Pular para o conteúdo
Publicidade

ਯਸ਼ਾਯਾਹ 29

ਦਾਵੀਦ ਦੇ ਸ਼ਹਿਰ ਉੱਤੇ ਹਾਏ

1 ਹੇ ਅਰੀਏਲ, ਤੇਰੇ ਉੱਤੇ ਹਾਏ

ਉਸ ਸ਼ਹਿਰ ਉੱਤੇ ਜਿੱਥੇ ਦਾਵੀਦ ਵੱਸਦਾ ਸੀ!

ਸਾਲ ਤੇ ਸਾਲ ਜੋੜੋ

ਅਤੇ ਖੁਸ਼ੀ ਦੇ ਤਿਉਹਾਰਾਂ ਨੂੰ ਮਨਾਓ।

2 ਫਿਰ ਵੀ ਮੈਂ ਅਰੀਏਲ ਨੂੰ ਘੇਰਾਂਗਾ;

ਉਹ ਸੋਗ ਕਰੇਗੀ ਅਤੇ ਵਿਰਲਾਪ ਕਰੇਗੀ,

ਉਹ ਮੇਰੇ ਲਈ ਜਗਵੇਦੀ ਦੇ ਚੁੱਲ੍ਹੇ ਵਰਗੀ ਹੋਵੇਗੀ।

3 ਮੈਂ ਤੇਰੇ ਵਿਰੁੱਧ ਆਲੇ-ਦੁਆਲੇ ਛਾਉਣੀ ਲਵਾਂਗਾ,

ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ।

ਅਤੇ ਤੇਰੇ ਵਿਰੁੱਧ ਦਮਦਮਾ ਖੜ੍ਹਾ ਕਰਾਂਗਾ

4 ਤੂੰ ਧਰਤੀ ਦੀ ਡੂੰਘਿਆਈ ਤੋਂ ਬੋਲੇਂਗਾ,

ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ,

ਤੇਰੀ ਆਵਾਜ਼ ਧਰਤੀ ਵਿੱਚੋਂ ਪ੍ਰੇਤਾਂ ਵਾਂਗੂੰ ਹੋਵੇਗੀ,

ਅਤੇ ਤੇਰਾ ਬੋਲ ਖ਼ਾਕ ਵਿੱਚੋਂ ਘੁਸਰ-ਮੁਸਰ ਕਰੇਗਾ।

5 ਪਰ ਤੁਹਾਡੇ ਬਹੁਤ ਸਾਰੇ ਵੈਰੀ ਧੂੜ ਵਾਂਗੂੰ ਹੋ ਜਾਣਗੇ,

ਬੇਰਹਿਮ ਦਲ ਉੱਡ ਗਏ ਤੂੜੀ ਵਰਗੇ ਹੋ ਜਾਣਗੇ।

ਇਹ ਅਚਾਨਕ, ਇੱਕਦਮ ਹੋ ਜਾਵੇਗਾ,

6 ਸਰਬਸ਼ਕਤੀਮਾਨ ਯਾਹਵੇਹ ਅਚਾਨਕ

ਗਰਜ, ਭੁਚਾਲ ਅਤੇ ਵੱਡੇ ਸ਼ੋਰ ਨਾਲ,

ਵਾਵਰੋਲੇ ਅਤੇ ਤੂਫ਼ਾਨ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀਆਂ ਲਾਟਾਂ ਨਾਲ ਆਵੇਗਾ।

7 ਤਦ ਸਾਰੀਆਂ ਕੌਮਾਂ ਦੀਆਂ ਫੌਜਾਂ ਜਿਹੜੀਆਂ ਅਰੀਏਲ ਦੇ ਵਿਰੁੱਧ ਲੜਦੀਆਂ ਹਨ,

ਜੋ ਉਸ ਉੱਤੇ ਅਤੇ ਉਸ ਦੇ ਕਿਲ੍ਹੇ ਉੱਤੇ ਹਮਲਾ ਕਰਦੀਆਂ ਹਨ ਅਤੇ ਉਸ ਨੂੰ ਘੇਰਦੀਆਂ ਹਨ,

ਅਤੇ ਉਸ ਦੇ ਤੰਗ ਕਰਨ ਵਾਲੇ ਸੁਫ਼ਨੇ ਵਾਂਗੂੰ,

ਰਾਤ ਦੇ ਦਰਸ਼ਣ ਵਾਂਗੂੰ ਹੋ ਜਾਣਗੇ।

8 ਅਜਿਹਾ ਹੋਵੇਗਾ ਕਿ ਜਿਵੇਂ ਭੁੱਖਾ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਖਾ ਰਿਹਾ ਹਾਂ,

ਪਰ ਜਦ ਉਹ ਜਾਗਦਾ ਹੈ, ਤਾਂ ਉਹ ਭੁੱਖਾ ਹੀ ਹੈ;

ਜਾਂ ਜਿਵੇਂ ਤਿਹਾਇਆ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਪੀ ਰਿਹਾ ਹਾਂ।

ਪਰ ਜਦ ਉਹ ਜਾਗਦਾ, ਤਾਂ ਵੇਖੋ, ਉਹ ਹੁੱਸਿਆ ਹੋਇਆ ਅਤੇ ਉਹ ਦਾ ਜੀ ਤਿਹਾਇਆ ਹੁੰਦਾ ਹੈ।

ਤਿਵੇਂ ਹੀ ਉਨ੍ਹਾਂ ਸਾਰੀਆਂ ਕੌਮਾਂ ਦੇ ਦਲ ਨਾਲ ਹੋਵੇਗਾ, ਜਿਹੜੀਆਂ ਸੀਯੋਨ ਪਰਬਤ ਨਾਲ ਲੜਦੀਆਂ ਹਨ।

9 ਠਹਿਰੋ ਅਤੇ ਹੈਰਾਨ ਹੋਵੋ,

ਮੌਜਾਂ ਲੁੱਟੋ ਅਤੇ ਅੰਨ੍ਹੇ ਹੋ ਜਾਓ;

ਮਤਵਾਲੇ ਹੋਵੋ ਪਰ ਦਾਖ਼ਰਸ ਨਾਲ ਨਹੀਂ,

ਡਗਮਗਾਓ, ਪਰ ਸ਼ਰਾਬ ਨਾਲ ਨਹੀਂ।

10 ਯਾਹਵੇਹ ਨੇ ਤਾਂ ਤੁਹਾਡੇ ਉੱਤੇ ਗੂੜ੍ਹੀ ਨੀਂਦ ਦੀ ਰੂਹ ਵਹਾ ਦਿੱਤੀ ਹੈ:

ਅਤੇ ਤੁਹਾਡੀਆਂ ਅੱਖਾਂ ਨੂੰ ਅਰਥਾਤ ਨਬੀ ਰੂਪੀ ਅੱਖਾਂ ਨੂੰ ਬੰਦ ਕੀਤਾ;

ਅਤੇ ਤੁਹਾਡੇ ਸਿਰਾਂ ਨੂੰ ਅਰਥਾਤ ਦਰਸ਼ੀਆਂ ਨੂੰ ਕੱਜ ਦਿੱਤਾ ਹੈ।

11 ਸਾਰਾ ਦਰਸ਼ਣ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਗੂੰ ਹੈ, ਜਿਹੜੀ ਉਹ ਕਿਸੇ ਪੜ੍ਹੇ ਹੋਏ ਨੂੰ ਇਹ ਆਖ ਕੇ ਦੇਣ ਕਿ ਇਹ ਨੂੰ "ਪੜ੍ਹੋ ਤਾਂ," ਪਰ ਉਹ ਆਖੇ, "ਮੈਂ ਪੜ੍ਹ ਨਹੀਂ ਸਕਦਾ; ਕਿਉਂ ਜੋ ਉਹ ਨੂੰ ਮੋਹਰ ਲੱਗੀ ਹੋਈ ਹੈ।" 12 ਜਾਂ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਪੱਤਰੀ ਦਿਓ ਜੋ ਪੜ੍ਹ ਨਹੀਂ ਸਕਦਾ ਹੈ ਅਤੇ ਕਹੇਗਾ, "ਕਿਰਪਾ ਕਰਕੇ ਇਸਨੂੰ ਪੜ੍ਹੋ," ਤਾਂ ਉਹ ਜਵਾਬ ਦੇਣਗੇ, "ਮੈਨੂੰ ਪੜ੍ਹਨਾ ਨਹੀਂ ਆਉਂਦਾ।"

13 ਯਾਹਵੇਹ ਆਖਦਾ ਹੈ,

"ਇਹ ਲੋਕ ਆਪਣੇ ਮੂੰਹਾਂ ਤੋਂ ਹੀ ਮੇਰੇ ਨੇੜੇ ਆਉਂਦੇ ਹਨ

ਅਤੇ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ,

ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।

ਉਨ੍ਹਾਂ ਦੀ ਆਰਧਨਾ

ਸਿਰਫ ਮਨੁੱਖੀ ਨਿਯਮਾਂ ਤੇ ਅਧਾਰਤ ਹੈ ਜੋ ਉਨ੍ਹਾਂ ਨੂੰ ਸਿਖਾਏ ਗਏ ਹਨ।

14 ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ਼ ਕੰਮ ਕਰਾਂਗਾ,

ਅਚਰਜ਼ ਅਤੇ ਅਜੂਬਾ ਕੰਮ,

ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ਼ ਹੋ ਜਾਵੇਗੀ,

ਅਤੇ ਉਹਨਾਂ ਦੇ ਸਮਝਦਾਰਾ ਦੀ ਸਮਝ ਲੁਕਾਈ ਜਾਵੇਗੀ।"

15 ਹਾਏ ਉਹਨਾਂ ਉੱਤੇ ਜਿਹੜੇ

ਆਪਣੀਆਂ ਯੋਜਨਾਵਾਂ ਨੂੰ ਯਾਹਵੇਹ ਤੋਂ ਲੁਕਾਉਣ ਲਈ ਡੂੰਘਾਈ ਵਿੱਚ ਜਾਂਦੇ ਹਨ,

ਜੋ ਹਨੇਰੇ ਵਿੱਚ ਆਪਣਾ ਕੰਮ ਕਰਦੇ ਹਨ ਅਤੇ ਸੋਚਦੇ ਹਨ,

"ਸਾਨੂੰ ਕੌਣ ਵੇਖਦਾ ਹੈ? ਕੌਣ ਜਾਣੇਗਾ?"

16 ਤੁਸੀਂ ਚੀਜ਼ਾਂ ਨੂੰ ਉਲਟਾਉਂਦੇ ਹੋ,

ਜਿਵੇਂ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਂਦਾ ਹੈ!

ਜੋ ਰਚਿਆ ਗਿਆ ਹੈ, ਕੀ ਉਹ ਉਸ ਨੂੰ ਕਹੇਗਾ ਜਿਸਨੇ ਇਸਨੂੰ ਬਣਾਇਆ ਹੈ,

"ਤੂੰ ਮੈਨੂੰ ਨਹੀਂ ਬਣਾਇਆ"?

ਕੀ ਘੜਾ ਘੁਮਿਆਰ ਨੂੰ ਕਹਿ ਸਕਦਾ ਹੈ,

"ਤੂੰ ਕੁਝ ਨਹੀਂ ਜਾਣਦਾ"?

17 ਕੀ ਥੋੜ੍ਹੇ ਹੀ ਸਮੇਂ ਵਿੱਚ ਲਬਾਨੋਨ ਇੱਕ ਉਪਜਾਊ ਖੇਤ ਵਿੱਚ ਨਹੀਂ ਬਦਲ ਜਾਵੇਗਾ

ਅਤੇ ਉਪਜਾਊ ਖੇਤ ਜੰਗਲ ਵਰਗਾ ਨਹੀਂ ਲੱਗੇਗਾ?

18 ਉਸ ਦਿਨ ਬੋਲ਼ੇ ਪੱਤਰੀ ਦੀਆਂ ਗੱਲਾਂ ਨੂੰ ਸੁਣਨਗੇ,

ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਤੇ ਹਨੇਰੇ ਵਿੱਚੋਂ ਵੇਖਣਗੀਆਂ।

19 ਇੱਕ ਵਾਰ ਫਿਰ ਨਿਮਰ ਲੋਕ ਯਾਹਵੇਹ ਵਿੱਚ ਅਨੰਦ ਹੋਣਗੇ;

ਲੋੜਵੰਦ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਅਨੰਦ ਕਰਨਗੇ।

20 ਬੇਰਹਿਮ ਨਾਸ ਹੋ ਜਾਣਗੇ,

ਮਖੌਲ ਕਰਨ ਵਾਲੇ ਦੂਰ ਹੋ ਜਾਣਗੇ,

ਅਤੇ ਸਾਰੇ ਜਿਹੜੇ ਬੁਰਿਆਈ ਵੱਲ ਦੇਖਦੇ ਹਨ ਵੱਢ ਸੁੱਟੇ ਜਾਣਗੇ,

21 ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ,

ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ,

ਅਤੇ ਝੂਠੀ ਗਵਾਹੀ ਦੇ ਕੇ ਨਿਰਦੋਸ਼ ਨੂੰ ਨਿਆਂ ਤੋਂ ਵਾਂਝਾ ਕਰਦੇ ਹਨ।

22 ਇਸ ਲਈ ਯਾਹਵੇਹ, ਜਿਸ ਨੇ ਅਬਰਾਹਾਮ ਨੂੰ ਛੁਡਾਇਆ, ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਇਹ ਆਖਦਾ ਹੈ:

"ਯਾਕੋਬ ਹੁਣ ਸ਼ਰਮਿੰਦਾ ਨਹੀਂ ਹੋਵੇਗਾ;

ਹੁਣ ਉਨ੍ਹਾਂ ਦੇ ਚਿਹਰੇ ਪੀਲੇ ਨਹੀਂ ਹੋਣਗੇ।

23 ਜਦੋਂ ਉਹ ਆਪਣੇ ਬੱਚਿਆਂ ਵਿੱਚ ਮੇਰੇ ਹੱਥਾਂ ਦੀ ਰਚਨਾ ਵੇਖਣਗੇ,

ਉਹ ਮੇਰੇ ਨਾਮ ਨੂੰ ਪਵਿੱਤਰ ਰੱਖਣਗੇ।

ਉਹ ਯਾਕੋਬ ਦੇ ਪਵਿੱਤਰ ਪੁਰਖ ਦੀ ਪਵਿੱਤਰਤਾ ਨੂੰ ਮੰਨਣਗੇ,

ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਭੈ ਵਿੱਚ ਖੜੇ ਹੋਣਗੇ।

24 ਉਹ ਜਿਹੜੇ ਮਨ ਦੇ ਭਟਕੇ ਹੋਏ ਸਮਝ ਜਾਣਗੇ,

ਅਤੇ ਬੁੜ-ਬੁੜਾਉਣ ਵਾਲੇ ਸਿੱਖਿਆ ਪਾਉਣਗੇ।"

Estes versículos te tocaram? Ore agora!

+581 estão orando agora.

Junte-se à corrente de oração.