1 ਇਹ ਹੁਕਮ, ਫ਼ਰਮਾਨ ਅਤੇ ਕਾਨੂੰਨ ਹਨ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸਿਖਾਉਣ ਦਾ ਹੁਕਮ ਮੈਨੂੰ ਦਿੱਤਾ ਹੈ, ਤਾਂ ਜੋ ਤੁਸੀਂ ਇਨ੍ਹਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ ਜਿਸ ਉੱਤੇ ਅਧਿਕਾਰ ਕਰਨ ਲਈ, ਤੁਸੀਂ ਯਰਦਨ ਦੇ ਪਾਰ ਜਾ ਰਹੇ ਹੋ। 2 ਤਾਂ ਜੋ ਤੁਸੀਂ, ਤੁਹਾਡੇ ਬੱਚੇ ਅਤੇ ਉਹਨਾਂ ਦੇ ਬਾਅਦ ਉਹਨਾਂ ਦੇ ਬੱਚੇ ਆਪਣੇ ਯਾਹਵੇਹ ਤੋਂ ਡਰਦੇ ਰਹਿਣ ਜਿੰਨਾ ਚਿਰ ਤੁਸੀਂ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨਦੇ ਹੋਏ ਜੋ ਮੈਂ ਤੁਹਾਨੂੰ ਦਿੰਦਾ ਹਾਂ, ਅਤੇ ਤੁਸੀਂ ਆਪਣੇ ਪਰਮੇਸ਼ਵਰ ਤੋਂ ਡਰੋ ਤਾਂ ਜੋ ਤੁਸੀਂ ਲੰਬੀ ਉਮਰ ਮਾਣੋ। 3 ਹੇ ਇਸਰਾਏਲ, ਸੁਣੋ ਅਤੇ ਧਿਆਨ ਨਾਲ ਮੰਨੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚ ਬਹੁਤ ਵਧ ਸਕੋ, ਜਿਵੇਂ ਤੁਹਾਡੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।
4 ਹੇ ਇਸਰਾਏਲੀਓ, ਸੁਣੋ! ਸਾਡਾ ਯਾਹਵੇਹ ਪਰਮੇਸ਼ਵਰ ਇੱਕ ਹੀ ਯਾਹਵੇਹ ਹੈ। 5 ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰੋ। 6 ਇਹ ਹੁਕਮ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਤੁਹਾਡੇ ਦਿਲਾਂ ਉੱਤੇ ਰਹਿਣ। 7 ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ। 8 ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ। 9 ਉਹਨਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਚੁਗਾਠਾਂ ਉੱਤੇ ਲਿਖੋ।
10 ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਲਿਆਵੇਗਾ ਜਿਸ ਦੇ ਦੇਣ ਦੀ ਸਹੁੰ ਉਸ ਨੇ ਤੁਹਾਡੇ ਪਿਉ-ਦਾਦਿਆਂ, ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ ਅਤੇ ਨਾਲੇ ਉਹ ਤੁਹਾਨੂੰ ਵੱਡੇ ਅਤੇ ਚੰਗੇ ਸ਼ਹਿਰ ਜਿਹੜੇ ਤੁਸੀਂ ਨਹੀਂ ਬਣਾਏ ਦੇਵੇਗਾ, 11 ਨਾਲੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਜੋ ਤੁਸੀਂ ਨਹੀਂ ਭਰੇ, ਨਾਲੇ ਉਹ ਖੂਹ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਜਿਹੜੇ ਤੁਸੀਂ ਨਹੀਂ ਲਗਾਏ, ਫਿਰ ਜਦੋਂ ਤੁਸੀਂ ਖਾਓ ਅਤੇ ਰੱਜ ਜਾਓ, 12 ਧਿਆਨ ਰੱਖੋ ਕਿ ਕਿਤੇ ਤੁਸੀਂ ਯਾਹਵੇਹ ਨੂੰ ਭੁੱਲ ਨਾ ਜਾਓ, ਜੋ ਤੁਹਾਨੂੰ ਮਿਸਰ ਵਿੱਚੋਂ ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ।
13 ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰ, ਅਤੇ ਸਿਰਫ ਉਸੇ ਦੀ ਹੀ ਸੇਵਾ ਕਰੋ ਅਤੇ ਉਸ ਦੇ ਨਾਮ ਉੱਤੇ ਆਪਣੀਆਂ ਸਹੁੰ ਖਾਓ। 14 ਤੁਸੀਂ ਦੂਜੇ ਦੇਵਤਿਆਂ ਪਿੱਛੇ ਨਾ ਜਾਣਾ ਅਰਥਾਤ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਦੇਵਤਿਆਂ ਦੀ ਪਾਲਣਾ ਨਾ ਕਰੋ। 15 ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ, ਜੋ ਤੁਹਾਡੇ ਵਿਚਕਾਰ ਹੈ ਇੱਕ ਅਣਖ ਵਾਲਾ ਪਰਮੇਸ਼ਵਰ ਹੈ ਅਤੇ ਉਸ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਧਰਤੀ ਦੇ ਉੱਤੋਂ ਨਾਸ ਕਰੇਗਾ। 16 ਤੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਨਾ ਪਰਖ ਜਿਵੇਂ ਤੁਸੀਂ ਮੱਸਾਹ ਵਿੱਚ ਕੀਤਾ ਸੀ। 17 ਆਪਣੇ ਪਰਮੇਸ਼ਵਰ ਦੇ ਹੁਕਮਾਂ ਅਤੇ ਉਸ ਦੀਆਂ ਸ਼ਰਤਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਨਾ ਜਿਨ੍ਹਾਂ ਦਾ ਉਸਨੇ ਤੁਹਾਨੂੰ ਹੁਕਮ ਦਿੱਤਾ ਹੈ। 18 ਉਹੀ ਕਰੋ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਅਤੇ ਚੰਗਾ ਹੈ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਜਾ ਕੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰ ਸਕੋ ਜਿਸਦੀ ਸਹੁੰ ਯਾਹਵੇਹ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ। 19 ਤੁਹਾਡੇ ਅੱਗਿਓਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਬਾਹਰ ਕੱਢ ਦੇਵੇਗਾ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
20 ਜਦ ਭਵਿੱਖ ਵਿੱਚ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ "ਕਿ ਉਹਨਾਂ ਸਾਖੀਆਂ, ਬਿਧੀਆਂ ਅਤੇ ਕਾਨੂੰਨਾਂ ਦਾ ਕੀ ਉਦੇਸ਼ ਹੈ ਜਿਨ੍ਹਾਂ ਦਾ ਹੁਕਮ ਸਾਡੇ ਪਰਮੇਸ਼ਵਰ ਯਾਹਵੇਹ ਨੇ ਤੁਹਾਨੂੰ ਦਿੱਤਾ ਹੈ?" 21 ਫਿਰ ਤੁਸੀਂ ਆਪਣੇ ਪੁੱਤਰਾਂ ਨੂੰ ਦੱਸੋ: "ਅਸੀਂ ਮਿਸਰ ਵਿੱਚ ਫ਼ਿਰਾਊਨ ਦੇ ਗ਼ੁਲਾਮ ਸੀ, ਪਰ ਯਾਹਵੇਹ ਨੇ ਸਾਨੂੰ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ। 22 ਸਾਡੀਆਂ ਅੱਖਾਂ ਦੇ ਸਾਹਮਣੇ ਯਾਹਵੇਹ ਨੇ ਮਿਸਰ ਅਤੇ ਫ਼ਿਰਾਊਨ ਅਤੇ ਉਸਦੇ ਸਾਰੇ ਘਰਾਣੇ ਉੱਤੇ ਮਹਾਨ ਅਤੇ ਭਿਆਨਕ ਅਤੇ ਅਚੰਭੇ ਨਿਸ਼ਾਨ ਵਿਖਾਏ। 23 ਪਰ ਉਹ ਸਾਨੂੰ ਉੱਥੋਂ ਬਾਹਰ ਲਿਆਇਆ ਤਾਂ ਜੋ ਉਹ ਸਾਨੂੰ ਉਸ ਦੇਸ਼ ਦੇ ਅੰਦਰ ਲਿਆਵੇ ਅਤੇ ਉਹ ਧਰਤੀ ਸਾਨੂੰ ਦੇਵੇ ਜਿਸ ਦੀ ਉਸ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ। 24 ਯਾਹਵੇਹ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਆਪਣੇ ਯਾਹਵੇਹ ਤੋਂ ਡਰੋ, ਤਾਂ ਜੋ ਅਸੀਂ ਹਮੇਸ਼ਾ ਖੁਸ਼ਹਾਲ ਰਹੀਏ ਅਤੇ ਜਿਉਂਦੇ ਰਹੀਏ, ਜਿਵੇਂ ਕਿ ਅੱਜ ਹੈ। 25 ਅਤੇ ਜੇਕਰ ਅਸੀਂ ਇਸ ਸਾਰੇ ਬਿਵਸਥਾ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਮੰਨਦੇ ਹਾਂ, ਜਿਵੇਂ ਉਸਨੇ ਸਾਨੂੰ ਹੁਕਮ ਦਿੱਤਾ ਹੈ ਤਾਂ ਇਹ ਸਾਡੀ ਧਾਰਮਿਕਤਾ ਹੋਵੇਗੀ।"