Pular para o conteúdo
Publicidade

ਯਸ਼ਾਯਾਹ 60

ਸੀਯੋਨ ਦੀ ਮਹਿਮਾ

1 "ਉੱਠ, ਚਮਕ, ਕਿਉਂਕਿ ਤੇਰਾ ਚਾਨਣ ਆ ਗਿਆ ਹੈ,

ਅਤੇ ਯਾਹਵੇਹ ਦਾ ਪਰਤਾਪ ਤੇਰੇ ਉੱਤੇ ਚਮਕਿਆ।

2 ਵੇਖੋ, ਹਨੇਰਾ ਧਰਤੀ ਨੂੰ ਢੱਕਦਾ ਹੈ

ਅਤੇ ਸੰਘਣਾ ਹਨੇਰਾ ਲੋਕਾਂ ਉੱਤੇ ਹੈ,

ਪਰ ਯਾਹਵੇਹ ਤੇਰੇ ਉੱਤੇ ਚਮਕਿਆ ਹੈ

ਅਤੇ ਉਸ ਦੀ ਮਹਿਮਾ ਤੁਹਾਡੇ ਉੱਤੇ ਪ੍ਰਗਟ ਹੁੰਦੀ ਹੈ।

3 ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ,

ਅਤੇ ਰਾਜੇ ਤੇਰੀ ਸਵੇਰ ਦੀ ਚਮਕ ਵੱਲ ਆਉਣਗੇ।

4 "ਆਪਣੀਆਂ ਅੱਖਾਂ ਚੁੱਕੋ ਅਤੇ ਆਪਣੇ ਆਲੇ-ਦੁਆਲੇ ਵੇਖੋ:

ਸਾਰੇ ਇਕੱਠੇ ਹੋ ਕੇ ਤੁਹਾਡੇ ਕੋਲ ਆਉਣ;

ਤੁਹਾਡੇ ਪੁੱਤਰ ਦੂਰੋਂ ਆਉਂਦੇ ਹਨ,

ਅਤੇ ਤੁਹਾਡੀਆਂ ਧੀਆਂ ਕੁੱਛੜ ਚੁੱਕੀਆਂ ਜਾਂਦੀਆਂ ਹਨ।

5 ਤਦ ਤੁਸੀਂ ਵੇਖੋਂਗੇ ਅਤੇ ਚਮਕਦਾਰ ਹੋਵੋਗੇ,

ਤੁਹਾਡਾ ਦਿਲ ਖੁਸ਼ੀ ਨਾਲ ਧੜਕੇਗਾ ਅਤੇ ਫੁੱਲ ਜਾਵੇਗਾ।

ਸਮੁੰਦਰਾਂ ਦਾ ਧਨ ਤੁਹਾਡੇ ਕੋਲ ਲਿਆਇਆ ਜਾਵੇਗਾ,

ਕੌਮਾਂ ਦਾ ਧਨ ਤੁਹਾਡੇ ਕੋਲ ਆਵੇਗਾ।

6 ਊਠਾਂ ਦੇ ਝੁੰਡ ਤੇਰੀ ਧਰਤੀ ਨੂੰ ਢੱਕ ਲੈਣਗੇ,

ਮਿਦਯਾਨ ਅਤੇ ਏਫਾਹ ਦੇ ਜਵਾਨ ਊਠ ਨਾਲੇ

ਸਾਰੇ ਸ਼ਬਾ ਦੇਸ ਤੋਂ ਆਉਣਗੇ,

ਸੋਨਾ ਅਤੇ ਧੂਪ ਲੈ ਕੇ

ਅਤੇ ਯਾਹਵੇਹ ਦੀ ਉਸਤਤ ਦਾ ਪ੍ਰਚਾਰ ਕਰਨਗੇ।

7 ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ,

ਨਬਾਯੋਥ ਦੇ ਭੇਡੂ ਤੇਰੀ ਸੇਵਾ ਕਰਨਗੇ।

ਉਹ ਮੇਰੀ ਜਗਵੇਦੀ ਉੱਤੇ ਚੜ੍ਹਾਵੇ ਵਜੋਂ ਸਵੀਕਾਰ ਕੀਤੇ ਜਾਣਗੇ,

ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ।

8 "ਇਹ ਕੌਣ ਹਨ ਜਿਹੜੇ ਬੱਦਲਾਂ ਵਾਂਗੂੰ,

ਕਬੂਤਰਾਂ ਵਾਂਗੂੰ ਆਪਣੇ ਆਲ੍ਹਣਿਆਂ ਵਿੱਚ ਉੱਡਦੇ ਹਨ?

9 ਸੱਚ-ਮੁੱਚ ਟਾਪੂ ਮੇਰੀ ਉਡੀਕ ਕਰਨਗੇ,

ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ,

ਜੋ ਤੁਹਾਡੇ ਬੱਚਿਆਂ ਨੂੰ ਦੂਰੋਂ ਲੈ ਕੇ ਆਉਂਦੇ ਹਨ,

ਉਹਨਾਂ ਦੇ ਚਾਂਦੀ ਅਤੇ ਸੋਨੇ ਨਾਲ,

ਯਾਹਵੇਹ ਤੇਰੇ ਪਰਮੇਸ਼ਵਰ

ਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ,

ਕਿਉਂ ਜੋ ਉਸ ਨੇ ਤੈਨੂੰ ਆਪਣੀ ਸ਼ਾਨ ਨਾਲ ਭਰਿਆ ਹੈ।

10 "ਪਰਦੇਸੀ ਤੁਹਾਡੀਆਂ ਕੰਧਾਂ ਨੂੰ ਦੁਬਾਰਾ ਬਣਾਉਣਗੇ,

ਅਤੇ ਉਨ੍ਹਾਂ ਦੇ ਰਾਜੇ ਤੇਰੀ ਸੇਵਾ ਕਰਨਗੇ।

ਭਾਵੇਂ ਮੈਂ ਤੈਨੂੰ ਕ੍ਰੋਧ ਵਿੱਚ ਮਾਰਿਆ,

ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ।

11 ਤੁਹਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ,

ਉਹ ਦਿਨ ਜਾਂ ਰਾਤ ਕਦੇ ਬੰਦ ਨਹੀਂ ਹੋਣਗੇ,

ਤਾਂ ਜੋ ਲੋਕ ਤੁਹਾਡੇ ਲਈ ਕੌਮਾਂ ਦੀ ਦੌਲਤ ਲਿਆ ਸਕਣ

ਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਜਿੱਤ ਦੇ ਜਲੂਸ ਵਿੱਚ ਤੇਰੇ ਕੋਲ ਲਿਆਉਣ।

12 ਕਿਉਂਕਿ ਜਿਹੜੀ ਕੌਮ ਜਾਂ ਰਾਜ ਤੁਹਾਡੀ ਸੇਵਾ ਨਹੀਂ ਕਰੇਗਾ ਉਹ ਨਾਸ ਹੋ ਜਾਵੇਗਾ।

ਇਹ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।

13 "ਲਬਾਨੋਨ ਦੀ ਮਹਿਮਾ ਤੁਹਾਡੇ ਕੋਲ ਆਵੇਗੀ,

ਅਰਥਾਤ ਸਰੂ, ਚੀਲ ਅਤੇ ਚਨਾਰ ਤੇਰੇ ਕੋਲ ਇਕੱਠੇ ਕੀਤੇ ਜਾਣਗੇ,

ਤਾਂ ਜੋ ਉਹ ਮੇਰੇ ਪਵਿੱਤਰ ਸਥਾਨ ਨੂੰ ਸਜਾਉਣ;

ਇਸ ਤਰ੍ਹਾਂ ਮੈਂ ਆਪਣੇ ਪੈਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ।

14 ਤੈਨੂੰ ਦੁੱਖ ਦੇਣ ਵਾਲਿਆ ਦੇ ਬੱਚੇ ਤੇਰੇ ਅੱਗੇ ਮੱਥਾ ਟੇਕਣਗੇ।

ਤੈਨੂੰ ਤੁੱਛ ਜਾਣਨ ਵਾਲੇ ਸਾਰੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ

ਉਹ ਤੈਨੂੰ ਯਾਹਵੇਹ ਦਾ ਸ਼ਹਿਰ,

ਇਸਰਾਏਲ ਦੇ ਪਵਿੱਤਰ ਪਰਮੇਸ਼ਵਰ ਦਾ ਸੀਯੋਨ ਆਖਣਗੇ।

15 "ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੀ,

ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ,

ਪਰ ਮੈਂ ਤੈਨੂੰ ਸਦਾ ਲਈ ਮਾਣ

ਅਤੇ ਪੀੜ੍ਹੀਓ ਪੀੜ੍ਹੀ ਤੱਕ ਖੁਸ਼ੀ ਦਾ ਕਾਰਨ ਬਣਾਵਾਂਗਾ।

16 ਤੂੰ ਕੌਮਾਂ ਦਾ ਦੁੱਧ ਚੁੰਘੇਗੀ,

ਅਤੇ ਰਾਜਿਆਂ ਦੀ ਛਾਤੀ ਚੁੰਘੇਗੀ,

ਤੂੰ ਜਾਣ ਲਵੇਂਗੀ ਕਿ ਮੈਂ ਯਾਹਵੇਹ ਤੇਰਾ ਬਚਾਉਣ ਵਾਲਾ ਹਾਂ,

ਤੇਰਾ ਛੁਡਾਉਣ ਵਾਲਾ, ਯਾਕੋਬ ਦਾ ਸਰਵਸ਼ਕਤੀਮਾਨ ਹਾਂ।

17 ਪਿੱਤਲ ਦੀ ਥਾਂ ਮੈਂ ਸੋਨਾ

ਅਤੇ ਲੋਹੇ ਦੀ ਥਾਂ ਮੈਂ ਚਾਂਦੀ ਲਿਆਵਾਂਗਾ,

ਲੱਕੜੀ ਦੇ ਥਾਂ ਪਿੱਤਲ

ਅਤੇ ਪੱਥਰਾਂ ਦੇ ਥਾਂ ਲੋਹਾ ਲਿਆਵਾਂਗਾ,

ਮੈਂ ਸ਼ਾਂਤੀ ਨੂੰ ਤੇਰਾ ਹਾਕਮ

ਅਤੇ ਸੁੱਖ ਨੂੰ ਤੇਰਾ ਧਰਮ ਬਣਾਵਾਂਗਾ।

18 ਹੁਣ ਤੁਹਾਡੇ ਦੇਸ਼ ਵਿੱਚ ਹਿੰਸਾ ਸੁਣਾਈ ਨਹੀਂ ਦੇਵੇਗੀ,

ਨਾ ਤੁਹਾਡੀਆਂ ਹੱਦਾਂ ਵਿੱਚ ਬਰਬਾਦੀ ਜਾਂ ਤਬਾਹੀ,

ਪਰ ਤੁਸੀਂ ਆਪਣੀਆਂ ਕੰਧਾਂ ਨੂੰ ਮੁਕਤੀ

ਅਤੇ ਤੁਹਾਡੇ ਦਰਵਾਜ਼ਿਆਂ ਨੂੰ ਉਸਤਤ ਕਹੋਗੇ।

19 ਫੇਰ ਦਿਨ ਨੂੰ ਸੂਰਜ ਤੇਰਾ ਚਾਨਣ ਨਾ ਹੋਵੇਗਾ,

ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ,

ਪਰ ਯਾਹਵੇਹ ਤੇਰਾ ਸਦੀਪਕ ਚਾਨਣ ਹੋਵੇਗਾ,

ਅਤੇ ਤੇਰਾ ਪਰਮੇਸ਼ਵਰ ਤੇਰੀ ਸ਼ੋਭਾ ਠਹਿਰੇਗਾ।

20 ਤੇਰਾ ਸੂਰਜ ਫੇਰ ਨਹੀਂ ਲੱਥੇਗਾ,

ਨਾ ਤੇਰੇ ਲਈ ਚੰਦ ਦੀ ਰੋਸ਼ਨੀ ਘੱਟ ਹੋਵੇਗੀ,

ਕਿਉਂ ਜੋ ਯਾਹਵੇਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ,

ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।

21 ਤੇਰੇ ਸਾਰੇ ਲੋਕ ਧਰਮੀ ਹੋਣਗੇ,

ਉਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ,

ਉਹ ਮੇਰੇ ਲਾਏ ਹੋਏ ਬੂਟੇ

ਅਤੇ ਮੇਰੇ ਹੱਥਾਂ ਦਾ ਕੰਮ ਠਹਿਰਣਗੇ ਤਾਂ ਜੋ ਮੇਰੀ ਸ਼ੋਭਾ ਪਰਗਟ ਹੋਵੇ।

22 ਤੁਹਾਡੇ ਵਿੱਚੋਂ ਸਭ ਤੋਂ ਛੋਟਾ ਇੱਕ ਹਜ਼ਾਰ ਵਰਗਾ ਹੋਵੇਗਾ,

ਸਭ ਤੋਂ ਕਮਜ਼ੋਰ ਇੱਕ ਸ਼ਕਤੀਸ਼ਾਲੀ ਕੌਮ ਹੋਵੇਗਾ।

ਮੈਂ ਯਾਹਵੇਹ ਹਾਂ;

ਸਮੇਂ ਸਿਰ ਇਸ ਨੂੰ ਛੇਤੀ ਪੂਰਾ ਕਰਾਂਗਾ।"

Estes versículos te tocaram? Ore agora!

+581 estão orando agora.

Junte-se à corrente de oração.