Publicidade

Isaías 11

ਯੱਸੀ ਦੀ ਸ਼ਾਖਾ

1 ਯੱਸੀ ਦੇ ਟੁੰਡ ਵਿੱਚੋਂ ਇੱਕ ਟਹਿਣੀ ਫੁੱਟ ਨਿੱਕਲੇਗੀ;

ਉਸ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿਕਲ ਕੇ ਫਲ ਦੇਵੇਗੀ।

2 ਯਾਹਵੇਹ ਦਾ ਆਤਮਾ ਉਸ ਉੱਤੇ ਟਿਕਿਆਂ ਰਹੇਗਾ,

ਬੁੱਧ ਅਤੇ ਸਮਝ ਦਾ ਆਤਮਾ,

ਸਲਾਹ ਅਤੇ ਸ਼ਕਤੀ ਦਾ ਆਤਮਾ,

ਯਾਹਵੇਹ ਦੇ ਗਿਆਨ ਅਤੇ ਡਰ ਦਾ ਆਤਮਾ।

3 ਅਤੇ ਉਹ ਯਾਹਵੇਹ ਦੇ ਡਰ ਵਿੱਚ ਪ੍ਰਸੰਨ ਹੋਵੇਗਾ।

ਉਹ ਆਪਣੀਆਂ ਅੱਖਾਂ ਨਾਲ ਜੋ ਕੁਝ ਵੇਖਦਾ ਹੈ ਉਸ ਨਾਲ ਨਿਆਂ ਨਹੀਂ ਕਰੇਗਾ,

ਜਾਂ ਆਪਣੇ ਕੰਨਾਂ ਨਾਲ ਸੁਣਨ ਨਾਲ ਫੈਸਲਾ ਨਹੀਂ ਕਰੇਗਾ;

4 ਪਰ ਉਹ ਧਰਮ ਨਾਲ ਲੋੜਵੰਦਾਂ ਦਾ ਨਿਆਂ ਕਰੇਗਾ,

ਨਿਆਂ ਨਾਲ ਧਰਤੀ ਦੇ ਗਰੀਬਾਂ ਦਾ ਨਿਆਂ ਕਰੇਗਾ।

ਉਹ ਧਰਤੀ ਨੂੰ ਆਪਣੇ ਬਚਨ ਦੇ ਡੰਡੇ ਨਾਲ ਮਾਰੇਗਾ।

ਉਹ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟ ਨੂੰ ਜਾਨੋਂ ਮਾਰ ਦੇਵੇਗਾ।

5 ਧਰਮ ਉਸ ਦੀ ਕਮਰ ਦਾ ਪਟਕਾ ਹੋਵੇਗਾ,

ਅਤੇ ਵਫ਼ਾਦਾਰੀ ਉਸ ਦੀ ਕਮਰ ਦੁਆਲੇ ਪੇਟੀ ਵਾਂਗੂ ਹੋਵੇਗੀ।

6 ਬਘਿਆੜ ਲੇਲੇ ਦੇ ਨਾਲ ਰਹੇਗਾ,

ਚੀਤਾ ਬੱਕਰੀ ਨਾਲ ਲੇਟੇਗਾ,

ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ,

ਅਤੇ ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ।

7 ਗਾਂ ਅਤੇ ਰਿੱਛ ਨਾਲ ਚਾਰਨਗੇ,

ਉਨ੍ਹਾਂ ਦੇ ਬੱਚੇ ਇਕੱਠੇ ਲੇਟਣਗੇ,

ਅਤੇ ਸ਼ੇਰ ਬਲਦ ਵਾਂਗੂੰ ਘਾਹ ਖਾਵੇਗਾ।

8 ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਕੋਲ ਖੇਡੇਗਾ,

ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।

9 ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ ਨਾ ਕੋਈ ਦੁੱਖ ਦੇਵੇਗਾ

ਅਤੇ ਨਾ ਹੀ ਨਾਸ਼ ਕਰਨਗੇ,

ਕਿਉਂਕਿ ਧਰਤੀ ਯਾਹਵੇਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ ਜਿਵੇਂ ਪਾਣੀ ਸਮੁੰਦਰ ਨਾਲ ਭਰਿਆ ਹੋਇਆ ਹੁੰਦਾ ਹੈ।

10 ਉਸ ਦਿਨ ਯੱਸੀ ਦੀ ਜੜ੍ਹ ਲੋਕਾਂ ਲਈ ਝੰਡੇ ਵਜੋਂ ਖੜ੍ਹੀ ਹੋਵੇਗੀ। ਕੌਮਾਂ ਉਸ ਲਈ ਇਕੱਠੀਆਂ ਹੋਣਗੀਆਂ, ਅਤੇ ਉਸਦਾ ਆਰਾਮ ਸਥਾਨ ਸ਼ਾਨਦਾਰ ਹੋਵੇਗਾ। 11 ਉਸ ਦਿਨ ਯਾਹਵੇਹ ਦੂਸਰੀ ਵਾਰੀ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੁੱਲ ਲੈ ਕੇ ਛੁਡਾਵੇਗਾ।

12 ਉਹ ਕੌਮਾਂ ਲਈ ਇੱਕ ਝੰਡਾ ਖੜ੍ਹਾ ਕਰੇਗਾ

ਅਤੇ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰੇਗਾ।

ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ ਧਰਤੀ ਦੀਆਂ ਚਾਰੇ ਕੋਨਿਆਂ ਤੋਂ ਇਕੱਠਾ ਕਰੇਗਾ।

13 ਇਫ਼ਰਾਈਮ ਦੀ ਈਰਖਾ ਮਿਟ ਜਾਵੇਗੀ,

ਅਤੇ ਯਹੂਦਾਹ ਦੇ ਵੈਰੀ ਨਸ਼ਟ ਹੋ ਜਾਣਗੇ।

ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਕਰੇਗਾ,

ਨਾ ਯਹੂਦਾਹ ਇਫ਼ਰਾਈਮ ਨਾਲ ਵੈਰ ਕਰੇਗਾ।

14 ਪਰ ਉਹ ਪੱਛਮ ਵੱਲ ਫ਼ਲਿਸਤੀਆਂ ਦੇ ਮੋਢੇ ਉੱਤੇ ਝਪੱਟਾ ਮਾਰਨਗੇ,

ਅਤੇ ਉਹ ਇਕੱਠੇ ਹੋ ਕੇ ਪੂਰਬੀਆਂ ਨੂੰ ਲੁੱਟ ਲੈਣਗੇ।

ਉਹ ਅਦੋਮ ਅਤੇ ਮੋਆਬ ਨੂੰ ਆਪਣੇ ਅਧੀਨ ਕਰਨਗੇ,

ਅਤੇ ਅੰਮੋਨੀ ਉਨ੍ਹਾਂ ਦੇ ਅਧੀਨ ਹੋਣਗੇ।

15 ਯਾਹਵੇਹ ਮਿਸਰ ਦੇ ਸਮੁੰਦਰ ਦੀ ਖਾੜੀ ਨੂੰ ਸੁੱਕਾ ਦੇਵੇਗਾ;

ਤੇਜ਼ ਹਵਾ ਨਾਲ ਉਹ ਫ਼ਰਾਤ ਦਰਿਆ ਉੱਤੇ ਆਪਣਾ ਹੱਥ ਝਾੜੇਗਾ।

ਉਹ ਇਸ ਨੂੰ ਸੱਤ ਧਾਰਾਵਾਂ ਵਿੱਚ ਤੋੜ ਦੇਵੇਗਾ

ਅਤੇ ਲੋਕ ਆਪਣੀਆਂ ਜੁੱਤੀਆਂ ਪਹਿਨੇ ਹੋਏ ਵੀ ਪਾਰ ਲੰਘ ਸਕਣਗੇ।

16 ਮੇਰੀ ਪਰਜਾ ਦੇ ਬਚੇ ਹੋਏ ਲੋਕਾਂ ਲਈ

ਜਿਹੜੇ ਅੱਸ਼ੂਰ ਤੋਂ ਬਚ ਗਏ, ਇੱਕ

ਅਜਿਹੀ ਸੜਕ ਹੋਵੇਗੀ, ਜਿਵੇਂ ਇਸਰਾਏਲ ਲਈ ਸੀ,

ਜਦ ਉਹ ਮਿਸਰ ਦੇ ਦੇਸ ਤੋਂ ਉਤਾਹਾਂ ਆਏ ਸਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-