Publicidade

Isaías 49

ਯਾਹਵੇਹ ਦੇ ਸੇਵਕ

1 ਹੇ ਟਾਪੂਆਂ ਦੇ ਲੋਕੋ, ਮੇਰੀ ਗੱਲ ਸੁਣੋ;

ਹੇ ਦੂਰ-ਦੁਰਾਡੇ ਦੀਓ ਕੌਮੋ, ਇਹ ਸੁਣੋ:

ਮੇਰੇ ਜਨਮ ਤੋਂ ਪਹਿਲਾਂ ਯਾਹਵੇਹ ਨੇ ਮੈਨੂੰ ਬੁਲਾਇਆ ਸੀ;

ਮੇਰੀ ਮਾਂ ਦੀ ਕੁੱਖ ਤੋਂ ਉਸ ਨੇ ਮੇਰਾ ਨਾਮ ਬੋਲਿਆ ਹੈ।

2 ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਰਗਾ ਬਣਾਇਆ,

ਆਪਣੇ ਹੱਥ ਦੇ ਸਾਯੇ ਵਿੱਚ ਉਸ ਨੇ ਮੈਨੂੰ ਛੁਪਾ ਲਿਆ।

ਉਸ ਨੇ ਮੈਨੂੰ ਇੱਕ ਚਮਕਦਾਰ ਤੀਰ ਬਣਾਇਆ

ਅਤੇ ਮੈਨੂੰ ਆਪਣੇ ਤਰਕਸ਼ ਵਿੱਚ ਛੁਪਾਇਆ।

3 ਉਸ ਨੇ ਮੈਨੂੰ ਆਖਿਆ, ਹੇ ਇਸਰਾਏਲ, ਤੂੰ ਮੇਰਾ ਦਾਸ ਹੈ

ਜਿਸ ਵਿੱਚ ਮੈਂ ਆਪਣਾ ਪਰਤਾਪ ਵਿਖਾਵਾਂਗਾ।

4 ਪਰ ਮੈਂ ਆਖਿਆ, ਮੈਂ ਵਿਅਰਥ ਮਿਹਨਤ ਕੀਤੀ ਹੈ।

ਮੈਂ ਆਪਣੀ ਤਾਕਤ ਬੇਕਾਰ ਖਰਚ ਕੀਤੀ ਹੈ।

ਫਿਰ ਵੀ ਜੋ ਮੇਰਾ ਹੱਕ ਹੈ, ਉਹ ਯਾਹਵੇਹ ਦੇ ਹੱਥ ਵਿੱਚ ਹੈ,

ਅਤੇ ਮੇਰਾ ਇਨਾਮ ਮੇਰੇ ਪਰਮੇਸ਼ਵਰ ਦੇ ਕੋਲ ਹੈ।

5 ਅਤੇ ਹੁਣ ਯਾਹਵੇਹ ਆਖਦਾ ਹੈ,

ਜਿਸ ਨੇ ਮੈਨੂੰ ਗਰਭ ਵਿੱਚੋਂ ਹੀ ਆਪਣਾ ਸੇਵਕ ਹੋਣ ਲਈ ਬਣਾਇਆ,

ਤਾਂ ਜੋ ਯਾਕੋਬ ਨੂੰ ਆਪਣੇ ਕੋਲ ਵਾਪਸ ਲਿਆਵੇ

ਅਤੇ ਇਸਰਾਏਲ ਨੂੰ ਆਪਣੇ ਕੋਲ ਇਕੱਠਾ ਕੀਤਾ ਜਾਵੇ,

ਕਿਉਂਕਿ ਮੈਂ ਯਾਹਵੇਹ ਦੀ ਨਿਗਾਹ ਵਿੱਚ ਆਦਰਯੋਗ ਹਾਂ

ਅਤੇ ਮੇਰਾ ਪਰਮੇਸ਼ਵਰ ਮੇਰੀ ਤਾਕਤ ਹੈ,

6 ਹਾਂ, ਉਹ ਆਖਦਾ ਹੈ,

"ਤੇਰੇ ਲਈ ਮੇਰਾ ਦਾਸ ਹੋਣ ਲਈ ਇਹ ਛੋਟੀ ਜਿਹੀ ਗੱਲ ਹੈ,

ਕਿ ਤੂੰ ਯਾਕੋਬ ਦੀਆਂ ਗੋਤਾਂ ਨੂੰ ਉਠਾਉਂਣ ਲਈ

ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ,

ਸਗੋਂ ਮੈਂ ਤੈਨੂੰ ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਵਾਂਗਾ,

ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ।"

7 ਇਹ ਹੈ ਜੋ ਯਾਹਵੇਹ ਆਖਦਾ ਹੈ,

ਇਸਰਾਏਲ ਦਾ ਮੁਕਤੀਦਾਤਾ ਅਤੇ ਪਵਿੱਤਰ ਪੁਰਖ,

ਉਸ ਨੂੰ ਜੋ ਕੌਮ ਦੁਆਰਾ ਤੁੱਛ ਜਾਣਿਆ ਜਾਂਦਾ ਅਤੇ ਨਫ਼ਰਤ ਕੀਤੀ ਗਈ ਸੀ,

ਹਾਕਮਾਂ ਦੇ ਸੇਵਕ ਨੂੰ:

"ਰਾਜੇ ਤੈਨੂੰ ਵੇਖਣਗੇ ਅਤੇ ਖੜੇ ਹੋਣਗੇ,

ਸਰਦਾਰ ਵੇਖਣਗੇ ਅਤੇ ਮੱਥਾ ਟੇਕਣਗੇ,

ਯਾਹਵੇਹ ਦੇ ਕਾਰਨ, ਜੋ ਵਫ਼ਾਦਾਰ ਹੈ,

ਇਸਰਾਏਲ ਦੇ ਪਵਿੱਤਰ ਪੁਰਖ, ਜਿਸ ਨੇ ਤੈਨੂੰ ਚੁਣਿਆ ਹੈ।"

ਇਸਰਾਏਲ ਬਹਾਲ

8 ਇਹੀ ਹੈ ਜੋ ਯਾਹਵੇਹ ਆਖਦਾ ਹੈ:

"ਮਨਭਾਉਂਦੇ ਸਮੇਂ ਵਿੱਚ ਮੈਂ ਤੈਨੂੰ ਉੱਤਰ ਦਿਆਂਗਾ,

ਅਤੇ ਮੁਕਤੀ ਦੇ ਦਿਨ ਵਿੱਚ ਮੈਂ ਤੇਰੀ ਸਹਾਇਤਾ ਕਰਾਂਗਾ;

ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਇੱਕ ਨੇਮ ਬਣਾਵਾਂਗਾ,

ਦੇਸ ਨੂੰ ਮੁੜ ਬਹਾਲ ਕਰਾਂਗਾ

ਅਤੇ ਉਸ ਦੀ ਵਿਰਾਨ ਵਿਰਾਸਤ ਨੂੰ ਦੁਬਾਰਾ ਸੌਪਾਂਗਾ,

9 ਕੈਦੀਆਂ ਨੂੰ ਆਖ, ‘ਬਾਹਰ ਆ ਜਾਓ!’

ਅਤੇ ਜਿਹੜੇ ਹਨੇਰੇ ਵਿੱਚ ਹਨ, ‘ਅਜ਼ਾਦ ਹੋ ਜਾਓ!’

"ਉਹ ਸੜਕਾਂ ਦੇ ਕਿਨਾਰੇ ਚਰਨਗੇ

ਅਤੇ ਹਰ ਬੰਜਰ ਪਹਾੜੀ ਉੱਤੇ ਚਰਾਗਾਹ ਲੱਭਣਗੇ।

10 ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ,

ਨਾ ਉਜਾੜ ਦੀ ਤਪਸ਼ ਅਤੇ ਨਾ ਸੂਰਜ ਦੀ ਗਰਮੀ ਉਨ੍ਹਾਂ ਉੱਤੇ ਡਿੱਗੇਗਾ।

ਜਿਹੜਾ ਉਨ੍ਹਾਂ ਉੱਤੇ ਦਇਆ ਕਰਦਾ ਹੈ ਉਹ ਉਨ੍ਹਾਂ ਦੀ ਅਗਵਾਈ ਕਰੇਗਾ

ਅਤੇ ਉਨ੍ਹਾਂ ਨੂੰ ਪਾਣੀ ਦੇ ਚਸ਼ਮੇ ਕੋਲ ਲੈ ਜਾਵੇਗਾ।

11 ਮੈਂ ਆਪਣੇ ਸਾਰੇ ਪਹਾੜਾਂ ਨੂੰ ਸੜਕਾਂ ਬਣਾ ਦਿਆਂਗਾ,

ਅਤੇ ਮੇਰੇ ਮਾਰਗ ਉੱਚੇ ਕੀਤੇ ਜਾਣਗੇ।

12 ਵੇਖੋ, ਉਹ ਦੂਰੋਂ ਆਉਣਗੇ—

ਕੁਝ ਉੱਤਰ ਤੋਂ, ਕੁਝ ਪੱਛਮ ਤੋਂ,

ਕੁਝ ਅਸਵਾਨ ਦੇ ਦੇਸ ਤੋਂ।"

13 ਹੇ ਅਕਾਸ਼ੋਂ, ਜੈਕਾਰਾ ਗਜਾਓ!

ਹੇ ਧਰਤੀ, ਖੁਸ਼ ਹੋ!

ਹੇ ਪਹਾੜੋ, ਜੈਕਾਰਾ ਗਜਾਓ!

ਕਿਉਂਕਿ ਯਾਹਵੇਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ,

ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ।

14 ਪਰ ਸੀਯੋਨ ਨੇ ਆਖਿਆ, "ਯਾਹਵੇਹ ਨੇ ਮੈਨੂੰ ਤਿਆਗ ਦਿੱਤਾ ਹੈ,

ਯਾਹਵੇਹ ਮੈਨੂੰ ਭੁੱਲ ਗਿਆ ਹੈ।"

15 "ਕੀ ਇੱਕ ਮਾਂ ਆਪਣੇ ਦੁੱਧ ਚੁੰਘਦੇ ਦੇ ਬੱਚੇ ਨੂੰ ਭੁੱਲ ਸਕਦੀ ਹੈ

ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬੱਚੇ ਉੱਤੇ ਰਹਮ ਨਾ ਕਰੇ?

ਉਹ ਤਾਂ ਭਾਵੇਂ ਭੁੱਲ ਜਾਵੇ

ਪਰ ਮੈਂ ਤੈਨੂੰ ਨਹੀਂ ਭੁੱਲਾਂਗਾ!

16 ਵੇਖ, ਮੈਂ ਤੈਨੂੰ ਆਪਣੇ ਹੱਥਾਂ ਦੀਆਂ ਹਥੇਲੀਆਂ ਉੱਤੇ ਉੱਕਰਿਆ ਹੈ;

ਤੁਹਾਡੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।

17 ਤੇਰੇ ਬੱਚੇ ਫੁਰਤੀ ਨਾਲ ਆ ਰਹੇ ਹਨ,

ਤੈਨੂੰ ਢਾਉਣ ਵਾਲੇ ਅਤੇ ਤੈਨੂੰ ਉਜਾੜਨ ਵਾਲੇ ਤੇਰੇ ਵਿੱਚੋਂ ਨਿੱਕਲ ਜਾਣਗੇ।

18 ਆਪਣੀਆਂ ਅੱਖਾਂ ਚੁੱਕੋ ਅਤੇ ਆਲੇ-ਦੁਆਲੇ ਵੇਖੋ;

ਤੇਰੇ ਸਾਰੇ ਬੱਚੇ ਇਕੱਠੇ ਹੋ ਕੇ ਤੇਰੇ ਕੋਲ ਆਉਂਦੇ ਹਨ।

ਸੱਚ-ਮੁੱਚ, ਮੈਂ ਜਿਉਂਦਾ ਹਾਂ," ਯਾਹਵੇਹ ਦਾ ਵਾਕ ਹੈ,

"ਤੁਸੀਂ ਇਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਜੋਂ ਪਹਿਨੋਗੇ;

ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ।

19 "ਭਾਵੇਂ ਤੁਸੀਂ ਬਰਬਾਦ ਅਤੇ ਵਿਰਾਨ ਹੋ ਗਏ ਹੋ

ਅਤੇ ਤੇਰੀ ਧਰਤੀ ਉਜਾੜ ਦਿੱਤੀ ਗਈ ਸੀ,

ਹੁਣ ਤੂੰ ਆਪਣੇ ਲੋਕਾਂ ਲਈ ਬਹੁਤ ਛੋਟਾ ਹੋਵੋਗੇ,

ਅਤੇ ਜਿਹੜੇ ਤੈਨੂੰ ਖਾ ਗਏ ਹਨ ਉਹ ਦੂਰ ਹੋਣਗੇ।

20 ਜਿਹੜੇ ਬੱਚੇ ਤੈਥੋਂ ਲਏ ਗਏ ਸਨ,

ਉਹ ਫੇਰ ਤੇਰੇ ਕੰਨਾਂ ਵਿੱਚ ਆਖਣਗੇ,

‘ਇਹ ਥਾਂ ਸਾਡੇ ਲਈ ਭੀੜਾ ਹੈ,

ਸਾਨੂੰ ਜਗ੍ਹਾ ਦੇ ਤਾਂ ਜੋ ਅਸੀਂ ਵੱਸੀਏ।’

21 ਤਦ ਤੂੰ ਆਪਣੇ ਮਨ ਵਿੱਚ ਆਖੇਗੀ,

‘ਕਿਸ ਨੇ ਇਹਨਾਂ ਨੂੰ ਮੇਰੇ ਲਈ ਜਣਿਆ?

ਮੈਂ ਦੁਖੀ ਅਤੇ ਬਾਂਝ ਸੀ;

ਮੈਂ ਕੱਢੀ ਹੋਈ ਅਤੇ ਛੱਡੀ ਹੋਈ ਸੀ।

ਇਨ੍ਹਾਂ ਨੂੰ ਕਿਸ ਨੇ ਪਾਲਿਆ ਹੈ?

ਮੈਂ ਬਿਲਕੁਲ ਇਕੱਲੀ ਰਹਿ ਗਈ ਸੀ,

ਪਰ ਇਹ ਕਿੱਥੋਂ ਆਏ ਹਨ?’ "

22 ਪ੍ਰਭੂ ਯਾਹਵੇਹ ਇਹ ਆਖਦਾ ਹੈ:

"ਵੇਖੋ, ਮੈਂ ਕੌਮਾਂ ਨੂੰ ਇਸ਼ਾਰਾ ਕਰਾਂਗਾ।

ਮੈਂ ਆਪਣਾ ਝੰਡਾ ਲੋਕਾਂ ਲਈ ਉੱਚਾ ਕਰਾਂਗਾ;

ਉਹ ਤੇਰੇ ਪੁੱਤਰਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਆਉਣਗੇ

ਅਤੇ ਤੁਹਾਡੀਆਂ ਧੀਆਂ ਨੂੰ ਆਪਣੇ ਕਮਰ ਤੇ ਚੁੱਕ ਲੈਣਗੇ।

23 ਰਾਜੇ ਤੇਰੇ ਪਾਲਣ ਵਾਲੇ,

ਅਤੇ ਉਨ੍ਹਾਂ ਦੀਆਂ ਰਾਣੀਆਂ ਤੇਰੀਆਂ ਦਾਈਆਂ ਹੋਣਗੀਆਂ,

ਉਹ ਮੂੰਹ ਭਾਰ ਡਿੱਗ ਕੇ ਤੈਨੂੰ ਮੱਥਾ ਟੇਕਣਗੇ,

ਅਤੇ ਤੇਰੇ ਪੈਰਾਂ ਦੀ ਖ਼ਾਕ ਚੱਟਣਗੇ,

ਤਾਂ ਤੂੰ ਜਾਣੇਗੀ ਕਿ ਮੈਂ ਯਾਹਵੇਹ ਹਾਂ,

ਅਤੇ ਮੇਰੇ ਉੱਤੇ ਆਸ ਰੱਖਣ ਵਾਲੇ ਕਦੇ ਸ਼ਰਮਿੰਦੇ ਨਾ ਹੋਣਗੇ।"

24 ਕੀ ਲੁੱਟ ਸੂਰਮੇ ਕੋਲੋਂ ਲਈ ਜਾਵੇਗੀ?

ਜਾਂ ਦੁਸ਼ਟ ਦੇ ਹੱਥੋਂ ਕੈਦੀ ਛੁਡਾਏ ਜਾਣਗੇ?

25 ਪਰ ਯਾਹਵੇਹ ਇਹ ਗੱਲਾਂ ਆਖਦਾ ਹੈ:

"ਹਾਂ, ਯੋਧਿਆਂ ਤੋਂ ਗ਼ੁਲਾਮ ਲਏ ਜਾਣਗੇ,

ਅਤੇ ਜ਼ਾਲਮਾ ਦੀ ਲੁੱਟ ਉਹਨਾਂ ਦੇ ਹੱਥੋਂ ਵਾਪਸ ਲਿਆਵਾਂਗਾ।

ਮੈਂ ਉਨ੍ਹਾਂ ਨਾਲ ਲੜਾਂਗਾ ਜੋ ਤੇਰੇ ਨਾਲ ਝਗੜਾ ਕਰਦੇ ਹਨ।

ਅਤੇ ਤੇਰੇ ਬੱਚਿਆਂ ਨੂੰ ਮੈਂ ਬਚਾਵਾਂਗਾ।

26 ਮੈਂ ਤੇਰੇ ਸਤਾਉਣ ਵਾਲਿਆਂ ਨੂੰ ਉਹਨਾਂ ਦਾ ਆਪਣਾ ਮਾਸ ਖੁਆਵਾਂਗਾ,

ਉਹ ਦਾਖ਼ਰਸ ਵਾਗੂੰ ਆਪਣਾ ਲਹੂ ਪੀਣਗੇ ਅਤੇ ਮਸਤ ਹੋਣਗੇ,

ਅਤੇ ਸਾਰੇ ਲੋਕ ਜਾਣ ਲੈਣਗੇ

ਕਿ ਮੈਂ ਯਾਹਵੇਹ ਤੇਰਾ ਬਚਾਉਣ ਵਾਲਾ ਹਾਂ,

ਅਤੇ ਤੇਰਾ ਛੁਟਕਾਰਾ ਦੇਣ ਵਾਲਾ, ਯਾਕੋਬ ਦਾ ਸਰਵਸ਼ਕਤੀਮਾਨ ਮੈਂ ਹੀ ਹਾਂ।"

Veja também

Publicidade
Bíblia Online Bíblia Online

Bíblia Online • Versão: 2026-06-16_18-40-07-