇ ਖੰਭ ਅਤੇ ਚਾਨੇ ਨਾ ਹੋਣ ਤੁਸੀਂ ਨਾ ਖਾਓ। ਉਹ ਤੁਹਾਡੇ ਲਈ ਅਸ਼ੁੱਧ ਹੈ।
11 ਤੁਸੀਂ ਕੋਈ ਵੀ ਸ਼ੁੱਧ ਪੰਛੀ ਖਾ ਸਕਦੇ ਹੋ। 12 ਪਰ ਤੁਸੀਂ ਇਨ੍ਹਾਂ ਨੂੰ ਨਹੀਂ ਖਾ ਸਕਦੇ ਜਿਵੇਂ ਕਿ ਉਕਾਬ, ਗਿਰਝ, ਕਾਲਾ ਗਿਰਝ, 13 ਲਾਲ ਇੱਲ, ਕਾਲੀ ਇੱਲ ਅਤੇ ਗਿਰਝ ਉਸ ਦੀ ਪ੍ਰਜਾਤੀ ਅਨੁਸਾਰ, 14 ਹਰ ਕਿਸਮ ਦਾ ਕਾਂ ਉਸ ਦੀ ਪ੍ਰਜਾਤੀ ਅਨੁਸਾਰ, 15 ਸ਼ੁਤਰਮੁਰਗ, ਉੱਲੂ, ਕੋਇਲ ਅਤੇ ਕਿਸੇ ਵੀ ਕਿਸਮ ਦਾ ਬਾਜ਼, 16 ਛੋਟਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ, 17 ਹਵਾਸਿਲ, ਗਿਰਝ, ਗਿੱਦ, 18 ਲਮਢੀਂਗ ਅਤੇ ਹਰ ਕਿਸਮ ਦਾ ਬਗਲਾ ਉਸਦੀ ਪ੍ਰਜਾਤੀ ਅਨੁਸਾਰ, ਚੱਕੀ ਰਾਹ ਅਤੇ ਚਮਗਿੱਦੜ।
19 ਸਾਰੇ ਉੱਡਦੇ ਕੀੜੇ ਤੁਹਾਡੇ ਲਈ ਅਸ਼ੁੱਧ ਹਨ, ਉਹਨਾਂ ਨੂੰ ਨਾ ਖਾਓ। 20 ਪਰ ਸਾਰੇ ਸ਼ੁੱਧ ਪੰਖੇਰੂ ਤੁਸੀਂ ਖਾ ਸਕਦੇ ਹੋ।
21 ਤੁਸੀਂ ਕੋਈ ਵੀ ਚੀਜ਼ ਨਾ ਖਾਓ ਜੋ ਪਹਿਲਾਂ ਤੋਂ ਹੀ ਮਰੀ ਹੋਈ ਹੋਵੇ, ਤੁਸੀਂ ਇਸਨੂੰ ਆਪਣੇ ਕਿਸੇ ਵੀ ਕਸਬੇ ਵਿੱਚ ਰਹਿਣ ਵਾਲੇ ਵਿਦੇਸ਼ੀ ਨੂੰ ਦੇ ਸਕਦੇ ਹੋ ਅਤੇ ਉਹ ਇਸਨੂੰ ਖਾ ਸਕਦੇ ਹਨ ਜਾਂ ਤੁਸੀਂ ਇਸਨੂੰ ਕਿਸੇ ਹੋਰ ਵਿਦੇਸ਼ੀ ਨੂੰ ਵੇਚ ਸਕਦੇ ਹੋ, ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਲੋਕ ਹੋ।
ਬੱਕਰੀ ਦੇ ਬੱਚੇ ਨੂੰ ਮਾਂ ਦੇ ਦੁੱਧ ਵਿੱਚ ਨਾ ਪਕਾਓ।
22 ਤੁਹਾਡੇ ਖੇਤਾਂ ਵਿੱਚ ਹਰ ਸਾਲ ਪੈਦਾ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿਓ। 23 ਆਪਣੇ ਅੰਨ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ ਅਤੇ ਆਪਣੇ ਇੱਜੜਾਂ ਅਤੇ ਚੌਣੇ ਦੇ ਪਹਿਲੌਠੇ ਨੂੰ ਯਾਹਵੇਹ ਦੇ ਸਨਮੁੱਖ ਖਾਓ ਜਿੱਥੇ ਉਹ ਆਪਣੇ ਨਾਮ ਲਈ ਨਿਵਾਸ ਸਥਾਨ ਚੁਣੇਗਾ, ਤਾਂ ਜੋ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਡਰ ਸਦਾ ਤੱਕ ਮੰਨਣਾ ਸਿੱਖੋ। 24 ਜੇਕਰ ਉਹ ਸਥਾਨ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਬਹੁਤ ਦੂਰ ਹੋਵੇ, ਅਤੇ ਉੱਥੋਂ ਦਾ ਰਾਹ ਤੁਹਾਡੇ ਲਈ ਅਜਿਹਾ ਲੰਮਾ ਹੋਵੇ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਰਕਤ ਨਾਲ ਮਿਲੀਆਂ ਵਸਤੂਆਂ ਉੱਥੇ ਲੈ ਕੇ ਜਾ ਨਾ ਸਕੋ, 25 ਫਿਰ ਆਪਣਾ ਦਸਵੰਧ ਚਾਂਦੀ ਵਿੱਚ ਬਦਲੋ ਅਤੇ ਚਾਂਦੀ ਨੂੰ ਆਪਣੇ ਨਾਲ ਲੈ ਜਾਓ ਅਤੇ ਉਸ ਜਗ੍ਹਾ ਉੱਤੇ ਜਾਓ ਜਿਸ ਨੂੰ ਤੁਹਾਡਾ ਪਰਮੇਸ਼ਵਰ ਚੁਣੇਗਾ। 26 ਜੋ ਵੀ ਤੁਸੀਂ ਚਾਹੁੰਦੇ ਹੋ, ਉਹ ਖਰੀਦਣ ਲਈ ਚਾਂਦੀ ਦੀ ਵਰਤੋਂ ਕਰੋ: ਪਸ਼ੂ, ਭੇਡ, ਦਾਖ਼ਰਸ ਜਾਂ ਹੋਰ ਕੋਈ ਪੀਣ ਵਾਲੀ ਵਸਤੂ, ਕੋਈ ਵੀ ਚੀਜ਼ ਜੋ ਤੁਸੀਂ ਚਾਹੁੰਦੇ ਹੋ। ਫ਼ੇਰ ਤੁਸੀਂ ਅਤੇ ਤੁਹਾਡੇ ਪਰਿਵਾਰ ਨਾਲ ਯਾਹਵੇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓ ਅਤੇ ਅਨੰਦ ਕਰੋ। 27 ਅਤੇ ਆਪਣੇ ਨਗਰਾਂ ਵਿੱਚ ਰਹਿਣ ਵਾਲੇ ਲੇਵੀਆਂ ਨੂੰ ਅਣਗੌਲਿਆ ਨਾ ਕਰੋ ਕਿਉਂ ਜੋ ਉਹਨਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ ਹੈ।
28 ਹਰ ਤਿੰਨ ਸਾਲਾਂ ਦੇ ਅੰਤ ਵਿੱਚ, ਉਸ ਸਾਲ ਦੀ ਪੈਦਾਵਾਰ ਦਾ ਸਾਰਾ ਦਸਵੰਧ ਲਿਆਓ ਅਤੇ ਆਪਣੇ ਨਗਰਾਂ ਵਿੱਚ ਸੰਭਾਲੋ, 29 ਤਾਂ ਜੋ ਲੇਵੀਆਂ (ਜਿਨ੍ਹਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ) ਅਤੇ ਪਰਦੇਸੀ, ਯਤੀਮ ਅਤੇ ਵਿਧਵਾਵਾਂ ਜੋ ਤੁਹਾਡੇ ਕਸਬਿਆਂ ਵਿੱਚ ਰਹਿੰਦੀਆਂ ਹਨ, ਆ ਕੇ ਖਾਣ ਅਤੇ ਰੱਜ ਜਾਣ ਅਤੇ ਤੁਹਾਡਾ ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ।