1 ਹਾਏ ਉਹਨਾਂ ਉੱਤੇ, ਜਿਹੜੇ ਮਿਸਰ ਵਿੱਚ ਸਹਾਇਤਾ ਲਈ ਜਾਂਦੇ ਹਨ,
ਜੋ ਘੋੜਿਆਂ ਉੱਤੇ ਆਸ ਰੱਖਦੇ ਹਨ,
ਜੋ ਆਪਣੇ ਰਥਾਂ ਦੀ ਭੀੜ ਵਿੱਚ ਭਰੋਸਾ ਰੱਖਦੇ ਹਨ
ਅਤੇ ਘੋੜ ਚੜ੍ਹਿਆਂ ਉੱਤੇ ਕਿਉਂਕਿ ਉਹ ਅੱਤ ਤਕੜੇ ਹਨ
ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਵੇਖਦੇ,
ਅਤੇ ਨਾ ਯਾਹਵੇਹ ਤੋਂ ਮਦਦ ਮੰਗਦੇ ਹਨ।
2 ਪਰ ਯਾਹਵੇਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ,
ਉਹ ਆਪਣੇ ਸ਼ਬਦ ਵਾਪਸ ਨਹੀਂ ਲੈਂਦਾ।
ਉਹ ਉਸ ਦੁਸ਼ਟ ਕੌਮ ਦੇ ਵਿਰੁੱਧ ਉੱਠੇਗਾ,
ਦੁਸ਼ਟਾਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ।
3 ਪਰ ਮਿਸਰੀ ਸਿਰਫ ਮਨੁੱਖ ਹੀ ਹਨ ਅਤੇ ਪਰਮੇਸ਼ਵਰ ਨਹੀਂ ਹਨ,
ਉਨ੍ਹਾਂ ਦੇ ਘੋੜੇ ਮਾਸ ਹਨ, ਆਤਮਾ ਨਹੀਂ।
ਜਦ ਯਾਹਵੇਹ ਆਪਣਾ ਹੱਥ ਚੁੱਕੇਗਾ,
ਸਹਾਇਤਾ ਕਰਨ ਵਾਲੇ ਠੋਕਰ ਖਾਣਗੇ,
ਜਿਹੜੇ ਸਹਾਇਤਾ ਕੀਤੇ ਗਏ ਉਹ ਡਿੱਗਣਗੇ,
ਸਭ ਇਕੱਠੇ ਨਾਸ ਹੋ ਜਾਣਗੇ।
4 ਯਾਹਵੇਹ ਨੇ ਮੈਨੂੰ ਇਹ ਆਖਿਆ ਹੈ,
"ਜਿਵੇਂ ਬੱਬਰ ਸ਼ੇਰ
ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ,
ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ,
ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ,
ਨਾ ਉਹਨਾਂ ਦੇ ਰੌਲੇ ਤੋਂ ਘਬਰਾਵੇਗਾ,
ਉਸੇ ਤਰ੍ਹਾਂ ਹੀ ਸਰਬਸ਼ਕਤੀਮਾਨ ਯਾਹਵੇਹ ਉਤਰੇਗਾ,
ਭਈ ਉਹ ਸੀਯੋਨ ਪਰਬਤ ਉੱਤੇ
ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ।
5 ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ,
ਸੈਨਾਂ ਦਾ ਯਾਹਵੇਹ ਸਰਬਸ਼ਕਤੀਮਾਨ ਯੇਰੂਸ਼ਲੇਮ ਦੀ ਰੱਖਿਆ ਕਰੇਗਾ;
ਉਹ ਇਸ ਦੀ ਢਾਲ਼ ਬਣੇਗਾ ਅਤੇ ਇਸ ਨੂੰ ਬਚਾਵੇਗਾ,
ਉਹ ਹੀ ਉਸ ਵਿੱਚੋਂ ‘ਪਾਰ ਲੰਘੇਗਾ’ ਅਤੇ ਇਸ ਨੂੰ ਬਚਾਵੇਗਾ।"
6 ਹੇ ਇਸਰਾਏਲੀਓ, ਜਿਸ ਦੇ ਵਿਰੁੱਧ ਤੁਸੀਂ ਬਹੁਤ ਬਗਾਵਤ ਕੀਤੀ ਹੈ ਉਸ ਵੱਲ ਮੁੜੋ। 7 ਕਿਉਂ ਜੋ ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਨੂੰ ਤਿਆਗ ਦੇਵੇਗਾ ਜੋ ਤੁਹਾਡੇ ਪਾਪੀ ਹੱਥਾਂ ਨੇ ਬਣਾਈਆਂ ਸਨ।
8 ਅੱਸ਼ੂਰ ਕਿਸੇ ਮਨੁੱਖੀ ਤਲਵਾਰ ਨਾਲ ਨਹੀਂ ਡਿੱਗੇਗਾ,
ਇੱਕ ਤਲਵਾਰ, ਜੋ ਆਦਮੀ ਦੀ ਨਹੀਂ, ਉਹਨਾਂ ਨੂੰ ਖਾ ਜਾਵੇਗੀ।
ਉਹ ਤਲਵਾਰ ਦੇ ਸਾਹਮਣੇ ਭੱਜਣਗੇ
ਅਤੇ ਉਨ੍ਹਾਂ ਦੇ ਜਵਾਨਾਂ ਨੂੰ ਜਬਰੀ ਮਜ਼ਦੂਰੀ ਕਰਵਾਈ ਜਾਵੇਗੀ।
9 ਉਨ੍ਹਾਂ ਦਾ ਗੜ੍ਹ ਦਹਿਸ਼ਤ ਦੇ ਕਾਰਨ ਡਿੱਗ ਜਾਵੇਗਾ,
ਅਤੇ ਉਹ ਦੇ ਹਾਕਮ ਝੰਡੇ ਤੋਂ ਘਬਰਾ ਕੇ ਭੱਜ ਜਾਣਗੇ,
ਯਾਹਵੇਹ ਦਾ ਵਾਕ ਹੈ,
ਜਿਸ ਦੀ ਅੱਗ ਸੀਯੋਨ ਵਿੱਚ ਹੈ,
ਜਿਸ ਦੀ ਭੱਠੀ ਯੇਰੂਸ਼ਲੇਮ ਵਿੱਚ ਹੈ।