1 "ਪਰ ਹੁਣ ਹੇ ਯਾਕੋਬ ਮੇਰੇ ਸੇਵਕ,
ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ।
2 ਇਹੀ ਹੈ ਜੋ ਯਾਹਵੇਹ ਆਖਦਾ ਹੈ,
ਜਿਸ ਨੇ ਤੈਨੂੰ ਸਾਜਿਆ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ,
ਅਤੇ ਜੋ ਤੇਰੀ ਸਹਾਇਤਾ ਕਰੇਗਾ;
ਹੇ ਯਾਕੋਬ ਮੇਰੇ ਸੇਵਕ, ਨਾ ਡਰ!
ਯਸ਼ੁਰੂਨ, ਜਿਸ ਨੂੰ ਮੈਂ ਚੁਣਿਆ ਹੈ।
3 ਕਿਉਂ ਜੋ ਮੈਂ ਪਿਆਸੀ ਧਰਤੀ ਉੱਤੇ ਪਾਣੀ ਡੋਲ੍ਹਾਂਗਾ,
ਅਤੇ ਸੁੱਕੀ ਜ਼ਮੀਨ ਉੱਤੇ ਨਦੀਆਂ ਵਹਾਵਾਂਗਾ।
ਮੈਂ ਆਪਣਾ ਆਤਮਾ ਤੁਹਾਡੀ ਅੰਸ ਉੱਤੇ,
ਅਤੇ ਤੁਹਾਡੀ ਸੰਤਾਨ ਉੱਤੇ ਆਪਣੀ ਬਰਕਤ ਪਾਵਾਂਗਾ।
4 ਉਹ ਘਾਹ ਦੇ ਮੈਦਾਨ ਵਿੱਚ ਘਾਹ ਵਾਂਗ ਉੱਗਣਗੇ,
ਵਗਦੀਆਂ ਨਦੀਆਂ ਵਿੱਚ ਚਿਨਾਰ ਦੇ ਰੁੱਖਾਂ ਵਾਂਗੂੰ।
5 ਕੁਝ ਆਖਣਗੇ, ‘ਮੈਂ ਯਾਹਵੇਹ ਦਾ ਹਾਂ’;
ਦੂਸਰੇ ਆਪਣੇ ਆਪ ਨੂੰ ਯਾਕੋਬ ਦੇ ਨਾਮ ਨਾਲ ਬੁਲਾਉਣਗੇ;
ਅਜੇ ਵੀ ਦੂਸਰੇ ਆਪਣੇ ਹੱਥ ਉੱਤੇ ਲਿਖਣਗੇ, ‘ਯਾਹਵੇਹ ਦਾ,’
ਅਤੇ ਇਸਰਾਏਲ ਦਾ ਨਾਮ ਲੈਣਗੇ।
6 "ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ
ਇਸਰਾਏਲ ਦਾ ਰਾਜਾ ਅਤੇ ਮੁਕਤੀਦਾਤਾ, ਯਾਹਵੇਹ ਸਰਬਸ਼ਕਤੀਮਾਨ:
ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ;
ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।
7 ਮੇਰੇ ਵਰਗਾ ਕੌਣ ਹੈ? ਜੋ ਇਸਦਾ ਐਲਾਨ ਕਰੇ।
ਉਹ ਮੇਰੇ ਸਾਹਮਣੇ ਬਿਆਨ ਕਰੇ ਅਤੇ ਦੱਸੇ
ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਥਾਪਿਤ ਕੀਤਾ ਹੈ ਉਸ ਸਮੇਂ ਤੋਂ ਕੀ ਹੋਇਆ,
ਅਤੇ ਕੀ ਆਉਣਾ ਹੈ, ਹਾਂ ਉਹ ਭਵਿੱਖਬਾਣੀ ਕਰੇ
ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ।
8 ਨਾ ਡਰ, ਨਾ ਘਬਰਾ।
ਕੀ ਮੈਂ ਇਸ ਗੱਲ ਦਾ ਪ੍ਰਚਾਰ ਅਤੇ ਸ਼ੁਰੂ ਤੋਂ ਨਹੀਂ ਸੁਣਾਇਆ ਸੀ?
ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਤੋਂ ਇਲਾਵਾ ਕੋਈ ਪਰਮੇਸ਼ਵਰ ਹੈ?
ਹੋਰ ਕੋਈ ਚੱਟਾਨ ਨਹੀਂ ਹੈ; ਮੈਂ ਕਿਸੇ ਨੂੰ ਨਹੀਂ ਜਾਣਦਾ।"
9 ਮੂਰਤੀਆਂ ਬਣਾਉਣ ਵਾਲੇ ਕੁਝ ਵੀ ਨਹੀਂ ਹਨ,
ਅਤੇ ਜਿਹੜੀਆਂ ਚੀਜ਼ਾਂ ਉਹ ਸ਼ਿੰਗਾਰਦੇ ਹਨ ਉਹ ਬੇਕਾਰ ਹਨ।
ਜਿਹੜੇ ਉਨ੍ਹਾਂ ਲਈ ਬੋਲਣਾ ਚਾਹੁੰਦੇ ਹਨ ਉਹ ਅੰਨ੍ਹੇ ਹਨ;
ਇਸ ਲਈ ਉਹ ਸ਼ਰਮਿੰਦੇ ਹੋਣਗੇ।
10 ਕੌਣ ਇੱਕ ਦੇਵਤੇ ਨੂੰ ਸਰੂਪ ਦਿੰਦਾ ਹੈ ਅਤੇ ਇੱਕ ਮੂਰਤੀ ਬਣਾਉਂਦਾ ਹੈ,
ਜਿਸ ਦਾ ਕੋਈ ਲਾਭ ਨਹੀਂ ਹੁੰਦਾ?
11 ਜੋ ਲੋਕ ਅਜਿਹਾ ਕਰਦੇ ਹਨ, ਉਹ ਸ਼ਰਮਿੰਦਾ ਹੋਣਗੇ;
ਅਜਿਹੇ ਕਾਰੀਗਰ ਕੇਵਲ ਮਨੁੱਖ ਹਨ।
ਉਹ ਸਾਰੇ ਇਕੱਠੇ ਹੋਣ ਅਤੇ ਆਪਣਾ ਪੱਖ ਰੱਖਣ;
ਉਹ ਭੈਅ ਖਾਣਗੇ, ਉਹ ਇਕੱਠੇ ਸ਼ਰਮਿੰਦੇ ਹੋਣਗੇ।
12 ਲੁਹਾਰ ਆਪਣਾ ਸੰਦ ਤਿੱਖਾ ਕਰਦਾ ਹੈ
ਅਤੇ ਕੋਲਿਆਂ ਨਾਲ ਕੰਮ ਕਰਦਾ ਹੈ;
ਉਹ ਹਥੌੜਿਆਂ ਨਾਲ ਮੂਰਤੀ ਬਣਾਉਂਦਾ ਹੈ,
ਉਹ ਆਪਣੀ ਬਾਂਹ ਦੀ ਤਾਕਤ ਨਾਲ ਇਸ ਨੂੰ ਘੜਦਾ ਹੈ।
ਉਹ ਭੁੱਖਾ ਰਹਿੰਦਾ ਹੈ ਅਤੇ ਆਪਣੀ ਤਾਕਤ ਗੁਆ ਲੈਂਦਾ ਹੈ;
ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।
13 ਤਰਖਾਣ ਇੱਕ ਸੂਤ ਨਾਲ ਮਾਪਦਾ ਹੈ
ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ;
ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ,
ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ,
ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਸੁਹੱਪਣ ਵਾਂਗੂੰ,
ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ।
14 ਉਹ ਦਿਆਰ ਨੂੰ ਵੱਢਦਾ,
ਉਹ ਸਰੂ ਜਾਂ ਬਲੂਤ ਲੈਂਦਾ ਹੈ।
ਉਹ ਉਸ ਨੂੰ ਜੰਗਲ ਦੇ ਰੁੱਖਾਂ ਵਿੱਚ ਉੱਗਣ ਦਿੰਦਾ,
ਉਹ ਚੀਲ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।
15 ਇਹ ਬਲਣ ਲਈ ਬਾਲਣ ਵਜੋਂ ਵਰਤਿਆ ਜਾਂਦਾ ਹੈ;
ਉਸ ਵਿੱਚੋਂ ਕੁਝ ਲੈ ਕੇ ਅੱਗ ਸੇਕਦਾ ਹੈ,
ਉਹ ਅੱਗ ਬਾਲ ਕੇ ਰੋਟੀ ਪਕਾਉਂਦੇ ਹੈ।
ਪਰ ਉਸ ਦੇ ਵਿੱਚੋਂ ਇੱਕ ਦੇਵਤਾ ਵੀ ਬਣਾਉਂਦਾ ਹੈ ਅਤੇ ਉਸ ਦੀ ਪੂਜਾ ਕਰਦਾ ਹੈ;
ਉਹ ਇੱਕ ਮੂਰਤੀ ਬਣਾਉਂਦਾ ਹੈ ਅਤੇ ਉਸ ਅੱਗੇ ਮੱਥਾ ਟੇਕਦਾ ਹੈ।
16 ਅੱਧੀ ਲੱਕੜ ਉਹ ਅੱਗ ਵਿੱਚ ਸਾੜ ਦਿੰਦਾ ਹੈ;
ਉਸ ਉੱਤੇ ਉਹ ਆਪਣਾ ਭੋਜਨ ਤਿਆਰ ਕਰਦਾ ਹੈ,
ਉਹ ਆਪਣਾ ਮਾਸ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ।
ਨਾਲੇ ਉਹ ਅੱਗ ਸੇਕਦਾ ਅਤੇ ਆਖਦਾ ਹੈ,
"ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।"
17 ਉਸੇ ਦਾ ਬਚਿਆ ਹੋਇਆ ਟੁੱਕੜਾ ਲੈ ਕੇ ਉਹ ਇੱਕ ਦੇਵਤਾ, ਇੱਕ ਬੁੱਤ ਬਣਾਉਂਦਾ ਹੈ;
ਉਹ ਇਸ ਨੂੰ ਮੱਥਾ ਟੇਕਦਾ ਹੈ ਅਤੇ ਪੂਜਾ ਕਰਦਾ ਹੈ।
ਉਹ ਇਸ ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਕਹਿੰਦਾ ਹੈ,
"ਮੈਨੂੰ ਬਚਾ ਲੈ! ਤੂੰ ਮੇਰਾ ਦੇਵਤਾ ਹੈ!"
18 ਉਹ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ।
ਉਹਨਾਂ ਦੀਆਂ ਅੱਖਾਂ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਉਹ ਵੇਖ ਨਹੀਂ ਸਕਦੇ,
ਅਤੇ ਉਹਨਾਂ ਦੇ ਮਨ ਬੰਦ ਹਨ ਇਸ ਲਈ ਉਹ ਸਮਝ ਨਹੀਂ ਸਕਦੇ।
19 ਕੋਈ ਉਸ ਉੱਤੇ ਧਿਆਨ ਨਹੀਂ ਦਿੰਦਾ,
ਨਾ ਕਿਸੇ ਨੂੰ ਗਿਆਨ ਹੈ, ਨਾ ਸਮਝ, ਕਿ ਉਹ ਆਖੇ,
"ਇਸ ਦਾ ਅੱਧਾ ਮੈਂ ਬਾਲਣ ਲਈ ਵਰਤਿਆ;
ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਵੀ ਪਕਾਈ,
ਮੈਂ ਮਾਸ ਭੁੰਨਿਆ ਅਤੇ ਖਾਧਾ।
ਕੀ ਮੈਂ ਬਚੀ ਹੋਈ ਚੀਜ਼ ਤੋਂ ਘਿਣਾਉਣੀ ਚੀਜ਼ ਬਣਾਵਾਂ?
ਕੀ ਮੈਂ ਲੱਕੜ ਦੇ ਇੱਕ ਟੁਕੜੇ ਨੂੰ ਮੱਥਾ ਟੇਕਾਂ?"
20 ਅਜਿਹਾ ਮਨੁੱਖ ਸੁਆਹ ਖਾਂਦਾ ਹੈ। ਭਰਮਾਇਆ ਹੋਇਆ ਦਿਲ ਉਸ ਨੂੰ ਗੁਮਰਾਹ ਕਰਦਾ ਹੈ;
ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ, ਜਾਂ ਕਹਿ ਸਕਦਾ ਹੈ,
"ਕੀ ਇਹ ਮੇਰੇ ਸੱਜੇ ਹੱਥ ਦੀ ਗੱਲ ਝੂਠ ਨਹੀਂ ਹੈ?"
21 "ਹੇ ਯਾਕੋਬ, ਇਹ ਗੱਲਾਂ ਚੇਤੇ ਰੱਖ,
ਹੇ ਇਸਰਾਏਲ, ਤੂੰ ਮੇਰਾ ਸੇਵਕ ਜੋ ਹੈ,
ਮੈਂ ਤੈਨੂੰ ਬਣਾਇਆ ਹੈ, ਤੂੰ ਮੇਰਾ ਸੇਵਕ ਹੈ।
ਹੇ ਇਸਰਾਏਲ, ਮੈਂ ਤੈਨੂੰ ਨਹੀਂ ਭੁੱਲਾਂਗਾ।
22 ਮੈਂ ਤੁਹਾਡੇ ਅਪਰਾਧਾਂ ਨੂੰ ਬੱਦਲ ਵਾਂਙੁ,
ਤੁਹਾਡੇ ਪਾਪਾਂ ਨੂੰ ਸਵੇਰ ਦੀ ਧੁੰਦ ਵਾਂਗੂੰ ਦੂਰ ਕਰ ਦਿੱਤਾ ਹੈ।
ਮੇਰੇ ਕੋਲ ਵਾਪਸ ਆ,
ਕਿਉਂ ਜੋ ਮੈਂ ਤੈਨੂੰ ਛੁਡਾਇਆ ਹੈ।"
23 ਹੇ ਅਕਾਸ਼ੋਂ, ਖੁਸ਼ੀ ਦੇ ਗੀਤ ਗਾਓ ਕਿਉਂਕਿ ਯਾਹਵੇਹ ਨੇ ਇਹ ਕੀਤਾ ਹੈ;
ਹੇ ਧਰਤੀ ਹੇਠਲੇ ਸਥਾਨੋਂ, ਉੱਚੀ ਆਵਾਜ਼ ਵਿੱਚ ਬੋਲੋ।
ਹੇ ਪਹਾੜੋ ਖੁੱਲ੍ਹ ਕੇ ਜੈ-ਜੈਕਾਰ ਕਰੋ,
ਹੇ ਜੰਗਲ ਅਤੇ ਉਸਦੇ ਸਾਰੇ ਰੁੱਖ, ਗੀਤ ਗਾਓ,
ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਛੁਡਾਇਆ ਹੈ,
ਉਹ ਇਸਰਾਏਲ ਵਿੱਚ ਆਪਣੀ ਮਹਿਮਾ ਪ੍ਰਗਟ ਕਰਦਾ ਹੈ।
24 "ਯਾਹਵੇਹ ਇਹੀ ਆਖਦਾ ਹੈ,
ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ:
ਮੈਂ ਯਾਹਵੇਹ ਹਾਂ,
ਸਭਨਾਂ ਵਸਤਾਂ ਦਾ ਸਿਰਜਣਹਾਰ,
ਜਿਹੜਾ ਅਕਾਸ਼ ਨੂੰ ਫੈਲਾਉਂਦਾ ਹੈ,
ਜੋ ਆਪਣੇ ਆਪ ਤੋਂ ਧਰਤੀ ਨੂੰ ਫੈਲਾਉਂਦਾ ਹੈ,
25 ਜੋ ਝੂਠੇ ਨਬੀਆਂ ਦੀਆਂ ਨਿਸ਼ਾਨੀਆਂ ਨੂੰ ਨਾਕਾਮ ਕਰਦਾ ਹੈ
ਅਤੇ ਭਵਿੱਖ ਦੱਸਣ ਵਾਲਿਆ ਨੂੰ ਮੂਰਖ ਬਣਾਉਂਦਾ ਹੈ,
ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ,
ਅਤੇ ਉਹਨਾਂ ਦਾ ਗਿਆਨ ਬੇਵਕੂਫ਼ੀ ਬਣਾ ਦਿੰਦਾ ਹਾਂ,
26 ਜੋ ਆਪਣੇ ਸੇਵਕਾਂ ਦੀਆਂ ਗੱਲਾਂ ਨੂੰ ਕਾਇਮ ਰੱਖਦਾ ਹਾਂ
ਅਤੇ ਆਪਣੇ ਸੰਦੇਸ਼ਵਾਹਕਾਂ ਦੀਆਂ ਯੋਜਨਾ ਨੂੰ ਪੂਰਾ ਕਰਦਾ ਹੈ,
ਮੈਂ ਯੇਰੂਸ਼ਲੇਮ ਬਾਰੇ ਆਖਦਾ ਹੈ, ‘ਇਹ ਆਬਾਦ ਹੋਵੇਗਾ,’
ਯਹੂਦਾਹ ਦੇ ਕਸਬਿਆਂ ਦੇ ਵਿਖੇ, ‘ਉਹ ਮੁੜ ਬਣਾਏ ਜਾਣਗੇ,’
ਅਤੇ ਉਨ੍ਹਾਂ ਦੇ ਖੰਡਰਾਂ ਨੂੰ, ‘ਮੈਂ ਉਨ੍ਹਾਂ ਨੂੰ ਮੁੜ ਸਥਾਪਿਤ ਕਰਾਂਗਾ,’
27 ਜੋ ਡੂੰਘੇ ਪਾਣੀਆਂ ਨੂੰ ਆਖਦਾ ਹੈ, ‘ਸੁੱਕ ਜਾ,
ਅਤੇ ਮੈਂ ਤੁਹਾਡੀਆਂ ਨਦੀਆਂ ਨੂੰ ਸੁਕਾ ਦਿਆਂਗਾ,’
28 ਜੋ ਕੋਰੇਸ਼ ਬਾਰੇ ਕਹਿੰਦਾ ਹੈ, ‘ਉਹ ਮੇਰਾ ਅਯਾਲੀ ਹੈ
ਅਤੇ ਉਹ ਸਭ ਕੁਝ ਪੂਰਾ ਕਰੇਗਾ ਜੋ ਮੈਂ ਚਾਹਾਂਗਾ;
ਉਹ ਯੇਰੂਸ਼ਲੇਮ ਬਾਰੇ ਕਹੇਗਾ, "ਇਸ ਨੂੰ ਮੁੜ ਉਸਾਰਿਆ ਜਾਵੇ,"
ਅਤੇ ਹੈਕਲ ਬਾਰੇ, "ਇਸਦੀ ਨੀਂਹ ਰੱਖੀ ਜਾਵੇ।" ’