10 ਅੱਯੋਬ ਦੁਆਰਾ ਆਪਣੇ ਦੋਸਤਾਂ ਲਈ ਪ੍ਰਾਰਥਨਾ ਕਰਨ ਤੋਂ ਬਾਅਦ, ਯਾਹਵੇਹ ਨੇ ਉਸ ਦੇ ਦੁੱਖਾਂ ਨੂੰ ਦੂਰ ਕੀਤਾ ਅਤੇ ਉਸ ਨੂੰ ਪਹਿਲਾਂ ਨਾਲੋਂ ਦੁੱਗਣਾ ਦਿੱਤਾ। 11 ਉਸ ਦੇ ਸਾਰੇ ਭੈਣ-ਭਰਾ ਅਤੇ ਸਾਰੇ ਜਿਹੜੇ ਉਸ ਨੂੰ ਪਹਿਲਾਂ ਜਾਣਦੇ ਸਨ, ਆਏ ਅਤੇ ਉਸ ਦੇ ਨਾਲ ਉਸ ਦੇ ਘਰ ਭੋਜਨ ਕੀਤਾ। ਉਹਨਾਂ ਨੇ ਉਸ ਨੂੰ ਉਸ ਸਾਰੀਆਂ ਮੁਸੀਬਤਾਂ ਲਈ ਸੋਗ ਕੀਤਾ ਅਤੇ ਉਸਨੂੰ ਦਿਲਾਸਾ ਦਿੱਤਾ ਜੋ ਯਾਹਵੇਹ ਨੇ ਉਸ ਉੱਤੇ ਲਿਆਂਦਾ ਸੀ, ਅਤੇ ਹਰੇਕ ਨੇ ਉਸ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਮੁੰਦਰੀ ਦਿੱਤੀ ਸੀ।
12 ਯਾਹਵੇਹ ਨੇ ਅੱਯੋਬ ਦੇ ਜੀਵਨ ਦੇ ਬਾਅਦ ਵਾਲੇ ਹਿੱਸੇ ਨੂੰ ਪਹਿਲੇ ਹਿੱਸੇ ਨਾਲੋਂ ਵੱਧ ਬਰਕਤ ਦਿੱਤੀ। ਉਸ ਕੋਲ ਚੌਦਾਂ ਹਜ਼ਾਰ ਭੇਡਾਂ, ਛੇ ਹਜ਼ਾਰ ਊਠ, ਇੱਕ ਹਜ਼ਾਰ ਬਲਦ ਅਤੇ ਇੱਕ ਹਜ਼ਾਰ ਗਧੇ ਸਨ। 13 ਅਤੇ ਉਸਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਵੀ ਸਨ। 14 ਪਹਿਲੀ ਧੀ ਦਾ ਨਾਮ ਉਸ ਨੇ ਯਮੀਮਾਹ ਰੱਖਿਆ, ਦੂਸਰੀ ਕੇਜੀਯਾਹ ਅਤੇ ਤੀਸਰੀ ਕੇਰੇਨ-ਹਪੂਖ। 15 ਸਾਰੇ ਦੇਸ਼ ਵਿੱਚ ਕਿਤੇ ਵੀ ਅੱਯੋਬ ਦੀਆਂ ਧੀਆਂ ਜਿੰਨੀਆਂ ਸੋਹਣੀਆਂ ਔਰਤਾਂ ਨਹੀਂ ਸਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਦੇ ਨਾਲ ਵਿਰਾਸਤ ਦਿੱਤੀ ਸੀ।
16 ਇਸ ਤੋਂ ਬਾਅਦ ਅੱਯੋਬ ਇੱਕ ਸੌ ਚਾਲੀ ਸਾਲ ਜੀਉਂਦਾ ਰਿਹਾ; ਉਸਨੇ ਆਪਣੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਚੌਥੀ ਪੀੜ੍ਹੀ ਤੱਕ ਦੇਖਿਆ। 17 ਅਤੇ ਇਸ ਤਰ੍ਹਾਂ ਅੱਯੋਬ ਬਜ਼ੁਰਗ, ਅਤੇ ਪੂਰੀ ਉਮਰ ਦਾ ਹੋ ਕੇ ਮਰਿਆ।