1 ਦਿਲਾਸਾ ਦਿਓ, ਮੇਰੇ ਲੋਕਾਂ ਨੂੰ ਦਿਲਾਸਾ ਦਿਓ,
ਤੁਹਾਡਾ ਪਰਮੇਸ਼ਵਰ ਆਖਦਾ ਹੈ।
2 ਯੇਰੂਸ਼ਲੇਮ ਨਾਲ ਪਿਆਰ ਨਾਲ ਗੱਲ ਕਰੋ,
ਅਤੇ ਉਸ ਨੂੰ ਪੁਕਾਰ ਕੇ ਆਖੋ,
ਕਿ ਉਸਦੀ ਸਖ਼ਤ ਸੇਵਾ ਪੂਰੀ ਹੋ ਗਈ ਹੈ,
ਕਿ ਉਸਦੇ ਪਾਪ ਦਾ ਭੁਗਤਾਨ ਹੋ ਗਿਆ ਹੈ,
ਯਾਹਵੇਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ
ਦੁੱਗਣੀ ਸਜ਼ਾ ਪਾ ਚੁੱਕੀ ਹੈ।
3 ਉਜਾੜ ਵਿੱਚ
ਇੱਕ ਪੁਕਾਰਨ ਵਾਲੇ ਦੀ ਆਵਾਜ਼ ਇਹ ਕਹਿ ਰਹੀ ਹੈ:
"ਯਾਹਵੇਹ ਲਈ ਰਸਤਾ ਤਿਆਰ ਕਰੋ;
ਉਜਾੜ ਵਿੱਚ ਸਾਡੇ ਪਰਮੇਸ਼ਵਰ ਲਈ
ਰਸਤਾ ਸਿੱਧਾ ਬਣਾਓ।
4 ਹਰ ਇੱਕ ਘਾਟੀ ਉੱਚੀ ਕੀਤੀ ਜਾਵੇਗੀ,
ਹਰ ਪਰਬਤ ਅਤੇ ਪਹਾੜ ਪੱਧਰੇ ਕੀਤੇ ਜਾਣਗੇ।
ਅਤੇ ਖੁਰਦਰੀ ਜ਼ਮੀਨ ਪੱਧਰੀ ਹੋ ਜਾਵੇਗੀ,
ਕੱਚੀ ਥਾਂ ਇੱਕ ਮੈਦਾਨ ਬਣ ਜਾਵੇਗੀ।
5 ਅਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇਗੀ,
ਅਤੇ ਸਾਰੇ ਲੋਕ ਵੇਖਣਗੇ।
ਕਿਉਂਕਿ ਯਾਹਵੇਹ ਦਾ ਮੂੰਹ ਬੋਲਿਆ ਹੈ।"
6 ਇੱਕ ਆਵਾਜ਼ ਆਖਦੀ ਹੈ, "ਪ੍ਰਚਾਰ ਕਰ।"
ਅਤੇ ਮੈਂ ਕਿਹਾ, "ਮੈਂ ਕੀ ਪ੍ਰਚਾਰ ਕਰਾ?"
"ਸਾਰੇ ਲੋਕ ਘਾਹ ਦੇ ਸਮਾਨ ਹਨ,
ਅਤੇ ਉਨ੍ਹਾਂ ਦੀ ਸਾਰੀ ਵਫ਼ਾਦਾਰੀ ਖੇਤ ਦੇ ਫੁੱਲਾਂ ਵਰਗੀ ਹੈ।
7 ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,
ਕਿਉਂਕਿ ਯਾਹਵੇਹ ਦਾ ਸਾਹ ਉਹਨਾਂ ਉੱਤੇ ਵਗਦਾ ਹੈ,
ਯਕੀਨਨ ਲੋਕ ਘਾਹ ਹੀ ਹਨ।
8 ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,
ਪਰ ਸਾਡੇ ਪਰਮੇਸ਼ਵਰ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ।"
9 ਹੇ ਸੀਯੋਨ ਵਿੱਚ ਖੁਸ਼ਖਬਰੀ ਦੇਣ ਵਾਲੇ,
ਉੱਚੇ ਪਹਾੜ ਉੱਤੇ ਚੜ੍ਹ ਜਾ!
ਹੇ ਯੇਰੂਸ਼ਲੇਮ ਨੂੰ ਖੁਸ਼ਖਬਰੀ ਦੇਣ ਵਾਲੇ,
ਆਪਣੀ ਆਵਾਜ਼ ਜ਼ੋਰ ਨਾਲ ਉੱਚੀ ਕਰ,
ਇਸ ਨੂੰ ਉੱਚਾ ਕਰ, ਡਰ ਨਾ;
ਯਹੂਦਾਹ ਦੇ ਕਸਬਿਆਂ ਨੂੰ ਆਖੋ,
"ਇਹ ਹੈ ਤੁਹਾਡਾ ਪਰਮੇਸ਼ਵਰ!"
10 ਵੇਖੋ, ਸਰਬਸ਼ਕਤੀਮਾਨ ਯਾਹਵੇਹ ਸ਼ਕਤੀ ਨਾਲ ਆਉਂਦਾ ਹੈ,
ਅਤੇ ਉਹ ਇੱਕ ਸ਼ਕਤੀਸ਼ਾਲੀ ਬਾਂਹ ਨਾਲ ਰਾਜ ਕਰਦਾ ਹੈ।
ਵੇਖੋ, ਉਸ ਦਾ ਇਨਾਮ ਉਸ ਦੇ ਨਾਲ ਹੈ,
ਅਤੇ ਉਸ ਦਾ ਬਦਲਾ ਉਸ ਦੇ ਨਾਲ ਹੈ।
11 ਉਹ ਆਪਣੇ ਇੱਜੜ ਨੂੰ ਚਰਵਾਹੇ ਵਾਂਗ ਚਰਾਵੇਗਾ,
ਉਹ ਲੇਲਿਆਂ ਨੂੰ ਆਪਣੀਆਂ ਬਾਹਾਂ ਨਾਲ ਸੰਭਾਲਦਾ ਹੈ
ਅਤੇ ਉਨ੍ਹਾਂ ਨੂੰ ਆਪਣੇ ਦਿਲ ਦੇ ਨੇੜੇ ਲੈ ਜਾਂਦਾ ਹੈ;
ਉਹ ਨਰਮੀ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਹੈ।
12 ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ,
ਜਾਂ ਆਪਣੇ ਹੱਥ ਦੀ ਚੌੜਾਈ ਨਾਲ ਅਕਾਸ਼ ਨੂੰ ਮਾਪਿਆ ਹੈ?
ਅਤੇ ਪਹਾੜੀਆਂ ਇੱਕ ਸੰਤੁਲਨ ਵਿੱਚ ਹਨ?
13 ਕੌਣ ਯਾਹਵੇਹ ਦੇ ਆਤਮਾ ਨੂੰ ਸਮਝ ਸਕਦਾ ਹੈ,
ਜਾਂ ਯਾਹਵੇਹ ਨੂੰ ਉਸ ਦੇ ਸਲਾਹਕਾਰ ਵਜੋਂ ਸਿਖਾ ਸਕਦਾ ਹੈ?
14 ਕਿਸ ਦੇ ਨਾਲ ਯਾਹਵੇਹ ਨੇ ਸਲਾਹ ਕੀਤੀ,
ਕਿਸ ਨੇ ਉਹ ਨੂੰ ਸਮਝ ਬਖ਼ਸ਼ੀ,
ਜਾਂ ਨਿਆਂ ਦਾ ਮਾਰਗ ਉਹ ਨੂੰ ਸਿਖਾਇਆ, ਜਾਂ ਉਸ ਨੂੰ ਵਿੱਦਿਆ ਸਿਖਾਈ,
ਜਾਂ ਉਸ ਨੂੰ ਗਿਆਨ ਦਾ ਰਾਹ ਸਮਝਾਇਆ?
15 ਵੇਖੋ ਕੌਮਾਂ ਬਾਲਟੀ ਵਿੱਚ ਇੱਕ ਬੂੰਦ ਵਰਗੀਆਂ ਹਨ,
ਉਹਨਾਂ ਨੂੰ ਤੱਕੜੀ ਦੀ ਧੂੜ ਸਮਝਿਆ ਜਾਂਦਾ ਹੈ;
ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ।
16 ਨਾ ਲਬਾਨੋਨ ਜਗਵੇਦੀ ਦੀ ਅੱਗ ਲਈ ਥੋੜ੍ਹਾ ਹੈ,
ਨਾ ਉਸ ਦੇ ਪਸ਼ੂ ਹੋਮ ਦੀਆਂ ਭੇਟਾਂ ਲਈ ਕਾਫ਼ੀ ਹਨ।
17 ਉਸ ਦੇ ਅੱਗੇ ਸਾਰੀਆਂ ਕੌਮਾਂ ਕੁਝ ਵੀ ਨਹੀਂ ਹਨ,
ਉਹ ਉਸ ਦੀ ਨਜ਼ਰ ਵਿੱਚ ਵਿਅਰਥ
ਅਤੇ ਕਿਸੇ ਵੀ ਚੀਜ਼ ਤੋਂ ਘੱਟ ਨਹੀਂ।
18 ਤਾਂ ਫਿਰ ਤੁਸੀਂ ਪਰਮੇਸ਼ਵਰ ਦੀ ਤੁਲਨਾ ਕਿਸ ਨਾਲ ਕਰੋਗੇ?
ਤੁਸੀਂ ਉਸ ਦੀ ਤੁਲਨਾ ਕਿਸ ਮੂਰਤ ਨਾਲ ਕਰੋਗੇ?
19 ਜਿਵੇਂ ਇੱਕ ਮੂਰਤੀ ਲਈ, ਇੱਕ ਕਾਰੀਗਰ ਦੁਆਰਾ ਧਾਤੂ ਦਾ ਕੰਮ ਹੈ,
ਅਤੇ ਇੱਕ ਸੁਨਿਆਰਾ ਉਸ ਨੂੰ ਸੋਨੇ ਨਾਲ ਮੜ੍ਹਦਾ ਹੈ,
ਅਤੇ ਉਹ ਦੇ ਲਈ ਚਾਂਦੀ ਦੀਆਂ ਜ਼ੰਜੀਰਾਂ ਬਣਾਉਂਦਾ ਹੈ।
20 ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ,
ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ,
ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ,
ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ।
21 ਕੀ ਤੁਸੀਂ ਨਹੀਂ ਜਾਣਦੇ?
ਕੀ ਤੁਸੀਂ ਨਹੀਂ ਸੁਣਿਆ?
ਕੀ ਇਹ ਤੁਹਾਨੂੰ ਮੁੱਢੋਂ ਨਹੀਂ ਦੱਸਿਆ ਗਿਆ?
ਕੀ ਤੁਸੀਂ ਧਰਤੀ ਦੀ ਨੀਂਹ ਦੇ ਸਮੇਂ ਤੋਂ ਨਹੀਂ ਸਮਝੇ?
22 ਉਹ ਧਰਤੀ ਦੇ ਘੇਰੇ ਉੱਤੇ ਬਿਰਾਜਮਾਨ ਹੈ,
ਅਤੇ ਉਹ ਦੇ ਲੋਕ ਟਿੱਡੀਆਂ ਵਰਗੇ ਹਨ।
ਉਹ ਅਕਾਸ਼ਾਂ ਨੂੰ ਛੱਤਰੀ ਵਾਂਙੁ ਖਿਲਾਰਦਾ ਹੈ,
ਅਤੇ ਰਹਿਣ ਲਈ ਤੰਬੂ ਵਾਂਗੂੰ ਫੈਲਾਉਂਦਾ ਹੈ।
23 ਉਹ ਸਰਦਾਰਾਂ ਨੂੰ ਨਸ਼ਟ ਕਰ ਦਿੰਦਾ ਹੈ
ਅਤੇ ਇਸ ਸੰਸਾਰ ਦੇ ਹਾਕਮਾਂ ਨੂੰ ਬੇਕਾਰ ਕਰ ਦਿੰਦਾ ਹੈ।
24 ਉਹ ਅਜੇ ਲਾਏ ਹੀ ਹਨ,
ਉਹ ਅਜੇ ਬੀਜੇ ਹੀ ਹਨ,
ਉਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜ੍ਹੀ ਹੈ,
ਕਿ ਉਹ ਉਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਉਹ ਕੁਮਲਾ ਜਾਂਦੇ
ਅਤੇ ਤੂਫ਼ਾਨ ਉਹਨਾਂ ਨੂੰ ਕੱਖਾਂ ਵਾਂਗੂੰ ਉਡਾ ਕੇ ਲੈ ਜਾਂਦਾ ਹੈ।
25 "ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ?
ਜਾਂ ਮੇਰੇ ਬਰਾਬਰ ਕੌਣ ਹੈ?" ਪਵਿੱਤਰ ਪੁਰਖ ਕਹਿੰਦਾ ਹੈ।
26 ਆਪਣੀਆਂ ਅੱਖਾਂ ਚੁੱਕ ਕੇ ਅਕਾਸ਼ ਵੱਲ ਵੇਖੋ,
ਇਹ ਸਭ ਕਿਸ ਨੇ ਰਚਿਆ?
ਉਹ ਜੋ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਇੱਕ-ਇੱਕ ਕਰਕੇ ਬਾਹਰ ਲਿਆਉਂਦਾ ਹੈ
ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਨਾਮ ਲੈ ਕੇ ਪੁਕਾਰਦਾ ਹੈ।
ਉਸ ਦੀ ਮਹਾਨ ਸ਼ਕਤੀ ਅਤੇ ਵੱਡੇ ਬਲ ਦੇ ਕਾਰਨ,
ਉਨ੍ਹਾਂ ਵਿੱਚੋਂ ਇੱਕ ਵੀ ਗੁਆਚਿਆ ਨਹੀਂ ਹੈ।
27 ਹੇ ਯਾਕੋਬ, ਤੂੰ ਕਿਉਂ ਆਖਦਾ ਹੈ?
ਤੂੰ ਕਿਉਂ ਬੋਲਦਾ ਹੈ, ਇਸਰਾਏਲ,
"ਕਿ ਮੇਰਾ ਰਾਹ ਯਾਹਵੇਹ ਤੋਂ ਲੁਕਿਆ ਹੋਇਆ ਹੈ;
ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ਵਰ ਵੱਲੋਂ ਛੱਡਿਆ ਗਿਆ ਹੈ"?
28 ਕੀ ਤੁਸੀਂ ਨਹੀਂ ਜਾਣਿਆ?
ਕੀ ਤੁਸੀਂ ਨਹੀਂ ਸੁਣਿਆ?
ਯਾਹਵੇਹ ਪਰਮੇਸ਼ਵਰ ਸਦਾ ਦਾ ਪਰਮੇਸ਼ਵਰ ਹੈ,
ਧਰਤੀ ਦੇ ਸਿਰਿਆਂ ਦਾ ਸਿਰਜਣਹਾਰ ਹੈ,
ਉਹ ਨਾ ਹੁੱਸਦਾ ਹੈ, ਨਾ ਥੱਕਦਾ ਹੈ,
ਉਹ ਦੀ ਸਮਝ ਅਥਾਹ ਹੈ,
29 ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ ਅਤੇ
ਕਮਜ਼ੋਰਾਂ ਦੀ ਸ਼ਕਤੀ ਵਧਾਉਂਦਾ ਹੈ।
30 ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ,
ਅਤੇ ਜੁਆਨ ਵੀ ਠੋਕਰ ਖਾ ਕੇ ਡਿੱਗ ਹੀ ਪੈਣਗੇ।
31 ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ,
ਉਹ ਆਪਣੀ ਤਾਕਤ ਨਵੇਂ ਸਿਰਿਓਂ ਪਾਉਣਗੇ।
ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ।
ਉਹ ਦੌੜਨਗੇ ਅਤੇ ਥੱਕਣਗੇ ਨਹੀਂ,
ਉਹ ਤੁਰਨਗੇ ਅਤੇ ਹੁੱਸਣਗੇ ਨਹੀਂ।