Pular para o conteúdo
Publicidade

ਯਸ਼ਾਯਾਹ 13

ਬਾਬੇਲ ਦੇ ਵਿਰੁੱਧ ਇੱਕ ਭਵਿੱਖਬਾਣੀ

1 ਬਾਬੇਲ ਦੇ ਵਿਰੁੱਧ ਇੱਕ ਭਵਿੱਖਬਾਣੀ ਜੋ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਦਰਸ਼ਨ ਵਿੱਚ ਪਾਇਆ:

2 ਇੱਕ ਨੰਗੀ ਪਹਾੜੀ ਉੱਤੇ ਇੱਕ ਝੰਡਾ ਚੁੱਕੋ,

ਉਨ੍ਹਾਂ ਨੂੰ ਉੱਚੀ ਆਵਾਜ਼ ਨਾਲ ਪੁਕਾਰੋ;

ਹੱਥ ਨਾਲ ਇਸ਼ਾਰਾ ਕਰੋ

ਤਾਂ ਜੋ ਉਸ ਦੇ ਦਰਵਾਜ਼ਿਆਂ ਵਿੱਚ ਵੜਨ।

3 ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ ਜਿਨ੍ਹਾਂ ਨੂੰ ਮੈਂ ਲੜਾਈ ਲਈ ਤਿਆਰ ਕੀਤਾ ਹੈ।

ਮੈਂ ਆਪਣੇ ਯੋਧਿਆਂ ਨੂੰ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ ਬੁਲਾਇਆ ਹੈ,

ਉਹ ਜਿਹੜੇ ਮੇਰੀ ਜਿੱਤ ਵਿੱਚ ਅਨੰਦ ਕਰਦੇ ਹਨ।

4 ਸੁਣੋ, ਪਹਾੜਾਂ ਉੱਤੇ ਇੱਕ ਰੌਲੇ ਦੀ ਆਵਾਜ਼,

ਜਿਵੇਂ ਵੱਡੀ ਭੀੜ ਦੀ,

ਰਾਜ-ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ,

ਸਰਬਸ਼ਕਤੀਮਾਨ ਯਾਹਵੇਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ!

5 ਉਹ ਦੂਰ ਦੇਸ ਤੋਂ,

ਅਕਾਸ਼ ਦੇ ਸਿਰੇ ਤੋਂ ਤੁਰੇ ਆਉਂਦੇ ਹਨ,

ਯਾਹਵੇਹ ਅਤੇ ਉਹ ਦੇ ਕਹਿਰ ਦੇ ਸ਼ਸਤਰ ਆਉਂਦੇ ਹਨ,

ਤਾਂ ਜੋ ਸਾਰੀ ਧਰਤੀ ਨੂੰ ਨਾਸ ਕਰਨ।

6 ਤੁਸੀਂ ਧਾਹਾਂ ਮਾਰੋ ਕਿਉਂ ਜੋ ਯਾਹਵੇਹ ਦਾ ਨਿਆਂ ਦਾ ਦਿਨ ਨੇੜੇ ਹੈ,

ਉਹ ਸਰਵਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆਵੇਗਾ।

7 ਇਸ ਕਾਰਨ ਸਾਰੇ ਹੱਥ ਢਿੱਲੇ ਪੈ ਜਾਣਗੇ,

ਹਰ ਦਿਲ ਡਰ ਨਾਲ ਪਿਘਲ ਜਾਵੇਗਾ।

8 ਉਹ ਘਬਰਾ ਜਾਣਗੇ,

ਪੀੜਾਂ ਅਤੇ ਕਸ਼ਟ ਉਨ੍ਹਾਂ ਨੂੰ ਫੜ੍ਹ ਲੈਣਗੇ।

ਉਹ ਜਨਮ ਦੇਣ ਵਾਲੀ ਔਰਤ ਵਾਂਗੂੰ ਪੀੜ ਵਿੱਚ ਹੋਣਗੇ।

ਉਹ ਇੱਕ-ਦੂਜੇ ਵੱਲ ਘਬਰਾ ਕੇ ਵੇਖਣਗੇ,

ਉਨ੍ਹਾਂ ਦੇ ਮੂੰਹ ਭੱਖਦੇ ਹੋਣਗੇ।

9 ਵੇਖੋ, ਯਾਹਵੇਹ ਦਾ ਦਿਨ,

ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ ਆਉਂਦਾ ਹੈ,

ਤਾਂ ਜੋ ਧਰਤੀ ਨੂੰ ਵਿਰਾਨ ਕਰੇ,

ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ।

10 ਅਕਾਸ਼ ਦੇ ਤਾਰੇ ਅਤੇ ਉਸ ਦੇ ਤਾਰਾਗਣ

ਆਪਣਾ ਚਾਨਣ ਨਾ ਦੇਣਗੇ,

ਸੂਰਜ ਚੜ੍ਹਦਿਆਂ ਸਾਰ ਹੀ ਹਨ੍ਹੇਰਾ ਹੋ ਜਾਵੇਗਾ,

ਅਤੇ ਚੰਦਰਮਾ ਆਪਣੀ ਰੋਸ਼ਨੀ ਨਾ ਦੇਵੇਗਾ।

11 ਮੈਂ ਸੰਸਾਰ ਨੂੰ ਉਹ ਦੀਆਂ ਬੁਰਾਈਆਂ ਦੀ ਸਜ਼ਾ ਦਿਆਂਗਾ,

ਦੁਸ਼ਟਾਂ ਨੂੰ ਉਨ੍ਹਾਂ ਦੇ ਪਾਪਾਂ ਲਈ।

ਮੈਂ ਹੰਕਾਰੀਆਂ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ

ਅਤੇ ਬੇਰਹਿਮ ਦਾ ਘਮੰਡ ਨੂੰ ਨੀਵਾਂ ਕਰ ਦਿਆਂਗਾ।

12 ਮੈਂ ਲੋਕਾਂ ਨੂੰ ਸ਼ੁੱਧ ਸੋਨੇ ਨਾਲੋਂ,

ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ।

13 ਇਸ ਲਈ ਮੈਂ ਅਕਾਸ਼ ਨੂੰ ਕਾਂਬਾ ਲਵਾਂਗਾ।

ਅਤੇ ਧਰਤੀ ਆਪਣੇ ਸਥਾਨ ਤੋਂ ਹਿੱਲ ਜਾਵੇਗੀ

ਸਰਬਸ਼ਕਤੀਮਾਨ ਯਾਹਵੇਹ ਦੇ ਕ੍ਰੋਧ ਨਾਲ,

ਉਸਦੇ ਬਲਦੇ ਕ੍ਰੋਧ ਦੇ ਦਿਨ।

14 ਤਦ ਅਜਿਹਾ ਹੋਵੇਗਾ ਕਿ ਭੁੱਲੀ ਹਿਰਨੀ ਵਾਂਗੂੰ

ਅਤੇ ਉਸ ਭੇਡ ਵਾਂਗੂੰ ਜਿਸ ਦਾ ਪਾਲੀ ਨਹੀਂ,

ਹਰੇਕ ਮਨੁੱਖ ਆਪਣੇ ਲੋਕਾਂ ਵੱਲ ਮੁੜੇਗਾ,

ਅਤੇ ਹਰੇਕ ਮਨੁੱਖ ਆਪਣੇ ਦੇਸ ਨੂੰ ਭੱਜੇਗਾ।

15 ਜਿਹੜਾ ਵੀ ਫੜਿਆ ਜਾਵੇਗਾ, ਉਸ ਨੂੰ ਧੱਕਾ ਦਿੱਤਾ ਜਾਵੇਗਾ।

ਸਾਰੇ ਜਿਹੜੇ ਫੜੇ ਜਾਣਗੇ ਤਲਵਾਰ ਨਾਲ ਡਿੱਗਣਗੇ।

16 ਉਨ੍ਹਾਂ ਦੇ ਨਿਆਣੇ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਟੋਟੇ-ਟੋਟੇ ਕੀਤੇ ਜਾਣਗੇ।

ਉਨ੍ਹਾਂ ਦੇ ਘਰ ਲੁੱਟੇ ਜਾਣਗੇ ਅਤੇ ਉਨ੍ਹਾਂ ਦੀਆਂ ਪਤਨੀਆਂ ਬੇਪਤ ਕੀਤੀਆਂ ਜਾਣਗੀਆਂ।

17 ਵੇਖੋ, ਮੈਂ ਬਾਬੇਲ ਦੇ ਵਾਸੀਆਂ ਦੇ ਵਿਰੁੱਧ ਮਾਦੀ ਲੋਕਾਂ ਨੂੰ ਪਰੇਰ ਰਿਹਾ ਹਾਂ,

ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ

ਨਾ ਸੋਨੇ ਤੋਂ ਖੁਸ਼ ਹੁੰਦੇ ਹਨ।

18 ਉਨ੍ਹਾਂ ਦੇ ਧਣੁੱਖ ਜਵਾਨਾਂ ਨੂੰ ਮਾਰ ਦੇਣਗੇ।

ਉਹ ਦੁੱਧ ਚੁੰਗਦੇ ਬੱਚਿਆਂ ਉੱਤੇ ਦਯਾ ਨਹੀਂ ਕਰਨਗੇ,

ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ

19 ਬਾਬੇਲ ਜੋ ਸਾਰੇ ਰਾਜਾਂ ਦੀ ਸਜਾਵਟ

ਅਤੇ ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ,

ਸੋਦੋਮ ਅਤੇ ਗਾਮੂਰਾਹ ਜਿਹਾ ਹੋ ਜਾਵੇਗਾ,

ਜਦੋਂ ਪਰਮੇਸ਼ਵਰ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ।

20 ਉਹ ਨਾ ਕਦੇ ਵੱਸੇਗੀ

ਅਤੇ ਨਾ ਹੀ ਸਾਰੀਆਂ ਪੀੜ੍ਹੀਆਂ ਤੱਕ ਰਹੇਗੀ।

ਉੱਥੇ ਕੋਈ ਖਾਨਾਬਦੋਸ਼ ਆਪਣੇ ਤੰਬੂ ਨਹੀਂ ਲਾਉਣਗੇ,

ਨਾ ਕੋਈ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ

21 ਪਰ ਜੰਗਲੀ ਜਾਨਵਰ ਉੱਥੇ ਬੈਠਣਗੇ,

ਉਨ੍ਹਾਂ ਦੇ ਘਰ ਗਿੱਦੜਾਂ ਨਾਲ ਭਰੇ ਹੋਣਗੇ,

ਸ਼ੁਤਰਮੁਰਗ ਉੱਥੇ ਵੱਸਣਗੇ,

ਅਤੇ ਉੱਥੇ ਜੰਗਲੀ ਬੱਕਰੀਆਂ ਛਾਲਾਂ ਮਾਰਨਗੀਆਂ।

22 ਬਿੱਜੂ ਉਨ੍ਹਾਂ ਦੇ ਖੁੱਡਾਂ ਵਿੱਚ,

ਗਿੱਦੜ ਉਨ੍ਹਾਂ ਦੇ ਆਲੀਸ਼ਾਨ ਮਹਿਲਾਂ ਨੂੰ।

ਉਸ ਦਾ ਸਮਾਂ ਨੇੜੇ ਹੈ,

ਅਤੇ ਉਸ ਦੇ ਦਿਨ ਲੰਬੇ ਨਹੀਂ ਹੋਣਗੇ।

Estes versículos te tocaram? Ore agora!

+581 estão orando agora.

Junte-se à corrente de oração.