Pular para o conteúdo
Publicidade

ਯਸ਼ਾਯਾਹ 52

1 ਜਾਗ, ਜਾਗ, ਹੇ ਸੀਯੋਨ,

ਆਪਣੀ ਤਾਕਤ ਪਹਿਨ ਲੈ!

ਆਪਣੇ ਸ਼ੋਭਾ ਦੇ ਬਸਤਰ ਪਹਿਨੋ,

ਯੇਰੂਸ਼ਲੇਮ, ਪਵਿੱਤਰ ਸ਼ਹਿਰ।

ਅਸੁੰਨਤ ਅਤੇ ਅਸ਼ੁੱਧ

ਤੁਹਾਡੇ ਵਿੱਚ ਫੇਰ ਪ੍ਰਵੇਸ਼ ਨਹੀਂ ਕਰੇਗਾ।

2 ਹੇ ਯੇਰੂਸ਼ਲੇਮ! ਆਪਣੇ ਆਪ ਤੋਂ ਧੂੜ ਝਾੜ ਅਤੇ ਉੱਠ ਬੈਠ,

ਆਪਣੀ ਗਰਦਨ ਦੇ ਬੰਧਨ ਖੋਲ੍ਹ ਕੇ ਸੁੱਟ ਦੇ, ਹੇ ਸੀਯੋਨ ਦੀਏ ਬੱਧੀਏ ਧੀਏ!

3 ਕਿਉਂਕਿ ਯਾਹਵੇਹ ਇਹ ਆਖਦਾ ਹੈ:

"ਤੁਸੀਂ ਬਿਨਾਂ ਕਿਸੇ ਕੀਮਤ ਦੇ ਵੇਚੇ ਗਏ ਸੀ,

ਅਤੇ ਬਿਨਾਂ ਪੈਸੇ ਦੇ ਤੁਹਾਨੂੰ ਛੁਡਾਇਆ ਜਾਵੇਗਾ।"

4 ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:

"ਪਹਿਲਾਂ ਤਾਂ ਮੇਰੇ ਲੋਕ ਰਹਿਣ ਲਈ ਮਿਸਰ ਨੂੰ ਗਏ;

ਹਾਲ ਹੀ ਵਿੱਚ, ਅੱਸ਼ੂਰ ਨੇ ਉਨ੍ਹਾਂ ਉੱਤੇ ਜ਼ੁਲਮ ਕੀਤਾ ਹੈ।

5 "ਅਤੇ ਹੁਣ ਮੇਰੇ ਕੋਲ ਇੱਥੇ ਕੀ ਹੈ?" ਯਾਹਵੇਹ ਦਾ ਵਾਕ ਹੈ,

"ਕਿਉਂਕਿ ਮੇਰੀ ਪਰਜਾ ਬਿਨਾਂ ਕਿਸੇ ਕਾਰਨ ਖੋਹ ਲਈ ਗਈ ਹੈ,

ਅਤੇ ਜੋ ਉਹਨਾਂ ਉੱਤੇ ਰਾਜ ਕਰਦੇ ਹਨ, ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ,"

ਯਾਹਵੇਹ ਦਾ ਵਾਕ ਹੈ।

"ਅਤੇ ਸਾਰਾ ਦਿਨ

ਮੇਰੇ ਨਾਮ ਦੀ ਨਿੰਦਿਆ ਕੀਤੀ ਜਾਂਦੀ ਹੈ।

6 ਇਸ ਲਈ ਮੇਰੇ ਲੋਕ ਮੇਰਾ ਨਾਮ ਜਾਣਨਗੇ।

ਇਸ ਲਈ ਉਸ ਦਿਨ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ

ਕਿ ਇਹ ਮੈਂ ਹੀ ਹਾਂ ਜਿਸਨੇ ਇਹ ਭਵਿੱਖਬਾਣੀ ਕੀਤੀ ਸੀ।

ਹਾਂ, ਇਹ ਮੈਂ ਹੀ ਹਾਂ।"

7 ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ,

ਉਹਨਾਂ ਲੋਕਾਂ ਦੇ ਪੈਰ ਪਹਾੜਾਂ ਉੱਤੇ ਕਿੰਨੇ ਸੋਹਣੇ ਲੱਗਦੇ ਹਨ,

ਜੋ ਸ਼ਾਂਤੀ ਦਾ ਪਰਚਾਰ ਕਰਦੇ ਹਨ,

ਜੋ ਖੁਸ਼ਖਬਰੀ ਸੁਣਾਉਂਦੇ ਹਨ,

ਜੋ ਮੁਕਤੀ ਦਾ ਪਰਚਾਰ ਕਰਦੇ ਹਨ,

ਜੋ ਸੀਯੋਨ ਨੂੰ ਆਖਦੇ ਹਨ,

"ਤੁਹਾਡਾ ਪਰਮੇਸ਼ਵਰ ਰਾਜ ਕਰਦਾ ਹੈ!"

8 ਸੁਣੋ! ਤੇਰੇ ਰਾਖੇ ਉੱਚੀ ਆਵਾਜ਼ ਵਿੱਚ ਪੁਕਾਰ ਰਹੇ ਹਨ;

ਉਹ ਇਕੱਠੇ ਹੋ ਕੇ ਜੈਕਾਰੇ ਗਜਾਉਂਦੇ ਹਨ।

ਜਦੋਂ ਯਾਹਵੇਹ ਸੀਯੋਨ ਨੂੰ ਵਾਪਸ ਆਵੇਗਾ,

ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਗੇ।

9 ਖੁਸ਼ੀ ਦੇ ਗੀਤਾਂ ਵਿੱਚ ਇਕੱਠੇ ਹੋਵੋ,

ਹੇ ਯੇਰੂਸ਼ਲੇਮ ਦੇ ਖੰਡਰੋ,

ਕਿਉਂ ਜੋ ਯਾਹਵੇਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ,

ਉਸ ਨੇ ਯੇਰੂਸ਼ਲੇਮ ਨੂੰ ਛੁਡਾਇਆ।

10 ਯਾਹਵੇਹ ਆਪਣੀਆਂ ਪਵਿੱਤਰ ਬਾਹਾਂ ਸਾਰੀਆਂ ਕੌਮਾਂ ਦੇ ਸਾਹਮਣੇ ਰੱਖੇਗਾ,

ਸਾਰੀਆਂ ਕੌਮਾਂ ਦੀ ਨਜ਼ਰ ਵਿੱਚ

ਅਤੇ ਧਰਤੀ ਦੇ ਸਾਰੇ ਸਿਰੇ,

ਸਾਡੇ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।

11 ਦੂਰ ਹੋਵੋ, ਦੂਰ ਹੋਵੋ, ਉੱਥੋਂ ਨਿੱਕਲ ਜਾਓ!

ਕਿਸੇ ਵੀ ਅਸ਼ੁੱਧ ਵਸਤੂ ਨੂੰ ਹੱਥ ਨਾ ਲਾਓ!

ਤੁਸੀਂ ਇਸ ਵਿੱਚੋਂ ਨਿੱਕਲ ਆਓ ਅਤੇ ਪਵਿੱਤਰ ਬਣੋ।

ਤੁਸੀਂ ਜੋ ਯਾਹਵੇਹ ਦੇ ਘਰ ਦੀਆਂ ਵਸਤਾਂ ਨੂੰ ਚੁੱਕਦੇ ਹੋ,

12 ਪਰ ਤੁਸੀਂ ਕਾਹਲੀ ਵਿੱਚ ਨਾ ਜਾਓਗੇ

ਅਤੇ ਨਾ ਹੀ ਉੱਡੋਗੇ,

ਕਿਉਂਕਿ ਯਾਹਵੇਹ ਤੁਹਾਡੇ ਅੱਗੇ-ਅੱਗੇ ਚੱਲੇਗਾ,

ਇਸਰਾਏਲ ਦਾ ਪਰਮੇਸ਼ਵਰ ਪਿੱਛੋਂ ਤੁਹਾਡੀ ਰਾਖੀ ਕਰੇਗਾ।

ਦਾਸ ਦਾ ਦੁੱਖ ਅਤੇ ਮਹਿਮਾ

13 ਵੇਖੋ, ਮੇਰਾ ਸੇਵਕ ਸਮਝਦਾਰੀ ਨਾਲ ਕੰਮ ਕਰੇਗਾ;

ਉਹ ਉੱਚਾ ਅਤੇ ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ।

14 ਜਿਵੇਂ ਬਹੁਤੇ ਤੇਰੇ ਉੱਤੇ ਹੈਰਾਨ ਹੋਏ,

ਕਿਉਂ ਜੋ ਉਹ ਦਾ ਮੂੰਹ ਅਜਿਹਾ ਵਿਗੜਿਆ ਹੋਇਆ ਸੀ ਕਿ ਉਹ ਮਨੁੱਖਾਂ ਵਰਗਾ ਨਹੀਂ ਸੀ ਜਾਪਦਾ

ਅਤੇ ਉਸ ਦਾ ਰੂਪ ਵੀ ਆਦਮ ਵੰਸ਼ੀਆਂ ਵਰਗਾ ਨਹੀਂ ਸੀ।

15 ਇਸ ਤਰ੍ਹਾਂ ਉਹ ਬਹੁਤ ਸਾਰੀਆਂ ਕੌਮਾਂ ਉੱਤੇ ਛਿੜਕੇਗਾ52:15 ਛਿੜਕੇਗਾ ਅਰਥਾਤ ਪਵਿੱਤਰ ਕਰੇਗਾ।

ਅਤੇ ਰਾਜੇ ਉਸ ਦੇ ਕਾਰਨ ਆਪਣੇ ਮੂੰਹ ਬੰਦ ਕਰ ਲੈਣਗੇ।

ਕਿਉਂਕਿ ਜੋ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ, ਉਹ ਵੇਖਣਗੇ,

ਅਤੇ ਜੋ ਉਨ੍ਹਾਂ ਨੇ ਨਹੀਂ ਸੁਣਿਆ, ਉਹ ਸਮਝਣਗੇ।

Estes versículos te tocaram? Ore agora!

+581 estão orando agora.

Junte-se à corrente de oração.