Pular para o conteúdo
Publicidade

ਯਸ਼ਾਯਾਹ 17

ਦੰਮਿਸ਼ਕ ਦੇ ਵਿਰੁੱਧ ਇੱਕ ਭਵਿੱਖਬਾਣੀ

1 ਦੰਮਿਸ਼ਕ ਦੇ ਵਿਰੁੱਧ ਇੱਕ ਭਵਿੱਖਬਾਣੀ:

ਦੇਖੋ, ਦੰਮਿਸ਼ਕ ਹੁਣ ਇੱਕ ਸ਼ਹਿਰ ਨਹੀਂ ਰਹੇਗਾ

ਪਰ ਖੰਡਰ ਦਾ ਢੇਰ ਬਣ ਜਾਵੇਗਾ।

2 ਅਰੋਏਰ ਦੇ ਸ਼ਹਿਰ ਉਜਾੜ ਹੋ ਜਾਣਗੇ

ਅਤੇ ਇੱਜੜਾਂ ਦੇ ਲਈ ਛੱਡ ਦਿੱਤੇ ਜਾਣਗੇ,

ਜੋ ਉਨ੍ਹਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ।

3 ਇਫ਼ਰਾਈਮ ਵਿੱਚੋਂ ਗੜ੍ਹ ਵਾਲੇ ਨਗਰ, ਦੰਮਿਸ਼ਕ ਵਿੱਚੋਂ ਰਾਜ,

ਅਤੇ ਅਰਾਮ ਦੇ ਬਚੇ ਹੋਏ ਮੁੱਕ ਜਾਣਗੇ,

ਅਤੇ ਜੋ ਹਾਲ ਇਸਰਾਏਲੀਆਂ ਦੇ ਪਰਤਾਪ ਦਾ ਹੋਇਆ,

ਉਹੋ ਉਨ੍ਹਾਂ ਦਾ ਹਾਲ ਹੋਵੇਗਾ,

ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

4 "ਉਸ ਦਿਨ ਯਾਕੋਬ ਦੀ ਮਹਿਮਾ ਘੱਟ ਜਾਵੇਗੀ;

ਉਸ ਦੇ ਸਰੀਰ ਦੀ ਚਰਬੀ ਨਸ਼ਟ ਹੋ ਜਾਵੇਗੀ।

5 ਇਹ ਇਸ ਤਰ੍ਹਾਂ ਹੋਵੇਗਾ ਜਦੋਂ ਵੱਢਣ ਵਾਲੇ ਖੜ੍ਹੇ ਅਨਾਜ ਦੀ ਵਾਢੀ ਕਰਦੇ ਹਨ,

ਆਪਣੀਆਂ ਬਾਹਾਂ ਵਿੱਚ ਅਨਾਜ ਇਕੱਠਾ ਕਰਦੇ ਹਨ,

ਜਿਵੇਂ ਕੋਈ ਰਫ਼ਾਈਮ ਦੀ ਵਾਦੀ ਵਿੱਚ ਅਨਾਜ ਦੇ ਸਿੱਟੇ ਚੁਗਦਾ ਹੈ।

6 ਤਾਂ ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ,

ਜਿਵੇਂ ਜ਼ੈਤੂਨ ਦੇ ਹਲੂਣੇ ਨਾਲ,

ਦੋ-ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ,

ਚਾਰ-ਪੰਜ ਫਲਦਾਰ ਰੁੱਖ ਦੇ ਬਾਹਰਲੇ ਟਹਿਣਿਆਂ ਉੱਤੇ ਰਹਿ ਜਾਣਗੇ,"

ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਵਾਕ ਹੈ।

7 ਉਸ ਦਿਨ ਲੋਕ ਆਪਣੇ ਕਰਤਾਰ ਵੱਲ ਵੇਖਣਗੇ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਆਪਣੀਆਂ ਅੱਖਾਂ ਫੇਰਨਗੇ।

8 ਉਹ ਜਗਵੇਦੀਆਂ ਵੱਲ ਨਾ ਵੇਖਣਗੇ,

ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ,

ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ

ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ।

9 ਉਸ ਦਿਨ ਉਹਨਾਂ ਦੇ ਤਕੜੇ ਸ਼ਹਿਰ ਜਿਹੜੇ ਇਸਰਾਏਲੀਆਂ ਦੇ ਕਾਰਨ ਉਹਨਾਂ ਨੇ ਛੱਡ ਦਿੱਤੇ ਸਨ, ਝਾੜੀਆਂ ਅਤੇ ਉੱਗਣ ਲਈ ਛੱਡੀਆਂ ਥਾਵਾਂ ਵਰਗੇ ਹੋ ਜਾਣਗੇ ਅਤੇ ਸਭ ਵਿਰਾਨ ਹੋ ਜਾਵੇਗਾ।

10 ਤੁਸੀਂ ਸਾਰੇ ਆਪਣੇ ਮੁਕਤੀਦਾਤੇ ਪਰਮੇਸ਼ਵਰ ਨੂੰ ਭੁੱਲ ਗਏ ਹੋ,

ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ।

ਇਸ ਲਈ, ਭਾਵੇਂ ਤੁਸੀਂ ਸਭ ਤੋਂ ਉੱਤਮ ਬੂਟੇ ਲਗਾਉਂਦੇ ਹੋ

ਅਤੇ ਵਿਦੇਸ਼ੀ ਵੇਲਾਂ ਨੂੰ ਬੀਜਦੇ ਹੋ,

11 ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇ,

ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ,

ਪਰ ਫ਼ਸਲ ਸੋਗ

ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।

12 ਬਹੁਤ ਸਾਰੀਆਂ ਕੌਮਾਂ ਉੱਤੇ ਹਾਏ ਜਿਹੜੀਆਂ ਗੁੱਸੇ ਕਰਦੀਆਂ ਹਨ,

ਉਹ ਸਮੁੰਦਰ ਵਾਂਗ ਕ੍ਰੋਧਿਤ ਕਰਦੀਆਂ ਹਨ!

ਉਨ੍ਹਾਂ ਲੋਕਾਂ ਉੱਤੇ ਹਾਏ ਜਿਹੜੇ ਗਰਜਦੇ ਹਨ,

ਉਹ ਵੱਡੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ!

13 ਭਾਵੇਂ ਲੋਕ ਵਗਦੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ,

ਜਦੋਂ ਉਹ ਉਨ੍ਹਾਂ ਨੂੰ ਝਿੜਕਦਾ ਹੈ ਤਾਂ ਉਹ ਦੂਰ ਭੱਜ ਜਾਂਦੇ ਹਨ,

ਹਵਾ ਦੇ ਅੱਗੇ ਪਹਾੜਾਂ ਉੱਤੇ ਤੂੜੀ ਵਾਂਗ,

ਹਨੇਰੀ ਦੇ ਅੱਗੇ ਤੂੜੀ ਵਾਂਗ ਭੱਜਦੇ ਹਨ।

14 ਸ਼ਾਮ ਨੂੰ, ਅਚਾਨਕ ਦਹਿਸ਼ਤ!

ਸਵੇਰ ਤੋਂ ਪਹਿਲਾਂ, ਉਹ ਚਲੇ ਗਏ ਹਨ!

ਇਹ ਉਨ੍ਹਾਂ ਦਾ ਹਿੱਸਾ ਹੈ ਜੋ ਸਾਨੂੰ ਲੁੱਟਦੇ ਹਨ,

ਉਨ੍ਹਾਂ ਦਾ ਜੋ ਸਾਨੂੰ ਲੁੱਟਦੇ ਹਨ।

Estes versículos te tocaram? Ore agora!

+581 estão orando agora.

Junte-se à corrente de oração.