Publicidade

Deuteronômio 1

ਹੋਰੇਬ ਨੂੰ ਛੱਡਣ ਦਾ ਹੁਕਮ

1 ਇਹ ਉਹ ਸ਼ਬਦ ਹਨ ਜੋ ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਯਰਦਨ ਦੇ ਪੂਰਬ ਵਿੱਚ ਉਜਾੜ ਵਿੱਚ ਆਖੇ ਸਨ, ਜੋ ਸੂਫ ਦੇ ਸਾਹਮਣੇ ਦੇ ਅਰਾਬਾਹ ਵਿੱਚ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿੱਚਕਾਰ ਹੈ। 2 (ਹੋਰੇਬ ਤੋਂ ਕਾਦੇਸ਼ ਬਰਨੇਆ ਨੂੰ ਸੇਈਰ ਪਹਾੜ ਦੀ ਸੜਕ ਤੋਂ ਜਾਣ ਲਈ ਗਿਆਰਾਂ ਦਿਨ ਲੱਗਦੇ ਹਨ।)

3 ਚਾਲੀਵੇਂ ਸਾਲ ਦੇ ਗਿਆਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੋਸ਼ੇਹ ਨੇ ਇਸਰਾਏਲੀਆਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਉਸ ਨੂੰ ਉਹਨਾਂ ਬਾਰੇ ਹੁਕਮ ਦਿੱਤਾ ਸੀ। 4 ਇਸ ਸਮੇਂ ਉਸਨੇ ਹੇਸ਼ਬੋਨ ਦੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਅਤੇ ਬਾਸ਼ਾਨ ਦੇ ਰਾਜੇ ਓਗ ਨੂੰ, ਅਸ਼ਤਾਰੋਥ ਅਤੇ ਅਦਰਈ ਦੇ ਰਾਜੇ ਨੂੰ ਹਰਾਇਆ ਸੀ।

5 ਯਰਦਨ ਦੇ ਪੂਰਬ ਵੱਲ ਮੋਆਬ ਦੇ ਇਲਾਕੇ ਵਿੱਚ ਮੋਸ਼ੇਹ ਨੇ ਇਸ ਬਿਵਸਥਾ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ:

6 ਸਾਡੇ ਯਾਹਵੇਹ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਨੂੰ ਆਖਿਆ, "ਤੁਸੀਂ ਇਸ ਪਹਾੜ ਉੱਤੇ ਕਾਫ਼ੀ ਸਮਾਂ ਠਹਿਰੇ ਹੋ। 7 ਆਪਣੀ ਯਾਤਰਾ ਨੂੰ ਸ਼ੁਰੂ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਵੱਲ ਅੱਗੇ ਵੱਧੋ, ਅਰਾਬਾਹ ਦੇ ਨੇੜੇ ਦੇ ਸਾਰੇ ਖੇਤਰ ਜੋ ਨੇਗੇਵ ਦੇ ਪਹਾੜਾਂ ਅਤੇ ਵਾਦੀਆਂ ਅਤੇ ਸਮੁੰਦਰੀ ਤੱਟ ਤੱਕ, ਕਨਾਨੀਆਂ ਦੀ ਧਰਤੀ ਅਤੇ ਫ਼ਰਾਤ ਨਦੀ ਤੱਕ ਲਬਾਨੋਨ ਤੱਕ ਫੈਲੇ ਹੋਏ ਹਨ ਜਾਉ। 8 ਵੇਖੋ, ਮੈਂ ਤੁਹਾਨੂੰ ਇਹ ਧਰਤੀ ਦਿੱਤੀ ਹੈ। ਅੰਦਰ ਜਾਓ ਅਤੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਸ ਨੂੰ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੋਬ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਸੰਤਾਨ ਨਾਲ ਖਾਧੀ ਸੀ।"

ਨੇਤਾਵਾਂ ਦੀ ਨਿਯੁਕਤੀ

9 ਉਸ ਸਮੇਂ ਮੈਂ ਤੁਹਾਨੂੰ ਕਿਹਾ, "ਮੈਂ ਇਕੱਲਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ। 10 ਤੁਹਾਡੇ ਪਰਮੇਸ਼ਵਰ ਨੇ ਤੁਹਾਡੀ ਗਿਣਤੀ ਇੰਨੀ ਵਧਾ ਦਿੱਤੀ ਹੈ ਕਿ ਅੱਜ ਤੁਸੀਂ ਅਕਾਸ਼ ਦੇ ਤਾਰਿਆਂ ਵਾਂਗ ਅਣਗਿਣਤ ਹੋ। 11 ਤੁਹਾਡੇ ਪੁਰਖਿਆਂ ਦਾ ਯਾਹਵੇਹ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਅਸੀਸ ਦੇਵੇ ਜਿਵੇਂ ਉਸਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ! 12 ਪਰ ਮੈਂ ਤੁਹਾਡੀਆਂ ਮੁਸੀਬਤਾਂ ਅਤੇ ਤੁਹਾਡੇ ਬੋਝ ਅਤੇ ਤੁਹਾਡੇ ਝਗੜੇ ਸਭ ਇਕੱਲਾ ਕਿਵੇਂ ਝੱਲ ਸਕਦਾ ਹਾਂ? 13 ਆਪਣੇ ਹਰੇਕ ਗੋਤ ਵਿੱਚੋਂ ਕੁਝ ਬੁੱਧੀਮਾਨ, ਸਮਝਦਾਰ ਅਤੇ ਸਤਿਕਾਰਯੋਗ ਆਦਮੀਆਂ ਨੂੰ ਚੁਣੋ ਅਤੇ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਨਿਯੁਕਤ ਕਰ ਦਿਆਂਗਾ।"

14 ਤਦ ਤੁਸੀਂ ਮੈਨੂੰ ਉੱਤਰ ਦਿੱਤਾ, "ਜੋ ਕੁਝ ਤੂੰ ਸਾਨੂੰ ਕਰਨ ਲਈ ਕਿਹਾ ਹੈ ਉਹ ਚੰਗਾ ਹੈ।"

15 ਇਸ ਲਈ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ, ਬੁੱਧੀਮਾਨ ਅਤੇ ਸਤਿਕਾਰਯੋਗ ਮਨੁੱਖਾਂ ਨੂੰ ਲਿਆ ਅਤੇ ਉਹਨਾਂ ਨੂੰ ਤੁਹਾਡੇ ਉੱਤੇ ਅਧਿਕਾਰ ਰੱਖਣ ਲਈ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਦੇ ਸਰਦਾਰ ਅਤੇ ਕਬੀਲੇ ਦੇ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ। 16 ਅਤੇ ਮੈਂ ਉਸ ਸਮੇਂ ਤੁਹਾਡੇ ਨਿਆਂਈਆਂ ਨੂੰ ਹੁਕਮ ਦਿੱਤਾ ਸੀ, "ਆਪਣੇ ਲੋਕਾਂ ਦੇ ਝਗੜਿਆਂ ਨੂੰ ਸੁਣੋ ਅਤੇ ਨਿਰਪੱਖਤਾ ਨਾਲ ਨਿਆਂ ਕਰੋ, ਭਾਵੇਂ ਇਹ ਮੁਕੱਦਮਾ ਦੋ ਇਸਰਾਏਲੀਆਂ ਦਾ ਹੋਵੇ ਜਾਂ ਇੱਕ ਇਸਰਾਏਲੀ ਅਤੇ ਤੁਹਾਡੇ ਵਿਚਕਾਰ ਵੱਸਦੇ ਇੱਕ ਵਿਦੇਸ਼ੀ ਦਾ ਹੋਵੇ। 17 ਨਿਆਂ ਕਰਨ ਵਿੱਚ ਪੱਖਪਾਤ ਨਾ ਕਰੋ ਕਿਉਂ ਜੋ ਛੋਟੇ ਅਤੇ ਵੱਡੇ ਦੋਨੋ ਦੀ ਗੱਲ ਸਮਾਨ ਸੁਣੋ, ਤੁਸੀਂ ਕਿਸੇ ਤੋਂ ਨਾ ਡਰੋ ਕਿਉਂਕਿ ਨਿਆਂ ਪਰਮੇਸ਼ਵਰ ਦਾ ਹੈ। ਮੇਰੇ ਕੋਲ ਉਹ ਮੁਕੱਦਮਾ ਲਿਆਓ ਜੋ ਤੁਹਾਡੇ ਲਈ ਬਹੁਤ ਔਖਾ ਹੈ, ਅਤੇ ਮੈਂ ਇਸਨੂੰ ਸੁਣਾਂਗਾ।" 18 ਅਤੇ ਉਸ ਸਮੇਂ ਮੈਂ ਤੁਹਾਨੂੰ ਉਹ ਸਭ ਕੁਝ ਦੱਸ ਦਿੱਤਾ ਸੀ ਜੋ ਤੁਸੀਂ ਕਰਨਾ ਸੀ।

ਜਾਸੂਸਾਂ ਨੂੰ ਬਾਹਰ ਭੇਜਿਆ

19 ਤਦ ਜਿਵੇਂ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ ਅਸੀਂ ਹੋਰੇਬ ਤੋਂ ਕੂਚ ਕਰ ਕੇ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਉਸ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚੋਂ ਲੰਘੇ ਜੋ ਤੁਸੀਂ ਵੇਖਿਆ ਹੈ, ਅਤੇ ਇਸ ਤਰ੍ਹਾਂ ਅਸੀਂ ਕਾਦੇਸ਼ ਬਰਨੇਆ ਪਹੁੰਚ ਗਏ। 20 ਫ਼ੇਰ ਮੈਂ ਤੁਹਾਨੂੰ ਆਖਿਆ, "ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਪਹੁੰਚ ਗਏ ਹੋ, ਜਿਹੜਾ ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ। 21 ਵੇਖੋ, ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਧਰਤੀ ਦਿੱਤੀ ਹੈ। ਉੱਪਰ ਜਾਓ ਅਤੇ ਇਸ ਉੱਤੇ ਕਬਜ਼ਾ ਕਰੋ ਜਿਵੇਂ ਕਿ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ। ਨਾ ਡਰੋ, ਨਾ ਘਬਰਾਓ।"

22 ਤਦ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਕਿਹਾ, "ਆਓ ਅਸੀਂ ਮਨੁੱਖਾਂ ਨੂੰ ਅੱਗੇ ਭੇਜੀਏ ਜੋ ਸਾਡੇ ਲਈ ਦੇਸ਼ ਦੀ ਜਾਸੂਸੀ ਕਰਨ ਅਤੇ ਉਸ ਰਸਤੇ ਦਾ ਭੇਤ ਸਾਨੂੰ ਦੱਸਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਕਿਸ ਨਗਰ ਵਿੱਚ ਅਸੀਂ ਪਹੁੰਚਣਾ ਹੈ।"

23 ਇਹ ਵਿਚਾਰ ਮੈਨੂੰ ਚੰਗਾ ਲੱਗਾ; ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰਾਂ ਨੂੰ ਚੁਣਿਆ, ਹਰੇਕ ਗੋਤ ਵਿੱਚੋਂ ਇੱਕ ਆਦਮੀ। 24 ਉਹ ਉੱਥੋਂ ਚਲੇ ਗਏ ਅਤੇ ਪਹਾੜੀ ਦੇਸ਼ ਵਿੱਚ ਚੜ੍ਹ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪਹੁੰਚ ਕੇ ਦੇਸ਼ ਦੀ ਖੋਜ ਕੀਤੀ। 25 ਉਹ ਧਰਤੀ ਦੇ ਕੁਝ ਫਲਾਂ ਨੂੰ ਆਪਣੇ ਨਾਲ ਲੈ ਕੇ ਸਾਡੇ ਕੋਲ ਲਿਆਏ ਅਤੇ ਦੱਸਿਆ, "ਇਹ ਇੱਕ ਚੰਗੀ ਧਰਤੀ ਹੈ ਜੋ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।"

ਯਾਹਵੇਹ ਦੇ ਵਿਰੁੱਧ ਬਗਾਵਤ

26 ਪਰ ਤੁਸੀਂ ਉੱਪਰ ਜਾਣ ਲਈ ਤਿਆਰ ਨਹੀਂ ਸੀ; ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਦੇ ਵਿਰੁੱਧ ਹੋ ਗਏ। 27 ਤੁਸੀਂ ਆਪਣੇ ਤੰਬੂਆਂ ਵਿੱਚ ਆ ਕੇ ਬੁੜਬੁੜਾਉਂਦੇ ਹੋਏ ਕਿਹਾ, "ਯਾਹਵੇਹ ਸਾਡੇ ਨਾਲ ਨਫ਼ਰਤ ਕਰਦਾ ਹੈ, ਇਸ ਲਈ ਉਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇ ਅਤੇ ਉਹ ਸਾਨੂੰ ਤਬਾਹ ਕਰ ਦੇਣ। 28 ਅਸੀਂ ਕਿੱਥੇ ਜਾ ਸਕਦੇ ਹਾਂ? ਸਾਡੇ ਭਰਾਵਾਂ ਨੇ ਡਰ ਨਾਲ ਸਾਡੇ ਦਿਲ ਤੋੜ ਦਿੱਤੇ ਹਨ। ਉਹ ਕਹਿੰਦੇ ਹਨ, ‘ਕਿ ਉਹ ਲੋਕ ਸਾਡੇ ਨਾਲੋਂ ਮਜ਼ਬੂਤ ਅਤੇ ਉੱਚੇ ਹਨ, ਸ਼ਹਿਰ ਵੱਡੇ ਹਨ, ਕੰਧਾਂ ਅਸਮਾਨ ਤੱਕ ਹਨ। ਅਸੀਂ ਉੱਥੇ ਅਨਾਕੀਆਂ ਨੂੰ ਵੀ ਦੇਖਿਆ।’ "

29 ਤਦ ਮੈਂ ਤੁਹਾਨੂੰ ਕਿਹਾ, "ਘਬਰਾਓ ਨਾ ਅਤੇ ਨਾ ਹੀ ਉਹਨਾਂ ਤੋਂ ਡਰੋ। 30 ਤੁਹਾਡਾ ਪਰਮੇਸ਼ਵਰ ਜੋ ਤੁਹਾਡੇ ਅੱਗੇ ਚੱਲ ਰਿਹਾ ਹੈ ਤੁਹਾਡੇ ਲਈ ਲੜੇਗਾ, ਜਿਵੇਂ ਉਹ ਮਿਸਰ ਵਿੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਲਈ ਲੜਿਆ ਸੀ। 31 ਅਤੇ ਉਜਾੜ ਵਿੱਚ, ਉੱਥੇ ਤੁਸੀਂ ਦੇਖਿਆ ਕਿ ਕਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਇਸ ਤਰ੍ਹਾਂ ਚੁੱਕ ਲਿਆ, ਜਿਵੇਂ ਕਿ ਇੱਕ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਹੈ, ਜਦੋਂ ਤੱਕ ਤੁਸੀਂ ਇਸ ਸਥਾਨ ਤੱਕ ਨਹੀਂ ਪਹੁੰਚ ਗਏ।"

32 ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਪਰਮੇਸ਼ਵਰ ਉੱਤੇ ਭਰੋਸਾ ਨਹੀਂ ਕੀਤਾ। 33 ਜੋ ਤੁਹਾਡੇ ਸਫ਼ਰ ਵਿੱਚ ਤੁਹਾਡੇ ਅੱਗੇ ਰਾਤ ਨੂੰ ਅੱਗ ਵਿੱਚ ਅਤੇ ਦਿਨ ਨੂੰ ਬੱਦਲ ਵਿੱਚ ਤੁਹਾਡੇ ਡੇਰੇ ਲਾਉਣ ਲਈ ਥਾਂ ਲੱਭਦਾ ਅਤੇ ਤੁਹਾਨੂੰ ਉਹ ਰਾਹ ਵਿਖਾਉਂਦਾ ਸੀ ਜਿਸ ਤੇ ਤੁਸੀਂ ਤੁਰਨਾ ਸੀ।

34 ਜਦੋਂ ਯਾਹਵੇਹ ਨੇ ਤੁਹਾਡੀਆਂ ਗੱਲਾਂ ਸੁਣੀਆਂ, ਤਾਂ ਉਸ ਨੇ ਗੁੱਸੇ ਵਿੱਚ ਆ ਕੇ ਸਹੁੰ ਖਾਧੀ, 35 "ਇਸ ਬੁਰੀ ਪੀੜ੍ਹੀ ਵਿੱਚੋਂ ਕੋਈ ਵੀ ਉਸ ਚੰਗੀ ਧਰਤੀ ਨੂੰ ਨਹੀਂ ਦੇਖੇਗਾ ਜਿਸ ਨੂੰ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, 36 ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ। ਉਹ ਇਸਨੂੰ ਦੇਖੇਗਾ, ਅਤੇ ਮੈਂ ਉਸਨੂੰ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਉਸਨੇ ਆਪਣੇ ਪੈਰ ਰੱਖੇ ਹਨ, ਕਿਉਂਕਿ ਉਸਨੇ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ ਸੀ।"

37 ਤੁਹਾਡੇ ਕਾਰਨ ਯਾਹਵੇਹ ਵੀ ਮੇਰੇ ਉੱਤੇ ਨਾਰਾਜ਼ ਹੋ ਗਿਆ ਅਤੇ ਆਖਿਆ, "ਤੂੰ ਵੀ ਇਸ ਵਿੱਚ ਨਾ ਵੜੇਂਗਾ। 38 ਪਰ ਤੇਰਾ ਸਹਾਇਕ ਨੂਨ ਦਾ ਪੁੱਤਰ ਯੇਹੋਸ਼ੁਆ ਉਸ ਵਿੱਚ ਪ੍ਰਵੇਸ਼ ਕਰੇਗਾ। ਉਸਨੂੰ ਹੌਸਲਾ ਦੇ, ਕਿਉਂਕਿ ਉਹ ਇਸਰਾਏਲ ਨੂੰ ਵਿਰਾਸਤ ਵਿੱਚ ਲੈ ਜਾਵੇਗਾ। 39 ਅਤੇ ਜਿਹੜੇ ਨਿਆਣਿਆਂ ਨੂੰ ਤੁਸੀਂ ਕਿਹਾ ਸੀ ਉਹ ਬੰਦੀ ਬਣਾ ਲਏ ਜਾਣਗੇ, ਤੁਹਾਡੇ ਬੱਚੇ ਜਿਹੜੇ ਅਜੇ ਭਲੇ ਬੁਰੇ ਨੂੰ ਨਹੀਂ ਜਾਣਦੇ, ਉਹ ਦੇਸ਼ ਵਿੱਚ ਵੜਨਗੇ। ਮੈਂ ਇਹ ਉਹਨਾਂ ਨੂੰ ਦੇ ਦਿਆਂਗਾ ਅਤੇ ਉਹ ਇਸ ਉੱਤੇ ਕਬਜ਼ਾ ਕਰ ਲੈਣਗੇ। 40 ਪਰ ਤੁਹਾਡੇ ਲਈ, ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਕੂਚ ਕਰੋ।"

41 ਤਦ ਤੁਸੀਂ ਉੱਤਰ ਦਿੱਤਾ, "ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਅਸੀਂ ਉੱਪਰ ਜਾਵਾਂਗੇ ਅਤੇ ਲੜਾਂਗੇ, ਜਿਵੇਂ ਕਿ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ।" ਇਸ ਲਈ ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੇ ਹਥਿਆਰ ਪਹਿਨ ਲਏ, ਇਹ ਸਮਝਦੇ ਹੋਏ ਕਿ ਪਹਾੜੀ ਦੇਸ਼ ਉੱਤੇ ਹਮਲਾ ਕਰਨਾ ਇੱਕ ਛੋਟੀ ਜਿਹੀ ਗੱਲ ਹੈ।

42 ਪਰ ਯਾਹਵੇਹ ਨੇ ਮੈਨੂੰ ਆਖਿਆ, "ਉਹਨਾਂ ਨੂੰ ਆਖ, ‘ਉੱਪਰ ਜਾ ਕੇ ਨਾ ਲੜੋ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਹਾਂ, ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓਗੇ।’ "

43 ਇਸ ਲਈ ਮੈਂ ਤੁਹਾਨੂੰ ਕਿਹਾ ਪਰ ਤੁਸੀਂ ਨਾ ਸੁਣੀ, ਤੁਸੀਂ ਯਾਹਵੇਹ ਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣੇ ਹੰਕਾਰ ਵਿੱਚ ਤੁਸੀਂ ਪਹਾੜੀ ਦੇਸ਼ ਵਿੱਚ ਚੜ੍ਹਾਈ ਕੀਤੀ। 44 ਅਮੋਰੀ ਜਿਹੜੇ ਉਹਨਾਂ ਪਹਾੜੀਆਂ ਵਿੱਚ ਰਹਿੰਦੇ ਸਨ ਤੁਹਾਡੇ ਵਿਰੁੱਧ ਨਿੱਕਲੇ, ਉਹਨਾਂ ਨੇ ਮੱਖੀਆਂ ਦੇ ਝੁੰਡ ਵਾਂਗ ਤੁਹਾਡਾ ਪਿੱਛਾ ਕੀਤਾ ਅਤੇ ਸੇਈਰ ਤੋਂ ਹੋਰਮਾਹ ਤੱਕ ਤੁਹਾਨੂੰ ਮਾਰਿਆ। 45 ਤੁਸੀਂ ਵਾਪਸ ਆਏ ਅਤੇ ਯਾਹਵੇਹ ਦੇ ਅੱਗੇ ਰੋਏ ਪਰ ਉਸ ਨੇ ਤੁਹਾਡੇ ਰੋਣ ਵੱਲ ਧਿਆਨ ਨਾ ਦਿੱਤਾ ਅਤੇ ਤੁਹਾਡੀ ਗੱਲ ਸੁਣ ਲਈ। 46 ਅਤੇ ਇਸ ਲਈ ਤੁਸੀਂ ਕਾਦੇਸ਼ ਵਿੱਚ ਬਹੁਤ ਦਿਨ ਰਹੇ, ਜਿੰਨਾ ਸਮਾਂ ਤੁਸੀਂ ਉੱਥੇ ਬਿਤਾਇਆ।

Veja também

Publicidade
Bíblia Online Bíblia Online

Bíblia Online • Versão: 2026-06-18_06-35-37-