Publicidade

Isaías 1

1 ਯਹੂਦਾਹ ਅਤੇ ਯੇਰੂਸ਼ਲੇਮ ਬਾਰੇ ਉਹ ਦਰਸ਼ਨ ਜੋ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਯਹੂਦਾਹ ਦੇ ਰਾਜਿਆਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਦੇਖਿਆ ਸੀ।

ਇੱਕ ਬਾਗ਼ੀ ਕੌਮ

2 ਹੇ ਅਕਾਸ਼ੋਂ, ਮੇਰੀ ਸੁਣੋ! ਹੇ ਧਰਤੀ, ਕੰਨ ਲਾ!

ਕਿਉਂਕਿ ਯਾਹਵੇਹ ਨੇ ਆਗਿਆ ਦਿੱਤੀ ਹੈ:

"ਮੈਂ ਬੱਚਿਆਂ ਨੂੰ ਪਾਲਿਆ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ,

ਪਰ ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ।

3 ਬਲਦ ਆਪਣੇ ਮਾਲਕ ਨੂੰ,

ਗਧਾ ਆਪਣੇ ਸੁਆਮੀ ਦੀ ਖੁਰਲੀ ਨੂੰ ਜਾਣਦਾ ਹੈ,

ਪਰ ਇਸਰਾਏਲ ਨਹੀਂ ਜਾਣਦਾ,

ਮੇਰੇ ਲੋਕ ਇਹ ਨਹੀਂ ਸਮਝਦੇ।"

4 ਹਾਏ, ਪਾਪੀ ਕੌਮ,

ਉਹ ਲੋਕ ਜਿਨ੍ਹਾਂ ਦਾ ਦੋਸ਼ ਵੱਡਾ ਹੈ,

ਕੁਕਰਮੀਆਂ ਦੀ ਸੰਤਾਨ,

ਭ੍ਰਿਸ਼ਟ ਕੌਮ ਉੱਤੇ!

ਉਨ੍ਹਾਂ ਨੇ ਯਾਹਵੇਹ ਨੂੰ ਤਿਆਗ ਦਿੱਤਾ ਹੈ;

ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਠੁਕਰਾ ਦਿੱਤਾ ਅਤੇ ਉਸ ਤੋਂ ਮੂੰਹ ਮੋੜ ਲਿਆ।

5 ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ?

ਤੁਸੀਂ ਬਗਾਵਤ ਵਿੱਚ ਕਿਉਂ ਲੱਗੇ ਰਹਿੰਦੇ ਹੋ?

ਤੁਹਾਡਾ ਸਾਰਾ ਸਿਰ ਜ਼ਖਮੀ,

ਅਤੇ ਸਾਰਾ ਦਿਲ ਦੁਖੀ ਹੈ।

6 ਤੁਹਾਡੇ ਪੈਰਾਂ ਦੀ ਤਲੀ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ

ਕੋਈ ਤੰਦਰੁਸਤੀ ਨਹੀਂ ਹੈ

ਸਿਰਫ ਸੱਟ ਅਤੇ ਖਰੋਚ

ਅਤੇ ਖੁੱਲ੍ਹੇ ਜ਼ਖਮ ਹਨ,

ਜਿਹੜੇ ਨਾ ਸਾਫ਼ ਕੀਤੇ ਗਏ, ਨਾ ਪੱਟੀ ਕੀਤੀ ਗਈ

ਅਤੇ ਨਾ ਜ਼ੈਤੂਨ ਦੇ ਤੇਲ ਨਾਲ ਨਰਮ ਕੀਤੇ ਗਏ।

7 ਤੁਹਾਡਾ ਦੇਸ਼ ਉਜਾੜ ਹੈ,

ਤੁਹਾਡੇ ਸ਼ਹਿਰ ਅੱਗ ਨਾਲ ਸੜ ਗਏ ਹਨ;

ਤੁਹਾਡੇ ਖੇਤਾਂ ਨੂੰ ਪਰਦੇਸੀਆਂ ਨੇ ਤੁਹਾਡੇ ਸਾਹਮਣੇ ਉਜਾੜ ਦਿੱਤਾ ਹੈ,

ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ।

8 ਸੀਯੋਨ ਦੀ ਧੀ

ਅੰਗੂਰੀ ਬਾਗ਼ ਵਿੱਚ ਪਨਾਹ ਵਾਂਗ,

ਖੀਰੇ ਦੇ ਖੇਤ ਵਿੱਚ ਝੌਂਪੜੀ ਵਾਂਗ,

ਘੇਰਾਬੰਦੀ ਕੀਤੇ ਹੋਏ ਸ਼ਹਿਰ ਵਾਂਗੂੰ ਛੱਡ ਦਿੱਤੀ ਗਈ ਹੈ।

9 ਜਦ ਤੱਕ ਸਰਬਸ਼ਕਤੀਮਾਨ ਯਾਹਵੇਹ

ਸਾਡੇ ਲਈ ਕੁਝ ਰਹਿੰਦ-ਖੁਹੰਦ ਨਾ ਛੱਡਦਾ,

ਅਸੀਂ ਸੋਦੋਮ ਵਰਗੇ ਹੋ ਜਾਂਦੇ,

ਅਸੀਂ ਗਾਮੂਰਾਹ ਵਰਗੇ ਬਣ ਜਾਂਦੇ।

10 ਹੇ ਸੋਦੋਮ ਦੇ ਹਾਕਮੋ, ਯਾਹਵੇਹ ਦਾ ਬਚਨ ਸੁਣੋ,

ਹੇ ਗਾਮੂਰਾਹ ਦੇ ਲੋਕੋ, ਸਾਡੇ ਪਰਮੇਸ਼ਵਰ ਦੇ ਉਪਦੇਸ਼ ਨੂੰ ਸੁਣੋ!

11 "ਮੈਨੂੰ ਤੁਹਾਡੀਆਂ ਬਲੀਆਂ ਦੀ ਬਹੁਤਾਇਤ ਨਾਲ ਕੀ ਕੰਮ,

ਉਹ ਮੇਰੇ ਲਈ ਕੀ ਹਨ?"

ਯਾਹਵੇਹ ਆਖਦਾ ਹੈ।

"ਮੇਰੇ ਕੋਲ ਹੋਮ ਦੀਆਂ ਭੇਟਾਂ, ਭੇਡੂਆਂ ਅਤੇ ਮੋਟੇ ਜਾਨਵਰਾਂ ਦੀ ਚਰਬੀ ਤੋਂ ਵੱਧ ਹੈ,

ਮੈਨੂੰ ਬਲਦਾਂ, ਲੇਲਿਆਂ ਅਤੇ ਬੱਕਰੀਆਂ ਦੇ ਲਹੂ ਵਿੱਚ ਕੋਈ ਆਨੰਦ ਨਹੀਂ ਹੈ।

12 ਜਦ ਤੁਸੀਂ ਮੇਰੇ ਸਾਹਮਣੇ ਹਾਜ਼ਰ ਹੁੰਦੇ ਹੋ,

ਤਾਂ ਕੌਣ ਇਹ ਚਾਹੁੰਦਾ ਹੈ,

ਕਿ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?

13 ਅਰਥਹੀਣ ਭੇਟਾਂ ਲਿਆਉਣਾ ਬੰਦ ਕਰੋ!

ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ।

ਨਵੇਂ ਚੰਦ ਅਤੇ ਸਬਤ, ਸਭਾ ਦਾ ਦਿਨ

ਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ।

14 ਨਵੇਂ ਚੰਦ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂ

ਜਿੰਨਾਂ ਤੋਂ ਮੈਨੂੰ ਘਿਣ ਆਉਂਦੀ ਹੈ,

ਉਹ ਮੇਰੇ ਲਈ ਬੋਝ ਹਨ,

ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ।

15 ਜਦੋਂ ਤੁਸੀਂ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਓਗੇ ਹੋ,

ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ;

ਭਾਵੇਂ ਤੁਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰੋ

ਮੈਂ ਨਹੀਂ ਸੁਣਾਂਗਾ।

"ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ!

16 "ਆਪਣੇ ਆਪ ਨੂੰ ਧੋਵੋ ਅਤੇ ਸ਼ੁੱਧ ਕਰੋ।

ਆਪਣੇ ਭੈੜੇ ਕੰਮਾਂ ਨੂੰ ਮੇਰੀ ਨਜ਼ਰ ਤੋਂ ਦੂਰ ਕਰੋ;

ਬੁਰਿਆਈ ਨੂੰ ਛੱਡ ਦਿਓ।

17 ਨੇਕੀ ਕਰਨਾ ਸਿੱਖੋ,

ਨਿਆਂ ਨੂੰ ਭਾਲੋ,

ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ ਅਤੇ

ਵਿਧਵਾ ਦਾ ਮੁਕੱਦਮਾ ਲੜੋ।

18 "ਆਓ, ਹੁਣ ਅਸੀਂ ਇਸ ਮਾਮਲੇ ਨੂੰ ਸੁਲਝਾਉਂਦੇ ਹਾਂ,"

ਯਾਹਵੇਹ ਕਹਿੰਦਾ ਹੈ।

"ਭਾਵੇਂ ਤੁਹਾਡੇ ਪਾਪ ਲਾਲ ਰੰਗ ਵਰਗੇ ਹਨ,

ਉਹ ਬਰਫ਼ ਵਾਂਗ ਚਿੱਟੇ ਹੋਣਗੇ;

ਭਾਵੇਂ ਉਹ ਲਾਲ ਰੰਗ ਦੇ ਹਨ,

ਉਹ ਉੱਨ ਵਰਗੇ ਹੋਣਗੇ।

19 ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ,

ਤੁਸੀਂ ਧਰਤੀ ਦੀਆਂ ਚੰਗੀਆਂ ਚੀਜ਼ਾਂ ਖਾਓਗੇ;

20 ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ,

ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ।"

ਕਿਉਂਕਿ ਇਹ ਯਾਹਵੇਹ ਦੇ ਮੂੰਹ ਦਾ ਬੋਲ ਹੈ।

21 ਵੇਖੋ, ਵਫ਼ਾਦਾਰ ਸ਼ਹਿਰ ਕਿਵੇਂ ਵੇਸਵਾ ਬਣ ਗਿਆ ਹੈ!

ਉਹ ਇੱਕ ਵਾਰ ਨਿਆਂ ਨਾਲ ਭਰਪੂਰ ਸੀ;

ਉਸ ਵਿੱਚ ਧਰਮ ਵੱਸਦਾ ਸੀ,

ਪਰ ਹੁਣ ਕਾਤਲ!

22 ਤੇਰੀ ਚਾਂਦੀ ਖੋਟ ਬਣ ਗਈ,

ਤੇਰੀ ਦਾਖ਼ਰਸ ਵਿੱਚ ਪਾਣੀ ਮਿਲਿਆ ਹੋਇਆ ਹੈ

23 ਤੇਰੇ ਹਾਕਮ ਜ਼ਿੱਦੀ,

ਚੋਰਾਂ ਦੇ ਸਾਥੀ ਹਨ।

ਉਹ ਸਾਰੇ ਰਿਸ਼ਵਤ ਨੂੰ ਪਸੰਦ ਕਰਦੇ ਹਨ

ਅਤੇ ਤੋਹਫ਼ਿਆਂ ਦਾ ਪਿੱਛਾ ਕਰਦੇ ਹਨ।

ਉਹ ਯਤੀਮ ਦਾ ਨਿਆਂ ਨਹੀਂ ਕਰਦੇ;

ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ।

24 ਇਸ ਲਈ ਪ੍ਰਭੂ ਸੈਨਾਂ ਦੇ ਯਾਹਵੇਹ,

ਇਸਰਾਏਲ ਦੇ ਸਰਵਸ਼ਕਤੀਮਾਨ ਦਾ ਵਾਕ ਹੈ:

"ਆਹ! ਮੈਂ ਆਪਣੇ ਦੁਸ਼ਮਣਾਂ ਉੱਤੇ ਆਪਣਾ ਕ੍ਰੋਧ ਕੱਢਾਂਗਾ

ਅਤੇ ਆਪਣੇ ਦੁਸ਼ਮਣਾਂ ਤੋਂ ਬਦਲਾ ਲਵਾਂਗਾ।

25 ਮੈਂ ਆਪਣਾ ਹੱਥ ਤੇਰੇ ਵਿਰੁੱਧ ਫੇਰਾਂਗਾ;

ਮੈਂ ਤੇਰੀ ਮੈਲ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿਆਂਗਾ ਅਤੇ ਤੇਰੀਆਂ ਸਾਰੀਆਂ ਅਸ਼ੁੱਧੀਆਂ ਨੂੰ ਦੂਰ ਕਰ ਦਿਆਂਗਾ।

26 ਤਦ ਮੈਂ ਤੇਰੇ ਨਿਆਂਈਆਂ ਨੂੰ ਅੱਗੇ ਵਾਂਗੂੰ,

ਤਦ ਮੈਂ ਤੇਰੇ ਨਿਆਂਈਆਂ ਨੂੰ ਅੱਗੇ ਵਾਂਗੂੰ।

ਬਾਅਦ ਵਿੱਚ ਤੁਹਾਨੂੰ

ਧਾਰਮਿਕਤਾ ਦਾ ਸ਼ਹਿਰ,

ਵਫ਼ਾਦਾਰ ਸ਼ਹਿਰ ਕਿਹਾ ਜਾਵੇਗਾ।"

27 ਸੀਯੋਨ ਨਿਆਉਂ ਨਾਲ ਛੁਡਾਇਆ ਜਾਵੇਗਾ,

ਉਹ ਦੇ ਪਛਤਾਏ ਧਰਮ ਨਾਲ।

28 ਪਰ ਅਪਰਾਧੀਆਂ ਅਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ,

ਅਤੇ ਯਾਹਵੇਹ ਨੂੰ ਤਿਆਗਣ ਵਾਲੇ ਮੁੱਕ ਜਾਣਗੇ।

29 "ਤੁਸੀਂ ਉਨ੍ਹਾਂ ਪਵਿੱਤਰ ਬਲੂਤਾਂ ਦੇ ਕਾਰਨ ਸ਼ਰਮਿੰਦੇ ਹੋਵੋਂਗੇ ਜਿਨ੍ਹਾਂ ਵਿੱਚ ਤੁਸੀਂ ਪ੍ਰਸੰਨ ਹੋਏ;

ਤੁਸੀਂ ਆਪਣੇ ਚੁਣੇ ਹੋਏ ਬਾਗਾਂ ਦੇ ਕਾਰਨ ਬਦਨਾਮ ਹੋਵੋਗੇ।

30 ਤੁਸੀਂ ਬਲੂਤ ਵਰਗੇ ਹੋਵੋਂਗੇ ਜਿਸ ਦੇ ਪੱਤੇ ਕੁਮਲਾ ਗਏ ਹਨ,

ਪਾਣੀ ਤੋਂ ਬਿਨਾਂ ਬਾਗ ਵਰਗੇ ਹੋਵੋਗੇ।

31 ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ।

ਉਹ ਦੋਵੇਂ ਇਕੱਠੇ ਸੜਨਗੇ,

ਅੱਗ ਬੁਝਾਉਣ ਵਾਲਾ ਕੋਈ ਨਹੀਂ ਹੈ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-