ਯੋਸੇਫ਼ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰਨਾ
1 ਤਦ ਯੋਸੇਫ਼ ਆਪਣੇ ਸਾਰੇ ਸੇਵਕਾਂ ਦੇ ਅੱਗੇ ਆਪਣੇ ਆਪ ਨੂੰ ਕਾਬੂ ਨਾ ਕਰ ਸਕਿਆ ਅਤੇ ਉੱਚੀ ਆਵਾਜ਼ ਵਿੱਚ ਬੋਲਿਆ, "ਸਭਨਾਂ ਨੂੰ ਮੇਰੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿਓ!" ਯੋਸੇਫ਼ ਦੇ ਨਾਲ ਕੋਈ ਨਹੀਂ ਸੀ ਜਦੋਂ ਉਸਨੇ ਆਪਣੇ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ। 2 ਅਤੇ ਉਹ ਇੰਨੀ ਉੱਚੀ ਰੋਇਆ ਕਿ ਮਿਸਰੀਆਂ ਨੇ ਉਹ ਦੀ ਆਵਾਜ਼ ਸੁਣੀ ਅਤੇ ਫ਼ਿਰਾਊਨ ਦੇ ਘਰਾਣੇ ਨੇ ਇਸ ਬਾਰੇ ਸੁਣਿਆ।
3 ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, "ਮੈਂ ਯੋਸੇਫ਼ ਹਾਂ! ਕੀ ਮੇਰਾ ਪਿਤਾ ਅਜੇ ਵੀ ਜਿਉਂਦਾ ਹੈ?" ਪਰ ਉਸਦੇ ਭਰਾ ਉਸਨੂੰ ਜਵਾਬ ਨਹੀਂ ਦੇ ਸਕੇ ਕਿਉਂਕਿ ਉਹ ਉਸ ਤੋਂ ਡਰੇ ਹੋਏ ਸਨ।