1 ਯਾਹਵੇਹ ਆਪਣੇ ਮਸਹ ਕੀਤੇ ਹੋਏ ਕੋਰੇਸ਼ ਨੂੰ ਇਹ ਆਖਦਾ ਹੈ,
ਜਿਸ ਦਾ ਸੱਜਾ ਹੱਥ ਮੈਂ ਇਸ ਲਈ ਫੜ੍ਹਿਆ
ਕਿ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਰਾਜਿਆਂ ਦੇ ਕਮਰ ਕੱਸੇ ਖੋਲ੍ਹ ਦਿਆਂ,
ਕਿ ਮੈਂ ਉਹ ਦੇ ਸਾਹਮਣੇ ਦਰਵਾਜ਼ਿਆਂ ਨੂੰ ਖੋਲ੍ਹ ਦਿਆਂ ਅਤੇ ਫਾਟਕ ਬੰਦ ਨਾ ਕੀਤੇ ਜਾਣ:
2 ਮੈਂ ਤੇਰੇ ਅੱਗੇ-ਅੱਗੇ ਚੱਲਾਂਗਾ,
ਅਤੇ ਉੱਚੇ-ਉੱਚੇ ਪਹਾੜਾਂ ਨੂੰ ਪੱਧਰਾ ਕਰਾਂਗਾ,
ਮੈਂ ਪਿੱਤਲ ਦੇ ਫਾਟਕ ਭੰਨ ਸੁੱਟਾਂਗਾ,
ਅਤੇ ਲੋਹੇ ਦੀਆਂ ਬੇੜੀਆਂ ਵੱਢ ਸੁੱਟਾਂਗਾ।
3 ਮੈਂ ਤੈਨੂੰ ਹਨੇਰੇ ਵਿੱਚ ਲੁਕੇ ਹੋਏ ਖ਼ਜ਼ਾਨੇ,
ਅਤੇ ਗੁਪਤ ਸਥਾਨਾਂ ਵਿੱਚ ਦੱਬੇ ਹੋਏ ਪਦਾਰਥ ਦਿਆਂਗਾ,
ਤਾਂ ਜੋ ਤੂੰ ਜਾਣੇ ਕਿ ਮੈਂ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਹਾਂ,
ਜੋ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਂਦਾ ਹਾਂ।
4 ਮੇਰੇ ਦਾਸ ਯਾਕੋਬ ਦੇ ਕਾਰਨ,
ਮੇਰੇ ਚੁਣੇ ਹੋਏ ਇਸਰਾਏਲ ਦੇ ਕਾਰਨ,
ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ,
ਅਤੇ ਤੈਨੂੰ ਸਨਮਾਨ ਦੀ ਪਦਵੀ ਦਿੱਤੀ,
ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।
5 ਮੈਂ ਯਾਹਵੇਹ ਹਾਂ, ਅਤੇ ਹੋਰ ਕੋਈ ਨਹੀਂ ਹੈ;
ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।
ਮੈਂ ਤੈਨੂੰ ਤਕੜਾ ਕਰਾਂਗਾ,
ਭਾਵੇਂ ਤੁਸੀਂ ਮੈਨੂੰ ਨਹੀਂ ਮੰਨਿਆ,
6 ਤਾਂ ਜੋ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ
ਲੋਕ ਜਾਣ ਲੈਣ ਕਿ ਮੇਰੇ ਤੋਂ ਬਿਨਾਂ ਕੋਈ ਨਹੀਂ ਹੈ।
ਮੈਂ ਹੀ ਯਾਹਵੇਹ ਹਾਂ, ਹੋਰ ਕੋਈ ਨਹੀਂ।
7 ਮੈਂ ਚਾਨਣ ਬਣਾਉਂਦਾ ਹਾਂ ਅਤੇ ਹਨੇਰਾ ਪੈਦਾ ਕਰਦਾ ਹਾਂ,
ਮੈਂ ਖੁਸ਼ਹਾਲੀ ਲਿਆਉਂਦਾ ਹਾਂ ਅਤੇ ਤਬਾਹੀ ਪੈਦਾ ਕਰਦਾ ਹਾਂ।
ਮੈਂ, ਯਾਹਵੇਹ, ਇਹ ਸਭ ਕੁਝ ਕਰਦਾ ਹਾਂ।
8 ਹੇ ਅਕਾਸ਼ੋਂ, ਉੱਪਰੋਂ ਮੇਰੀ ਧਾਰਮਿਕਤਾ ਵਰ੍ਹਾਓ;
ਬੱਦਲਾਂ ਨੂੰ ਇਸ ਨੂੰ ਹੇਠਾਂ ਵਰ੍ਹਾਉਣ ਦਿਓ।
ਧਰਤੀ ਨੂੰ ਖੁੱਲ੍ਹੇ,
ਮੁਕਤੀ ਨੂੰ ਉਗਣ ਦਿਓ,
ਜਿਸ ਨਾਲ ਧਾਰਮਿਕਤਾ ਵਧੇ,
ਮੈਂ, ਯਾਹਵੇਹ ਨੇ ਇਸਨੂੰ ਬਣਾਇਆ ਹੈ।
9 "ਹਾਏ ਉਹ ਦੇ ਉੱਤੇ ਜੋ ਆਪਣੇ ਸਿਰਜਣਹਾਰ ਨਾਲ ਝਗੜਦਾ ਹੈ,
ਉਹ ਮਿੱਟੀ ਦੇ ਠੀਕਰਿਆਂ ਵਿੱਚੋਂ ਇੱਕ ਠੀਕਰਾ ਹੈ!
ਭਲਾ, ਮਿੱਟੀ ਆਪਣੇ ਸਿਰਜਣਹਾਰ ਨੂੰ ਆਖੇ,
‘ਤੂੰ ਕੀ ਬਣਾਉਂਦਾ ਹੈ?’
ਜਾਂ ਕਾਰੀਗਰ ਦੀ ਕਿਰਤ ਇਹ ਆਖੇ
‘ਕਿ ਉਹ ਦੇ ਤਾਂ ਹੱਥ ਹੈ ਹੀ ਨਹੀਂ’?
10 ਹਾਏ ਉਸ ਦੇ ਲਈ ਜਿਹੜਾ ਪਿਤਾ ਨੂੰ ਆਖਦਾ ਹੈ,
‘ਤੂੰ ਕਿਸਨੂੰ ਜਨਮ ਦਿੰਦਾ ਹੈ?’
ਜਾਂ ਕਿਸੇ ਮਾਤਾ ਨੂੰ,
‘ਤੈਨੂੰ ਕਿਹੜੀਆਂ ਪੀੜਾਂ ਲੱਗੀਆਂ ਹਨ?’
11 "ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ
ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਸ ਦਾ ਸਿਰਜਣਹਾਰ ਹਾਂ:
ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ?
ਮੇਰੇ ਪੁੱਤਰਾਂ ਬਾਰੇ, ਮੇਰੇ ਹੱਥ ਦੇ ਕੰਮਾਂ ਬਾਰੇ, ਤੁਸੀਂ ਮੈਨੂੰ ਹੁਕਮ ਦਿਓਗੇ?
12 ਮੈਂ ਹੀ ਹਾਂ ਜਿਸਨੇ ਧਰਤੀ ਨੂੰ ਸਾਜਿਆ
ਅਤੇ ਇਸ ਉੱਤੇ ਮਨੁੱਖਾਂ ਨੂੰ ਬਣਾਇਆ।
ਮੇਰੇ ਆਪਣੇ ਹੱਥਾਂ ਨੇ ਅਕਾਸ਼ ਨੂੰ ਫ਼ੈਲਾਇਆ ਹੈ;
ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ।
13 ਮੈਂ ਆਪਣੀ ਧਾਰਮਿਕਤਾ ਵਿੱਚ ਉਸ ਨੂੰ ਉੱਚਾ ਕਰਾਂਗਾ,
ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ।
ਉਹ ਮੇਰੇ ਸ਼ਹਿਰ ਨੂੰ ਦੁਬਾਰਾ ਉਸਾਰੇਗਾ
ਅਤੇ ਮੇਰੇ ਗ਼ੁਲਾਮਾਂ ਨੂੰ ਅਜ਼ਾਦ ਕਰੇਗਾ,
ਪਰ ਕਿਸੇ ਕੀਮਤ ਜਾਂ ਇਨਾਮ ਲਈ ਨਹੀਂ,
ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।"
14 ਯਾਹਵੇਹ ਇਹ ਆਖਦਾ ਹੈ:
"ਮਿਸਰ ਦੀ ਕਮਾਈ, ਕੂਸ਼ ਦਾ ਵਪਾਰ,
ਅਤੇ ਸ਼ਬਾ ਦੇ ਉੱਚੇ ਕੱਦ ਵਾਲੇ ਮਨੁੱਖ,
ਉਹ ਲੰਘ ਕੇ ਤੇਰੇ ਕੋਲ ਆਉਣਗੇ,
ਅਤੇ ਤੇਰੇ ਹੋਣਗੇ,
ਉਹ ਤੇਰੇ ਪਿੱਛੇ ਚੱਲਣਗੇ,
ਉਹ ਸੰਗਲਾਂ ਨਾਲ ਜਕੜੇ ਹੋਏ ਆਉਣਗੇ,
ਉਹ ਤੇਰੇ ਅੱਗੇ ਮੱਥਾ ਟੇਕਣਗੇ,
ਉਹ ਤੇਰੇ ਅੱਗੇ ਬੇਨਤੀ ਕਰਨਗੇ,
ਕਿ ਪਰਮੇਸ਼ਵਰ ਤੇਰੇ ਨਾਲ ਹੈ, ਹੋਰ ਕੋਈ ਨਹੀਂ,
ਹੋਰ ਕੋਈ ਪਰਮੇਸ਼ਵਰ ਨਹੀਂ।"
15 ਸੱਚਮੁੱਚ ਤੂੰ ਹੀ ਇੱਕ ਪਰਮੇਸ਼ਵਰ ਹੈ ਜਿਸ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ,
ਇਸਰਾਏਲ ਦਾ ਪਰਮੇਸ਼ਵਰ ਅਤੇ ਮੁਕਤੀਦਾਤਾ।
16 ਮੂਰਤੀਆਂ ਬਣਾਉਣ ਵਾਲੇ ਸਾਰੇ ਲੋਕ ਸ਼ਰਮਸਾਰ ਅਤੇ ਬੇਇੱਜ਼ਤ ਹੋਣਗੇ।
ਉਹ ਇਕੱਠੇ ਬਦਨਾਮੀ ਵਿੱਚ ਚਲੇ ਜਾਣਗੇ।
17 ਪਰ ਇਸਰਾਏਲ ਨੂੰ ਯਾਹਵੇਹ ਦੁਆਰਾ
ਇੱਕ ਸਦੀਵੀ ਮੁਕਤੀ ਨਾਲ ਬਚਾਇਆ ਜਾਵੇਗਾ;
ਤੁਸੀਂ ਕਦੇ ਵੀ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਵੋਗੇ,
ਨਾ ਨਮੋਸ਼ੀ ਉਠਾਓਗੇ।
18 ਕਿਉਂਕਿ ਯਾਹਵੇਹ ਇਹ ਆਖਦਾ ਹੈ,
ਜਿਸ ਨੇ ਅਕਾਸ਼ ਨੂੰ ਬਣਾਇਆ,
ਉਹ ਪਰਮੇਸ਼ਵਰ ਹੈ।
ਜਿਸ ਨੇ ਧਰਤੀ ਨੂੰ ਸਾਜਿਆ ਅਤੇ ਬਣਾਇਆ,
ਉਸ ਨੇ ਇਸ ਦੀ ਨੀਂਹ ਰੱਖੀ।
ਉਸ ਨੇ ਇਸ ਨੂੰ ਖਾਲੀ ਹੋਣ ਲਈ ਨਹੀਂ ਬਣਾਇਆ,
ਸਗੋਂ ਇਸ ਨੂੰ ਵਸਾਉਣ ਲਈ ਬਣਾਇਆ,
ਉਹ ਕਹਿੰਦਾ ਹੈ:
"ਮੈਂ ਯਾਹਵੇਹ ਹਾਂ,
ਅਤੇ ਕੋਈ ਹੋਰ ਨਹੀਂ ਹੈ।
19 ਮੈਂ ਗੁਪਤ ਵਿੱਚ ਨਹੀਂ ਬੋਲਿਆ,
ਨਾ ਧਰਤੀ ਦੀਆਂ ਹਨੇਰੇ ਥਾਵਾਂ ਵਿੱਚ;
ਮੈਂ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਕਿਹਾ,
‘ਮੈਨੂੰ ਵਿਅਰਥ ਲੱਭੋ।’
ਮੈਂ ਯਾਹਵੇਹ ਸੱਚ ਹੀ ਬੋਲਦਾ ਹਾਂ;
ਮੈਂ ਐਲਾਨ ਕਰਦਾ ਹਾਂ ਕੀ ਸਹੀ ਹੈ।
20 "ਇਕੱਠੇ ਹੋ ਜਾਓ ਅਤੇ ਆਓ,
ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ।
ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ,
ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ।
21 ਪਰਚਾਰ ਕਰੋ ਕੀ ਹੋਣਾ ਹੈ, ਉਹਨਾਂ ਨੂੰ ਪੇਸ਼ ਕਰੋ,
ਉਹ ਇਕੱਠੇ ਸਲਾਹ ਕਰਨ,
ਇਹ ਕਿਸ ਨੇ ਬਹੁਤ ਪਹਿਲਾਂ ਦੱਸ ਦਿੱਤਾ ਸੀ,
ਕਿਸ ਨੇ ਇਸ ਨੂੰ ਪੁਰਾਣੇ ਸਮੇਂ ਤੋਂ ਘੋਸ਼ਿਤ ਕੀਤਾ ਸੀ?
ਕੀ ਇਹ ਮੈਂ ਨਹੀਂ ਸੀ?
ਅਤੇ ਮੇਰੇ ਤੋਂ ਬਿਨਾ ਕੋਈ ਪਰਮੇਸ਼ਵਰ ਨਹੀਂ ਹੈ,
ਇੱਕ ਧਰਮੀ ਪਰਮੇਸ਼ਵਰ ਅਤੇ ਇੱਕ ਮੁਕਤੀਦਾਤਾ;
ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।
22 "ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ,
ਮੇਰੇ ਵੱਲ ਮੁੜੋ ਅਤੇ ਬਚ ਜਾਓ!
ਕਿਉਂ ਜੋ ਮੈਂ ਹੀ ਪਰਮੇਸ਼ਵਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ।
23 ਮੈਂ ਆਪਣੇ ਆਪ ਦੀ ਸਹੁੰ ਖਾਧੀ ਹੈ,
ਮੇਰੇ ਮੂੰਹ ਨੇ ਪੂਰੀ ਖਰਿਆਈ ਨਾਲ ਇੱਕ ਅਜਿਹਾ ਬਚਨ ਬੋਲਿਆ ਹੈ,
ਇੱਕ ਸ਼ਬਦ ਜੋ ਰੱਦ ਨਹੀਂ ਕੀਤਾ ਜਾਵੇਗਾ:
ਹਰ ਗੋਡਾ ਮੇਰੇ ਅੱਗੇ ਝੁਕੇਗਾ;
ਹਰ ਜ਼ੁਬਾਨ ਮੇਰੀ ਸਹੁੰ ਖਾਵੇਗੀ।
24 ਉਹ ਮੇਰੇ ਬਾਰੇ ਆਖਣਗੇ, ‘ਇਕੱਲੇ ਯਾਹਵੇਹ ਵਿੱਚ ਹੀ ਛੁਟਕਾਰਾ ਅਤੇ ਸ਼ਕਤੀ ਹੈ।’ "
25 ਪਰ ਇਸਰਾਏਲ ਦੇ ਸਾਰੇ ਉੱਤਰਾਧਿਕਾਰੀ
ਯਾਹਵੇਹ ਵਿੱਚ ਛੁਟਕਾਰਾ ਪਾਉਣਗੇ ਅਤੇ ਉਸ ਵਿੱਚ ਆਪਣੀ ਸ਼ੇਖੀ ਮਾਰਨਗੇ।