Publicidade

Isaías 3

ਯੇਰੂਸ਼ਲੇਮ ਅਤੇ ਯਹੂਦਾਹ ਦਾ ਨਿਆਂ

1 ਹੁਣ ਵੇਖੋ, ਪ੍ਰਭੂ,

ਯਾਹਵੇਹ ਸਰਬਸ਼ਕਤੀਮਾਨ,

ਯੇਰੂਸ਼ਲੇਮ ਅਤੇ ਯਹੂਦਾਹ

ਤੋਂ ਆਸਰਾ ਅਤੇ ਸਹਾਇਤਾ ਦੋਵੇਂ ਲੈਣ ਵਾਲਾ ਹੈ:

ਅਰਥਾਤ ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,

2 ਸੂਰਬੀਰ ਅਤੇ ਯੋਧਾ,

ਨਿਆਈਂ ਅਤੇ ਨਬੀ,

ਫ਼ਾਲ ਪਾਉਣ ਵਾਲਾ ਤੇ ਬਜ਼ੁਰਗ,

3 ਪੰਜਾਹਾਂ ਦਾ ਸਰਦਾਰ ਅਤੇ ਦਰਜੇ ਦਾ ਆਦਮੀ,

ਸਲਾਹਕਾਰ, ਕੁਸ਼ਲ ਕਾਰੀਗਰ ਅਤੇ ਚਲਾਕ ਜਾਦੂਗਰ।

4 "ਮੈਂ ਸਿਰਫ ਨੌਜਵਾਨਾਂ ਨੂੰ ਉਨ੍ਹਾਂ ਦਾ ਅਧਿਕਾਰੀ ਬਣਾਵਾਂਗਾ।

ਬੱਚੇ ਉਨ੍ਹਾਂ ਉੱਤੇ ਰਾਜ ਕਰਨਗੇ।"

5 ਲੋਕ ਇੱਕ ਦੂਸਰੇ ਉੱਤੇ

ਅਤੇ ਹਰੇਕ ਆਦਮੀ ਦੂਸਰੇ ਆਦਮੀ ਦੇ ਵਿਰੁੱਧ, ਹਰੇਕ ਗੁਆਂਢੀ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ,

ਜੁਆਨ ਬੁੱਢਿਆਂ ਦੇ ਵਿਰੁੱਧ ਉੱਠੇਗਾ,

ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।

6 ਇੱਕ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ

ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਫੜ ਲਵੇਗਾ ਅਤੇ ਆਖੇਗਾ,

"ਤੁਹਾਡੇ ਕੋਲ ਇੱਕ ਚਾਦਰ ਹੈ, ਤੂੰ ਸਾਡਾ ਆਗੂ ਬਣ,

ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ!"

7 ਪਰ ਉਸ ਦਿਨ ਉਹ ਪੁਕਾਰੇਗਾ,

"ਮੇਰੇ ਕੋਲ ਕੋਈ ਉਪਾਅ ਨਹੀਂ ਹੈ ਅਤੇ ਨਾ ਹੀ,

ਮੇਰੇ ਘਰ ਵਿੱਚ ਭੋਜਨ ਅਤੇ ਕੱਪੜਾ ਹੈ

ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ।"

8 ਯੇਰੂਸ਼ਲੇਮ ਠੇਡਾ ਖਾ ਗਿਆ ਹੈ,

ਯਹੂਦਾਹ ਡਿੱਗ ਪਿਆ ਹੈ;

ਉਹਨਾਂ ਦੀਆਂ ਗੱਲਾਂ ਅਤੇ ਕੰਮ ਯਾਹਵੇਹ ਦੇ ਵਿਰੁੱਧ ਹਨ,

ਉਸ ਦੀ ਮਹਿਮਾ ਵਾਲੀ ਹਜ਼ੂਰੀ ਨੂੰ ਨਕਾਰਦੇ ਹਨ।

9 ਉਨ੍ਹਾਂ ਦਾ ਮੂੰਹ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ;

ਅਤੇ ਉਹ ਸੋਦੋਮ ਵਾਂਗ ਆਪਣੇ ਹੀ ਪਾਪਾਂ ਵੱਲ ਇਸ਼ਾਰਾ ਕਰਦੇ ਹਨ;

ਉਨ੍ਹਾਂ ਉੱਤੇ ਹਾਏ! ਜੋ ਉਹ ਉਨ੍ਹਾਂ ਨੂੰ ਲੁਕਾਉਂਦੇ ਨਹੀਂ

ਕਿਉਂਕਿ ਉਨ੍ਹਾਂ ਨੇ ਆਪਣਾ ਹੀ ਨੁਕਸਾਨ ਕੀਤਾ ਹੈ।

10 ਧਰਮੀਆਂ ਨੂੰ ਦੱਸ ਕਿ ਉਨ੍ਹਾਂ ਦਾ ਭਲਾ ਹੋਵੇਗਾ,

ਕਿਉਂ ਜੋ ਉਹ ਆਪਣੇ ਕਰਮਾਂ ਦਾ ਫਲ ਭੋਗਣਗੇ।

11 ਹਾਏ ਦੁਸ਼ਟਾਂ ਉੱਤੇ!

ਉਨ੍ਹਾਂ ਉੱਤੇ ਆਫ਼ਤ ਆਈ ਹੈ!

ਉਨ੍ਹਾਂ ਨੂੰ ਉਨ੍ਹਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿੱਤਾ ਜਾਵੇਗਾ।

12 ਨੌਜਵਾਨ ਮੇਰੇ ਲੋਕਾਂ ਉੱਤੇ ਜ਼ੁਲਮ ਕਰਦੇ ਹਨ,

ਔਰਤਾਂ ਉਨ੍ਹਾਂ ਉੱਤੇ ਰਾਜ ਕਰਦੀਆਂ ਹਨ।

ਹੇ ਮੇਰੇ ਲੋਕੋ, ਤੁਹਾਡੇ ਮਾਰਗ ਦਰਸ਼ਕ ਤੁਹਾਨੂੰ ਕੁਰਾਹੇ ਪਾਉਂਦੇ ਹਨ,

ਉਹ ਤੁਹਾਨੂੰ ਰਸਤੇ ਤੋਂ ਮੋੜ ਦਿੰਦੇ ਹਨ।

13 ਯਾਹਵੇਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ;

ਉਹ ਲੋਕਾਂ ਦਾ ਨਿਆਂ ਕਰਨ ਲਈ ਉੱਠਦਾ ਹੈ।

14 ਯਾਹਵੇਹ ਆਪਣੀ ਪਰਜਾ ਦੇ ਬਜ਼ੁਰਗਾਂ

ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ,

"ਇਹ ਤੁਸੀਂ ਹੀ ਹੋ ਜਿਸ ਨੇ ਮੇਰੇ ਅੰਗੂਰੀ ਬਾਗ਼ ਨੂੰ ਬਰਬਾਦ ਕੀਤਾ ਹੈ;

ਗਰੀਬਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ।

15 ਯਾਹਵੇਹ ਸਰਬ ਸ਼ਕਤੀਮਾਨ ਇਸ ਤਰ੍ਹਾਂ ਆਖਦਾ ਹੈ!

ਤੁਹਾਨੂੰ ਮੇਰੇ ਲੋਕਾਂ ਨੂੰ ਕੁਚਲਣ

ਅਤੇ ਗਰੀਬਾਂ ਦੇ ਮੂੰਹ ਪੀਸਣ ਦਾ ਕੀ ਮਤਲਬ ਹੈ?"

16 ਯਾਹਵੇਹ ਇਹ ਆਖਦਾ ਹੈ,

"ਸੀਯੋਨ ਦੀਆਂ ਔਰਤਾਂ ਹੰਕਾਰੀ ਹਨ,

ਅਤੇ ਗਰਦਨਾਂ ਅਕੜਾ ਕੇ ਅਤੇ

ਆਪਣੀਆਂ ਅੱਖਾਂ ਮਟਕਾ ਕੇ ਤੁਰਦੀਆਂ ਹਨ,

ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ,

ਅਤੇ ਆਪਣੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ।

17 ਇਸ ਲਈ ਯਾਹਵੇਹ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ

ਅਤੇ ਯਾਹਵੇਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।"

18 ਉਸ ਦਿਨ ਯਾਹਵੇਹ ਉਨ੍ਹਾਂ ਦਾ ਸ਼ਿੰਗਾਰ, ਚੂੜੀਆਂ ਅਤੇ ਸਿਰ ਦੇ ਮੁਕਟ ਅਤੇ ਚਮਕਦੇ ਹਾਰ ਨੂੰ ਖੋਹ ਲਵੇਗਾ: 19 ਮੁੰਦਰੀਆਂ, ਕੰਗਣ, ਘੁੰਡ, 20 ਚੌਂਕ, ਕੰਗਣ, ਪਟਕੇ, ਅਤਰਦਾਨੀਆਂ, ਚੌਂਕੀਆਂ ਦੀਆਂ ਬੋਤਲਾਂ ਅਤੇ ਸੁੰਦਰਤਾ, 21 ਅੰਗੂਠੀਆਂ ਅਤੇ ਨੱਕ ਦੀਆਂ ਮੁੰਦਰੀਆਂ, 22 ਵਧੀਆ ਬਸਤਰ ਅਤੇ ਚਾਦਰਾਂ, ਦੁਪੱਟੇ, ਥੈਲੇ 23 ਸ਼ੀਸ਼ੇ, ਮਲਮਲ ਦੇ ਕੱਪੜੇ, ਮੁੰਦਰੀਆਂ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ।

24 ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ;

ਪਟਕੇ ਦੀ ਥਾਂ ਰੱਸੀ,

ਮੀਢੀਆਂ ਦੇ ਜਗ੍ਹਾਂ ਗੰਜਾਪਨ;

ਵਧੀਆ ਕੱਪੜੇ ਦੀ ਬਜਾਏ, ਤੱਪੜ;

ਸੁੰਦਰਤਾ ਦੀ ਬਜਾਏ, ਬਦਸੂਰਤੀ ਹੋਵੇਗੀ।

25 ਤੁਹਾਡੇ ਆਦਮੀ ਤਲਵਾਰ ਨਾਲ,

ਅਤੇ ਤੁਹਾਡੇ ਯੋਧੇ ਲੜਾਈ ਵਿੱਚ ਡਿੱਗਣਗੇ।

26 ਸੀਯੋਨ ਦੇ ਦਰਵਾਜ਼ੇ ਵਿਰਲਾਪ ਕਰਨਗੇ ਅਤੇ ਸੋਗ ਕਰਨਗੇ;

ਬੇਸਹਾਰਾ, ਉਹ ਜ਼ਮੀਨ ਤੇ ਬੈਠੇਗੀ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-