1 ਉਸ ਦਿਨ ਯਹੂਦਾਹ ਦੀ ਧਰਤੀ ਵਿੱਚ ਇਹ ਗੀਤ ਗਾਇਆ ਜਾਵੇਗਾ:
ਸਾਡੇ ਕੋਲ ਇੱਕ ਮਜ਼ਬੂਤ ਸ਼ਹਿਰ ਹੈ;
ਉਸ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ
ਯਾਹਵੇਹ ਨੇ ਮੁਕਤੀ ਠਹਿਰਾਇਆ।
2 ਦਰਵਾਜ਼ੇ ਖੋਲ੍ਹੋ
ਤਾਂ ਜੋ ਧਰਮੀ ਕੌਮ ਪ੍ਰਵੇਸ਼ ਕਰੇ,
ਉਹ ਕੌਮ ਜਿਹੜੀ ਨਿਹਚਾ ਰੱਖਦੀ ਹੈ।
3 ਜਿਹੜਾ ਤੇਰੇ ਵਿੱਚ ਲਵਲੀਨ ਹੈ,
ਉਸ ਦੀ ਯਾਹਵੇਹ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ,
ਇਸ ਲਈ ਕਿ ਉਸ ਦਾ ਭਰੋਸਾ ਤੇਰੇ ਉੱਤੇ ਹੈ।
4 ਯਾਹਵੇਹ ਉੱਤੇ ਸਦਾ ਲਈ ਭਰੋਸਾ ਰੱਖੋ,
ਕਿਉਂ ਜੋ ਪ੍ਰਭੂ ਯਾਹਵੇਹ ਸਨਾਤਨ ਚੱਟਾਨ ਹੈ।
5 ਉਹ ਉੱਚੇ ਰਹਿਣ ਵਾਲਿਆਂ ਨੂੰ ਨੀਵਾਂ ਕਰਦਾ ਹੈ,
ਉਹ ਉੱਚੇ ਸ਼ਹਿਰ ਨੂੰ ਨੀਵਾਂ ਝੁਕਾਉਂਦਾ ਹੈ।
ਉਹ ਇਸ ਨੂੰ ਜ਼ਮੀਨ ਤੇ ਲੈ ਜਾਂਦਾ ਹੈ
ਅਤੇ ਇਸ ਨੂੰ ਮਿੱਟੀ ਵਿੱਚ ਸੁੱਟ ਦਿੰਦਾ ਹੈ।
6 ਉਹ ਪੈਰਾਂ ਨਾਲ,
ਸਗੋਂ ਮਸਕੀਨਾਂ
ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ।
7 ਧਰਮੀ ਦਾ ਰਾਹ ਪੱਧਰਾ ਹੈ,
ਤੂੰ ਜੋ ਆਪ ਸਿੱਧਾ ਹੈ ਧਰਮੀ ਦਾ ਰਾਹ ਪੱਧਰਾ ਕਰਦਾ ਹੈ।
8 ਹਾਂ, ਯਾਹਵੇਹ, ਤੇਰੇ ਨਿਆਂ ਦੇ ਰਾਹਾਂ ਵਿੱਚ,
ਅਸੀਂ ਤੇਰੀ ਉਡੀਕ ਕਰਦੇ ਹਾਂ;
ਤੇਰਾ ਨਾਮ ਅਤੇ ਪ੍ਰਸਿੱਧੀ
ਸਾਡੇ ਦਿਲ ਦੀ ਇੱਛਾ ਹੈ।
9 ਮੇਰੀ ਜਾਨ ਰਾਤ ਨੂੰ ਤੇਰੇ ਲਈ ਤਰਸਦੀ ਹੈ।
ਸਵੇਰ ਨੂੰ ਮੇਰਾ ਆਤਮਾ ਤੇਰੇ ਲਈ ਤਰਸਦਾ ਹੈ।
ਜਦੋਂ ਤੇਰੇ ਨਿਆਂ ਧਰਤੀ ਉੱਤੇ ਆਉਂਦੇ ਹਨ,
ਦੁਨੀਆਂ ਦੇ ਲੋਕ ਧਰਮ ਸਿੱਖਦੇ ਹਨ।
10 ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ,
ਤਾਂ ਵੀ ਉਹ ਧਰਮ ਨਹੀਂ ਸਿੱਖੇਗਾ,
ਭਲੇ ਲੋਕਾਂ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ,
ਅਤੇ ਯਾਹਵੇਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ।
11 ਹੇ ਯਾਹਵੇਹ, ਤੇਰਾ ਹੱਥ ਉੱਚਾ ਕੀਤਾ ਗਿਆ ਹੈ,
ਪਰ ਉਹ ਨਹੀਂ ਵੇਖਦੇ।
ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਵੇਖਣਗੇ ਅਤੇ ਸ਼ਰਮਿੰਦਾ ਹੋਣਗੇ;
ਤੁਹਾਡੇ ਦੁਸ਼ਮਣਾਂ ਲਈ ਰਾਖਵੀਂ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇ।
12 ਹੇ ਯਾਹਵੇਹ, ਤੂੰ ਸਾਡੇ ਲਈ ਸ਼ਾਂਤੀ ਸਥਾਪਿਤ ਕੀਤੀ;
ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਸਾਡੇ ਲਈ ਪੂਰੇ ਕੀਤੇ।
13 ਹੇ ਯਾਹਵੇਹ ਸਾਡੇ ਪਰਮੇਸ਼ਵਰ, ਤੇਰੇ ਤੋਂ ਬਿਨ੍ਹਾਂ ਹੋਰ ਪ੍ਰਭੂਆਂ ਨੇ ਸਾਡੇ ਉੱਤੇ ਰਾਜ ਕੀਤਾ,
ਪਰ ਅਸੀਂ ਸਿਰਫ ਤੇਰੇ ਨਾਮ ਦਾ ਹੀ ਆਦਰ ਕਰਦੇ ਹਾਂ।
14 ਉਹ ਹੁਣ ਮਰ ਚੁੱਕੇ ਹਨ, ਉਹ ਹੁਣ ਜੀਉਂਦੇ ਨਹੀਂ ਹਨ,
ਉਹਨਾਂ ਦੀ ਆਤਮਾ ਨਿਕਲ ਗਈ ਹੈ ਉਹ ਹੁਣ ਨਹੀਂ ਉੱਠਦੇ,
ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ,
ਤੁਸੀਂ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ ਹੈ।
15 ਯਾਹਵੇਹ, ਤੂੰ ਕੌਮ ਨੂੰ ਵਧਾਇਆ,
ਤੂੰ ਕੌਮ ਨੂੰ ਵਧਾਇਆ,
ਤੂੰ ਆਦਰ ਪਾਇਆ,
ਤੂੰ ਹੀ ਦੇਸ ਦੀਆਂ ਹੱਦਾਂ ਨੂੰ ਦੂਰ-ਦੂਰ ਫ਼ੈਲਾਇਆ।
16 ਹੇ ਯਾਹਵੇਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ;
ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ,
ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ।
17 ਜਿਵੇਂ ਇੱਕ ਗਰਭਵਤੀ ਔਰਤ ਦੇ ਜਨਮ ਦੇ ਦਿਨ ਨੇੜੇ ਹੁੰਦੇ ਹਨ,
ਆਪਣੀਆਂ ਪੀੜਾਂ ਵਿੱਚ ਤੜਫ਼ਦੀ ਅਤੇ ਚਿੱਲਾਉਂਦੀ ਹੈ,
ਉਸੇ ਤਰ੍ਹਾਂ ਹੀ ਹੇ ਯਾਹਵੇਹ ਅਸੀਂ ਵੀ ਤੇਰੇ ਹਜ਼ੂਰ ਸੀ!
18 ਅਸੀਂ ਗਰਭੀ ਹੋਏ, ਅਸੀਂ ਤੜਫ਼ੇ,
ਪਰ ਅਸੀਂ ਹਵਾ ਨੂੰ ਜਨਮ ਦਿੱਤਾ।
ਅਸੀਂ ਧਰਤੀ ਵਿੱਚ ਬਚਾਓ ਦਾ ਕੋਈ ਕੰਮ ਨਹੀਂ ਕੀਤਾ,
ਅਤੇ ਸੰਸਾਰ ਦੇ ਲੋਕ ਜੀਵਨ ਵਿੱਚ ਨਹੀਂ ਆਏ।
19 ਹੇ ਯਾਹਵੇਹ, ਤੇਰੇ ਮੁਰਦੇ ਜੀਉਣਗੇ,
ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ।
ਹੇ ਖ਼ਾਕ ਦੇ ਵਾਸੀਓ,
ਜਾਗੋ, ਜੈਕਾਰਾ ਗਜਾਓ!
ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ,
ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ।
20 ਹੇ ਮੇਰੇ ਲੋਕੋ, ਆਪਣੀਆਂ ਕੋਠੜੀਆਂ ਵਿੱਚ ਵੜੋ
ਅਤੇ ਆਪਣੇ ਪਿੱਛੇ ਦਰਵਾਜ਼ੇ ਬੰਦ ਕਰੋ।
ਆਪਣੇ ਆਪ ਨੂੰ ਥੋੜੀ ਦੇਰ ਲਈ ਲੁਕਾ ਲੈ
ਜਦ ਤੱਕ ਉਸ ਦਾ ਕ੍ਰੋਧ ਨਾ ਲੰਘ ਜਾਵੇ।
21 ਵੇਖੋ, ਯਾਹਵੇਹ ਧਰਤੀ ਦੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਲਈ
ਆਪਣੇ ਨਿਵਾਸ ਸਥਾਨ ਤੋਂ ਬਾਹਰ ਆ ਰਿਹਾ ਹੈ।
ਧਰਤੀ ਆਪਣੇ ਉੱਤੇ ਵਹਾਏ ਗਏ ਲਹੂ ਨੂੰ ਪ੍ਰਗਟ ਕਰੇਗੀ;
ਧਰਤੀ ਆਪਣੇ ਵੱਢੇ ਹੋਏ ਲੋਕਾਂ ਨੂੰ ਫੇਰ ਨਹੀਂ ਢੱਕੇਗੀ।