1 ਵੇਖੋ, ਯਾਹਵੇਹ ਦਾ ਹੱਥ ਅਜਿਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ,
ਨਾ ਉਹ ਦਾ ਕੰਨ ਅਜਿਹਾ ਭਾਰੀ ਹੈ ਕਿ ਉਹ ਸੁਣੇ ਨਾ।
2 ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ਵਰ ਤੋਂ ਵੱਖ ਕਰ ਦਿੱਤਾ ਹੈ।
ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਤੋਂ ਲੁਕਾਇਆ ਹੈ,
ਤਾਂ ਜੋ ਉਹ ਨਾ ਸੁਣੇ।
3 ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਲਿੱਬੜੇ ਹੋਏ ਹਨ,
ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ,
ਤੁਹਾਡੇ ਬੁੱਲ੍ਹ ਝੂਠ ਨਾਲ ਭਰੇ ਹੋਏ ਹਨ
ਅਤੇ ਤੁਹਾਡੀ ਜੀਭ ਬਦੀ ਬਕਦੀ ਹੈ।
4 ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ,
ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ,
ਉਹ ਖਾਲੀ ਦਲੀਲਾਂ ਉੱਤੇ ਭਰੋਸਾ ਕਰਦੇ ਹਨ, ਉਹ ਝੂਠ ਬੋਲਦੇ ਹਨ;
ਉਹ ਮੁਸੀਬਤ ਪੈਦਾ ਕਰਦੇ ਹਨ ਅਤੇ ਬਦੀ ਨੂੰ ਜਨਮ ਦਿੰਦੇ ਹਨ।
5 ਉਹ ਸੱਪਾਂ ਦੇ ਆਂਡੇ ਸੇਉਂਦੇ ਹਨ
ਅਤੇ ਮੱਕੜੀ ਦਾ ਜਾਲਾ ਬੁਣਦੇ ਹਨ।
ਜੋ ਕੋਈ ਵੀ ਇਨ੍ਹਾਂ ਦੇ ਆਂਡੇ ਖਾਵੇ ਉਹ ਮਰ ਜਾਵੇਗਾ,
ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਸੱਪ ਨਿੱਕਲਦਾ ਹੈ।
6 ਉਨ੍ਹਾਂ ਦੇ ਜਾਲੇ ਕੱਪੜਿਆਂ ਲਈ ਬੇਕਾਰ ਹਨ,
ਉਹ ਆਪਣੇ ਆਪ ਨੂੰ ਉਸ ਨਾਲ ਢੱਕ ਨਹੀਂ ਸਕਦੇ ਜੋ ਉਹ ਬਣਾਉਂਦੇ ਹਨ।
ਉਨ੍ਹਾਂ ਦੇ ਕੰਮ ਬੁਰੇ ਕੰਮ ਹਨ,
ਅਤੇ ਹਿੰਸਾ ਦੇ ਕੰਮ ਉਨ੍ਹਾਂ ਦੇ ਹੱਥ ਵਿੱਚ ਹਨ।
7 ਉਨ੍ਹਾਂ ਦੇ ਪੈਰ ਪਾਪ ਵੱਲ ਦੌੜਦੇ ਹਨ;
ਉਹ ਨਿਰਦੋਸ਼ ਦਾ ਖੂਨ ਵਹਾਉਣ ਲਈ ਤੇਜ਼ ਹਨ।
ਉਹ ਬੁਰੀਆਂ ਯੋਜਨਾਵਾਂ ਦਾ ਪਿੱਛਾ ਕਰਦੇ ਹਨ;
ਹਿੰਸਾ ਦੀਆਂ ਕਾਰਵਾਈਆਂ ਉਹਨਾਂ ਦੇ ਤਰੀਕਿਆਂ ਨੂੰ ਚਿੰਨ੍ਹਿਤ ਕਰਦੀਆਂ ਹਨ।
8 ਸ਼ਾਂਤੀ ਦਾ ਰਾਹ ਉਹ ਨਹੀਂ ਜਾਣਦੇ।
ਉਹਨਾਂ ਦੇ ਰਾਹਾਂ ਵਿੱਚ ਕੋਈ ਇਨਸਾਫ਼ ਨਹੀਂ ਹੈ।
ਉਹਨਾਂ ਦੇ ਮਾਰਗ ਟੇਢੇ ਹਨ;
ਜੋ ਉਹਨਾਂ ਦੇ ਨਾਲ ਤੁਰਦਾ ਉਹ ਸ਼ਾਂਤੀ ਨਹੀਂ ਜਾਣਦਾ।
9 ਇਸੇ ਕਾਰਨ ਨਿਆਂ ਸਾਡੇ ਕੋਲੋਂ ਦੂਰ ਹੈ,
ਅਤੇ ਧਰਮ ਸਾਡੇ ਨੇੜੇ ਨਹੀਂ ਆਉਂਦਾ,
ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਹਨ੍ਹੇਰਾ ਹੀ ਹਨ੍ਹੇਰਾ!
ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਹਨੇਰੇ ਵਿੱਚ ਚਲਦੇ ਹਾਂ।
10 ਅਸੀਂ ਅੰਨ੍ਹੇ ਵਾਂਗ ਕੰਧ ਨਾਲ ਟਹਿਕਦੇ ਹਾਂ,
ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ।
ਦੁਪਹਿਰ ਵੇਲੇ ਅਸੀਂ ਠੋਕਰ ਖਾਂਦੇ ਹਾਂ ਜਿਵੇਂ ਉਹ ਸ਼ਾਮ ਹੋਵੇ;
ਬਲਵਾਨਾਂ ਦੇ ਵਿਚਕਾਰ, ਅਸੀਂ ਮੁਰਦਿਆਂ ਵਰਗੇ ਹਾਂ।
11 ਅਸੀਂ ਸਾਰੇ ਰਿੱਛਾਂ ਵਾਂਗੂੰ ਗੁਰਰਾਉਂਦੇ ਹਾਂ,
ਅਸੀਂ ਕਬੂਤਰਾਂ ਵਾਂਗੂੰ ਹੂੰਗਦੇ ਰਹਿੰਦੇ ਹਾਂ।
ਅਸੀਂ ਇਨਸਾਫ਼ ਲੱਭਦੇ ਹਾਂ, ਪਰ ਕੋਈ ਨਹੀਂ ਲੱਭਦਾ,
ਮੁਕਤੀ ਨੂੰ, ਪਰ ਉਹ ਬਹੁਤ ਦੂਰ ਹੈ।
12 ਕਿਉਂ ਜੋ ਤੇਰੀ ਨਿਗਾਹ ਵਿੱਚ ਸਾਡੇ ਅਪਰਾਧ ਬਹੁਤ ਹਨ,
ਅਤੇ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ।
ਸਾਡੇ ਅਪਰਾਧ ਸਦਾ ਸਾਡੇ ਨਾਲ ਹਨ,
ਅਤੇ ਅਸੀਂ ਆਪਣੀਆਂ ਬਦੀਆਂ ਨੂੰ ਜਾਣਦੇ ਹਾਂ:
13 ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਅਤੇ ਧੋਖੇਬਾਜ਼ੀ,
ਅਸੀਂ ਪਰਮੇਸ਼ਵਰ ਤੋਂ ਮੂੰਹ ਮੋੜ ਲਿਆ,
ਅਸੀਂ ਜ਼ੁਲਮ ਕੀਤਾ ਅਤੇ ਵਿਦਰੋਹੀ ਹੋ ਗਏ,
ਅਸੀਂ ਮਨ ਦੀਆ ਜੁਗਤਾ ਕਰ ਕੇ ਝੂਠੀਆਂ ਗੱਲਾਂ ਕੀਤੀਆਂ।
14 ਇਸ ਲਈ ਨਿਆਂ ਪਿੱਛੇ ਹਟ ਜਾਂਦਾ ਹੈ,
ਅਤੇ ਧਰਮ ਦੂਰ ਖੜ੍ਹਾਂ ਰਹਿੰਦਾ ਹੈ।
ਸੱਚ ਨੂੰ ਗਲੀਆਂ ਵਿੱਚ ਠੋਕਰ ਲੱਗ ਗਈ ਹੈ,
ਇਮਾਨਦਾਰੀ ਅੰਦਰ ਨਹੀਂ ਆ ਸਕਦੀ।
15 ਸਚਿਆਈ ਦਾ ਕਿਤੇ ਵੀ ਪਤਾ ਨਹੀਂ ਹੈ,
ਅਤੇ ਜੋ ਕੋਈ ਬੁਰਾਈ ਤੋਂ ਦੂਰ ਰਹਿੰਦਾ ਹੈ ਉਹ ਸ਼ਿਕਾਰ ਬਣ ਜਾਂਦਾ ਹੈ।
ਯਾਹਵੇਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ
ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ।
16 ਉਸ ਨੇ ਵੇਖਿਆ ਕਿ ਉੱਥੇ ਕੋਈ ਨਹੀਂ ਸੀ,
ਉਹ ਘਬਰਾ ਗਿਆ ਕਿ ਉੱਥੇ ਦਖਲ ਦੇਣ ਵਾਲਾ ਕੋਈ ਨਹੀਂ ਸੀ।
ਤਾਂ ਉਸ ਦੀ ਆਪਣੀ ਬਾਂਹ ਨੇ ਉਸ ਲਈ ਮੁਕਤੀ ਪ੍ਰਾਪਤ ਕੀਤੀ,
ਅਤੇ ਉਸ ਦੀ ਆਪਣੀ ਧਾਰਮਿਕਤਾ ਨੇ ਉਸ ਨੂੰ ਸੰਭਾਲਿਆ।
17 ਉਸ ਨੇ ਧਰਮ ਨੂੰ ਸੰਜੋ ਵਾਂਗ ਪਹਿਨਿਆ,
ਅਤੇ ਮੁਕਤੀ ਦਾ ਟੋਪ ਆਪਣੇ ਸਿਰ ਉੱਤੇ ਪਾਇਆ।
ਉਸ ਨੇ ਬਦਲਾ ਲੈਣ ਦੇ ਬਸਤਰ ਪਹਿਨ ਲਏ,
ਅਤੇ ਜੋਸ਼ ਨਾਲ ਆਪਣੇ ਆਪ ਨੂੰ ਚਾਦਰ ਵਿੱਚ ਲਪੇਟ ਲਿਆ।
18 ਜੋ ਕੁਝ ਉਨ੍ਹਾਂ ਨੇ ਕੀਤਾ ਹੈ,
ਉਸ ਦੇ ਅਨੁਸਾਰ ਉਹ ਆਪਣੇ ਵੈਰੀਆਂ ਉੱਤੇ ਕ੍ਰੋਧ
ਅਤੇ ਆਪਣੇ ਵੈਰੀਆਂ ਨੂੰ ਬਦਲਾ ਦੇਵੇਗਾ।
ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇਵੇਗਾ।
19 ਪੱਛਮ ਤੋਂ ਲੋਕ ਯਾਹਵੇਹ ਦੇ ਨਾਮ ਤੋਂ ਡਰਨਗੇ,
ਅਤੇ ਸੂਰਜ ਦੇ ਚੜ੍ਹਨ ਤੋਂ, ਉਹ ਉਸਦੀ ਮਹਿਮਾ ਦਾ ਆਦਰ ਕਰਨਗੇ।
ਕਿਉਂਕਿ ਉਹ ਰੁਕੇ ਹੋਏ ਹੜ੍ਹ ਵਾਂਗ ਆਵੇਗਾ
ਤਦ ਯਾਹਵੇਹ ਦਾ ਆਤਮਾ ਉਸ ਦੇ ਵਿਰੁੱਧ ਝੰਡਾ ਖੜ੍ਹਾ ਕਰੇਗਾ।
20 ਸੀਯੋਨ ਲਈ ਇੱਕ ਛੁਟਕਾਰਾ ਦੇਣ ਵਾਲਾ ਆਵੇਗਾ
ਅਰਥਾਤ ਉਨ੍ਹਾਂ ਲਈ ਜੋ ਯਾਕੋਬ ਵਿੱਚ ਅਪਰਾਧਾਂ ਤੋਂ ਮਨ ਫਿਰਾਉਂਦੇ ਹਨ,
ਯਾਹਵੇਹ ਦਾ ਵਾਕ ਹੈ।
21 "ਜਿੱਥੇ ਤੱਕ ਮੇਰੇ ਲਈ, ਇਹ ਉਹਨਾਂ ਨਾਲ ਮੇਰਾ ਨੇਮ ਹੈ," ਯਾਹਵੇਹ ਆਖਦਾ ਹੈ। "ਮੇਰਾ ਆਤਮਾ, ਜੋ ਤੁਹਾਡੇ ਉੱਤੇ ਹੈ, ਤੁਹਾਡੇ ਕੋਲੋਂ ਨਹੀਂ ਹਟੇਗਾ, ਅਤੇ ਮੇਰੇ ਬਚਨ ਜੋ ਮੈਂ ਤੁਹਾਡੇ ਮੂੰਹ ਵਿੱਚ ਪਾਏ ਹਨ, ਹਮੇਸ਼ਾ ਤੁਹਾਡੇ ਬੁੱਲ੍ਹਾਂ ਉੱਤੇ, ਤੁਹਾਡੇ ਬੱਚਿਆਂ ਦੇ ਬੁੱਲ੍ਹਾਂ ਉੱਤੇ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਬੁੱਲ੍ਹਾਂ ਉੱਤੇ ਹੋਣਗੇ, ਇਸ ਸਮੇਂ ਤੋਂ ਅਤੇ ਸਦਾ ਲਈ," ਯਾਹਵੇਹ ਦਾ ਵਾਕ ਹੈ।